ਆਓ, ਆਪਣੇ ਹਿੱਸੇ ਦੇ ਅੰਬਰ ਦੀ ਤਲਾਸ਼ ਕਰੀਏ - ਗੁਰਚਰਨ ਸਿੰਘ ਨੂਰਪੁਰ
ਇਕ ਵਿਕਲਾਂਗ ਮੰਗਤਾ ਸ਼ਹਿਰ ਦੀ ਇਕ ਅਤਿ ਪਛੜੀ ਬਸਤੀ ਵਿਚ ਸਾਰੀ ਉਮਰ ਇਕੋ ਜਗ੍ਹਾ ਬੈਠ ਕੇ ਮੰਗਦਾ ਰਿਹਾ। ਇਕੋ ਜਗ੍ਹਾ 'ਤੇ ਹੀ ਗੰਦਗੀ ਵਿਚ ਉਸ ਨੇ ਸਾਰੀ ਉਮਰ ਕੱਟੀ, ਬਿਰਧ ਹੋਇਆ ਤੇ ਆਖ਼ਰ ਇਕ ਦਿਨ ਮਰ ਗਿਆ। ਬਸਤੀ ਦੇ ਲੋਕ ਇਕੱਠੇ ਹੋਏ। ਇਹ ਮਸਲਾ ਖੜ੍ਹਾ ਹੋ ਗਿਆ ਕਿ ਮ੍ਰਿਤਕ ਮੰਗਤੇ ਨੂੰ ਕਿੱਥੇ ਦਫ਼ਨਾਇਆ ਜਾਵੇ? ਜਿੱਥੇ ਹੋਰ ਵਿਅਕਤੀ ਦਫ਼ਨਾਏ ਜਾਂਦੇ ਹਨ, ਉੱਥੇ ਹੀ ਇਕ ਮੰਗਤੇ ਨੂੰ ਦਫ਼ਨਾ ਦਿੱਤਾ ਜਾਵੇ, ਇਹ ਤਾਂ ਅਨਰਥ ਹੋ ਸਕਦਾ ਸੀ। ਇਕ ਵਿਅਕਤੀ ਨੇ ਸੁਝਾਅ ਦਿੱਤਾ, ਇਸ ਨੇ ਸਾਰੀ ਉਮਰ ਇਸ ਥਾਂ 'ਤੇ ਬਹਿ ਕੇ ਇਸ ਜਗ੍ਹਾ ਨੂੰ ਗੰਦਾ ਕਰ ਦਿੱਤਾ। ਇਹ ਜਗ੍ਹਾ ਭ੍ਰਿਸ਼ਟ ਹੋ ਗਈ ਹੈ, ਇਸ ਲਈ ਚੰਗਾ ਹੈ ਕਿਸੇ ਹੋਰ ਥਾਂ ਨੂੰ ਅਪਵਿੱਤਰ ਕਰਨ ਦੀ ਬਜਾਏ ਇਸੇ ਜਗ੍ਹਾ ਟੋਇਆ ਪੁੱਟ ਕੇ ਇਸ ਦੀ ਲਾਸ਼ ਨੂੰ ਦੱਬ ਦਿੱਤਾ ਜਾਵੇ। ਦੂਜੇ ਲੋਕਾਂ ਨੂੰ ਉਸ ਦੀ ਗੱਲ ਕੁਝ ਠੀਕ ਲੱਗੀ। ਮੰਗਤੇ ਦੀ ਦੇਹ ਨੂੰ ਕੁਝ ਫੁੱਟ ਪਾਸੇ ਕਰ ਕੇ ਉਸ ਜਗ੍ਹਾ ਟੋਇਆ ਪੁੱਟਿਆ ਜਾਣ ਲੱਗਾ ਜਿੱਥੇ ਸਾਰੀ ਉਮਰ ਉਸ ਨੇ ਗੰਦਗੀ ਵਿਚ ਕੱਟੀ ਸੀ। ਦੋ ਕੁ ਫੁੱਟ ਡੂੰਘਾ ਟੋਆ ਪੁੱਟਿਆ ਤਾਂ ਹੇਠੋਂ ਬਹੁਤ ਵੱਡਾ ਖਜ਼ਾਨਾ ਨਿਕਲਿਆ। ਲੋਕ ਬੜੇ ਹੈਰਾਨ ਹੋਏ। ਪੂਰੇ ਸ਼ਹਿਰ ਵਿਚ ਚਰਚੇ ਛਿੜ ਗਏ ਕਿ ਉਹ ਪਛੜੀ ਬਸਤੀ ਵਿਚ ਇਕ ਗੰਦੀ ਜਿਹੀ ਥਾਂ 'ਤੇ ਬੈਠਾ ਮੰਗਤਾ ਜੋ ਸਾਰੀ ਉਮਰ ਭੁੱਖ ਨੰਗ, ਗ਼ਰੀਬੀ ਨਾਲ ਜੂਝਦਾ ਰਿਹਾ, ਉਸੇ ਥਾਂ ਉਸ ਤੋਂ ਸਿਰਫ ਦੋ ਫੁੱਟ ਦੂਰ ਵੱਡਾ ਖਜ਼ਾਨਾ ਦੱਬਿਆ ਪਿਆ ਰਿਹਾ, ਪਰ ਉਸ ਨੂੰ ਪਤਾ ਹੀ ਨਹੀਂ ਚੱਲਿਆ। ਇਹ ਕਹਾਣੀ ਸਾਡੇ ਸਮਾਜ ਦੇ ਬਹੁਗਿਣਤੀ ਮਨੁੱਖਾਂ ਦੀ ਕਹਾਣੀ ਹੈ।
ਲੱਖਾਂ ਲੋਕ ਇਸ ਧਰਤੀ 'ਤੇ ਪੈਦਾ ਹੋਏ ਤੇ ਚਲੇ ਗਏ। ਲੱਖਾਂ ਲੋਕ ਪੈਦਾ ਹੋਣਗੇ ਤੇ ਚਲੇ ਜਾਣਗੇ ਪਰ ਕੀ ਇਹ ਸੱਚ ਨਹੀਂ ਕਿ ਕੁਝ ਖੋਜੀ ਬਿਰਤੀ ਦੇ ਲੋਕ ਹੀ ਆਪਣੇ ਹਿੱਸੇ ਆਉਂਦੇ ਖਜ਼ਾਨਿਆਂ ਨੂੰ ਲੱਭਦੇ ਹਨ। ਬਹੁਗਿਣਤੀ ਉਹ ਹਨ ਜਿਹੜੇ ਆਪਣੇ ਹਿੱਸੇ ਆਉਂਦੇ ਖਜ਼ਾਨਿਆਂ ਤੋਂ ਬੇਖ਼ਬਰ ਹਨ। ਥੋੜ੍ਹੀ ਗਿਣਤੀ ਉਹ ਹਨ ਜਿਨ੍ਹਾਂ ਕੋਲ ਆਪਣੇ ਹਿੱਸੇ ਦੇ ਖਜ਼ਾਨਿਆਂ ਤੱਕ ਜਾਣ ਦੀ ਵਿਹਲ ਨਹੀਂ। ਸਮੇਂ ਦੇ ਹਰ ਦੌਰ ਵਿਚ ਬਹੁਤ ਥੋੜ੍ਹੇ ਅਜਿਹੇ ਲੋਕ ਹੁੰਦੇ ਹਨ ਜੋ ਵਿਲੱਖਣ ਕਾਰਜਾਂ ਨੂੰ ਅੰਜਾਮ ਦਿੰਦੇ ਹਨ।
ਧਰਤੀ 'ਤੇ ਪੈਦਾ ਹੋਣ ਵਾਲੇ ਹਰ ਮਨੁੱਖ ਦਾ ਸਾਡਾ ਆਲਾ-ਦੁਆਲਾ, ਸਾਡਾ ਰਹਿਣ-ਸਹਿਣ, ਵਿੱਦਿਆ, ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਅੰਦਰਲੀਆਂ ਸ਼ਕਤੀਆਂ ਦੀ ਪਛਾਣ ਕਰ ਸਕੇ। ਹਰ ਮਨੁੱਖ ਨੂੰ ਸੁਆਲ ਕਰਨ ਦੀ ਯੁਗਤ ਸਿੱਖਣੀ ਚਾਹੀਦੀ ਹੈ। ਧਰਤੀ ਦੇ ਕਿਸੇ ਵੀ ਖਿੱਤੇ ਵਿਚ ਰਹਿਣ ਵਾਲੇ ਹਰ ਮਨੁੱਖ ਨੂੰ ਹਰ ਵਿਸ਼ੇ 'ਤੇ ਸੁਆਲ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਜਦੋਂ ਕੋਈ ਸਮਾਜ ਸੁਆਲ ਕਰਨ ਦੀ ਮਨੋਬਿਰਤੀ ਨੂੰ ਤਿਆਗ ਦਿੰਦਾ ਹੈ ਤਾਂ ਉਦੋਂ ਉਸ ਦੇ ਮਾੜੇ ਦੌਰ ਦੀ ਸ਼ੁਰੂਆਤ ਹੋ ਜਾਂਦੀ ਹੈ। ਸੁਆਲ ਹਮੇਸ਼ਾ ਸਮਝਦਾਰ ਲੋਕ ਕਰਦੇ ਹਨ। ਸੁਆਲ ਖੜ੍ਹੇ ਕਰਨ ਲਈ ਗਿਆਨ ਦੀ ਲੋੜ ਹੁੰਦੀ ਹੈ। ਯੂਨਾਨ ਦਾ ਮਹਾਨ ਫ਼ਿਲਾਸਫ਼ਰ ਸੁਕਰਾਤ ਉਸ ਦੀ ਫ਼ਿਲਾਸਫ਼ੀ ਦਾ ਸਾਰ ਹੀ ਸੁਆਲ ਕਰਨਾ ਸੀ। ਇਕ ਦਿਨ ਉਹ ਆਪਣੇ ਚੇਲਿਆਂ ਨਾਲ ਵਿਚਾਰ-ਚਰਚਾ ਕਰ ਰਿਹਾ ਸੀ ਤਾਂ ਸੁਆਲ ਇਹ ਪੈਦਾ ਹੋਇਆ ਕਿ ਮਨੁੱਖ ਲਈ ਸਭ ਤੋਂ ਵੱਧ ਕੀਮਤੀ ਵਸਤੂ ਕਿਹੜੀ ਹੈ? ਇਸ ਦੇ ਜੁਆਬ ਵਿਚ ਕਿਸੇ ਨੇ ਕੁਝ, ਕਿਸੇ ਨੇ ਕੁਝ ਦੱਸਿਆ ਪਰ ਆਖ਼ਰ ਜਦੋਂ ਸੁਕਰਾਤ ਤੋਂ ਪੁੱਛਿਆ ਗਿਆ ਤਾਂ ਉਸ ਜੁਆਬ ਦਿੱਤਾ ਕਿ ਮਨੁੱਖ ਲਈ ਜੋ ਸਭ ਤੋਂ ਵੱਧ ਕੀਮਤੀ ਹੈ ਉਹ ਹੈ 'ਗਿਆਨ'। ਗਿਆਨਵਾਨ ਹੋਣ ਨਾਲ ਹੀ ਮਨੁੱਖ ਦੀ ਜ਼ਿੰਦਗੀ ਦੇ ਸਾਰਤੱਤ ਨਾਲ ਵਾਕਫ਼ੀ ਹੁੰਦੀ ਹੈ।
ਆਪਣੇ ਅੰਦਰ ਛੁਪੇ ਆਪਣੇ ਹਿੱਸੇ ਆਉਂਦੇ ਖਜ਼ਾਨਿਆਂ ਦੀ ਭਾਲ ਉਹ ਲੋਕ ਕਰਦੇ ਹਨ ਜੋ ਜਾਗੇ ਹੋਣ। ਅਜਿਹੇ ਇਨਸਾਨ ਜੋ ਆਪਣੇ ਮਿਸ਼ਨ ਲਈ ਸਖ਼ਤ ਮਿਹਨਤਾਂ ਕਰਦੇ ਹਨ, ਇਹ ਮਿਹਨਤ ਸਰੀਰਕ ਵੀ ਹੋ ਸਕਦੀ ਹੈ ਅਤੇ ਜ਼ਿਹਨੀ ਵੀ। ਜੋ ਰਾਤਾਂ ਜਾਗਦੇ ਹਨ ਉਹ ਤਾਰਿਆਂ ਨਾਲ ਸਾਂਝਾਂ ਪਾਉਣ ਦੇ ਸਮਰੱਥ ਹੋ ਜਾਂਦੇ ਹਨ। ਜਿਨ੍ਹਾਂ ਦੇ ਅੰਦਰ ਛੂਕਦੇ ਜਜ਼ਬੇ ਹੋਣ, ਜੋ ਦੂਜਿਆਂ ਲਈ ਕੁਝ ਕਰ ਗੁਜ਼ਰਨ ਦਾ ਹੌਸਲਾ ਅਤੇ ਹਿੰਮਤ ਰੱਖਦੇ ਹੋਣ, ਤੂਫ਼ਾਨਾਂ ਝੱਖੜਾਂ ਵਿਚ ਵੀ ਉਨ੍ਹਾਂ ਦੇ ਪੈਰ ਅਡੋਲ ਰਹਿੰਦੇ ਹਨ। ਕੁਝ ਲੋਕ ਸਾਰੀ ਉਮਰ ਕਿਸੇ ਮੰਗਤੇ ਵਾਂਗ ਤਰਸ ਦੇ ਪਾਤਰ ਬਣੇ ਰਹਿੰਦੇ ਹਨ। ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਹੀਆ ਨਹੀਂ ਹੁੰਦਾ। ਜਿਨ੍ਹਾਂ ਵਿਚ ਸਮੇਂ ਦੀ ਅੱਖ ਵਿਚ ਅੱਖ ਪਾ ਕੇ ਵੇਖਣ ਦੀ ਜੁਰਅੱਤ ਨਹੀਂ ਹੁੰਦੀ, ਉਨ੍ਹਾਂ ਦੀ ਸਾਰੀ ਉਮਰ ਹੱਡ ਗੋਡੇ ਰਗੜਦਿਆਂ ਲੰਘਦੀ ਹੈ। ਮਨੁੱਖ ਨੂੰ ਆਸਰੇ ਲੈਣ ਵਾਲਾ ਨਹੀਂ ਬਲਕਿ ਆਸਰੇ ਦੇਣ ਵਾਲਾ ਬਣਨਾ ਚਾਹੀਦਾ ਹੈ।
ਡਾਰਵਿਨ ਨੇ ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਕੁਦਰਤ ਉਨ੍ਹਾਂ ਜੀਵਾਂ ਨੂੰ ਵਧਣ-ਫੁੱਲਣ ਦਾ ਮੌਕਾ ਪ੍ਰਦਾਨ ਕਰਦੀ ਹੈ ਜਿਹੜੇ ਜੀਵ-ਜੰਤੂਆਂ ਵਿਚ ਹਰ ਤਰ੍ਹਾਂ ਦੇ ਹਾਲਾਤ ਨਾਲ ਲੜਨ ਦੀ ਹਿੰਮਤ ਤੇ ਸ਼ਕਤੀ ਹੋਵੇ। ਇਹ ਜੀਵ-ਜੰਤੂ ਆਪਣਾ ਵਿਕਾਸ ਕਰਦੇ ਹਨ ਤੇ ਕੁਦਰਤ ਇਨ੍ਹਾਂ ਨੂੰ ਵਧਣ-ਫੁੱਲਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਦੇ ਉਲਟ ਜੋ ਜੀਵ ਜਾਤੀਆਂ ਹਾਲਾਤ ਅੱਗੇ ਹਾਰ ਜਾਂਦੀਆਂ ਹਨ ਉਹ ਸਮੇਂ ਦੀ ਗਰਦ ਵਿਚ ਗੁਆਚ ਜਾਂਦੀਆਂ ਹਨ। ਮਹਾਨ ਜੀਵ ਵਿਗਿਆਨੀ ਦੀ ਇਸ ਖੋਜ ਵਿਚ ਜੀਵਨ ਦਾ ਬਹੁਤ ਵੱਡਾ ਰਹੱਸ ਛੁਪਿਆ ਹੋਇਆ ਹੈ। ਜਿੱਥੇ ਡਾਰਵਿਨ ਦੀ ਇਹ ਖੋਜ ਜੀਵ ਵਿਕਾਸ ਦੀ ਗੁੰਝਲ ਨੂੰ ਸੁਲਝਾਉਂਦੀ ਹੈ, ਉੱਥੇ ਇਹ ਖੋਜ ਸਾਨੂੰ ਦੱਸਦੀ ਹੈ ਕਿ ਵੱਡੀਆਂ ਤੋਂ ਵੱਡੀਆਂ ਜੰਗਾਂ ਉਹ ਲੋਕ ਜਿੱਤਦੇ ਹਨ ਜਿਨ੍ਹਾਂ ਅੰਦਰ ਜਿੱਤ ਦਾ ਜਜ਼ਬਾ, ਹਿੰਮਤ ਅਤੇ ਦਲੇਰੀ ਹੋਵੇ। ਜੋ ਲਾਟਰੀ ਪਾ ਕੇ ਅਮੀਰ ਹੋਣ ਦੀ ਝਾਕ ਰੱਖਦੇ ਹਨ, ਉਹ ਨਹੀਂ ਜਾਣਦੇ ਕਿ ਅਮੀਰੀ ਦਾ ਖਜ਼ਾਨਾ ਲਾਟਰੀ ਦੀ ਟਿਕਟ ਨਾਲ ਨਹੀਂ ਬਲਕਿ ਉੱਚੇ ਨਿਸ਼ਾਨੇ ਮਿੱਥ ਕੇ ਲੱਭਿਆ ਜਾ ਸਕਦਾ ਹੈ। ਲਾਟਰੀ ਨਿਕਲ ਆਉਣ ਨਾਲ ਕੁਝ ਪੈਸੇ ਤਾਂ ਹਾਸਲ ਹੋ ਸਕਦੇ ਹਨ ਪਰ ਅਮੀਰ ਨਹੀਂ ਹੋਇਆ ਜਾ ਸਕਦਾ। ਦੁਨੀਆ ਵਿਚ ਇਕ ਵੀ ਅਜਿਹੀ ਉਦਾਹਰਨ ਨਹੀਂ ਜਿਸ ਵਿਚ ਲਾਟਰੀ ਪਾ ਕੇ ਅਮੀਰ ਹੋਏ ਵਿਅਕਤੀ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਕੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਵੇ।
