ਪੁਲਿਸ ਵਿੱਚ ਬਾਬੂਆਂ ਦਾ ਰਾਜ - ਹਰਦੇਵ ਸਿੰਘ ਧਾਲੀਵਾਲ

 ਮੈਂ ਮਈ 1971 ਨੂੰ ਏ.ਐਸ.ਆਈ. ਮੁੱਖ ਅਫਸਰ ਬੋਹਾ ਸੀ। ਅਪਰ ਪਾਸ ਸੀ, ਪਰ ਅਸਾਮੀਆਂ ਦੀ ਘਾਟ ਕਾਰਨ ਤਰੱਕੀ ਨਹੀਂ ਸੀ ਹੋਈ। ਮੇਰੀ ਤਰੱਕੀ ਹੋਈ, ਮੈਨੂੰ ਪਟਿਆਲਾ ਜਿਲ੍ਹਾ ਮਿਲ ਗਿਆ। ਉੱਥੇ ਸ. ਭਗਵਾਨ ਸਿੰਘ ਦਾਨੇਵਾਲੀਆ ਡੀ.ਆਈ.ਜੀ. ਸਨ। ਉਸ ਸਮੇਂ ਉਹ ਚਾਹੁੰਦੇ ਸਨ ਕਿ ਸਿਵਲ ਲਾਈਨ ਥਾਣੇ ਦਾ ਮੁੱਖ ਅਫਸਰ ਬੀ.ਏ. ਹੋਏ। ਮੇਰਾ ਗੁਣਾ ਸਿਵਲ ਲਾਈਨ ਦਾ ਪੈ ਗਿਆ। ਮੇਰੀ ਮੁੱਖ ਅਫਸਰ ਦੀ 14 ਸਾਲ ਦੀ ਨੌਕਰੀ ਵਿੱਚ ਮੇਰਾ ਇਹ ਪਹਿਲਾ ਸ਼ਹਿਰੀ ਥਾਣਾ ਰਿਹਾ। ਗਿਆਨੀ ਕਰਤਾਰ ਸਿੰਘ ਜੀ ਕਰਕੇ ਉਹ ਮੈਨੂੰ ਕੁੱਝ ਜਾਣਦੇ ਸਨ ਤਾਂ ਮੇਰੇ ਕਹਿਣ ਤੇ ਮੈਨੂੰ ਮੁੱਖ ਅਫਸਰ ਸਦਰ ਨਾਭੇ ਲਵਾ ਦਿੱਤਾ। ਜੂਨ ਵਿੱਚ ਬਾਦਲ ਸਰਕਾਰ ਟੁੱਟ ਗਈ ਤੇ ਅਸੈਂਬਲੀ ਭੰਗ ਹੋ ਗਈ ਤਾਂ ਮੈਨੂੰ ਸ. ਗੁਰਦਰਸ਼ਨ ਸਿੰਘ ਨਾਭਾ ਦਾ ਟੈਲੀਫੋਨ ਆਇਆ ਤੇ ਉਨ੍ਹਾਂ ਨੇ ਕਿਹਾ, "ਤੁਸੀਂ ਕਾਂਗਰਸੀ ਹੋਂ?" ਮੈਂ ਕਿਹਾ, ਮੈਂ ਤਾਂ ਪੁਲਿਸ ਅਫਸਰ ਹਾਂ, ਕਿਸੇ ਪਾਰਟੀ ਵਿੱਚ ਨਹੀਂ ਪਰ ਮੇਰੇ ਬਜੁਰਗਾਂ ਕਰਕੇ ਮੈਨੂੰ ਅਕਾਲੀ ਸਮਰਥਕ ਕਿਹਾ ਜਾਂਦਾ ਹੈ ਤਾਂ ਮੇਰੀ ਬਦਲੀ ਸਰਹੰਦ ਦੀ ਹੋ ਗਈ। ਮੇਰੀ ਤਰੱਕੀ ਤਾਂ ਬੋਹੇ ਤੋਂ ਹੀ ਹੋ ਗਈ ਸੀ, ਉਸ ਸਮੇਂ ਨਹਿਰੀ ਆਰਾਮ ਘਰ ਮਲਕੋਂ (ਬੋਹਾ) ਦੇ ਓਵਰਸੀਅਰ ਨੂੰ ਨੈਕਸਟਲਾਈਟ ਮਾਰ ਗਏ, ਮੁੱਖ ਅਫਸਰ ਸਵੇਰੇ ਪੁੱਜੇ। ਛਾਬੜਾ ਸਾਹਿਬ ਡੀ.