ਮਾਨਸਿਕ ਰੋਗ ਐਡਵੋਕੇਟ - ਸੁਰਿੰਦਰ ਸਿੰਘ ਕੰਵਰ

ਇਨਸਾਨ ਨੇ ਆਪਣੇ ਸੁੱਖ, ਅਰਾਮ, ਸਹੁਲਤ, ਅਤੇ ਅਯਾਸ਼ੀ ਵਾਸਤੇ ਪਦਾਰਥਕ ਉਨਤੀ ਤਾਂ ਬਹੁਤ ਕਰ ਲਈ ਹੈ ਪਰ ਇਸ ਦੇ ਨਾਲ ਹੀ ਇਹ ਵੀ ਨਜ਼ਰ ਆਉਂਦਾ ਹੈ ਕਿ ਆਮ ਲੋਕਾਂ ਦੀ ਮਾਨਸਿਕ ਪੀੜਾ ਵਧਦੀ ਜਾ ਰਹੀ ਹੈ। ਮਾਨਸਿਕ ਪੀੜਾ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋਈ ਜਾ ਰਹੇ ਹਨ। ਡਿਪਰੈਸ਼ਨ, ਉਦਾਸੀ, ਵਰਗੀਆਂ ਬਿਮਾਰੀਆਂ ਤਾਂ ਆਮ ਹੋ ਗਈਆਂ ਹਨ। ਸਹਿਨ-ਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਇਹ ਹੀ ਕਾਰਨ ਹੈ ਕਿ ਖੁਦਕੁਸ਼ੀ ਦਾ ਰੁਝਾਣ ਵੀ ਵਧਦਾ ਜਾ ਰਿਹਾ ਹੈ। ਜਿਵੇਂ ਜਿਵੇਂ ਮਾਇਆ ਦਾ ਪਸਾਰਾ ਵਧ ਰਿਹਾ ਹੈ ਉਸੇ ਅਨੁਪਾਤ ਅਨੁਸਾਰ ਮਾਨਸਿਕ ਪੀੜਾ ਵੀ ਵੱਧ ਰਹੀ ਹੈ। ਇਸੇ ਕਾਰਨ ਕਈ ਤਰ੍ਹਾਂ ਦਆਂ ਬੁਰਾਈਆਂ ਜਨਮ ਲੈਅ ਰਹੀਆਂ ਹਨ। ਚੋਰੀ, ਡਾਕੇ, ਰਿਸ਼ਵਤ ਖੋਰੀ, ਬਲੈਕ ਮਾਰਕਿਟਿੰਗ, ਬਲਾਤਕਾਰੀ, ਨਸ਼ੀਲੇ ਪਦਾਰਥਾ ਦੀ ਵਰਤੋਂ ਦਾ ਰੁਝਾਣ ਵਰਗੇ ਕਈ ਤਰ੍ਹਾਂ ਦੇ ਅਪਰਾਧ ਵੱਧ ਰਹੇ ਹਨ। ਇਹ ਤਾਂ ਸਪਸ਼ਟ ਹੈ ਕਿ ਹਰ ਤਰ੍ਹਾਂ ਦੀ ਬੁਰਾਈ ਮਾਨਸਿਕ ਰੋਗ ਦੀ ਉਪਜ ਹੀ ਹੁੰਦੀ ਹੈ। ਇਸੇ ਲਈ ਲੋੜ ਹੈ ਪਦਾਰਥਕ ਉਨਤੀ ਦੇ ਨਾਲ ਮਾਨਸਿਕ ਉਨਤੀ ਦੀ ਵਿਵਸਥਾ ਵੀ ਉਚੇਚੇ ਤੌਰ 'ਤੇ ਅਤੇ ਪਹਿਲ ਦੇ ਅਧਾਰ 'ਤੇ ਕੀਤੀ ਜਾਵੇ।
    ਇਸ ਵਾਸਤੇ ਸਭ ਤੋਂ ਪਹਿਲੀ ਲੋੜ ਹੈ ਮਨ ਨੂੰ ਸਮਝਣ ਦੀ।
    ਮਨ ਬਾਰੇ ਗੁਰਬਾਣੀ ਸਮਝਾਉਂਦੀ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਗ:ਗ:ਸ: ਪੰਨਾ-441) ਇਥੇ ''ਜੋਤਿ'' ਸ਼ਬਦ ਰੱਬ ਜੀ ਵਾਸਤੇ ਹੀ ਵਰਤਿਆ ਗਿਆ ਹੈ। ਹੁਣ ਰੱਬ ਜੀ ਦਾ ਕੋਈ ਰੂਪ ਰੇਖ ਜਾਂ ਰੰਗ ਤਾਂ ਹੈ ਨਹੀਂ ਇਸ ਲਈ ਸੋਚ ਆਉਂਦੀ ਹੈ ਕਿ ਰੱਬ ਜੀ ਦੀ ਪਛਾਣ ਕੀ ਹੋਈ?। ਅਸਲ ਵਿਚ ਰੱਬ ਜੀ ਤੋਂ ਭਾਵ ਹੈ ਕੁਦਰਤ ਦੇ ਨਿਯਮ। ਇਹ ਵੀ ਸਪਸ਼ਟ ਹੈ ਕਿ ਰੱਬ ਜੀ ਹਰ ਕਿਸੇ ਦੇ ਹਿਰਦੇ ਅੰਦਰ ਹੀ ਵਸਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਹਰ ਇਕ ਦਾ ਹਿਰਦਾ ਜਾਂ ਮਨ ਹੀ ਰੱਬ ਜੀ ਹੈ। ਇਸ ਮਨ ਦਾ ਵੀ ਕੋਈ ਰੰਗ, ਰੂਪ ਜਾਂ ਅਕਾਰ ਨਹੀਂ ਹੈ। ਇਹ ਮਨ ਵੀ ਕੁਦਰਤ ਦੇ ਨਿਯਮ ਅਨੁਸਾਰ ਹੀ ਕੰਮ ਕਰਦਾ ਹੈ। ਇਹ ਵੀ ਪਰਤੱਖ ਹੈ ਕਿ ਮਨ ਦੇ ਵਿਚਾਰਾਂ ਦਾ ਪ੍ਰਭਾਵ ਸਰੀਰ ਉਤੇ ਹੁੰਦਾ ਰਹਿੰਦਾ ਹੈ। ਇਸ ਲਈ ਸਰੀਰ ਉੱਤੇ ਹੁੰਦੇ ਮਨ ਦੇ ਪ੍ਰਭਾਵ ਨੂੰ ਸਮਝਣ ਵਾਸਤੇ ਸਰੀਰ ਅਤੇ ਮਨ ਦਾ ਆਪਸੀ ਸਬੰਧ ਸਮਝਣ ਦੀ ਲੋੜ ਹੈ।
    ਮਨ ਦੇ ਰੋਗ ਨੂੰ ਹੀ ਮਾਨਸਿਕ ਰੋਗ ਕਿਹਾ ਜਾਂਦਾ ਹੈ। ਹੁਣ ਮਨ ਕੋਈ ਸਰੀਰਕ ਅੰਗ ਤਾਂ ਹੈ ਨਹੀਂ। ਜੇਕਰ ਕੋਈ ਸਰੀਰਕ ਅੰਗ ਹੁੰਦਾ ਤਾਂ ਡਾਕਟਰ ਉਸ ਦਾ ਇਲਾਜ ਤਾਂ ਲੱਭ ਲੈਂਦੇ ਪਰ ਮਨ ਦਾ ਰੋਗ ਤਾਂ ਆਪ ਹੀ ਲੱਭਣਾ ਪਵੇਗਾ ਅਤੇ ਆਪ ਹੀ ਇਸ ਦਾ ਇਲਾਜ ਕਰਨਾ ਹੋਵੇਗਾ। ਮਨੋ-ਵਿਗਿਆਨੀ ਇਸ ਸਬੰਧ ਵਿਚ ਸੁਝਾਓ ਤਾਂ ਦੇ ਸਕਦੇ ਹਨ ਪਰ ਇਲਾਜ ਆਪਣੇ ਆਪ ਹੀ ਕਰਨਾ ਪਵੇਗਾ। ਮਨ ਦਾ ਰੋਗ ਠੀਕ ਕਰਨ ਵਾਸਤੇ ਕਈ ਵਾਰ ਦਵਾਈਆਂ ਤਾਂ ਦਿੱਤੀਆਂ ਜਾਂਦੀਆਂ ਹਨ ਪਰ ਇਸ ਨਾਲ ਮਨਾਸਿਕ ਰੋਗ ਕਿਸੇ ਹੱਦ ਤਕ ਦੱਬ ਤਾਂ ਭਾਂਵੇ ਜਾਂਦਾ ਹੈ ਪਰ ਠੀਕ ਨਹੀਂ ਹੁੰਦਾ। ਇਸ ਵਾਸਤੇ ਆਮ ਤੌਰ 'ਤੇ ਜੋ ਦਵਾਈ ਦਿੱਤੀ ਜਾਂਦੀ ਹੈ, ਉਹ ਹੈ ਸਲੀਪਇੰਗ ਪਿਲ, ਭਾਵ ਸੌਣ ਦੀ ਦਵਾ। ਇਸ ਨਾਲ ਸਗੋਂ ਸਰੀਰ ਸੁਸਤ ਅਤੇ ਆਲਸੀ ਹੋ ਜਾਂਦਾ ਹੈ। ਇਸ ਤਰ੍ਹਾਂ ਦਵਾਈਆਂ ਨਾਲ ਸਗੋਂ ਸਰੀਰਕ ਕਿਰਆ ਦਾ ਸੰਨਤੁਲਨ ਵਿਗੜ ਜਾਂਦਾ ਹੈ। ਦਵਾਈਆਂ ਦੀ ਆਦਤ ਵਾਧੂ ਪੈਅ ਜਾਂਦੀ ਹੈ। ਕਈ ਲੋਕ ਸ਼ਰਾਬ ਜਾਂ ਕਿਸੇ ਨਸ਼ੇ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ ਅਤੇ ਇਸ ਦੇ ਨਾਲ ਸਗੋਂ ਹੋਰ ਵੀ ਕਈ ਨੁਕਸਾਨ ਹੋ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲਗ ਜਾਂਦੀਆਂ ਹਨ।
    ਮਨ ਦੇ ਸਬੰਧ ਵਿਚ ਮਨੋ-ਵਿਗਿਆਨੀ ਮਨ ਦੀਆਂ ਵੱਖ ਵੱਖ ਪਰਤਾਂ ਦਾ ਜ਼ਿਕਰ ਕਰਦੇ ਹਨ। ਆਮ ਤੌਰ 'ਤੇ ਮਨ ਦੀਆਂ ਤਿਨ ਪਰਤਾਂ ਦਾ ਉਲੇਖ ਕੀਤਾ ਜਾਂਦਾ ਹੈ। ਇਹ  ਹਨ (conscious mind) ਸੁਚੇਤ ਮਨ, (un-conscious mind) ਅਚੇਤ ਮਨ, ਅਤੇ (sub-conscious mind) ਅਵਚੇਤ ਮਨ। ਕਈ ਵਿਗਿਆਨੀ ਇਕ (super conscious mind) ਉੱਤਮ ਸੁਚੇਤ ਮਨ ਵੀ, ਮਨ ਦੀ ਚੋਥੀ ਪਰਤ ਦਾ ਵਰਨਣ ਕਰਦੇ ਹਨ। ਇਹ ਉੱਤਮ ਸੁਚੇਤ ਮਨ (super conscious mind) ਅਵਚੇਤ ਮਨ ਦੇ ਪਰਭਾਵ ਹੇਠ ਆਉਂਦੇ ਸਰੀਰਕ ਬਦਲਾਉੇ ਦਾ ਸਿੱਟਾ ਪ੍ਰਗਟ ਕਰਦਾ ਹੈ।
        ਸੁਚੇਤ ਮਨ (conscious mind) ਰਾਹੀਂ ਸਾਰੇ ਕੰਮ ਸੂਝ ਬੂਝ ਨਾਲ ਕੀਤੇ ਜਾਂਦੇ ਹਨ। ਇਸ ਦੇ ਇਲਾਵਾ ਕਈ ਕੰਮ ਆਮ-ਮੁਹਾਰੇ ਵੀ ਕੀਤੇ ਜਾਂਦੇ ਹਨ। ਇਸ ਵਾਸਤੇ ਉਚੇਚੇ ਤੌਰ 'ਤੇ ਸੋਚ ਤੋਂ ਜਾਂ ਸੁਚੇਤ ਮਨ ਤੋਂ ਕੰਮ ਲੈਣ ਦੀ ਲੋੜ ਨਹੀਂ ਹੁੰਦੀ। ਐਸੇ ਕੰਮ ਆਦਤਨ ਹੀ ਸਹਿਜ ਸੁਭਾਏ ਹੀ ਕੀਤੇ ਜਾਂਦੇ ਹਨ ਜਾਂ ਹੋ ਜਾਂਦੇ ਹਨ। ਐਸੇ ਸਭ ਕੰਮ ਅਚੇਤ ਮਨ (unconscious mind) ਦੀ ਕਿਰਿਆ ਹੀ ਹੁੰਦੀ ਹੈ।
    ਫਿਰ ਆਉਂਦਾ ਹੈ ਅਵਚੇਤ ਮਨ (subconscious mind)।  ਮਨ ਦੀ ਇਹ ਪਰਤ ਬਹੁਤ ਖਤਰਨਾਕ ਹੈ। ਅਸਲ ਵਿਚ ਇਹ ਹੀ 'ਚਿਤਰ ਗੁਪਤ' ਹੈ। ਇਹ ਹੀ ਹੈ ਜੋ 'ਘਰੀ ਘਰੀ ਕਾ ਲੇਖਾ ਮਾਗੈ'। ਮਨ ਵਿਚ ਆਉਂਦਾ ਹਰ ਵਿਚਾਰ, ਹਰ ਫੁਰਨਾ  ਮਨ ਦੀ ਇਸ ਪਰਤ ਵਿਚ ਰਿਕਾਰਡ ਹੁੰਦਾ ਰਹਿੰਦਾ ਹੈ ਅਤੇ ਆਪਣੇ ਆਪ ਨੂੰ ਪਤਾ ਵੀ ਨਹੀਂ ਚਲਦਾ। ਫਿਰ ਹਰ ਵਿਚਾਰ ਇਕ ਬੀਜ ਦੀ ਤਰ੍ਹਾਂ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਹਰ ਵਿਚਾਰ ਇਕ ਧਾਰਨਾ ਨੂੰ ਜਨਮ ਦੇ ਦਿੰਦਾ ਹੈ। ਜਦੋਂ ਕੋਈ ਡਰ, , ਵਹਿਮ ਭਰਮ ਜਾਂ ਕਿਸੇ ਹਾਦਸੇ ਦਾ ਪ੍ਰਭਾਵ, ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਵਿਚਾਰ ਇਸ ਅਵਚੇਤ ਮਨ ਵਿਚ ਘਰ ਕਰ ਜਾਂਦਾ ਹੈ ਤਾਂ ਉਸ ਦੇ ਪ੍ਰਭਾਵ ਕਾਰਨ, ਸਰੀਰ ਉੱਤੇ ਕਈ ਤਰ੍ਹਾਂ ਦਾ ਅਸਰ ਹੁੰਦਾ ਰਹਿੰਦਾ ਹੈ ਅਤੇ ਇਸੇ ਅਨੁਸਾਰ ਸੁਭਾਉ ਵੀ ਬਣਦਾ ਅਤੇ ਬਦਲਦਾ ਰਹਿੰਦਾ ਹੈ।
ਮਨੋਵਿਗਿਆਨੀ ਦਸਦੇ ਹਨ ਕਿ: Our cells listen our thoughts ਭਾਵ ਇਹ ਕਿ ਅੰਦਰ ਦੇ ਜੋ ਸੈੱਲ ਹਨ ਉਹ ਵਿਚਾਰਾਂ ਦੀ ਅਵਾਜ਼ ਸੁਣਦੇ ਹਨ।  ਮਨੁੱਖ ਦੇ ਅੰਦਰ ਪੱਲਰ ਰਹੇ ਸੈੱਲ ਮਨੁੱਖ ਦੀ ਸੋਚ ਅਨੁਸਾਰ ਕੰਮ ਕਰਦੇ ਹਨ। ਇਸ ਦੇ ਇਲਾਵਾ (Dr JOSEPH MURPHY- The Power of Your Subconscious Mind) ਡਾਕਟਰ ਜੋਸਫ ਮਰਫੀ ਆਪਣੀ ਪੁਸਤਕ ਦੀ ਪਾਵਰ ਆਫ ਯੁਅਰ ਸੱਬ ਕੌਨਸ਼ਿਅਸ ਮਾਇੰਡ ਵਿਚ ਬੜੇ ਵਿਸਥਾਰ ਨਾਲ ਸਮਝਾਉਂਦੇ ਹਨ ਕਿ ਮਨ ਦੋ ਪਰਕਾਰ ਦਾ ਹੈ ਇਕ ਸਚੇਤ ਜਾਂ ਚੇਤਨ ਮਨ (conscious mind or rational mind) ਅਤੇ ਦੂਜਾ ਅਵਚੇਤਨ ਮਨ (subconscious mind or irretional mind)। ਡਾਕਟਰ ਜੋਸਫ ਮਰਫੀ ਅਨੁਸਾਰ ਸਚੇਤ ਮਨ ਹਰ ਸਮੇਂ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ।ਕਈ ਵਿਚਾਰ ਚੰਗੇ ਹੁੰਦੇ ਹਨ ਅਤੇ ਕਈ ਬੁਰੇ। ਅਵਚੇਤਨ ਮਨ ਚੰਗੇ ਜਾਂ ਮੰਦੇ ਵਿਚਾਰਾਂ ਵਿਚ ਭੇਦ ਨਹੀਂ ਕਰਦਾ। ਅਵਚੇਤਨ ਮਨ ਸਭ ਤਰ੍ਹਾਂ ਦੇ ਵਿਚਾਰ ਗ੍ਰਹਿਣ ਕਰਦਾ ਰਹਿੰਦਾ ਹੈ ਅਤੇ ਉਨ੍ਹਾਂ ਵਿਚਾਰਾਂ ਦੀ ਪੂਰਤੀ ਵਾਸਤੇ ਜੁੱਟ ਜਾਂਦਾ ਹੈ।ਇਹ ਅਵਚੇਤਨ ਮਨ ਦੀ ਖੂਬੀ ਹੈ ਕਿ ਜੋ ਇਸ ਅਵਚੇਤਨ ਮਨ ਨੂੰ ਵਿਚਾਰ ਮਿਲੇ ਹੁੰਦੇ ਹਨ ਉਹ ਉਨ੍ਹਾਂ ਵਿਚਾਰਾਂ ਦੀ ਪੂਰਤੀ ਵਾਸਤੇ ਹਰ ਤਰ੍ਹਾਂ ਦੇ ਹਲਾਤ ਪੈਦਾ ਕਰ ਦਿੰਦਾ ਹੈ। ਇਸ ਅਵਚੇਤਨ ਮਨ ਵਿਚ ਜਿਸ ਤਰ੍ਹਾ ਦੇ ਵਿਚਾਰ ਇਕੱਠੇ ਹੁੰਦੇ ਹਨ ਉਸੇ ਅਨੁਸਾਰ ਮਨੁੱਖ ਦਾ ਸੁਭਾ ਬਦਲ ਜਾਂਦਾ ਹੈ। ਸਚੇਤ ਮਨ ਖਰੇ ਖੋਟੇ ਦੀ ਪਹਿਚਾਣ ਕਰਦਾ ਹੈ। ਸਚੇਤ ਮਨ ਤਰਕਸ਼ੀਲ ਹੁੰਦਾ ਹੈ, ਜਦੋਂ ਕਿ ਅਵਚੇਤਨ ਮਨ ਬਿਨਾਂ ਮੱਤ ਭੇਦ ਸਭ ਕੁਝ ਗ੍ਰਹਿਣ ਕਰਦਾ ਹੈ। ਅਵਚੇਤਨ ਮਨ ਨੂੰ ਬੁਰੇ ਭਲੇ ਨਾਲ ਕੋਈ ਸਰੋਕਾਰ ਨਹੀਂ ਹੈ। ਅਵਚੇਤਨ ਮਨ ਉਸ ਧਰਤੀ ਦੀ ਮਿਟੀ ਦੀ ਤਰ੍ਹਾਂ ਹੈ ਜਿਸ ਵਿਚ ਜੋ ਚਾਹੋ ਬੀਜ ਦੇਵੋ ਉਸੇ ਤਰ੍ਹਾਂ ਦਾ ਫਲ ਉਹ ਦੇ ਦਿੰਦਾ ਹੈ।ਸਚੇਤ ਮਨ ਅਵਚੇਤਨ ਮਨ ਲਈ ਗੇਟ ਤੇ ਚੌਕੀਦਾਰ ਦੀ ਤਰ੍ਹਾਂ ਕੰਮ ਕਰਦਾ ਹੈ।ਸਚੇਤ ਮਨ ਜੇ ਚਾਹੇ ਤਾਂ ਕੋਈ ਵੀ ਬੁਰਾ ਜਾਂ ਨਿਖੇਧਾਤਮਿਕ ਵਿਚਾਰ ਅਵਚੇਤਨ ਮਨ ਵਿਚ ਜਾਣ ਤੋਂ ਰੋਕ ਸਕਦਾ ਹੈ। ਉਦਾਹਰਣ  ਵਜੋਂ ਮਨ ਲਵੋ ਕਿ ਕੋਈ ਇਹ ਸੁਝਾਓ ਦਿੰਦਾ ਹੈ ਕਿ ਤੁਸੀਂ ਬਿਮਾਰ ਹੋ ਜੇਕਰ ਇਹ ਪ੍ਰਭਾਵ ਤੁਹਾਡੇ ਅਵਚੇਤਨ ਮਨ ਵਿਚ ਘਰ ਕਰ ਜਾਂਦਾ ਹੈ ਤਾਂ ਤੁਸੀਂ ਬਿਮਾਰ ਹੋ ਜਾਵੋਗੇ ਇਸ ਦੇ ਉਲਟ ਜੇਕਰ ਤੁਹਾਡਾ ਸਚੇਤ ਮਨ ਇਸ ਸੁਝਾਵ ਨੂੰ ਰੱਦ ਕਰ ਦਿੰਦਾ ਹੈ ਅਤੇ ਇਹ ਵਿਸ਼ਵਾਸ ਕਰਦਾ ਹੈ ਕਿ ਜੋ ਕਿਹਾ ਜਾ ਰਿਹਾ ਹੈ ਉਹ  ਗ਼ਲਤ ਹੈ ਤਾਂ ਤੁਸੀਂ ਬਿਮਾਰ ਨਹੀਂ ਹੋਵੋਗੇ। Auto suggestions Banishes fear-  ਭਾਵ ਸਵੈ-ਸੁਝਾਵ ਮਨ ਵਿਚੋਂ ਡਰ ਦੂਰ ਕਰ ਦਿੰਦਾ ਹੈ। ਕਈ ਵਾਰ ਮਨੁੱਖ ਦੇ ਮਨ ਵਿਚ ਇਹ ਵਹਿਮ ਘਰ ਕਰ ਜਾਂਦਾ ਹੈ ਕਿ ਉਹ ਕਾਮਯਾਬ ਨਹੀਂ ਹੋ ਸਕਦਾ ਅਤੇ ਇਸ ਵਜਾ ਕਰ ਕੇ ਉਹ ਕਿਤੇ ਵੀ ਕਾਮਯਾਬ ਨਹੀਂ ਹੁੰਦਾ ਇਸ ਦੇ ਉਲਟ ਜੇ ਕਰ ਉਹ ਆਪਣੇ ਮਨ ਨੂੰ ਇਹ ਸੁਝਾਅ ਦਿੰਦਾ ਰਹੇ ਕਿ ਉਹ ਕਾਮਯਾਬ ਹੋ ਜਾਵੇਗਾ ਤਾਂ ਇਸ ਤਰ੍ਹਾਂ ਦਾ ਸੁਜਾਅ ਉਸ ਦੇ ਅਵਚੇਤਨ ਮਨ ਵਿਚ ਇਹ ਵਿਸ਼ਵਾਸ ਪੈਦਾ ਕਰ ਦਿੰਦਾ ਹੈ ਕਿ ਉਹ ਕਾਮਯਾਬ ਹੋਵੇਗਾ ਤਾਂ ਉਹ ਜ਼ਰੂਰ ਕਾਮਯਾਬ ਹੋ ਜਾਂਦਾ ਹੈ। ਇਸ ਦਾ ਭਾਵ ਇਹ ਹੋਇਆ ਕਿ:
ਚੰਗਾ ਸੋਚੋ ਤੇ ਚੰਗਾ ਹੀ ਹੋਵੇਗਾ, ਜੇ ਬੁਰਾ ਸੋਚੋਗੇ ਤੇ ਬੁਰਾ ਹੋਵੇਗਾ। ਤੁਸੀਂ ਉਹੀ ਹੋ ਜੋ ਸਾਰਾ ਦਿਨ ਤੁਸੀਂ ਸੋਚਦੇ ਹੋ।
ਤੁਹਾਡਾ ਅਵਚੇਤਨ ਮਨ ਤੁਹਾਡੇ ਨਾਲ ਬਹਿਸ ਨਹੀਂ ਕਰਦਾ ਜੋ ਤੁਸੀਂ ਉਸ ਨੂੰ ਸਮਝਾਉਂਦੇ ਹੋ ਉਹ ਉਸ ਦਾ ਪਾਲਣ ਕਰਦਾ ਹੈ ਅਤੇ ਤੁਹਾਡੇ ਕਹੇ ਅਨੁਸਾਰ ਉਸ ਦੇ ਨਤੀਜੇ ਨਿਕਲਦੇ ਹਨ।
ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਮਨ ਸਮਝਾ ਦਿਓ ਕਿ ਤੁਸੀਂ ਖੁਸ਼ ਹੋ ਅਤੇ ਖੁਸ਼ ਰਹੋਗੇ। ਤੁਹਾਡਾ ਮਨ ਤੁਹਾਨੂੰ ਖੁਸ਼ ਰੱਖਣ ਦਾ ਰਸਤਾ ਦੱਸ ਦੇਵੇਗਾ।
ਇਹ ਧਿਆਨ ਰੱਖੋ ਕਿ ਤੁਸੀਂ ਕੀ ਸੋਚਦੇ ਹੋ। ਇਹ ਕਦੀ ਨਾ ਸੋਚੋ ਕਿ ਤੁਸੀਂ ਜ਼ਿੰਦਗੀ ਵਿਚ ਕੁਝ ਨਹੀਂ ਕਰ ਸਕਦੇ।
ਇਸੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੀ ਸੋਚ ਸਾਰਥਕ ਹੋਵੇ।
    ਇਸ ਤਰ੍ਹਾਂ ਆਪਣਾ ਮਨੋਬਲ ਵਧਾਉਣ ਵਾਸਤੇ ਆਪਣੇ ਸਬ-ਕੋਨਸ਼ਿਅਸ ਮਾਇੰਡ ਨੂੰ (ਭਾਵ ਅਵਚੇਤ ਮਨ ਨੂੰ) ਸਮਝਾਉਣਾ ਹੈ ਕਿ ਉਸ ਨੇ ਕਿਸ ਰਸਤੇ ਚੱਲਣਾ ਹੈ ਅਤੇ ਕਿਵੇਂ ਜਾਗਰੂਕ ਹੋਣਾ ਹੈ (to train the sub conscious mind to move to certain specific direction)। ਮਨ ਨੂੰ  (positive thinking) ਇਕ ਸਾਰਥਕ ਸੋਚ ਵਲ ਉਕਸਾਉਣਾ ਹੈ ਜਿਸ ਨਾਲ ਮਨੁੱਖ ਚੜ੍ਹਦੀ ਕਲਾ ਵਿਚ ਰਹਿਣ ਦਾ ਆਦੀ ਹੋ ਸਕੇ।
        ਮਨੋ ਵਿਗਿਆਨੀ ਇਹ ਵੀ ਦਸਦੇ ਹਨ ਕਿ ਸਰੀਰ ਅੰਦਰ ਨੌਂ (9) ਗਲੈਨਡ ਹੁੰਦੇ ਹਨ। ਮਨ ਦੀ ਸੋਚ ਅਨੁਸਾਰ ਇਨ੍ਹਾਂ ਗਲੈਨਡਜ਼ ਵਿਚੋਂ ਕਈ ਤਰ੍ਹਾਂ ਦੇ ਰਸਾਇਨ ਰਿਸਦੇ ਹਨ। ਇਹ ਅੰਦਰ ਦੀ ਕੁਦਰਤ ਦਾ ਨਿਯਮ ਹੈ। ਹੁਣ ਜੇਕਰ ਮਨ ਵਿਚ (positive) ਸਕਾਰਾਤਮਕ, ਚੰਗੇ ਅਤੇ ਚੜ੍ਹਦੀਕਲਾ ਵਾਲੇ ਵਿਚਾਰ ਹਨ ਤਾਂ ਇਨ੍ਹਾਂ ਗਲੈਨਡਜ਼ ਵਿਚੋਂ ਐਸੇ ਹਾਰਮੋਨਜ਼ ਰਿਸਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਨੁੱਖ ਦੀ ਦਿੱਖ ਤੋਂ ਖੁਸ਼ੀ ਦਾ ਪਰਗਟਾਵਾ ਹੁੰਦਾ ਹੈ। ਇਸ ਦੇ ਉਲਟ ਜੇਕਰ ਮਨ ਵਿਚ (Negative) ਨਖਿੱਦ, ਨਿਰਾਰਥਕ, ਢੈਂਦਿਆਂ ਕਲਾ ਵਾਲੇ ਵਿਚਾਰ ਹਨ ਤਾਂ ਇਨ੍ਹਾਂ ਗਲੈਨਡਜ਼ ਵਿਚੋਂ ਐਸੇ ਹਾਰਮੋਨਜ਼ ਰਿਸਦੇ ਹਨ ਜਿਸ ਨਾਲ ਸਰੀਰ ਰੋਗੀ ਹੋ ਜਾਂਦਾ ਹੈ। ਇਸ ਨਾਲ ਚਹਿਰੇ ਤੋਂ ਵੀ ਉਦਾਸੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਇਹ ਉਦਾਸੀ ਮਾਨਸਿਕ ਰੋਗ ਦਾ ਹੀ ਪ੍ਰਤੀਕ ਹੁੰਦੀ ਹੈ। ਅਵਚੇਤ ਮਨ (sub-conscious mind) ਵਿਚ ਬੈਠੇ ਨਿਖੱਧ ਵਿਚਾਰਾਂ ਕਾਰਨ ਹੀ ਸਰੀਰ ਪੀੜਤ ਰਹਿੰਦਾ ਹੈ ਅਤੇ ਮਨ ਕੁੜਦਾ ਰਹਿੰਦਾ ਹੈ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਕੋਈ ਕੰਡਾ ਹਰ ਸਮੇਂ ਚੁਭਨ ਪੈਦਾ ਕਰੀ ਰਖਦਾ ਹੋਵੇ। ਇਸ ਚੁਭਨ ਨਾਲ ਹੀ ਸਰੀਰ ਵਿਚ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਹਨ। ਇਸ ਚੁਭਨ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਸਪਸ਼ਟ ਕਰਦੇ ਹਨ: ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ॥ (ਗ:ਗ:ਸ: ਪੰਨਾ-13) ਸਾਕਤ ਉਹੀ ਵਿਅਕਤੀ ਹੁੰਦਾ ਹੈ ਜੋ ਆਪਣੀ ਬੇਸਮਜੀ ਅਤੇ ਹਉਮੈਂ ਕਾਰਨ ਆਪਣੇ ਮਨ ਅੰਦਰ ਕਈ ਤਰ੍ਹਾਂ ਦੇ ਨਖਿੱਧ ਵਿਚਾਰ ਪਾਲ ਰਖਦਾ ਹੈ। ਇਹ ਨਖਿਦ ਵਿਚਾਰ ਮਨ ਵਿਚ ਕੰਢੇ ਦੀ ਤਰ੍ਹਾਂ ਚੁਭਨ ਪੈਦਾ ਕਰੀ ਰਖਦੇ ਹਨ ਅਤੇ ਸਰੀਰ ਨੂੰ ਰੋਗੀ ਕਰਦੇ ਹਨ। ਇਹ ਠੀਕ ਇਸ ਤਰ੍ਹਾਂ ਹੈ ਜਿਵੇਂ ਜਮਾ ਦੀ ਮਾਰ ਪੈਂਦੀ ਹੋਵੇ। ਇਹ ਹੀ ਮਾਨਸਿਕ ਰੋਗ ਹੁੰਦਾ ਹੈ।
    ਮਨੋ-ਵਿਗਿਆਨੀ ਇਹ ਵੀ ਸਮਝਾਉਂਦੇ ਹਨ ਕਿ ਨਿਖੱਧ ਵਿਚਾਰ ਆਪਣੇ ਮਨ ਵਿਚ ਆਪ ਹੀ ਪੈਦਾ ਕੀਤੇ ਹੁੰਦੇ ਹਨ। ਕੋਈ ਦੂਸਰਾ ਵਿਅਕਤੀ ਇਨ੍ਹਾਂ ਨਖਿੱਧ ਵਿਚਾਰਾਂ ਨੂੰ ਪੈਦਾ ਨਹੀਂ ਕਰ ਸਕਦਾ। ਇਹ ਨਖਿੱਧ ਵਿਚਾਰ ਆਪਣੀ ਸੋਚ ਅਤੇ ਬੇਸਮਝੀ ਦੀ ਹੀ ਉਪਜ ਹੁੰਦੇ ਹਨ। ਜਿਵੇਂ ਖੇਤ ਵਿਚ ਬੀਜ ਬੋਇਆ ਜਾਂਦਾ ਹੈ ਇਸੇ ਤਰ੍ਹਾਂ ਮਨ ਵਿਚ ਮਨ ਦੇ ਵਿਚਾਰ ਬੀਜ ਦੀ ਤਰ੍ਹਾਂ ਪੁੰਗਰਦੇ ਰਹਿੰਦੇ ਹਨ। ਜਿਵੇਂ ਧਰਤੀ ਵਿਚ ਜਿਸ ਕੁਆਲਟੀ ਦਾ ਬੀਜ ਬੋਇਆ ਜਾਂਦਾ ਹੈ, ਉਸੇ ਅਨੁਸਾਰ ਉਸ ਦਾ ਫਲ ਹੁੰਦਾ ਹੈ। ਜੇਕਰ ਬੀਜ ਚੰਗਾ ਹੈ ਤਾਂ ਫਲ ਵੀ ਚੰਗਾ ਹੋਵੇਗਾ। ਇਸੇ ਅਨੁਸਾਰ ਜੇਕਰ ਬੀਜ ਚੰਗਾ ਨਹੀਂ ਤਾਂ ਫਲ ਵੀ ਚੰਗਾ ਨਹੀਂ ਮਿਲੇਗਾ। ਇਹੀ ਨਿਯਮ ਮਨ ਉੱਤੇ ਵਿਚਾਰਾਂ ਦਾ ਲਾਗੂ ਹੁੰਦਾ ਹੈ। ਜੇਕਰ ਮਨ ਵਿਚਲੇ ਵਿਚਾਰ ਚੰਗੇ ਹਨ ਤਾਂ ਸਰੀਰ ਤੰਦਰੁਸਤ ਰਹੇਗਾ ਅਤੇ ਬੁਰੇ ਵਚਾਰਾਂ ਨਾਲ ਸਰੀਰ ਰੋਗੀ ਹੋ ਜਾਵੇਗਾ। ਇਸੇ ਸੂਤਰ ਨੂੰ ਗੁਰਬਾਣੀ ਰਾਹੀਂ ਇਸ ਤਰ੍ਹਾਂ ਸਮਝਾਇਆ ਗਿਆ ਹੈ: ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ (ਗ:ਗ:ਸ: ਪੰਨਾ-4) ਇਹ ਤਾਂ ਕੁਦਰਤ ਦਾ ਅਟੱਲ ਨਿਯਮ ਹੈ ਕਿ ਆਪਣੀ ਸੋਚ ਅਨੁਸਾਰ ਹੀ ਉਸ ਦਾ ਫਲ ਮਿਲਦਾ ਹੈ। ਚੰਗੀ ਸੋਚ ਦਾ ਫਲ ਚੰਗਾ ਅਤੇ ਬੁਰੀ ਸੋਚ ਦਾ ਫਲ ਵੀ ਬੁਰਾ ਹੀ ਹੋਵੇਗਾ ਅਤੇ ਇਸ ਦਾ ਪ੍ਰਭਾਵ ਸਰੀਰ ਉੱਤੇ ਨਜ਼ਰ ਆਵੇਗਾ। ਇਸ ਲਈ ਆਪਣੀ ਸੋਚ, ਸਮਝ ਅਤੇ ਵਿਚਾਰਾਂ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
    ਇਸ ਵਿਚਾਰ ਨੂੰ ਇਸ ਤਰ੍ਹਾਂ ਵੀ ਸਮਝਾਇਆ ਜਾਂਦਾ ਹੈ: ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥ (ਗ:ਗ:ਸ: ਪੰਨਾ-134) ਭਾਵ ਇਹ ਕਿ ਹਰ ਵਿਅਕਤੀ ਜੋ ਬੀਜਦਾ ਹੈ ਉਸੇ ਤਰ੍ਹਾਂ ਦਾ ਫਲ ਉਸ ਨੂੰ ਮਿਲਦਾ ਹੈ। ਇਸ ਤੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਵਿਅਕਤੀ ਜਿਸ ਤਰ੍ਹਾਂ ਦੇ ਵਿਚਾਰ ਮਨ ਵਿਚ ਪਾਲਦਾ ਹੈ ਉਸੇ ਅਨੁਸਾਰ ਉਸ ਦਾ ਸੁਬਾਅ ਬਣ ਜਾਂਦਾ ਹੈ। ਉਸ ਸੁਬਾਅ ਅਨੁਸਾਰ ਉਹ ਕਰਮ ਕਰਦਾ ਹੈ। ਇਹ ਕਰਮ ਹੀ ਉਸ ਦੇ ਮੱਥੇ ਉੱਤੇ ਲਿਖੇ ਭਾਗ ਹੁੰਦੇ ਹਨ। ਇਸੇ ਅਨੁਸਾਰ ਉਸ ਨੂੰ ਫਲ ਮਿਲਦਾ ਹੈ।
    ਹੁਣ ਇਹ ਵੀ ਸਮਝਣ ਦੀ ਲੋੜ ਹੈ ਕਿ ਬੁਰੇ ਜਾਂ ਨਖਿੱਧ ਵਿਚਾਰ ਹੁੰਦੇ ਕੀ ਹਨ? ਅਤੇ ਇਹ ਪੈਦਾ ਕਿਵੇਂ ਹੁੰਦੇ ਹਨ?
    ਮਨ ਵਿਚ ਗੁਸੇ, ਗਿਲੇ-ਸ਼ਿਕਵੇ, ਵੈਰ-ਵਿਰੋਧ, ਈਰਖਾ, ਦਵੈਸ਼, ਨਫਰਤ, ਲਾਲਸਾ, ਲਾਲਚ, ਆਦਿ ਮਨ ਦੇ ਨਖਿਧ ਵਿਚਾਰ ਹੀ ਹੁੰਦੇ ਹਨ। ਇਸ ਦੇ ਨਾਲ ਹੀ ਕਾਂਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਪੈਦਾਇਸ਼ੀ ਦੇਣ ਹੁੰਦੀ ਹੈ ਇਨ੍ਹਾਂ ਦੀ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਕਾਰਨ ਕਈ ਤਰ੍ਹਾਂ ਦੇ ਨਖਿਧ ਵਿਚਾਰ ਪੈਦਾ ਹੋ ਜਾਂਦੇ ਹਨ। ਇਸ ਦੇ ਇਲਾਵਾ ਮਨ ਵਿਚ ਡਰ, ਵਹਿਮ, ਭਰਮ ਆਦਿ ਵੀ ਨਖਿਧ ਵਿਚਾਰ ਹੀ ਹੁੰਦੇ ਹਨ ਜੋ ਆਪਣੀ ਬੇਸਮਝੀ ਕਾਰਨ ਹੀ ਉਪਜਦੇ ਹਨ। ਇਨ੍ਹਾਂ ਨਖਿਧ ਵਿਚਾਰਾਂ ਕਾਰਨ ਵਿਅਕਤੀ ਕਰਮਕਾਂਡਾਂ ਦੇ ਜਾਲ ਵਿਚ ਫਸ ਕੇ ਖਜਲ-ਖੁਆਰ ਹੁੰਦਾ ਰਹਿੰਦਾ ਹੈ।
     ਇਨ੍ਹਾਂ ਬੁਰੇ ਜਾਂ ਨਖਿਦ ਵਿਚਾਰਾਂ ਦੇ ਪੈਦਾ ਹੋਣ ਦੇ ਕਈ ਤਰ੍ਹਾਂ ਦੇ ਕਾਰਨ ਹੁੰਦੇ ਹਨ। 
    ਇਸ ਸਬੰਧ ਵਿਚ ਇਹ ਸਮਝਾਇਆ ਜਾਂਦਾ ਹੈ ਕਿ ਬੁਰੇ ਜਾ ਨਖਿੱਧ ਵਿਚਾਰ ਆਪਣੀ ਬੇਸਮਝ ਸੋਚ ਕਾਰਨ ਆਪਣੇ ਮਨ ਵਿਚ ਆਪ ਹੀ ਪੈਦਾ ਕੀਤੇ ਹੁੰਦੇ ਹਨ ਅਤੇ ਇਨ੍ਹਾਂ ਦਾ ਮੂਲ ਕਾਰਨ ਹੁੰਦਾ ਹੈ: ਆਪਣੀ ਈਗੋ (ego), ਆਪਣੀ ਹਉਮੈਂ। ਇਸ ਦੇ ਉਲਟ ਐਸਾ ਅਣਜਾਣ ਵਿਅਕਤੀ ਆਪਣੀ ਬੇਸਮਜੀ ਕਾਰਨ, ਇਸ ਦਾ ਦੋਸ਼ ਦੂਸਰਿਆਂ ਉੱਤੇ ਲਗਾਉਂਦਾ ਰਹਿੰਦਾ ਹੈ। ਇਸੇ ਨੂੰ ਬਲੇਮ ਗੇਮ (blame game) ਕਹਿੰਦੇ ਹਨ। ਇਸ ਦੇ ਨਾਲ ਐਸਾ ਵਿਅਕਤੀ ਅਣਜਾਣੇ ਵਿਚ ਹੀ ਦੂਸਰਿਆਂ ਨੂੰ ਭੰਡਣ ਦੀ ਕਿਰਿਆ ਸ਼ੁਰੂ ਕਰ ਦਿੰਦਾ ਹੈ। ਦੂਸਰਿਆਂ ਨੂੰ ਕੋਸਦਾ ਰਹਿੰਦਾ ਹੈ ਜਾਂ ਉਨ੍ਹਾਂ ਉੱਤੇ ਇਲਜ਼ਾਮ ਲਗਾਉਂਦਾ ਰਿਹੰਦਾ ਹੈ ਆਪਣੇ ਮਨ ਵਲ ਧਿਆਨ ਨਹੀਂ ਦਿੰਦਾ। ਇਸ ਦੇ ਫਲਸਰੂਪ ਆਪਣੇ ਮਨ ਨੂੰ ਸੋਧਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਜਿਸ ਕਾਰਨ ਸਰੀਰ ਅੰਦਰੋਂ ਹੋਰ ਤੇ ਹੋਰ ਰੋਗੀ ਹੋਈ ਜਾਂਦਾ ਹੈ।
    ਇਹ ਵੀ ਹੋ ਸਕਦਾ ਹੈ ਕਿ ਕਈ ਵਾਰ ਕੋਈ ਹਾਦਸਾ ਐਸਾ ਹੁੰਦਾ ਹੈ ਜਿਸ ਦਾ ਡਰ ਅਵਚੇਤ ਮਨ ਵਿਚ ਘਰ ਕਰ ਜਾਂਦਾ ਹੈ। ਇਹ ਡਰ ਵੀ ਬਹੁਤ ਵਾਰ ਸਤਾਉਂਦਾ ਰਹਿੰਦਾ ਹੈ। ਇਸ ਦੇ ਇਲਾਵਾ ਸਮਾਜ ਦੇ ਕੁਝ ਖੁਦਗਰਜ਼ ਪ੍ਰਭਾਵਸ਼ਾਲੀ ਵਿਅਕਤੀ ਆਪਣੀਆਂ ਲੋੜਾਂ ਦੀ ਪੂਰਤੀ ਕਾਰਨ, ਅਣਜਾਣ ਅਤੇ ਬੇਸਮਝ ਵਿਅਕਤੀਆਂ ਨੂੰ ਗੁਮਰਾਹ ਕਰ ਦਿੰਦੇ ਹਨ ਅਤੇ ਉਨ੍ਹਾਂ ਮਾਸੂਮ ਵਿਅਕਤੀਆ ਦੇ ਮਨਾਂ ਵਿਚ ਵੈਰ ਵਿਰੋਧ ਅਤੇ ਈਰਖਾ ਵਰਗੇ ਕਈ ਤਰ੍ਹਾਂ ਦੀ ਨਫਰਤ ਪੈਦਾ ਕਰ ਦਿੰਦੇ ਹਨ। ਇਹ ਹੀ ਨਹੀਂ ਸਗੋਂ ਕਈ ਧਰਮ ਦੇ ਠੇਕੇਦਾਰ ਵੀ ਹਨ ਜੋ ਲੋਕਾਂ ਨੂੰ ਕਈ ਵਿਹਮਾਂ ਭਰਮਾਂ ਵਿਚ ਉਲਝਾ ਕੇ ਰਖਦੇ ਹਨ ਅਤੇ ਆਪਣਾ ਉਲੂ ਸਿਧਾ ਕਰੀ ਜਾਂਦੇ ਹਨ। ਇਸ ਤਰ੍ਹਾਂ ਐਸੇ ਮਾਸੂਮ ਅਤੇ ਬੇਸਮਝ ਲੋਕਾਂ ਦਾ ਕਈ ਤਰ੍ਹਾਂ ਦਾ ਸੋਸ਼ਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਹੋਰ ਵੀ ਕਾਰਨ ਹੋ ਸਕਦੇ ਹਨ ਜਿਨ੍ਹਾ ਕਾਰਨ ਬੇਸਮਝ ਵਿਅਕਤੀ ਦੇ ਮਨ ਵਿਚ ਬੁਰੇ ਵਿਚਾਰ ਪੈਦਾ ਕਰ ਦਿੱਤੇ ਜਾਂਦੇ ਹਨ ਅਤੇ ਅਣਜਾਣ ਵਿਅਕਤੀ ਬੁਰੇ ਵਿਚਾਰਾਂ ਦਾ ਸ਼ਿਕਾਰ ਹੋ ਕੇ ਦੁਖੀ ਹੁੰਦਾ ਰਹਿੰਦਾ ਹੈ।
    ਇਥੇ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਹਰ ਵਿਅਕਤੀ ਨੂੰ ਇਸ ਗਲੋਂ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਆਪਣੇ ਮਨ ਵਿਚ ਬੁਰੇ ਵਿਚਾਰ ਪੈਦਾ ਨਾ ਹੋਣ ਦੇਵੇ। ਬੁਰੇ ਜਾਂ ਨਖਿੱਧ ਵਿਚਾਰ ਮਨ ਦੀ ਮੈਲ ਹੀ ਹੁੰਦੇ ਹਨ। ਜਿਵੇਂ ਕਿ ਗੁਰੂ ਸਾਹਿਬ ਫ਼ਰਮਾਉਂਦੇ ਹਨ: : ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ (ਗ:ਗ:ਸ: ਪੰਨਾ-558) ਇਸ ਕਥਣ ਅਨੁਸਾਰ ਇਹ ਸਮਝਾਇਆ ਗਿਆ ਹੈ ਕਿ ਜੇਕਰ ਮਨ ਮੈਲਾ ਹੁੰਦਾ ਹੈ ਭਾਵ ਮਨ ਵਿਚ ਬੁਰੇ ਵਿਚਾਰ ਹਨ ਤਾਂ ਸਰੀਰ ਵੀ ਮੈਲਾ ਹਵੇਗਾ, ਭਾਵ ਰੋਗੀ ਹੋਵੇਗਾ। ਸਰੀਰ ਨੂੰ ਧੋਣ ਨਾਲ ਮਨ ਸਾਫ ਨਹੀਂ ਹੁੰਦਾ। ਹੁਣ ਇਹ ਤਾਂ ਆਪ ਹੀ ਨਿਰਨਾ ਕਰਨਾ ਹੈ ਕਿ ਇਨ੍ਹਾਂ ਨਿਖੱਧ ਵਿਚਾਰਾਂ ਨੂੰ ਮਨ ਵਿਚੋਂ ਬਾਹਰ ਕਿਵੇਂ ਕਢਣਾ ਹੈ, ਜਾਂ ਇਨ੍ਹਾਂ ਪਾਸੋਂ ਛੁਟਕਾਰਾ ਕਿਵੇਂ ਪਾਉਣਾ ਹੈ।
    ਇਹ ਠੀਕ ਹੈ ਕਿ ਮਨ ਨੂੰ ਕਾਬੂ ਕਰਨਾ ਜਾਂ ਇਸ ਨੂੰ ਸਿਧੇ ਰਸਤੇ 'ਤੇ ਪਾਉਣਾ ਬਹੁਤ ਮੁਸ਼ਕਲ ਹੈ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਸਾਰੇ ਜੱਗ ਨੂੰ ਜਿਤ ਲਿਆ ਜਾਵੇ। ਇਸੇ ਲਈ ਤਾਂ ਕਿਹਾ ਹੈ: ਮਨਿ ਜੀਤੈ ਜਗੁ ਜੀਤੁ॥ ਮਨ ਨੂੰ ਜਿਤ ਲੈਣ ਨਾਲ ਹੀ ਮਨ ਵਿਚਲੇ ਬੁਰੇ ਵਿਚਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਮਾਨਸਿਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
    ਬੁਰੇ ਵਿਚਾਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਸਭ ਤੋਂ ਜ਼ਰੂਰੀ ਹੈ ਆਪਣਾ ਸੋਚ ਮੰਡਲ ਠੀਕ ਕਰਨਾ। ਆਪਣੀ ਸੋਚ ਉੱਤੇ ਕਾਬੂ ਪਾਉਣਾ ਅਤੇ ਸੋਚ ਨੂੰ ਠੀਕ ਰੱਖਣਾ। ਬੁਰੇ ਵਿਚਾਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਪਹਿਲਾਂ ਇਹ ਜ਼ਰੂਰੀ ਹੈ ਕਿ ਆਪਣੇ ਆਪ ਵਿਚ ਇਹ ਮੰਨ ਲਿਆ ਜਾਵੇ ਕਿ ਮੇਰੇ ਅੰਦਰ ਜੋ ਵਿਚਾਰ ਹਨ ਉਹ ਠੀਕ ਨਹੀਂ ਹਨ, ਉਹ ਬੁਰੇ ਹਨ। ਇਥੇ ਮੁਸ਼ਕਲ ਇਹ ਹੁੰਦੀ ਹੈ ਕਿ ਐਸਾ ਵਿਅਕਤੀ ਥੋੜ੍ਹੇ ਕੀਤਿਆਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਕਿ ਉਸ ਦੇ ਜੋ ਵਿਚਾਰ ਹਨ ਜਾਂ ਜੋ ਧਾਰਨਾ ਉਸ ਨੇ ਬਣਾ ਰੱਖੀ ਹੈ ਉਹ ਠੀਕ ਨਹੀਂ ਹੈ। ਇਸੇ ਲਈ ਉਹ ਐਸੇ ਬੁਰੇ ਵਿਚਾਰਾਂ ਤੋਂ ਛੁਟਕਾਰਾ ਨਹੀਂ ਪਾਅ ਸਕਦਾ ਅਤੇ ਉਸ ਦਾ ਦੁਖ ਦੂਰ ਨਹੀਂ ਹੁੰਦਾ। ਜਦੋਂ ਇਹ ਮੰਨ ਲਿਆ ਜਾਵੇਗਾ ਕਿ, ਜੋ ਵਿਚਾਰ ਜਾਂ ਧਾਰਣਾ ਉਸ ਨੇ ਬਣਾ ਰੱਖੀ ਹੈ, ਉਹ ਠੀਕ ਨਹੀਂ ਹੈ ਤੇ ਤਾਂ ਹੀ ਉਸ ਨੂੰ ਸੁਧਾਰਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਤਾਂ ਹੀ ਉਨ੍ਹਾਂ ਵਿਚਾਰਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਮੰਨਣ ਦਾ ਭਾਵ ਇਹ ਹੈ ਕਿ ਸੁਚੇਤ ਮਨ ਨੂੰ, ਅਵਚੇਤ ਮਨ ਵਿਚੋਂ, ਬੁਰੇ ਵਿਚਾਰ ਕੱਢਣ ਲਈ ਆਦੇਸ਼ ਦੇਣਾ ਹੈ। ਫਿਰ ਸੁਚੇਤ ਮਨ ਵਿਵੇਕ ਬੁੱਧੀ ਨਾਲ ਅਵਚੇਤ ਮਨ ਨੂੰ ਸਮਝਾਉਣਾ ਸ਼ਰੂ ਕਰ ਦਿੰਦਾ ਹੈ ਕਿ ਅਵਚੇਤ ਮਨ ਨੇ ਆਪਣੇ ਵਿਚੋਂ ਬੁਰੇ ਵਿਚਾਰ ਬਾਹਰ ਕੱਢਣੇ ਹਨ। ਐਸੇ ਸੁਝਾਓ ਨੂੰ ਮਨੋ-ਵਿਗਿਆਨੀ (Cognitive-Behavioral Therapy) ਕੋਗਨਿਟਿਵ ਬੀਹੇਵਅਿਰਲ ਥਰੈਪੀ ਆਖਦੇ ਹਨ। ਇਹ ਸੁਝਾਓ ਬਾਰ ਬਾਰ ਦੁਹਰਾਉਣ ਨਾਲ ਵਕਤ ਪੈਣ 'ਤੇ  ਨਖਿੱਧ ਵਿਚਾਰ ਮਨ ਵਿਚੋਂ ਨਿਕਲ ਜਾਂਦੇ ਹਨ। ਇਸ ਦੇ ਨਾਲ ਇਕ ਨਵੀਂ ਅਤੇ ਸੁਚੱਜੀ ਧਾਰਨਾ ਬਣ ਸਕਦੀ ਹੈ। ਇਹ ਤਾਂ ਆਪਣੀ ਸਵੈ-ਇੱਛਾ 'ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਕਿਤਨਾ ਵਕਤ ਲੱਗੇਗਾ। ਇਸ ਵਾਸਤੇ ਦ੍ਰਿੜ ਇਰਾਦੇ ਅਤੇ ਸਮਝ ਦੀ ਲੋੜ ਹੁੰਦੀ ਹੈ।
    ਇਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਬੁਰੇ ਜਾ ਨਖਿੱਧ ਵਿਚਾਰਾਂ ਦੇ ਪੈਦਾ ਹੋਣ ਦਾ ਮੂਲ ਕਾਰਨ ਹੁੰਦਾ ਹੈ ਆਪਣੀ ਈਗੋ (ego)। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਆਪਣੀ ਈਗੋ (ego) ਨੂੰ ਖਤਮ ਕੀਤਾ ਜਾਵੇ। ਇਸ ਸਬੰਧ ਵਿਚ ਗੁਰਬਾਣੀ ਬਹੁਤ ਸੇਧ ਦਿੰਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ॥ (ਗ:ਗ:ਸ: ਪੰਨਾ-29) ਭਾਵ ਸਪਸ਼ਟ ਹੈ ਕਿ ਸਮਝਦਾਰ ਵਿਅਕਤੀ ਆਪਣੀ ਹਉਮੈਂ ਦਾ ਤਿਆਗ ਕਰ ਦਿੰਦਾ ਹੈ ਅਤੇ ''ਨਾਮਿ ਰਤੇ'' ਭਾਵ ਨਾਮ ਵਿਚ ਲੀਨ ਹੋ ਜਾਦਾ ਹੈ।'ਨਾਮ' ਤੋਂ ਭਾਵ ਹੁੰਦਾ ਹੈ ਰੱਬੀ ਗੁਣ, ਚੰਗੇ ਤੇ ਸੁਚੱਜੇ ਗੁਣ। ਇਸ ਦਾ ਭਾਵ ਇਹ ਹੋਇਆ ਕਿ ਗੁਰਮੁਖ ਆਪਣੀ ਹਉਮੈਂ ਨੂੰ ਤਿਆਗ ਕੇ ਚੰਗੇ ਅਤੇ ਸੁਚੱਜੇ ਗੁਣ ਅਪਣਾ ਲੈਂਦਾ ਹੈ ਅਤੇ ਉਸ ਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਚੰਗੇ ਗੁਣ ਤਾਂ ਹੀ ਅਪਣਾਏ ਜਾ ਸਕਦੇ ਹਨ ਜਦੋਂ ਬੁਰੇ ਗੁਣ ਭਾਵ ਔਗੁਣ ਛੱਡ ਦਿੱਤੇ ਜਾਨ। ਇਸੇ ਵਿਚਾਰ ਨੂੰ ਗੁਰਬਾਣੀ ਵਿਚ ਬਾਰ ਬਾਰ ਦ੍ਰਿੜ ਕਰਵਾਇਆ ਗਿਆ ਹੈ। ਜਿਵੇਂ ਕਿ: ਸਿਮਰਤ ਨਾਮੁ ਰਿਦੈ ਸੁਖੁ ਪਾਇਆ॥ (ਗ:ਗ:ਸ: ਪੰਨਾ-108) ਮਨ ਮੇਰੇ ਨਾਮਿ ਰਤੇ ਸੁਖੁ ਹੋਇ॥ (ਗ:ਗ:ਸ: ਪੰਨਾ-38) ਨਾਨਕ ਨਾਮਿ ਰਤੇ ਸੁਖੁ ਹੋਇ॥ (ਗ:ਗ:ਸ: ਪੰਨਾ-289) ਆਦਿ।