ਇਕ ਮਹਾਨ ਇਨਸਾਨ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਮੁਸ਼ਕਿਲਾਂ-ਮੁਸੀਬਤਾਂ ਨਾਲ ਜੂਝਦਿਆਂ ਗੁਜ਼ਰਿਆ। ਹਰ ਹਾਲ ਵਿਚ ਬੁਲੰਦ ਸੋਚ ਰੱਖਣ ਵਾਲੇ ਉਸ ਮਨੁੱਖ ਨੂੰ ਕਿਸੇ ਨੇ ਪੁੱਛਿਆ, 'ਤੁਸੀਂ ਮੁਸੀਬਤਾਂ ਦੇ ਏਨੇ ਵੱਡੇ ਪਹਾੜ ਕਿਵੇਂ ਪਾਰ ਕਰ ਲੈਂਦੇ ਹੋ?' ਤਾਂ ਉਸ ਨੇ ਜਵਾਬ ਦਿੱਤਾ, 'ਜੇ ਮੁਸੀਬਤ ਇਕ ਗਿੱਠ ਹੁੰਦੀ ਹੈ ਤਾਂ ਮੈਂ ਆਪਣਾ ਹੌਸਲਾ ਚਾਰ ਗਿੱਠਾਂ ਕਰ ਲੈਂਦਾ ਹਾਂ। ਜੇ ਇਹ ਦੋ ਗਿੱਠਾਂ ਹੁੰਦੀ ਹੈ ਤਾਂ ਫਿਰ ਮੇਰਾ ਹੌਸਲਾ ਅੱਠ ਗਿੱਠਾਂ ਹੁੰਦਾ ਹੈ।'
ਸਾਡੀ ਸੰਸਕ੍ਰਿਤੀ ਅਤੇ ਸੱਭਿਆਚਾਰ ਅਧਿਆਤਮਿਕ ਮਨੋਬਿਰਤੀ ਵਾਲਾ ਹੈ। ਸਾਡੇ ਸਮਾਜ ਦੇ ਬਹੁਗਿਣਤੀ ਲੋਕ, ਜੋ ਹੋਣਾ-ਵਾਪਰਨਾ ਹੈ, ਉਸ ਨੂੰ ਧੁਰੋਂ ਲਿਖਿਆ ਮੰਨਦੇ ਹਨ। ਇਸ ਮਨੋਬਿਰਤੀ ਨੇ ਸਮਾਜ ਦਾ ਕਿੰਨਾ ਨੁਕਸਾਨ ਕੀਤਾ ਹੈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿਸਮਤਵਾਦੀ ਫ਼ਲਸਫ਼ਾ ਉਨ੍ਹਾਂ ਲੋਕਾਂ ਦਾ ਫ਼ਲਸਫ਼ਾ ਹੈ ਜੋ ਦੂਜਿਆਂ ਦੇ ਖੂਨ-ਪਸੀਨੇ 'ਤੇ ਪਲਦੇ ਹਨ। ਕਿਸਮਤ ਨੂੰ ਕੋਸਦੇ ਰਹਿਣ ਵਾਲੀ ਜ਼ਬਾਨ ਤੋਂ ਚੜ੍ਹਦੀ ਕਲਾ ਦੇ ਗੀਤ ਗਾਏ ਜਾਣ ਦੀ ਝਾਕ ਨਾ ਰੱਖਿਓ। ਹੱਥਾਂ ਦੀਆਂ ਲਕੀਰਾਂ ਨੂੰ ਵੇਖ ਕੇ ਝੂਰਦੇ ਰਹਿਣ ਨਾਲ ਫੁੱਲਾਂ ਦੀਆਂ ਕਿਆਰੀਆਂ ਨਹੀਂ ਬੀਜੀਆਂ ਜਾ ਸਕਦੀਆਂ। ਲੱਤ 'ਤੇ ਲੱਤ ਰੱਖ ਕੇ ਬਹਿਣ ਵਾਲੇ ਮੰਜ਼ਿਲਾਂ ਸਰ ਨਹੀਂ ਕਰਿਆ ਕਰਦੇ। ਨਿਰਸਵਾਰਥ ਖੂਨਦਾਨ ਕਰਨ ਵਾਲਿਆਂ ਦੇ ਖੂਨ ਵਿਚ ਦੂਜਿਆਂ ਦਾ ਭਲਾ ਕਰਨ ਦੀ ਪ੍ਰਵਿਰਤੀ ਮੌਜੂਦ ਹੁੰਦੀ ਹੈ। ਹੱਥਾਂ 'ਤੇ ਹੱਥ ਰੱਖ ਕੇ ਬਹਿਣ ਵਾਲੇ ਜਿਸ ਤਰ੍ਹਾਂ ਇਸ ਧਰਤੀ 'ਤੇ ਆਉਂਦੇ ਹਨ ਉਵੇਂ ਹੀ ਤੁਰ ਜਾਂਦੇ ਹਨ। ਰਹਿਮ ਦੀ ਭੀਖ ਮੰਗਦੇ ਹੱਥਾਂ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਉਹ ਲੋਕ ਦੂਜਿਆਂ ਲਈ ਆਸਰਾ ਬਣਦੇ ਹਨ ਜਿਨ੍ਹਾਂ ਅੰਦਰ ਕੁਝ ਕਰ ਗੁਜ਼ਰਨ ਦੀ ਹਿੰਮਤ ਹੋਵੇ। ਮੰਜ਼ਿਲਾਂ ਉਹ ਮਾਰਦੇ ਹਨ ਜਿਹੜੇ ਤੁਰਨਾ ਜਾਣਦੇ ਹੋਣ।
ਇਕ ਛੋਟੀ ਜਿਹੀ ਮਨੋਕਲਪਿਤ ਕਥਾ ਹੈ ਜੋ ਜ਼ਿੰਦਗੀ ਦੇ ਸੱਚ ਨੂੰ ਬੜੇ ਸਲੀਕੇ ਨਾਲ ਬਿਆਨ ਕਰਦੀ ਹੈ। ਇਸ ਲੋਕ ਕਥਾ ਅਨੁਸਾਰ ਇਕ ਭਿਆਨਕ ਕੁਦਰਤੀ ਕਰੋਪੀ ਨਾਲ ਇਕ ਪਰਿਵਾਰ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਅਤੇ ਪਰਿਵਾਰ ਦਾ ਆਗੂ ਪਰਿਵਾਰ ਨੂੰ ਲੈ ਕੇ ਕਿਸੇ ਹੋਰ ਥਾਂ ਵੱਸ ਜਾਣ ਲਈ ਜਾ ਰਿਹਾ ਸੀ। ਇਕ ਜੰਗਲ ਵਿਚ ਉਨ੍ਹਾਂ ਨੂੰ ਰਾਤ ਹੋ ਗਈ। ਪਰਿਵਾਰ ਦੇ ਕੋਲ ਤਨ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਪਰਿਵਾਰ ਦੇ ਆਗੂ 'ਪਿਤਾ' ਨੇ ਆਪਣੇ ਵੱਡੇ ਪੁੱਤਰ ਨੂੰ ਕਿਹਾ, 'ਉੱਤਰ ਦਿਸ਼ਾ ਵੱਲ ਜਾਹ ਤੇ ਪਾਣੀ ਲੈ ਕੇ ਆ।' ਛੋਟੇ ਪੁੱਤਰ ਨੂੰ ਕਿਹਾ ਤੂੰ ਦੱਖਣ ਦਿਸ਼ਾ ਵੱੱਲ ਜਾ ਤੇ ਅੱਗ ਦਾ ਪ੍ਰਬੰਧ ਕਰ। ਆਪਣੀ ਨਿੱਕੀ ਧੀ ਨੂੰ ਉਸ ਨੇ ਚੁੱਲ੍ਹਾ ਬਣਾਉਣ ਲਈ ਕਿਹਾ। ਉਸ ਦੀ ਆਗਿਆਕਾਰੀ ਔਲਾਦ ਹੁਕਮ ਮੰਨ ਕੇ ਤੁੁਰੰਤ ਇਹ ਸਭ ਕੁਝ ਕਰਨ ਲੱਗੀ ਤਾਂ ਰੁੱਖ ਦੀ ਟਹਿਣੀ 'ਤੇ ਬੈਠਾ ਇਕ ਜਨੌਰ ਬੋਲਿਆ, 'ਅੱਗ, ਪਾਣੀ ਤੇ ਚੁੱਲ੍ਹੇ ਦਾ ਕੀ ਕਰੋਗੇ? ਖਾਣ ਲਈ ਤਾਂ ਕੁਝ ਹੈ ਨਹੀਂ ਤੁਹਾਡੇ ਕੋਲ?' ਉਹ ਆਸ਼ਾਵਾਦੀ ਬੰਦਾ ਬੋਲਿਆ 'ਖਾਣ ਲਈ ਵੀ ਕੁਝ ਪ੍ਰਬੰਧ ਜ਼ਰੂਰ ਕਰਾਂਗੇ, ਹੋਰ ਨਹੀਂ ਤਾਂ ਤੂੰ ਤਾਂ ਕਿਤੇ ਨਹੀਂ ਗਿਆ।' ਅੱਗੇ ਕਹਾਣੀ ਕਹਿੰਦੀ ਹੈ ਕਿ ਜਨੌਰ ਉਸ ਆਸ਼ਾਵਾਦੀ ਬੰਦੇ ਦੀ ਗੱਲ ਸੁਣ ਕੇ ਡਰ ਗਿਆ। ਉਹ ਕਹਿਣ ਲੱਗਾ 'ਮੈਨੂੰ ਨਾ ਮਾਰਿਓ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਸ ਰੁੱਖ ਦੇ ਹੇਠਾਂ ਤੁਸੀਂ ਬੈਠੇ ਹੋ ਇਸ ਦੇ ਹੇਠਾਂ ਬੜਾ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ। ਉਹ ਪੁੱਟ ਲਓ ਤੇ ਵਾਪਸ ਚਲੇ ਜਾਓ।' ਪਰਿਵਾਰ ਦੀ ਮਦਦ ਨਾਲ ਉਸ ਸ਼ਖ਼ਸ ਨੇ ਦੱਬਿਆ ਖਜ਼ਾਨਾ ਪੁੱਟਿਆ ਤੇ ਖੁਸ਼ੀ-ਖੁਸ਼ੀ ਵਾਪਸ ਪਰਤ ਗਿਆ। ਉਹਦੀ ਇਹ ਕਹਾਣੀ ਸੁਣ ਕੇ ਇਕ ਰਾਤ ਕੋਈ ਹੋਰ ਪਰਿਵਾਰ ਖਜ਼ਾਨਾ ਲੱਭਣ ਉਸ ਰੁੱਖ ਹੇਠ ਜਾ ਬੈਠਿਆ। ਪਿਤਾ ਨੇ ਆਪਣੇ ਵੱਡੇ ਪੁੱਤਰ ਨੂੰ ਕਿਹਾ 'ਅੱਗ ਲਿਆ।' ਪੁੱਤਰ ਨੇ ਤੱਟਫਟ ਜਵਾਬ ਦਿੱਤਾ, 'ਇਸ ਬੀਆਬਾਨ ਵਿਚ ਅੱਗ ਨਾਲ ਸੜਨਾ ਏ?' ਦੂਜੇ ਪੁੱਤਰ ਨੂੰ ਪਾਣੀ ਲਿਆਉਣ ਲਈ ਕਿਹਾ ਤੇ ਉਸ ਨੇ ਉਲਟਾ ਸੁਆਲ ਕੀਤਾ 'ਪਾਣੀ ਵਿਚ ਡੁੱਬਣ ਦੀ ਸਲਾਹ ਏ?' ਰੁੱਖ 'ਤੇ ਬੈਠਿਆ ਉਹੀ ਜਨੌਰ ਜੋ ਸਭ ਕੁਝ ਦੇਖ ਰਿਹਾ ਸੀ ਬੋਲਿਆ ਤੇਰੀ ਔਲਾਦ ਆਗਿਆਕਾਰੀ ਨਹੀਂ। ਨਾ ਟੱਕਰਾਂ ਮਾਰ ਤੇ ਵਾਪਸ ਪਿੰਡ ਮੁੜ ਜਾ। ਏਨਾ ਕਹਿ ਕੇ ਜਨੌਰ ਕਿਸੇ ਹੋਰ ਰੁੱਖ ਵੱਲ ਉੱਡ ਗਿਆ। ਇਹ ਕਲਪਿਤ ਕਹਾਣੀ ਦਰਸਾਉਂਦੀ ਹੈ ਕਿ ਜੇਕਰ ਪਰਿਵਾਰ ਇਕਸੁਰ ਹੈ ਤਾਂ ਹਰ ਤਰ੍ਹਾਂ ਦੇ ਖਜ਼ਾਨਿਆਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਪਰ ਜੇਕਰ ਪਰਿਵਾਰ ਦਾ ਏਕਾ ਨਹੀਂ ਤਾਂ ਜੋ ਕੁਝ ਕੋਲ ਹੈ ਉਹ ਵੀ ਇਕ ਦਿਨ ਖੁੱਸ ਜਾਵੇਗਾ।
ਆਓ ਆਪਣੇ ਹਿੱਸੇ ਦੇ ਅੰਬਰ ਦੀ ਤਲਾਸ਼ ਕਰੀਏ। ਆਪਣੇ ਹਿੱਸੇ ਆਉਂਦੀ ਦੁਨੀਆ ਨੂੰ ਲੱਭੀਏ ਅਤੇ ਇਸ 'ਚੋਂ ਖਜ਼ਾਨਿਆਂ ਦੀ ਭਾਲ ਕਰੀਏ। ਇਹ ਨਾ ਹੋਵੇ ਕਿ ਜ਼ਿੰਦਗੀ ਦਾ ਬਹੁਤਾ ਸਮਾਂ ਵਿਅਰਥ ਚੀਜ਼ਾਂ ਮਗਰ ਭੱਜਦਿਆਂ ਹੀ ਲੰਘ ਜਾਵੇ। ਜ਼ਿੰਦਗੀ ਬੜੀ ਛੋਟੀ ਹੈ। ਇਸ ਛੋਟੀ ਜਿਹੀ ਜ਼ਿੰਦਗੀ ਦਾ ਹਰ ਪਲ ਕੀਮਤੀ ਹੈ। ਕਿਸੇ ਵਿਦਵਾਨ ਤੋਂ ਇਕ ਜਗਿਆਸੂ ਨੇ ਪੁੱਛਿਆ 'ਸਮਾਂ ਕਿਹੜਾ ਠੀਕ ਹੁੰਦਾ ਹੈ? ਦਿਨ ਜਾਂ ਰਾਤ? ਸ਼ਾਮ ਜਾਂ ਸਵੇਰ, ਅਤੀਤ ਜਾਂ ਭਵਿੱਖ?' ਵਿਦਵਾਨ ਨੇ ਜੁਆਬ ਦਿੱਤਾ 'ਵਰਤਮਾਨ ਹੀ ਸਭ ਤੋਂ ਵਧੀਆ ਸਮਾਂ ਹੈ।' ਇਸ ਦਾ ਭਾਵ ਇਹ ਕਿ ਹਰ ਦਿਨ, ਹਰ ਘੰਟੇ ਅਤੇ ਹਰ ਪਲ ਦੀ ਆਪਣੀ ਮਹੱਤਤਾ ਹੈ। ਜੋ ਸਮੇਂ ਦੀ ਮਹੱਤਤਾ ਨੂੰ ਪਛਾਣ ਲੈਂਦੇ ਹਨ, ਉਹ ਸਫਲਤਾ ਦੀਆਂ ਮੰਜ਼ਿਲਾਂ ਸਰ ਕਰਨ ਦਾ ਰਾਹ ਲੱਭ ਲੈਂਦੇ ਹਨ। ਇਸ ਦੁਨੀਆ ਵਿਚ ਹਰ ਬੰਦੇ ਲਈ ਖਜ਼ਾਨੇ ਹਨ ਪਰ ਹਰ ਬੰਦੇ ਨੂੰ ਆਪਣੇ ਹਿੱਸੇ ਦੇ ਖਜ਼ਾਨਿਆਂ ਨੂੰ ਆਪ ਲੱਭਣਾ ਪੈਂਦਾ ਹੈ। ਜ਼ਿੰਦਗੀ ਦੇ ਖਜ਼ਾਨੇ ਨੂੰ ਲੱਭਣ ਲਈ ਹਰ ਮਨੁੱਖ ਨੂੰ ਜਿੰਦਗੀ ਦੇ ਸਾਰਤਤ ਦੀ ਖੋਜ ਕਰਨੀ ਪੈਂਦੀ ਹੈ। ਦੁਨੀਆ ਭਰ ਦੇ ਗ੍ਰੰਥਾਂ ਸਾਸ਼ਤਰਾਂ ਦਾ ਸਾਰ ਇਹੋ ਹੈ ਕਿ ਮਨੁੱਖ ਆਪਣੀ ਨੀਂਦ ਤੋਂ ਜਾਗ ਜਾਵੇ ਤੇ ਆਪਣੇ ਹਿੱਸੇ ਆਉਂਦੇ ਖਜਾਨਿਆ ਨੂੰ ਲਭ ਲਵੇ। 98550-51099