ਆਈ.ਜੀ. ਮੌਕੇ ਤੇ ਗਏ ਤਾਂ ਆਮ ਲੋਕਾਂ ਨੇ ਸ਼ਿਕਾਇਤ ਕੀਤੀ ਤੇ ਬਹੁਤਿਆਂ ਨੇ ਮੇਰੀ ਸਿਫਾਰਸ਼ ਤੇ ਮੰਗ ਵੀ ਕਰ ਦਿੱਤੀ। ਉਨ੍ਹਾਂ ਨੇ ਉੱਥੇ ਹੀ ਮੇਰੀ ਬਦਲੀ ਬੋਹਾ ਦਾ ਹੁਕਮ ਕਰ ਦਿੱਤਾ। ਮੈਂ ਦਫਤਰ ਦੇ ਬਾਬੂਆਂ ਦਾ ਚਾਹ ਪਾਣੀ ਨਹੀਂ ਸੀ ਕਰਦਾ, ਉਹ ਮੇਰੇ ਤੋਂ ਚਾਹ ਪਾਣੀ ਲੈਣ ਤੋਂ ਵੀ ਝਕਦੇ ਸਨ। ਮੈਂ ਅਜੇ ਸਰਹੰਦ ਤੋਂ ਵੇਹਲਾ ਨਹੀਂ ਸੀ ਹੋਇਆ ਨਾ ਬਠਿੰਡੇ ਹਾਜ਼ਰੀ ਪਾਈ ਸੀ। ਮੇਰਾ ਨਾਂ ਬਾਬੂਆਂ ਨੇ ਬਠਿੰਡੇ ਜਿਲ੍ਹੇ ਵੱਲੋਂ ਐਡਵਾਂਸ ਕੋਰਸ ਲਈ ਪਾ ਦਿੱਤਾ। ਮੇਰੀ ਗੱਲ ਮੇਰੇ ਦੋਸਤ ਹਰਿੰਦਰ ਸਿੰਘ ਗਿੱਲ ਨਾਲ ਹੋਈ। ਉਹ ਵੀ ਕੋਰਸ ਤੇ ਜਾ ਰਿਹਾ ਸੀ। ਇਸ ਲਈ ਮੈਂ ਬਠਿੰਡੇ ਹਾਜ਼ਰੀ ਪਾ ਕੇ ਫਿਲੌਰ ਪਹੁੰਚ ਗਿਆ।
    ਫਿਲੌਰ ਪੁੱਜਣ ਤੋਂ ਪਿੱਛੋਂ ਮੇਰੀ ਡੀ.ਆਈ.ਜੀ. ਸਾਹਿਬ ਵੱਲੋਂ ਜਵਾਬ ਤਲਬੀ ਆਈ। ਮੈਂ ਨਵਾਂ ਹੁਕਮ ਉਸ ਨਾਲ ਲਾ ਕੇ ਭੇਜ ਦਿੱਤਾ। ਜਨਵਰੀ 1972 ਦੇ ਦੂਜੇ ਹਫਤੇ ਅਸੀਂ ਬਠਿੰਡੇ ਹਾਜ਼ਰ ਹੋ ਗਏ। ਐਸ.ਐਸ.ਪੀ. ਬਠਿੰਡਾ ਨੇ ਹਰਿੰਦਰ ਸਿੰਘ ਨੂੰ ਮੁੱਖ ਅਫਸਰ ਜੌੜਕੀਆਂ ਲਾ ਦਿੱਤਾ। ਦੂਜੇ ਦਿਨ ਹਰਿੰਦਰ ਸਿੰਘ ਨੂੰ ਕੇਂਦਰ ਖੋਜ ਸਕੂਲ ਕਲਕੱਤਾ ਦੇ ਕੋਰਸ ਤੇ ਜਾਣ ਲਈ ਹੁਕਮ ਆ ਗਿਆ। ਮੇਰੇ ਜਿਲ੍ਹਾ ਕਪਤਾਨ ਮੇਰੇ ਤੇ ਬਹੁਤੇ ਖੁਸ਼ ਨਹੀਂ ਸਨ। ਮੈਂ ਹਰਿੰਦਰ ਸਿੰਘ ਨੂੰ ਕਿਹਾ ਕਿ ਮੈਂ ਹੀ ਕਲਕੱਤੇ 100 ਦਿਨ ਦਾ ਕੋਰਸ ਕਰ ਆਉਂਦਾ ਹਾਂ ਕਿਉਂਕਿ ਉਹਦੀ ਤਾਇਨਾਤੀ ਹੋ ਗਈ ਹੈ। ਉਹ ਐਸ.ਐਸ.ਪੀ. ਦੇ ਪੇਸ਼ ਹੋ ਕੇ ਕਹਿ ਦੇਵੇ। ਉਹਦੇ ਪੇਸ਼ ਹੋਣ ਤੇ ਸਾਹਿਬ ਕਹਿਣ ਲੱਗੇ ਕਿ ਮੇਰਾ ਤਾਂ ਥਾਣੇ ਬੋਹੇ ਦਾ ਡੀ.ਆਈ.ਜੀ. ਸਾਹਿਬ ਦਾ ਹੁਕਮ ਲਾਗੂ ਹੋਣਾ ਰਹਿੰਦਾ ਹੈ। ਮੈਨੂੰ ਨਹੀਂ ਭੇਜ ਸਕਦੇ। ਮੈਂ ਬੋਹੇ ਆ ਗਿਆ, ਮੈਨੂੰ ਪਤਾ ਸੀ ਕਿ ਮੇਰੇ ਕਪਤਾਨ ਮੇਰੇ ਤੇ ਬਹੁਤੇ ਖੁਸ਼ ਨਹੀਂ। ਮੇਰੀ ਬਦਲੀ ਹੋ ਸਕਦੀ ਹੈ। ਜਿਸ ਕਰਕੇ ਹਰ ਕੰਮ ਮੈਂ ਮਿਹਨਤ ਤੇ ਸਚਾਈ ਨਾਲ ਹੀ ਕਰਦਾ ਸੀ। ਮਈ ਦੇ ਮਹੀਨੇ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬੋਹਾ ਆਏ। ਉਹ ਪੁਰਾਣੇ ਦੇਸ਼ ਭਗਤਾਂ ਦਾ ਬਹੁਤ ਸਤਿਆਰ ਕਰਦੇ ਸਨ। ਮੈਂ ਜੱਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਨੂੰ ਫਤਿਹ ਬੁਲਾਈ ਤਾਂ ਉਨ੍ਹਾਂ ਨੇ ਮੇਰੀ ਬਾਂਹ ਫੜ ਕੇ ਗਿਆਨੀ ਜੀ ਨੂੰ ਕਿਹਾ, "ਜੈਲ ਸਿੰਘ ਆਓ ਮੈਂ ਤੁਹਾਨੂੰ ਇਹ ਬੱਚਾ ਮਿਲਾਉਣਾ ਹੈ।" ਜੱਥੇਦਾਰ ਜੀ ਮੈਂ ਇਸ ਨੂੰ ਜਾਣਦਾ ਹਾਂ ਕਿ ਇਹ ਸ. ਖੀਵਾ ਸਿੰਘ ਦਾ ਪੁੱਤਰ ਤੇ ਗਿਆਨੀ ਸ਼ੇਰ ਸਿੰਘ ਦਾ ਭਤੀਜਾ ਹੈ। ਇਹ ਨਲਾਇਕ ਮੈਨੂੰ ਨਹੀਂ ਮਿਲਿਆ, ਜਦੋਂ ਦਾ ਮੈਂ ਮੁੱਖ ਮੰਤਰੀ ਬਣਿਆ ਹਾਂ। ਤੇ ਮੇਰੇ ਮੋਢੇ ਤੇ ਹੱਥ ਰੱਖ ਲਿਆ। ਗਿਆਨੀ ਜੀ ਜੱਥੇਦਾਰ ਗੁੱਜਰਾਂ ਦੇ ਪੈਰਾਂ ਦੀ ਛੋਹ ਪ੍ਰਾਪਤ ਕਰਦੇ ਸਨ ਕਿਉਂਕਿ ਉਹ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦੀਆਂ ਜੇਲ੍ਹਾਂ ਦੀਆਂ ਕੁਰਬਾਨੀਆਂ ਦੱਸ ਕੇ ਵੰਡਿਆਉਂਦੇ ਵੀ ਸਨ। ਮੈਨੂੰ ਮੇਰੇ ਜਿਲ੍ਹਾ ਕਪਤਾਨ ਤੋਂ ਵਧੀਆ ਵਿਹਾਰ ਮਿਲਿਆ। ਮੇਰੇ ਨਾਲ ਕੋਈ ਜਾਤੀ ਰੰਜਸ ਤਾਂ ਨਹੀਂ ਸੀ।
    2 ਕੁ ਮਹੀਨੇ ਮੈਂ ਵੀ ਬਾਬੂਆਂ ਦੀ ਨੌਕਰੀ ਕੀਤੀ ਹੈ। ਸ. ਸੁਖਪਾਲ ਸਿੰਘ ਜਿਲ੍ਹਾ ਕਪਤਾਨ ਬਠਿੰਡਾ ਨੇ 1969 ਵਿੱਚ ਮੈਨੂੰ ਸੈਨਾ ਕਲਰਕ ਲਾ ਲਿਆ ਕਿਉਂਕਿ ਉਨ੍ਹਾਂ ਦਾ ਹੁਕਮ ਜਾਰੀ ਹੋਣ ਤੋਂ ਪਹਿਲਾਂ ਹੀ ਬਾਹਰ ਆ ਜਾਂਦਾ ਸੀ। ਕੁੱਝ ਪਟਿਆਲੇ ਤੋਂ ਬਦਲ ਕੇ ਏ.ਐਸ.ਆਈ. ਆਏ, ਜਿਲ੍ਹਾ ਕਪਤਾਨ ਨੇ ਮੇਰੇ ਤੋਂ ਖਾਲੀ ਅਸਾਮੀਆਂ ਪੁੱਛੀਆਂ ਤਾਂ ਮੈਂ ਕੋਟਕਪੂਰਾ, ਸਦਰ ਫਰੀਦਕੋਟ, ਨਥਾਣਾ, ਬਰੇਟਾ, ਬਾਲਿਆਂਵਾਲੀ ਆਦਿ ਕਹਿ ਦਿੱਤੇ। ਤਾਂ ਹਰਬੰਸ ਲਾਲ ਦੀ ਕੋਟਕਪੂਰੇ ਬਦਲੀ ਹੋ ਗਈ। ਮੇਰੇ ਨਾਲ ਗਿਆਨੀ ਗੁਰਬਚਨ ਸਿੰਘ ਤੇ ਕਰਮ ਸਿੰਘ ਸਿਪਾਹੀ ਸਨ। ਅਸੀਂ ਕਿਸੇ ਤੋਂ ਚਾਹ ਨਹੀਂ ਸੀ ਪੀਂਦੇ। ਆਏ ਦਾ ਖਰਚਾ ਵੀ ਆਪ ਹੀ ਦਿੰਦੇ ਸੀ। ਹਰਬੰਸ ਲਾਲ ਧੰਨਵਾਦ ਕਰਨ ਆਇਆ ਕਿ ਮੈਨੂੰ ਕੋਟਕਪੂਰੇ ਲਵਾ ਦਿੱਤਾ ਹੈ। ਸੇਵਾ ਕਰਨੀ ਚਾਹੁੰਦਾ ਹੈ। ਮੈਂ ਕਿਹਾ ਕਿ ਤੁਹਾਨੂੰ ਪੁਲਿਸ ਕਪਤਾਨ ਨੇ ਲਾਇਆ ਹੈ, ਉਹਨੇ ਬਾਬੂਆਂ ਵਾਲੀ ਜੁਗਤ ਦੱਸੀ ਕਿ ਜੇਕਰ ਕਪਤਾਨ ਸਾਹਿਬ ਦੇ ਪੁੱਛਣ ਤੇ ਬਰੇਟਾ, ਬੋਹਾ, ਬਾਲਿਆਂਵਾਲੀ ਵੱਲੋਂ ਤੁਸੀਂ ਸ਼ੁਰੂ ਕਰ ਦਿੰਦੇ ਤਾਂ ਮੇਰੀ ਤਾਇਨਾਤੀ ਉੱਥੇ ਹੋ ਜਾਣੀ ਸੀ। ਉਹ ਸਾਡੇ ਬਾਰੇ ਸਮਝ ਗਿਆ। ਮੈਂ 1985 ਵਿੱਚ ਡੀ.ਐਸ.ਪੀ. ਮਾਨਸਾ ਲੱਗ ਗਿਆ। ਉਸ ਸਮੇਂ ਸਬ-ਡਵੀਜਨ ਹੀ ਸੀ। ਮੇਰੇ ਐਸ.ਐਸ.ਪੀ. ਆਰ.ਐਸ. ਗਿੱਲ ਪੂਰੇ ਇਮਾਨਦਾਰ ਤੇ ਚੰਗੇ ਪ੍ਰਬੰਧਕ ਸਨ। ਉਨ੍ਹਾਂ ਦੇ ਕੁੱਝ ਤਾਅਲਕਾਤ ਸ. ਬਲਦੇਵ ਸਿੰਘ ਖਿਆਲਾ ਐਮ.ਐਲ.ਏ. ਨਾਲ ਚੰਗੇ ਨਾ ਰਹੇ। ਮੈਂ ਮੁੱਖ ਕਲਰਕ ਦਾ ਸੇਵਾ ਪਾਣੀ ਨਹੀਂ ਸੀ ਕਰਦਾ। ਬਲਦੇਵ ਸਿੰਘ ਦਾ ਪਿੰਡ ਤੇ ਕਾਫੀ ਪਿੰਡ ਮੇਰੀ ਸਬ-ਡਵੀਜਨ ਵਿੱਚ ਹੀ ਸਨ। ਮੇਰੇ ਚਾਰੇ ਐਮ.ਐਲ.ਏਜ਼ ਨਾਲ ਇੱਕੋ ਜਿਹਾ ਹੀ ਵਿਹਾਰ ਸੀ। ਪਰ ਮੁੱਖ ਕਲਰਕ ਦੀਆਂ ਗੱਲਾਂ ਕਰਕੇ ਮੈਂ ਗਿੱਲ ਸਾਹਿਬ ਦੇ ਨੇੜੇ ਨਾ ਹੋਇਆ। ਉਨ੍ਹਾਂ ਨੂੰ ਮੇਰੇ ਬਾਰੇ ਸਹੀ ਪਤਾ ਡੀ.ਐਸ.ਪੀ. ਦਿਹਾਤੀ ਸੰਗਰੂਰ ਆਉਣ ਤੇ ਲੱਗਿਆ, ਜਦੋਂ ਉਹ ਡੀ.ਆਈ.ਜੀ. ਪਟਿਆਲਾ ਰੇਂਜ ਆਏ।
    ਪੁਲਿਸ ਵਿੱਚ ਇੱਕ ਦੂਜੇ ਦੇ ਪੈਰ ਖਿੱਚਣ ਦੀ ਵੀ ਆਦਤ ਹੈ, ਜੋ ਅਜੇ ਤੱਕ ਬਦਲੀ ਨਹੀਂ। ਪੁਲਿਸ ਦੀਆਂ ਤਰੱਕੀਆਂ ਸਿੱਧੀਆਂ ਸਿਪਾਹੀ ਤੋਂ ਵੱਡੇ ਦਫਤਰ ਚੰਡੀਗੜ੍ਹ ਤੋਂ ਹੁੰਦੀਆਂ ਹਨ। ਤਜੱਰਬੇਕਾਰ ਸਿਪਾਹੀਆਂ ਲਈ ਸੀ.-2 ਹੈ। ਚੰਗੇ ਸਿਪਾਹੀਆਂ ਦਾ ਕੰਮ ਦੇਖ ਕੇ ਅਫਸਰ ਸਿਫਾਰਸ਼ ਕਰ ਦਿੰਦੇ ਸਨ। ਡੀ.ਆਈ.ਜੀ.. ਤੋਂ ਸਿਪਾਹੀ ਨੂੰ ਸੀ.