ਭਾਜਪਾ ਦੀ ਨਵੀਂ ਯਾਤਰਾ ਅਤੇ ਅੱਜ ਦੀ ਸਿਆਸਤ - ਰਾਧਿਕਾ ਰਾਮਾਸੇਸ਼ਨ
ਯਾਤਰਾ ਜਾਂ ਰੋਡ ਸ਼ੋਅ ਨੂੰ ਪ੍ਰਾਪੇਗੰਡਾ ਦਾ ਪਲੇਥਣ ਲਾ ਕੇ ਵਿਚਾਰਧਾਰਾ ਦਾ ਛੱਟਾ ਦੇਣ, ਆਪਣੇ ਸਿਆਸੀ ਵਿਰੋਧੀਆਂ ਤੇ ਹੱਲੇ ਦਾ ਜ਼ਰੀਆ ਬਣਾਉਣ ਅਤੇ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਭਾਜਪਾ ਦਾ ਲੰਮਾ ਤੇ ਵਿਵਾਦਪੂਰਨ ਇਤਿਹਾਸ ਰਿਹਾ ਹੈ। ਐੱਲਕੇ ਅਡਵਾਨੀ ਨੇ ਆਪਣੇ ਸਿਆਸੀ ਕਰੀਅਰ ਦੌਰਾਨ ਮੁਲਕ ਭਰ ਵਿਚ ਸੱਤ ਯਾਤਰਾਵਾਂ ਕੀਤੀਆਂ ਸਨ ਜਿਨ੍ਹਾਂ ਦੀ ਸ਼ੁਰੂਆਤ 1990 ਦੀ ਬਹੁ-ਚਰਚਿਤ ਸੋਮਨਾਥ-ਅਯੁੱਧਿਆ ਰਾਮ ਰੱਥ ਯਾਤਰਾ ਨਾਲ ਹੋਈ ਸੀ ਤੇ ਅੰਤ 2011 ਵਿਚ ਜਨ ਚੇਤਨਾ ਯਾਤਰਾ ਨਾਲ ਹੋਇਆ ਸੀ ਜਿਸ ਨੂੰ ਬਹੁਤਾ ਹੁੰਗਾਰਾ ਨਹੀਂ ਮਿਲ ਸਕਿਆ ਸੀ। ਇਨ੍ਹਾਂ ਯਾਤਰਾਵਾਂ ਦੇ ਮਨੋਰਥ ਵੱਖੋ ਵੱਖਰੇ ਸਨ। ਰਾਮ ਰੱਥ ਯਾਤਰਾ ਦਾ ਮਕਸਦ ਅਯੁੱਧਿਆ ਵਿਚ ਰਾਮ ਮੰਦਰ ਨੂੰ ‘ਮੁਕਤ’ ਕਰਾਉਣਾ ਅਤੇ ਇਸ ਦੇ ਨਾਲ ਭਾਜਪਾ ਦੀ ਸਿਆਸਤ ਦੀ ਚੂਲ ਸਮਝੇ ਜਾਂਦੇ ਹਿੰਦੂਤਵ ਦੇ ਏਜੰਡੇ ਨੂੰ ਚੁਆਤੀ ਲਾਉਣਾ ਸੀ। 2011 ਦੀ ਜਨ ਚੇਤਨਾ ਯਾਤਰਾ ਦਾ ਮੰਤਵ ਤਤਕਾਲੀ ਯੂਪੀਏ ਸਰਕਾਰ ਨੂੰ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦੇ ਮੁੱਦਿਆਂ ਤੇ ਵੰਗਾਰਨਾ ਸੀ ਪਰ ਲਗਾਤਾਰ ਦੋ ਵਾਰ (2004 ਅਤੇ 2009 ਦੀਆਂ ਆਮ ਚੋਣਾਂ ਵਿਚ) ਹਾਰ ਖਾ ਚੁੱਕੇ ਅਡਵਾਨੀ ਦਾ 2014 ਦੀਆਂ ਅਗਲੀਆਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਕਰਨ ਦੇ ਦਾਅਵੇ ਤੇ ਉਨ੍ਹਾਂ ਦੀ ਪਾਰਟੀ ਦੇ ਸਾਥੀ ਹੀ ਕਿੰਤੂ-ਪ੍ਰੰਤੂ ਲਾ ਰਹੇ ਸਨ। ਯਾਤਰਾਵਾਂ ਦਾ ਤਾਣਾ-ਬਾਣਾ ਕੌਮੀ ਸੁਰੱਖਿਆ ਤੇ ਮੁਲਕ ਦੇ ਸੁਤੰਤਰਤਾ ਸੰਗਰਾਮ ਦੁਆਲੇ ਵੀ ਬੁਣਿਆ ਗਿਆ ਸੀ (ਹਾਲਾਂਕਿ ਸੁਤੰਤਰਤਾ ਸੰਗਰਾਮ ਵਿਚ ਭਾਜਪਾ ਦੀ ਜਨਕ ਆਰਐੱਸਐੱਸ ਦੀ ਕੋਈ ਭੂਮਿਕਾ ਨਹੀਂ ਰਹੀ ਸੀ) ਜਿਸ ਕਰ ਕੇ ਇਸ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਸੀ।
ਇਸ ਦੌਰਾਨ ਆਜ਼ਾਦੀ ਦਿਵਸ ਮੌਕੇ ਮੁਲਕ ਅਤੇ ਆਪਣੀ ਪਾਰਟੀ ਦਾ ਮਨੋਬਲ ਚੁੱਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿੱਤੇ ‘ਪ੍ਰੇਰਨਾਦਾਈ’ ਭਾਸ਼ਨ ਮਗਰੋਂ 16 ਅਗਸਤ ਤੋਂ ਜਨ ਆਸ਼ੀਰਵਾਦ ਯਾਤਰਾ ਆਰੰਭੀ ਗਈ ਜਿਸ ਦੀ ਪਰਵਾਜ਼ ਵੱਖਰੀ ਕਿਸਮ ਦੀ ਹੈ। ਇਸ ਦਾ ਇਕਮਾਤਰ ਸੁਰੱਖਿਆ ਦਾ ਮੁੱਦਾ ਹੈ ਜਿਸ ਨੂੰ ਲੈ ਕੇ ਮੋਦੀ ਸਰਕਾਰ ਬਹੁਤ ਫੜ੍ਹਾਂ ਮਾਰਦੀ ਰਹਿੰਦੀ ਹੈ ਤੇ ਵਿਰੋਧੀ ਧਿਰ ਤੇ ਨਿਸ਼ਾਨਾ ਸੇਧਦੀ ਹੈ ਤੇ ਨਾਲ ਹੀ ਇਹ ਕਿ ਉਸ ਨੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਵਿਚ ਆਪਣੇ ਨਵੇਂ ਮੰਤਰੀਆਂ ਦੀ ਜਾਣ ਪਛਾਣ ਕਰਾਉਣ ਦਾ ਮੌਕਾ ਨਹੀਂ ਦਿੱਤਾ। ਮੋਦੀ ਸਰਕਾਰ ਆਪਣੇ ਦੂਜੇ ਕਾਰਜਕਾਲ ਵਿਚ ਪ੍ਰਸ਼ਾਸਨਿਕ ਕੰਮ-ਕਾਰ ਦੇ ਸਵਾਲ ਤੇ ਬਚਾਓ ਦੀ ਮੁਦਰਾ ਵਿਚ ਹੈ। ਮਹਾਮਾਰੀ ਦੀ ਬਦਇੰਤਜ਼ਾਮੀ ਜੱਗ ਜ਼ਾਹਿਰ ਹੋ ਚੁੱਕੀ ਹੈ। ਮਹਾਮਾਰੀ ਦੇ ਪਹਿਲੇ ਗੇੜ ਦੌਰਾਨ ਜਦੋਂ ਕਰੋਨਾ ਵਾਇਰਸ ਦੇ ਪਸਾਰ ਅਤੇ ਬੇਯਕੀਨੀ ਦੇ ਮਾਹੌਲ ਵਿਚ ਸਹਿਮੇ ਹੋਏ ਪਰਵਾਸੀ ਮਜ਼ਦੂਰ ਸ਼ਹਿਰਾਂ ਤੇ ਕਸਬਿਆਂ ਨੂੰ ਛੱਡ ਕੇ ਆਪਣੇ ਜ਼ੱਦੀ ਘਰਾਂ ਨੂੰ ਪਰਤ ਗਏ ਸਨ ਤਾਂ ਅਰਧ-ਰਸਮੀ ਅਤੇ ਗੈਰ-ਰਸਮੀ ਸੈਕਟਰ ਦੇ ਆਸਰੇ ਚੱਲ ਰਿਹਾ ਅਰਥਚਾਰਾ ਢਹਿ ਢੇਰੀ ਹੋ ਗਿਆ ਸੀ। ਦੂਜੇ ਗੇੜ ਦੌਰਾਨ ਅੰਤਾਂ ਦਾ ਕਹਿਰ ਵਰ੍ਹਿਆ। ਵਾਇਰਸ ਨੇ ਸਭ ਹੱਦ ਬੰਨੇ ਤੋੜ ਦਿੱਤੇ ਅਤੇ ਅਪਰੈਲ ਤੇ ਮਈ ਮਹੀਨੇ ਤਬਾਹੀ ਮਚਾ ਦਿੱਤੀ ਸੀ, ਫਿਰ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਕਰ ਕੇ ਇਸ ਨੂੰ ਠੱਲ੍ਹ ਪੈ ਸਕੀ ਪਰ ਇਹ ਠੱਲ੍ਹ ਸਥਾਈ ਨਹੀਂ ਸਗੋਂ ਅਗਲੀ ਲਹਿਰ ਤੋਂ ਪਹਿਲਾਂ ਦੀ ਸ਼ਾਂਤੀ ਜਾਪ ਰਹੀ ਹੈ। ਅਰਥਚਾਰਾ ਅਜੇ ਵੀ ਸੰਕਟ ਵਿਚ ਘਿਰਿਆ ਹੋਇਆ ਹੈ ਅਤੇ ਗੁਜਰਾਤ ਜਿਹੇ ਕਈ ਸੂਬਿਆਂ ਅੰਦਰ ਸੋਕੇ ਦਾ ਖ਼ਤਰਾ ਮੰਡਰਾਅ ਰਿਹਾ ਹੈ ਜਿੱਥੇ ਮੌਨਸੂਨ ਦੀ ਬਾਰਿਸ਼ ਬਹੁਤ ਘੱਟ ਪਈ ਹੈ ਤੇ ਉਧਰ ਦਿੱਲੀ ਦੀਆਂ ਹੱਦਾਂ ਤੇ ਕਿਸਾਨ ਅਜੇ ਤਾਈਂ ਡਟੇ ਹੋਏ ਹਨ। ਆਂਢ-ਗੁਆਂਢ ਦੇ ਮੁਲਕਾਂ ਅੰਦਰ ਫਸੇ ਹੋਏ ਭਾਰਤੀਆਂ ਨੂੰ ਸੁਰੱਖਿਅਤ ਕੱਢ ਕੇ ਲਿਆਉਣ ਅਤੇ ਅਫ਼ਗਾਨ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦੀ ਚੁਣੌਤੀ ਬਣੀ ਹੋਈ ਹੈ। ਇਹੋ ਜਿਹੇ ਹਾਲਾਤ ਅੰਦਰ ਕਿਸੇ ਸਿਆਸਤਦਾਨ ਲਈ ਲੋਕਾਂ ਨਾਲ ਰਾਬਤਾ ਬਣਾਉਣਾ ਅਤੇ ਉਨ੍ਹਾਂ ਅੰਦਰ ਭਰੋਸਾ ਜਗਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ।
ਇਹ ਯਾਤਰਾ ਨਵੇਂ ਕੈਬਨਿਟ ਮੰਤਰੀਆਂ ਲਈ ਅਜ਼ਮਾਇਸ਼ ਵਾਂਗ ਹੈ। ਮੰਤਰੀਆਂ ਨੂੰ ਆਪਣੀ ਸਿਆਸੀ ਜ਼ਮੀਨ ਤੇ ਜਾ ਕੇ ਵੈਕਸੀਨ ਦੇ ਪ੍ਰਬੰਧ ਅਤੇ ਸਰਕਾਰ ਦੀਆਂ ਹੋਰਨਾਂ ਪ੍ਰਾਪਤੀਆਂ ਬਾਰੇ ਦੱਸਣਾ ਪੈ ਰਿਹਾ ਹੈ। ਅਨੁਰਾਗ ਠਾਕੁਰ ਆਪਣੇ ਜੱਦੀ ਸੂਬੇ ਹਿਮਾਚਲ ਪ੍ਰਦੇਸ਼ ਅੰਦਰ ਜੰਮੂ ਕਸ਼ਮੀਰ ਲਈ ਧਾਰਾ 370 ਦੀ ਕਹਾਣੀ ਸੁਣਾਉਣ ਲੱਗਾ ਹੋਇਆ ਹੈ, ਭੁਪੇਂਦਰ ਯਾਦਵ ਨੇ ਭਾਰਤ ਨੂੰ ‘ਆਤਮ-ਨਿਰਭਰ ਭਾਰਤ’ ਵਿਚ ਤਬਦੀਲ ਕਰਨ ਦੇ ਦਾਅਵੇ ਦੁਹਰਾਏ ਹਨ। ਗੁਜਰਾਤ ਨਾਲ ਸਬੰਧਤ ਮੰਤਰੀ ਪੁਰਸ਼ੋਤਮ ਰੁਪਾਲਾ ਅਤੇ ਮਨਸੁਖ ਮਾਂਡਵੀਆ ਨੇ ਟੀਕਾਕਰਨ ਤੇ ਆਪਣਾ ਧਿਆਨ ਕੇਂਦਰਤ ਕੀਤਾ ਹੋਇਆ ਹੈ।
ਯਾਤਰਾ ਨੂੰ ਪਹਿਲਾ ਵੱਡਾ ਝਟਕਾ ਮਹਾਰਾਸ਼ਟਰ ਵਿਚ ਲੱਗਿਆ ਜਿੱਥੇ ਦੋ ਕੁ ਸਾਲ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਏ ਅਤੇ ਕੈਬਨਿਟ ਮੰਤਰੀ ਪਦ ਨਾਲ ਨਵਾਜੇ ਗਏ ਨਰਾਇਣ ਰਾਣੇ ਨੂੰ ਯਾਤਰਾ ਦਾ ਜ਼ਿੰਮਾ ਸੌਂਪਿਆ ਗਿਆ ਸੀ। ਰਾਣੇ ਨੇ ਬਾਲ ਠਾਕਰੇ ਦੀ ਅਗਵਾਈ ਹੇਠ ਸ਼ਿਵ ਸੈਨਾ ਵਿਚ ਲੰਮਾ ਸਮਾਂ ਅਤੇ ਫਿਰ ਥੋੜ੍ਹੀ ਦੇਰ ਲਈ ਕਾਂਗਰਸ ਵਿਚ ਵੀ ਕੰਮ ਕੀਤਾ ਸੀ। ਹੁਣ ਉਹ ਖ਼ੁਦ ਮੁਸੀਬਤ ਵਿਚ ਘਿਰੇ ਹੋਏ ਹਨ ਅਤੇ ਇਸ ਵਿਚੋਂ ਨਿਕਲਣ ਦੇ ਹੱਥ ਪੈਰ ਮਾਰ ਰਹੇ ਹਨ। ਐਤਕੀਂ ਨਰਾਇਣ ਰਾਣੇ ਨੇ ਕੋਂਕਣ ਖਿੱਤੇ ਦੇ ਮਰਾਠਾ ਆਗੂ ਵਜੋਂ ਆਪਣੀ ਤਾਕਤ ਨੂੰ ਕੁਝ ਜ਼ਿਆਦਾ ਹੀ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਭੁੱਲ ਕਰ ਲਈ। ਜਦੋਂ ਬਾਲ ਠਾਕਰੇ ਨੇ ਊਧਵ ਠਾਕਰੇ ਨੂੰ ਆਪਣਾ ਸਿਆਸੀ ਵਾਰਸ ਐਲਾਨਿਆ ਸੀ ਤਾਂ ਇਹ ਗੱਲ ਰਾਣੇ ਨੂੰ ਹਜ਼ਮ ਨਹੀਂ ਹੋ ਸਕੀ ਸੀ ਤੇ ਉਨ੍ਹਾਂ ਉਦੋਂ ਤੋਂ ਹੀ ਊਧਵ ਨਾਲ ਵੈਰ ਪਾਲਿਆ ਹੋਇਆ ਹੈ। ਰਾਣੇ ਨੇ ਮੁੰਬਈ ਵਿਚ ਸ਼ਿਵਾਜੀ ਪਾਰਕ ਵਿਚਲੇ ਬਾਲ ਠਾਕਰੇ ਦੀ ਯਾਦਗਾਰ ਤੋਂ ਯਾਤਰਾ ਸ਼ੁਰੂ ਕੀਤੀ ਸੀ। ਸ਼ਿਵ ਸੈਨਾ ਇਸ ਤੋਂ ਇੰਨੀ ਖ਼ਫ਼ਾ ਹੋ ਗਈ ਕਿ ਉਸ ਦੇ ਕਾਰਕੁਨਾਂ ਨੂੰ ਬਾਅਦ ਵਿਚ ਯਾਦਗਾਰ ਦਾ ‘ਸ਼ੁੱਧੀਕਰਨ’ ਦੀ ਰਸਮ ਕਰ ਕੇ ਆਪਣਾ ਗੁੱਸਾ ਕੱਢਿਆ। ਉਸ ਤੋਂ ਬਾਅਦ ਰਾਣੇ ਨੇ ਮੁੱਖ ਮੰਤਰੀ ਠਾਕਰੇ ਖਿਲਾਫ਼ ਬੜੀ ਤਿੱਖੀ ਟਿੱਪਣੀ ਕਰ ਦਿੱਤੀ ਜਿਸ ਤੋਂ ਸ਼ਿਵ ਸੈਨਾ ਦੇ ਕਾਰਕੁਨ ਭੜਕ ਕੇ ਸੜਕਾਂ ਤੇ ਆ ਗਏ ਅਤੇ ਰਾਣੇ ਦੇ ਹਮਾਇਤੀਆਂ ਨਾਲ ਉਲਝ ਪਏ। ਦਿਲਚਸਪ ਗੱਲ ਇਹ ਹੈ ਕਿ ਮਹਾਰਾਸ਼ਟਰ ਭਾਜਪਾ ਨੇ ਇਸ ਲੜਾਈ ਤੋਂ ਦੂਰੀ ਬਣਾਈ ਹੋਈ ਹੈ ਜਿਸ ਕਰ ਕੇ ਰਾਣੇ ਦੀ ਗ੍ਰਿਫ਼ਤਾਰੀ ਹੋ ਗਈ ਤੇ ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾਈ ਮਿਲੀ। ਰਾਣੇ 2019 ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ ਜਿਸ ਨਾਲ ਕੋਂਕਣ ਖਿੱਤੇ ਅੰਦਰ ਭਾਜਪਾ ਨੂੰ ਬਲ ਮਿਲਿਆ ਸੀ ਕਿਉਂਕਿ ਉੱਥੇ ਪਾਰਟੀ ਕੋਈ ਆਗੂ ਨਹੀਂ ਸੀ। ਪਹਿਲਾਂ ਕਾਂਗਰਸ ਨੇ ਰਾਣੇ ਨੂੰ ਇਸੇ ਮਕਸਦ ਲਈ ਪਾਰਟੀ ਵਿਚ ਲਿਆਂਦਾ ਸੀ ਪਰ ਉਹ ਕਾਂਗਰਸ ਲਈ ਕੋਈ ਕਮਾਲ ਨਾ ਕਰ ਸਕੇ। ਕੇਂਦਰੀ ਭਾਜਪਾ ਨੇ ਰਾਣੇ ਦੀ ਸਿਆਸੀ ਭੱਲ ਬਣਾਉਣ ਵਾਸਤੇ ਉਨ੍ਹਾਂ ਨੂੰ ਕੈਬਨਿਟ ਦਾ ਅਹੁਦਾ ਬਖ਼ਸ਼ ਦਿੱਤਾ ਹੈ ਅਤੇ 2022 ਵਿਚ ਜਦੋਂ ਬ੍ਰਿਹਨਮੁੰਬਈ ਨਗਰ ਨਿਗਮ (ਬੀਐੱਮਸੀ) ਦੀਆਂ ਚੋਣਾਂ ਹੋਣਗੀਆਂ ਤਾਂ ਵਿਚ ਰਾਣੇ ਨੂੰ ਆਪਣਾ ਦਮ ਖ਼ਮ ਸਿੱਧ ਕਰਨਾ ਪਵੇਗਾ। ਬੀਐੱਮਸੀ ਵਿਚ ਕਈ ਸਾਲਾਂ ਤੋਂ ਸ਼ਿਵ ਸੈਨਾ ਦਾ ਦਬਦਬਾ ਹੈ।
ਬਿਨਾ ਸ਼ੱਕ, ਰਾਣੇ ਨੇ ਠਾਕਰੇ ਖਿਲਾਫ਼ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ, ਇਸ ਕਰ ਕੇ ਅਗਲੇ ਸਾਲ ਅਪਰੈਲ ਮਹੀਨੇ ਹੋਣ ਵਾਲੀਆਂ ਬੀਐੱਮਸੀ ਚੋਣਾਂ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਦਰਮਿਆਨ ਤਲਵਾਰਾਂ ਖਿੱਚੀਆਂ ਗਈਆਂ ਹਨ। ਰਾਣੇ ਨੇ ਕਈ ਦਿਨ ਯਾਤਰਾ ਚਲਾਉਣ ਦੀ ਯੋਜਨਾ ਬਣਾਈ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਉਨ੍ਹਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ ਹੈ।
ਯਾਤਰਾ ਦੇ ਰਾਹ ਵਿਚ ਇਕ ਹੋਰ ਅੜਿੱਕਾ ਰਾਜਸਥਾਨ ਵਿਚ ਆਇਆ ਹੈ। ਹਰਿਆਣਾ ਅਤੇ ਰਾਜਸਥਾਨ ਅੰਦਰ ਭੁਪੇਂਦਰ ਯਾਦਵ ਦੀ ਅਗਵਾਈ ਹੇਠ ਯਾਤਰਾ ਚਲਾਈ ਜਾ ਰਹੀ ਸੀ ਤੇ ਪਾਰਟੀ ਅੰਦਰ ਉਦੋਂ ਖਲਬਲੀ ਮੱਚ ਗਈ ਜਦੋਂ ਉਨ੍ਹਾਂ ਇਹ ਐਲਾਨ ਕਰ ਦਿੱਤਾ ਕਿ ਰਾਜਸਥਾਨ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ‘ਟੀਮ ਰਾਜਸਥਾਨ’ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਜਿਸ ਦੀ ਕਮਾਂਡ ਪਾਰਟੀ ਦੇ ਸੂਬਾਈ ਪ੍ਰਧਾਨ ਸਤੀਸ਼ ਪੂਨੀਆ ਕਰ ਰਹੇ ਹਨ। ਉਨ੍ਹਾਂ ਦੇ ਇਸ ਐਲਾਨ ਤੋਂ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਹਮਾਇਤੀ ਭੜਕ ਗਏ ਜਿਨ੍ਹਾਂ ਨੇ ਜਨਵਰੀ 2021 ਵਿਚ ‘ਵਸੁੰਧਰਾ ਰਾਜੇ ਸਮਰਥਕ ਮੰਚ’ ਨਾਮੀ ਦਬਾਅ ਸਮੂਹ ਬਣਾ ਲਿਆ ਸੀ ਤੇ ਉਨ੍ਹਾਂ ਦੀ ਮੰਗ ਸੀ ਕਿ ਵਸੁੰਧਰਾ ਨੂੰ ਫ਼ੌਰੀ ਪਾਰਟੀ ਦੀ ਆਗੂ ਐਲਾਨਿਆ ਜਾਵੇ। ਯਾਦਵ ਦੇ ਐਲਾਨ ਤੋਂ ਬਾਅਦ ਵਸੁੰਧਰਾ ਦੇ ਹਮਾਇਤੀਆਂ ਨੇ ਆਪਣਾ ਵੱਖਰਾ ਦਫ਼ਤਰ ਖੋਲ੍ਹ ਕੇ ਸਾਫ਼ ਸੰਕੇਤ ਦੇ ਦਿੱਤਾ ਹੈ ਕਿ ਉਹ ਭਾਜਪਾ ਦੀ ਅਧਿਕਾਰਤ ਮੁਹਿੰਮ ਦਾ ਹਿੱਸਾ ਨਹੀਂ ਹਨ। ਵਸੁੰਧਰਾ ਆਪਣਾ ਜ਼ਿਆਦਾਤਰ ਸਮਾਂ ਹਾਲਾਂਕਿ ਦਿੱਲੀ ਵਿਚ ਹੀ ਗੁਜ਼ਾਰਦੇ ਹਨ ਪਰ ਜ਼ਾਹਿਰਾ ਤੌਰ ਤੇ ਉਨ੍ਹਾਂ ਆਪਣੇ ਵਫ਼ਾਦਾਰਾਂ ਦੇ ਜ਼ਰੀਏ ਆਪਣਾ ਅਸਰ ਰਸੂਖ ਬਣਾ ਕੇ ਰੱਖਿਆ ਹੋਇਆ ਹੈ ਤਾਂ ਕਿ ਭਾਜਪਾ ਲੀਡਰਸ਼ਿਪ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਪੱਬਾਂ ਭਾਰ ਰੱਖਿਆ ਜਾ ਸਕੇ।
ਯਾਤਰਾ ਦੇ ਜੋ ਚਿਹਨ-ਚੱਕਰ ਨਜ਼ਰ ਆ ਰਹੇ ਹਨ, ਉਨ੍ਹਾਂ ਤੋਂ ਇਕ ਗੱਲ ਸਾਫ਼ ਹੋ ਗਈ ਹੈ ਕਿ ਇਹ ਪਾਰਟੀ ਦੇ ਵੱਕਾਰ ਵਿਚ ਕੋਈ ਵਾਧਾ ਨਹੀਂ ਕਰ ਸਕੀ।
* ਲੇਖਕ ਸੀਨੀਅਰ ਪੱਤਰਕਾਰ ਹੈ।