‘‘ਸਮਾਲਸਰ ਮੇਰਾ ਪਿੰਡ’’ ਜੱਗੀ ਬਰਾੜ ਸਮਾਲਸਰ ਦੀ ਇਤਿਹਾਸਕ ਪੁਸਤਕ - ਉਜਾਗਰ ਸਿੰਘ

ਸਮਾਲਸਰ ਪਿੰਡ ਦੀ ਧੀ ਜੱਗੀ ਬਰਾੜ ਸਮਾਲਸਰ ਨੇ ਆਪਣੇ ਪਿੰਡ ਦੀ ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਵਿਰਾਸਤ ਬਾਰੇ ਜਾਣਕਾਰੀ ਭਰਪੂਰ ਪੁਸਤਕ ‘‘ ਸਮਾਲਸਰ ਮੇਰਾ ਪਿੰਡ’’ ਲਿਖਕੇ ਆਪਣੀ ਵਿਰਾਸਤੀ ਮਿੱਟੀ ਦੀ ਮਹਿਕ ਨੂੰ ਸਤਿਕਾਰ ਅਤੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ। ਮੇਰੀ ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡਾਂ ਬਾਰੇ ਹੁਣ ਤੱਕ ਪ੍ਰਕਾਸ਼ਤ ਹੋਈਆਂ ਸਾਰੀਆਂ ਪੁਸਤਕਾਂ ਤੋਂ ਬਿਹਤਰੀਨ ਪੁਸਤਕ ਹੈ। ਇਹ 372 ਪੰਨਿਆ ਵਾਲੀ ਵਡ ਅਕਾਰੀ, ਸੁਚਿਤਰ ਰੰਗਦਾਰ ਪੁਸਤਕ ਹੈ, ਜਿਸਦਾ ਮੁੱਖ ਕਵਰ ਰੰਗਦਾਰ ਅਤੇ ਪ੍ਰਭਾਵਸ਼ਾਲੀ ਹੈ, ਜਿਸ ਉਪਰ ਪਿੰਡ ਦੀ ਅਸਮਾਨ ਵਿੱਚੋਂ ਖਿਚੀ ਰੰਗਦਾਰ ਤਸਵੀਰ ਲਗਾਈ ਗਈ ਹੈ। ਇਸ ਪੁਸਤਕ ਨੂੰ ਵੋਅਇਸ ਆਫ ਪੰਜਾਬ ਰੇਡੀਓ ਐਂਡ ਟੀ ਵੀ ਲਿਮਟਡ ਕੈਨੇਡਾ ਨੇ ਪ੍ਰਕਾਸ਼ਤ ਕਰਵਾਇਆ ਹੈ। ਇਕ ਧੀ ਦੀ ਇਸਤੋਂ ਵੱਡੀ ਹੋਰ ਕੋਈ ਦੇਣ ਹੋ ਹੀ ਨੀਂ ਸਕਦੀ, ਜਿਨ੍ਹਾਂ ਨੇ ਆਪਣੀ ਵਿਰਾਸਤ ਨੂੰ ਇਤਿਹਾਸ ਦਾ ਹਿੱਸਾ ਬਣਾ ਦਿੱਤਾ ਹੈ। ਕੈਨੇਡਾ ਦੇ ਬ੍ਰਹਮਟਨ ਸ਼ਹਿਰ ਵਿੱਚ ਰਹਿਣ ਦੇ ਬਾਵਜੂਦ ਆਪਣੇ ਪਿੰਡ ਨਾਲ ਇਤਨਾ ਗਹਿਰਾ ਲਗਾਓ ਦਰਸਾਉਂਦਾ ਹੈ ਕਿ ਪੰਜਾਬੀ ਭਾਵੇਂ ਸੰਸਾਰ ਦੇ ਕਿਸੇ ਵੀ ਦੇਸ਼ ਵਿੱਚ ਪਹੁੰਚ ਜਾਣ ਪ੍ਰੰਤੂ ਉਹ ਆਪਣੀ ਮਿੱਟੀ ਦੀ ਖ਼ੁਸ਼ਬੂ ਦਾ ਆਨੰਦ ਮਾਨਣ ਵਿੱਚ ਫ਼ਖ਼ਰ ਮਹਿਸੂਸ ਕਰਦੇ ਰਹਿੰਦੇ ਹਨ, ਜਿਸਦਾ ਸਬੂਤ ਜੱਗੀ ਬਰਾੜ ਸਮਾਲਸਰ ਦੀ ਇਹ ਪੁਸਤਕ ਹੈ। ਇਸ ਪੁਸਤਕ ਵਿੱਚ 800 ਦੇ ਲਗਪਗ ਰੰਗਦਾਰ ਅਤੇ 100 ਦਸਤਾਵੇਜਾਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ, ਜੋ ਸਮਾਲਸਰ ਦੀ ਵਿਰਾਸਤ ਅਤੇ ਇਸਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਦੀਆਂ ਹਨ। ਇਹ ਤਸਵੀਰਾਂ ਪੁਸਤਕ ਦੀ ਸ਼ਾਨ ਵਿੱਚ ਵਾਧਾ ਹੀ ਨਹੀਂ ਕਰਦੀਆਂ ਸਗੋਂ ਪਿੰਡ ਦਾ ਵਿਰਾਸਤ ਨਾਲ ਮੋਹ ਪੈਦਾ ਕਰਦੀਆਂ ਹਨ। ਪੁਸਤਕ ਵਿੱਚ ਪੁਰਾਤਨ ਸਮੇਂ ਦੇ ਕਿੱਤੇ ਅਤੇ ਵਿਸ਼ੇਸ਼ ਵਿਅਕਤੀ, ਜਿਨ੍ਹਾਂ ਦੀ ਪਿੰਡ ਨੂੰ ਵਿਲੱਖਣ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਵੱਡੀ ਦੇਣ ਸੀ, ਉਨ੍ਹਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਛ ਕਰਨ ਦੀ ਪ੍ਰਵਿਰਤੀ ਦੇ ਦਰਸ਼ਨ ਹੁੰਦੇ ਹਨ। ਇਤਨੇ ਨਾਮ ਇਕੱਠੇ ਕਰਕੇ ਪੁਸਤਕ ਵਿੱਚ ਸ਼ਾਮਲ ਕਰਨੇ ਵੀ ਅਸੰਭਵ ਹੁੰਦੇ ਹਨ ਕਿਉਂਕਿ ਪਿੰਡਾਂ ਦੇ ਲੋਕ ਅਜਿਹੇ ਕੰਮ ਵਿੱਚ ਸਹਿਯੋਗ ਹੀ ਨਹੀਂ ਦਿੰਦੇ। ਅਜਿਹੇ ਲੋਕਾਂ ਦੇ ਵਾਰਿਸ ਵੀ ਬਹੁਤੀ ਦਿਲਚਸਪ ਨਹੀਂ ਲੈਂਦੇ। ਇਸ ਤੋਂ ਵੱਡੀ ਗੱਲ ਇਹ ਵੀ ਉਨ੍ਹਾਂ ਕੀਤੀ ਹੈ ਕਿ ਉਨ੍ਹਾਂ ਵਿਅਕਤੀਆਂ ਦੇ ਪੂਰੇ ਵੇਰਵੇ ਦਿੱਤੇ ਹਨ। ਵੇਰਵੇ ਇਕੱਠੇ ਕਰਨੇ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਸਗੋਂ ਬਹੁਤ ਹੀ ਮੁਸ਼ਕਲ ਹੁੰਦੀ ਹੈ ਕਿਉਂਕਿ ਬਹੁਤੇ ਬਜ਼ੁਰਗ ਜਿਨ੍ਹਾਂ ਨੂੰ ਪਿੰਡ ਦੇ ਇਤਿਹਾਸ ਅਤੇ ਵਿਰਾਸਤ ਬਾਰੇ ਜਾਣਕਾਰੀ ਹੁੰਦੀ ਹੈ, ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹੁੰਦੇ ਹਨ। ਜਿਥੇ ਪਿੰਡ ਦੇ ਤਾਮਰ ਪੱਤਰਾਂ ਵਾਲੇ ਸੁਤੰਤਰਤਾ ਸੰਗਰਾਮੀਆਂ, ਪਤੰਵੰਤੇ ਸੱਜਣਾ, ਇਤਿਹਾਸਕ, ਧਾਰਮਿਕ ਅਤੇ ਸਮਾਜਿਕ ਸਥਾਨਾਂ, ਸਭਿਆਚਾਰਕ ਸਰਗਰਮੀਆਂ, ਸਹਿਯੋਗੀਆਂ, ਯੋਗਾ ਅਭਿਆਸ, ਪਹਿਲੀਆਂ ਤਿੰਨ ਧੀਆਂ ਜਿਨ੍ਹਾਂ ਨੇ ਕੋ ਐਜੂਕੇਸ਼ਨ ਸਕੂਲ ਵਿੱਚ ਦਾਖ਼ਲਾ ਲਿਆ, ਫ਼ੌਜੀ ਜਵਾਨ ਅਤੇ ਅਧਿਕਾਰੀ, ਪੁਲਿਸ ਅਤੇ ਸਿਵਲ ਅਧਿਕਾਰੀ, ਪੁਰਾਤਨ ਅਤੇ ਨਵੇਂ ਗੁਰੂ ਘਰ ਗੁਰਦੁਆਰਾ ਸ੍ਰੀ ਸੱਚ ਖੰਡ ਸਾਹਿਬ, ਸ਼ਿਵ ਮੰਦਰ, ਡੇਰਾ ਉਦਾਸੀਨ ਬ੍ਰਹਮ ਪ੍ਰਗਟ, ਮਸਜਿਦ ਅਤੇ ਦਰਗਾਹ ਬਾਬਾ ਸਾਬਰ ਪੀਰ ਜੀ, ਸਥਾਨ ਬੀਬੀ ਭਾਨੀ, ਜਨਮ ਭੂਮੀ ਦੀਆਂ ਯਾਦਾਂ, ਮਿਹਨਤਕਸ਼ ਲੋਕ, ਪੁਰਾਤਨ ਵਿਰਾਸਤੀ ਚੀਜ਼ਾਂ, ਘਰਾਟਾਂ, ਚੱਕੀਆਂ, ਪਬਲਿਕ ਲਾਇਬਰੇਰੀ, ਬਾਬਾ ਫਰੀਦ ਐਜ਼ੂਕੇਸ਼ਨ ਸੋਸਾਇਟੀ, ਸਮਾਜ ਸੇਵੀਆਂ, ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਅਧਿਆਪਕਾਂ, ਖੇਡਾਂ ਤੇ ਖਿਡਾਰੀਆਂ, ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਪਿੰਡ ਵਾਸੀਆਂ ਨੂੰ ਮਿਲਣ ਆਏ ਭਰਾਵਾਂ, ਪਿੰਡ ਦੀ ਸੱਥ ਅਤੇ ਨਗਰ ਕੀਰਤਨ ਦੀਆਂ ਤਸਵੀਰਾਂ ਪਿੰਡ ਦੀ ਵੱਖ-ਵੱਖ ਰੰਗਾਂ ਵਿੱਚ ਰੰਗੀ ਤਸਵੀਰ ਪੇਸ਼ ਕਰਨਗੀਆਂ, ਉਥੇ ਪਿੰਡ ਦੇ ਲੋਕਾਂ ਦੇ ਉਦਮੀ ਸੁਭਾਆ ਦਾ ਪ੍ਰਗਟਾਵਾ ਵੀ ਕਰਨਗੀਆਂ। ਇਕ ਸੰਸਥਾ ਜਿਤਨਾ ਕੰਮ ਜੱਗੀ ਬਰਾੜ ਸਮਾਲਸਰ ਅਤੇ ਉਨ੍ਹਾਂ ਦੇ ਹਮਸਫ਼ਰ ਜਸਵਿੰਦਰ ਬਰਾੜ ਦੀ ਲਗਾਤਾਰ ਮਿਹਨਤ, ਸਿਰੜ ਅਤੇ ਲਗਨ ਦਾ ਨਤੀਜਾ ਹੈ।
    ਸਮਾਲਸਰ ਪਿੰਡ ਦੀ ਮੋੜ੍ਹੀ ਗੱਡਣ ਤੋਂ ਲੈ ਕੇ ਵਰਤਮਾਨ ਸਮੇਂ ਵਿੱਚ ਹੋਏ ਵਿਕਾਸ ਬਾਰੇ ਵੀ ਬਾਖ਼ੂਬੀ ਨਾਲ ਦਰਸਾਇਆ ਗਿਆ ਹੈ। ਇਹ ਇਤਿਹਾਸਕ ਪਿੰਡ ਹੈ। ਪਿੰਡ ਦੀ ਮੋੜ੍ਹੀ ਗੱਡਣ ਵਾਲਾ ਬਾਬਾ ਸਫ਼ੀ ਬਰਾੜ ਦੀ ਬੰਸਾਵਲੀ ਵੀ ਪ੍ਰਕਾਸ਼ਤ ਕੀਤੀ ਗਈ ਹੈ। ਇਸਦੇ ਧਰਾਮਿਕ ਸਥਾਨ, ਰਹਿਣੀ ਸਹਿਣੀ, ਭੂਗੋਲਿਕ ਸਥਿਤੀ, ਜਾਤਾਂ, ਗੋਤਾਂ, ਪਹਿਰਾਵਾ,  ਧਰਮਸ਼ਾਲਾਵਾਂ, ਪੁਰਾਤਨ ਖੂਹਾਂ, ਸਰਕਾਰੀ ਤੇ ਗ਼ੈਰ ਸਰਕਾਰੀ ਅਦਾਰਿਆਂ, ਸੰਸਥਾਵਾਂ, ਸੱਥਾਂ, ਹੱਟੀਆਂ ਭੱਠੀਆਂ, ਦੁਕਾਨਾ, ਪੁਰਾਤਨ ਥਾਵਾਂ, ਅੱਲਾਂ, ਪੰਚਾਂ, ਸਰਪੰਚਾਂ, ਸਿਆਸਤਦਾਨਾ, ਪੱਤੀਆਂ ਤੇ ਉਨ੍ਹਾਂ ਦੀ ਬੰਸਾਵਲੀ, ਪਰਿਵਾਰਾਂ ਦੀ ਵੰਸਾਵਲੀ, ਸਕੂਲਾਂ ਅਤੇ ਅਕੈਡਮੀਆਂ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ। ਪਿੰਡ ਦੇ ਵਿਦਵਾਨਾ ਵੱਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਬਾਰੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ।  ਤੱਥਾਂ ਨਾਲ ਇਹ ਲੇਖ ਲਿਖਵਾਉਣ ਲਈ ਵੀ ਬੜੀ ਜਦੋਜਹਿਦ ਕਰਨੀ ਪਈ ਹੋਵੇਗੀ। ਪਿੰਡ ਦੇ ਅਧਿਆਪਕ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ। ਪਿੰਡ ਵਿਚਲੇ ਨੰਬਰਦਾਰ, ਚੌਕੀਦਾਰ, ਡਾਕੀਏ, ਤਰਖਾਣ, ਜੁਲਾਹੇ, ਘੁਮਿਆਰ, ਮਹਿਰੇ, ਫੋਟੋਗ੍ਰਾਫ਼ਰ, ਟੈਂਪੂ, ਤਾਂਗੇ ਅਤੇ ਰੇੜਿ੍ਹਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਪਿੰਡ ਵਿਚ ਪੁਰਾਣੇ ਅਤੇ ਨਵੇਂ ਦਰਖਤਾਂ ਦੀਆਂ ਕਿਸਮਾਂ ਅਤੇ ਲਾਭਾਂ ਬਾਰੇ ਦੱਸਿਆ ਗਿਆ ਹੈ। ਪਿੰਡ ਵਿੱਚ ਜਿਤਨੇ ਵੀ ਲੋਕ ਵੱਡੇ ਤੇ ਛੋਟੇ ਕਾਰੋਬਾਰ  ਕਰ ਰਹੇ ਹਨ, ਉਨ੍ਹਾਂ ਬਾਰੇ ਵੀ ਲਿਖਿਆ ਗਿਆ ਹੈ। ਪਿੰਡ ਆਮ ਪਿੰਡਾਂ ਨਾਲੋਂ ਕਾਫ਼ੀ ਵੱਡਾ ਹੈ।  ਆਧੁਨਿਕ ਜ਼ਮਾਨੇ ਵਿੱਚ ਰੋਜ ਮਰ੍ਹਾ ਦੀਆਂ ਆਧੁਨਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਤਰ੍ਹਾਂ ਦੀਆਂ ਦੁਕਾਨਾ ਮੌਜੂਦ ਹਨ। ਉਨ੍ਹਾਂ ਸਾਰੀਆਂ ਦੁਕਾਨਾ ਨੂੰ ਚਲਾਉਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਦਿੱਤੀ ਹੋਈ ਹੈ। ਉਦਾਹਰਣ ਲਈ  ਲਲਾਰੀ, ਸੂਤ ਦੇ ਮੰਜੇ ਬੁਣਨ ਵਾਲੇ, ਸਪੀਕਰਾਂ ਵਾਲੇ, ਡਾਕਟਰ, ਇੰਜਿਨੀਅਰ, ਆਰਕੀਟੈਕਟ, ਆਰਟਿਸਟ, ਸ਼ਿਲਪਕਾਰ, ਸਕੂਟਰ ਤੇ ਸਾਈਕਲ ਮੁਰੰਮਤ, ਫ਼ੋਟੋਗ੍ਰਾਫਰ, ਅਸ਼ਟਾਮ ਵਾਲੇ, ਮਿਊਜਿਕ ਸੈਂਟਰ, ਇਲੈਕਟਰੀਸ਼ਨ, ਢਾਬੇ, ਭਾਂਡੇ ਕਲੀ ਕਰਨ ਵਾਲੇ, ਕੈਮਿਸਟ, ਮੋਚੀ, ਕਰਿਆਨਾ ਸਟੋਰ, ਸ਼ਰਾਫ਼, ਦਾਈ, ਹਲਵਾਈ, ਦਰਜ਼ੀ,  ਲੁਹਾਰ-ਤਰਖਾਣ ਆਦਿ ਦਾ ਵਰਨਣ ਕੀਤਾ ਗਿਆ ਹੈ। ਇਹ ਪਿੰਡ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ। ਪਿੰਡ ਦੇ ਪਰਵਾਸ ਵਿੱਚ ਬੁਲੰਦੀਆਂ ਛੂਹਣ ਵਾਲੇ ਪਰਿਵਾਰਾਂ ਬਾਰੇ ਵੀ ਵਿਸਤਾਰ ਪੂਰਬਕ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਨੌਜਵਾਨ ਪੀੜ੍ਹੀ ਵੀ ਸਫਲਤਾਵਾਂ ਪ੍ਰਾਪਤ ਕਰਨ ਵਿਚੱ ਦਿਲਚਸਪੀ ਲੈ ਸਕੇ। ਇਕ ਪਿੰਡ ਦੀ ਧੀ ਦੇ ਉਦਮ ਤੋਂ ਪਿੰਡ ਦੀਆਂ ਲੜਕੀਆਂ  ਮਾਰਗ ਦਰਸ਼ਨ ਲੈਣ ਦੀ ਕੋਸ਼ਿਸ਼ ਕਰਨਗੀਆਂ। ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੋਵੇਗਾ ਕਿ ਪਿੰਡ ਦੀਆਂ ਲੜਕੀਆਂ ਮਰਦਾਂ ਨਾਲੋਂ ਕਿਸੇ ਖੇਤਰ ਵਿੱਚ ਵੀ ਪਿਛੇ ਨਹੀਂ ਹਨ। ਇਕ ਹੋਰ ਪ੍ਰੇਰਨਾ ਵਾਲੀ ਗੱਲ ਹੋਵੇਗੀ ਕਿ ਪਤੀ ਤੇ ਪਤਨੀ ਆਪਸੀ ਸਹਿਯੋਗ ਨਾਲ ਹਰੇਕ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਨ।
  ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਪਿੰਡ ਦੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਅਤੇ ਅਮੀਰ ਵਿਰਾਸਤ ‘ਤੇ ਫ਼ਖ਼ਰ ਕਰਨ ਦਾ ਮਾਣ ਪ੍ਰਾਪਤ ਹੋਵੇਗਾ। ਪਿੰਡ ਦੇ ਪਰਿਵਾਰਾਂ ਨੂੰ ਆਪੋ ਆਪਣੇ ਪੁਰਖਿਆਂ ਦੀ ਮਿਹਨਤੀ ਦਿ੍ਰਸ਼ਟੀ ਤੋਂ ਪ੍ਰੇਰਨਾ ਲੈਣ ਦਾ ਇਤਫਾਕ ਵੀ ਬਣੇਗੀ। ਜੱਗੀ ਬਰਾੜ ਸਮਾਲਸਰ ਅਤੇ ਜਸਵਿੰਦਰ ਸਿੰਘ ਬਰਾੜ ਦੀ ਉਦਮੀ ਜੋੜੀ ਦੇ ਸੁਨਹਿਰੇ ਪਵਿਖ ਦੀ ਕਾਮਨਾ ਕਰਦਾ ਹਾਂ ਤਾਂ ਜੋ ਉਹ ਪੰਜਾਬ ਮਿੱਟੀ ਦੀ ਮਹਿਕ ਨੂੰ ਸਮੁੱਚੇ ਸੰਸਾਰ ਵਿੱਚ ਫੈਲਾ ਸਕਣ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-9417813072
ujagarsingh48@yahoo.com