    ਚੰਗੇ ਗੁਣਾ ਨੂੰ ਸਮਝਾਉਂਦਿਆਂ ਬਾਬਾ ਫਰੀਦ ਜੀ ਆਖਦੇ ਹਨ: ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਗ:ਗ:ਸ: ਪੰਨਾ-1381) ਭਾਵ ਬਾਬਾ ਫਰੀਦ ਜੀ ਸਮਝਾਉਂਦੇ ਹਨ ਕਿ ਬੁਰਾਈ ਕਰਨ ਵਾਲੇ ਨੂੰ ਭਲਾਈ ਦਾ ਸਬਕ ਪੜ੍ਹਾ। ਉਸ ਪ੍ਰਤੀ ਮਨ ਵਿਚ ਗੁੱਸਾ-ਗਿਲਾ ਜਾਂ ਰੋਸ ਪਾਲ ਕੇ ਨਾ ਰੱਖ। ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ ਅਤੇ ਆਪਣੇ ਚੰਗੇ ਗੁਣ ਸਾਂਭੇ ਰਹਿਣਗੇ। ਮਨ ਵਿਚ ਬਦਲੇ ਦੀ ਭਾਵਣਾ ਰੱਖਣਾ ਇਕ ਰੋਗ ਹੀ ਹੁੰਦਾ ਹੈ। ਇਹ ਤਾਂ ਸਭ ਵਿਦਵਾਨ ਸਮਝਾਉਂਦੇ ਹਨ ਕਿ ਕਿਸੇ ਨੂੰ ਮੁਆਫ ਕਰ ਦੇਣਾ ਇਕ ਬਹਾਦਰੀ ਹੁੰਦੀ ਹੈ। ਮਨ ਵਿਚ ਰੋਸ ਰਖਣਾ ਆਪਣੇ ਆਪ ਨੂੰ ਸਜਾ ਦੇਣ ਦੇ ਤੁਲ ਹੈ। ਇਹ ਮਾਨਸਿਕ ਰੋਗ ਹੀ ਹੁੰਦਾ ਹੈ। ਇਹ ਰੋਸ ਜਾ ਬਦਲੇ ਦੀ ਭਾਵਣਾ ਹੀ ਕੰਡੇ ਦੀ ਚੁਭਨ ਹੁੰਦੀ ਹੈ ਜੋ ਸਰੀਰ ਨੂੰ ਰੋਗੀ ਕਰਦੀ ਹੈ।
    ਇਸੇ ਤਰ੍ਹਾਂ ਗੁਰਬਾਣੀ ਰਾਹੀਂ ਇਹ ਗਿਆਨ ਦਿੱਤਾ ਗਿਆ ਹੈ: ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ॥ (ਗ:ਗ:ਸ: ਪੰਨਾ-719) ਭਾਵ ਜਦੋਂ (ਹਰਿ ਜਨ ਦੀ) ਗੁਣਵਾਨ ਵਿਅਕਤੀ ਦੀ ਕੋਈ ਨਿੰਦਾ ਕਰਦਾ ਹੈ ਜਾਂ ਉਸ ਨੂੰ ਬੁਰਾ ਭਲਾ ਆਖਦਾ ਹੈ ਤਾਂ ਗੁਣਵਾਨ ਵਿਅਕਤੀ ਆਪਣੇ ਗੁਣ ਨਹੀਂ ਛਡਦਾ, ਉਹ ਬੁਰਾ ਨਹੀਂ ਬਣਦਾ ਅਤੇ ਕੋਈ ਬੁਰਾਈ ਨਹੀਂ ਕਰਦਾ। ਐਸਾ ਵਿਅਕਤੀ ਆਪਣੇ ਮਨ ਵਿਚ ਕੁੜੱਤਣ ਪੈਦਾ ਨਹੀਂ ਕਰਦਾ। ਆਪਣੀ ਸਹਿਜ ਅਵਸਥਾ ਨੂੰ ਕਾਇਮ ਰਖਦਾ ਹੈ।
    ਆਪਣੀ ਸਹਿਜ ਅਵਸਥਾ ਨੂੰ ਕਾਇਮ ਰੱਖਣ ਵਾਸਤੇ ਗੁਰੂ ਸਾਹਿਬ ਸਮਝਾਉਂਦੇ ਹਨ: ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਗ:ਗ:ਸ: ਪੰਨਾ-386) ਕਿਤਨੇ ਸਰਲ ਤਰੀਕੇ ਨਾਲ ਸਮਝਾ ਦਿੱਤਾ ਗਿਆ ਹੈ ਕਿ ਕਿਸੇ ਪ੍ਰਤੀ ਬੁਰਾ ਨਾ ਚਿਤਵਿਆ ਜਾਵੇ। ਆਪਣੇ ਮਨ ਵਿਚ ਕੋਈ ਰੋਸ, ਗਿਲਾ-ਸ਼ਿਕਵਾ, ੲਰਿਖਾ ਵਰਗੇ ਭਾਵ ਨਾ ਰੱਖੇ ਜਾਣ। ਇਸ ਤਰ੍ਹਾਂ ਮਨ ਸਾਫ ਰਹੇਗਾ ਅਤੇ ਕੋਈ ਦੁਖ ਜਾਂ ਮਾਨਸਿਕ ਰੋਗ ਨਹੀਂ ਲੱਗੇਗਾ।
    ਇਹ ਸਭ ਵਿਚਾਰ ਕਰਦਿਆਂ ਇਹ ਸਮਝ ਆਉਂਦੀ ਹੈ ਕਿ ਮਨ ਸ਼ੈਤਾਨ ਵੀ ਹੈ ਅਤੇ ਇਹ ਭਗਵਾਨ ਵੀ ਹੈ। ਭਾਵ ਇਹ ਕਿ ਮਨ ਦੇ ਪ੍ਰਭਾਵ ਹੇਠ ਆ ਕੇ ਹੀ ਮਨੁੱਖ ਸ਼ੈਤਾਨ ਜਾਂ ਹਵਾਨ ਬਣ ਜਾਂਦਾ ਹੈ। ਜੇਕਰ ਇਸ ਮਨ ਨੂੰ ਕਾਬੂ ਕਰ ਲਿਆ ਜਾਵੇ ਤਾਂ ਇਹ ਫਰਿਸ਼ਤਾ ਬਣ ਕੇ ਵਿਚਰਦਾ ਹੈ, ਸਾਰੀ ਲੁਕਾਈ ਦਾ ਹਮਦਰਦ ਬਣ ਜਾਂਦਾ ਹੈ। ਇਸੇ ਲਈ ਜ਼ਰੂਰੀ ਹੈ ਮਨ ਨੂੰ ਸਮਝਣਾ ਅਤੇ ਆਪਣੀ ਸੋਚ ਦਾ ਆਪ ਪਾਰਖੂ ਹੋਣਾ। ਸਪਸ਼ਟ ਹੈ ਕਿ ਮਾਨਸਿਕ ਰੋਗ ਤੋਂ ਬਚਣ ਵਾਸਤੇ ਆਪਣੇ ਮਨ ਨੂੰ ਚੰਗੀ ਅਤੇ ਸੁਚੱਜੀ ਸੋਚ ਦੇਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਆਪਣੇ ਸੋਚ ਮੰਡਲ ਨੂੰ ਸਮਝਣ ਦੀ ਲੋੜ ਹੁੰਦੀ ਹੈ। ਇਥੇ ਇਹ ਵੀ ਸਮਝ ਆਉਂਦੀ ਹੈ ਕਿ ਮਨ ਨੂੰ ਕਾਬੂ ਕਰਨਾ ਇਕ ਕਲਾ ਹੈ ਅਤੇ ਇਸ ਕਲਾ ਨੂੰ ਸਿਖਣਾ ਬਹੁਤ ਲਾਜ਼ਮੀ ਹੈ। ਇਹ ਕਲਾ ਹੀ ਮਾਨਸਿਕ ਰੋਗ ਤੋਂ ਬਚਾ ਸਕਦੀ ਹੈ ਅਤੇ ਤਾਂ ਹੀ ਸੁਖਾਵੀਂ ਜ਼ਿੰਦਗੀ ਜਿਉਵੀ ਜਾ ਸਕਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੀ ਸਹੀ ਕੀਤੀ ਗਈ ਵਿਆਖਿਆ ਇਸ ਸਬੰਧ ਵਿਚ ਪੂਰੀ ਤਰ੍ਹਾਂ ਸਹਾਈ ਹੋ ਸਕਦੀ ਹੈ।

 
ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp No. +918284863803
E-mail-   kanwar238@yahoo.com