-2 ਮਿਲ ਜਾਂਦਾ ਸੀ ਤੇ ਫੇਰ ਹੌਲਦਾਰ ਦੀ ਤਰੱਕੀ ਵੀ। ਹੌਲਦਾਰ ਤੱਕ ਤਰੱਕੀ ਜਿਲ੍ਹਾ ਕਪਤਾਨ ਕੋਲ ਹੀ ਸੀ। ਸਹਾਇਕ ਥਾਣੇਦਾਰ ਤੇ ਥਾਣੇਦਾਰ ਦੀ ਤਰੱਕੀ ਡੀ.ਆਈ.ਜੀ. ਦਫਤਰ ਤੋਂ ਹੁੰਦੀ ਸੀ। ਅਫਸਰ ਕੋਲ ਤਾਕਤ ਸੀ, ਚੰਗੇ ਅਫਸਰ ਉਸ ਨੂੰ ਵਰਤਦੇ ਵੀ ਸਨ। ਜੇਕਰ ਕਿਸੇ ਦੀ ਤਰੱਕੀ ਦੀ ਸਿਫਾਰਸ਼ ਜਿਲ੍ਹੇ ਵੱਲੋਂ ਹੁੰਦੀ ਤਾਂ ਕਰਮਚਾਰੀ ਨੂੰ ਬਾਬੂਆਂ ਦੇ ਬਸ ਪੈਣਾ ਪੈਂਦਾ ਹੈ। ਮੈਂ 1974-75 ਵਿੱਚ ਮੈਂ ਦੁਬਾਰੇ ਮੁੱਖ ਅਫਸਰ ਦਿਆਲਪੁਰਾ ਭਾਈਕਾ ਲੱਗਿਆ। ਥਾਣੇ ਦੇ ਵੱਡੇ ਪਿੰਡ ਕੋਠਾ ਗੁਰੂ ਵਿੱਚ ਦੋ ਕਤਲ ਹੋ ਗਏ। ਦੋਵੇਂ ਚੰਗੇ ਖਾਂਦੇ ਪੀਂਦੇ ਸਨ। ਬੱਗਾ ਸਿੰਘ ਸਰਪੰਚ ਤੇ ਪ੍ਰਤਾਪ ਸਿੰਘ ਨੰਬਰਦਾਰ ਨੇ ਸਾਹਨੀ ਸਾਹਿਬ ਦੇ ਜਿਲ੍ਹਾ ਕਪਤਾਨ ਸਮੇਂ ਚੰਗੀ ਅਫੀਮ ਫੜਾਈ ਸੀ ਤੇ ਸਿਰੇ ਨਿਭੇ। ਸਾਹਨੀ ਸਾਹਿਬ ਡੀ.ਆਈ.ਜੀ. ਫਿਰੋਜਪੁਰ ਤੋਂ ਮੇਰੇ ਥਾਣੇ ਦੀ ਦੇਖਭਾਲ ਕਰਨ ਆਏ। ਮੇਰੀ ਤਫਤੀਸ਼ ਤੇ ਸਾਰਾ ਕੰਮ ਦੇਖਿਆ। ਉਹ ਦੋਵੇਂ ਉਨ੍ਹਾਂ ਨੂੰ ਮਿਲਣ ਆ ਗਏ। ਸਾਹਨੀ ਸਾਹਿਬ ਪੁੱਛਦੇ ਰਹੇ ਕਿ ਥਾਣੇਦਾਰ ਤੇ ਥਾਣੇ ਵਿੱਚ ਕੀ ਖਰਚ ਹੋਇਆ। ਉਨ੍ਹਾਂ ਨੇ ਤਸੱਲੀ ਬੜੀ ਔਖ ਨਾਲ ਕਰਵਾਈ ਕਿ ਇਹ ਗੱਲ ਥਾਣੇਦਾਰ ਤੇ ਲਾਗੂ ਨਹੀਂ ਹੁੰਦੀ। ਉਹ ਜਾਂਦੇ ਹੋਏ ਮੈਨੂੰ ਅੰਗਰੇਜ਼ੀ ਵਿੱਚ ਕਹਿਣ ਲੱਗੇ, "ਮੈਂ ਤੇਰੇ ਤੇ ਬਹੁਤ ਖੁਸ਼ ਹਾਂ, ਤੈਨੂੰ ਇਸ ਦਾ ਕੁੱਝ ਲਾਭ ਮਿਲੇਗਾ। ਤਾਂ ਕੁੱਝ ਦਿਨਾਂ ਪਿੱਛੋਂ ਹੀ ਮੇਰੇ ਵੱਡੇ ਥਾਣੇਦਾਰ ਦੇ ਪ੍ਰੋਬੇਸ਼ਨ ਸਮੇਂ ਦਾ ਹੁਕਮ ਆ ਗਿਆ, ਅੱਜ ਕੱਲ ਇਸ ਤਰ੍ਹਾਂ ਨਹੀਂ ਹੁੰਦਾ, ਜਦੋਂ ਕਿ ਜ਼ਰੂਰੀ ਹੈ।
    ਪੰਜਾਬ ਪੁਲਿਸ ਵਿੱਚ ਚੰਗੇ ਤਫਤੀਸ਼ੀਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਪਹਿਲਾਂ ਥਾਣੇਦਾਰ ਬਹੁਤੇ ਹੱਥੀਂ ਲਿਖਦੇ ਸਨ, ਪਰ ਹੁਣ ਬਹੁਤ ਘੱਟ ਤਫਤੀਸ਼ੀ ਲਿਖਦੇ ਹੋਣਗੇ। ਪੰਜਾਬ ਪੁਲਿਸ ਕੋਲ 100 ਤੋਂ ਵੱਧ ਡੀ.ਆਈ.ਜੀ. ਤੋਂ ਡੀ.ਜੀ.ਪੀ. ਤੱਕ ਅਫਸਰ ਹਨ, ਪਰ ਥਾਣਿਆ ਵਿੱਚ ਅਬਾਦੀ ਦੇ ਅਧਾਰ ਤੇ ਸਿਪਾਹੀ ਨਹੀਂ। ਪਹਿਲਾਂ ਹਰ ਸ਼ਹਿਰ ਵਿੱਚ ਰਾਤ ਨੂੰ 10 ਤੋਂ 4 ਵਜੇ ਤੱਕ ਰਾਤ ਦੀ ਗਸ਼ਤ ਹੁੰਦੀ ਸੀ, ਪਰ ਮੈਂ ਹੁਣ ਕਿਸੇ ਸ਼ਹਿਰ ਵਿੱਚ ਨਹੀਂ ਦੇਖੀ। ਥਾਣਿਆ ਕੋਲ ਗਸ਼ਤ ਜੋਗੇ ਸਿਪਾਹੀ ਹੀ ਨਹੀਂ ਹਨ। ਵੱਡੇ ਅਫਸਰਾਂ ਦੀ ਭਰਮਾਰ ਹੈ। ਮੈਂ ਔਰਤ ਸਿਪਾਹੀਆਂ ਦੀ ਭਰਤੀ ਦੇ ਵਿਰੁੱਧ ਨਹੀਂ। ਪਰ ਪੰਜਾਬ ਪੁਲਿਸ ਵਿੱਚ ਬਹੁਤ ਜਿਆਦਾ ਭਰਤੀ ਹੋ ਗਈ ਹੈ। ਬਹੁਤੀਆਂ ਸਿਪਾਹੀ ਕੁੜੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਨੂੰ ਦਿਨ ਦੀ ਡਿਊਟੀ ਮਿਲੇ ਤੇ ਉਹ ਸ਼ਾਮ ਨੂੰ ਆਪਣੇ ਘਰ ਜਾ ਸਕਣ। ਇਹ ਰੁਝਾਨ ਔਰਤਾਂ ਵਿੱਚ ਹੀ ਨਹੀਂ, ਸਗੋਂ ਰਾਤ ਸਮੇਂ ਕਿਸੇ ਪੁਲਿਸ ਲਾਈਨ ਵਿੱਚ ਸਿਪਾਹੀ ਨਹੀਂ ਦੇਖਿਆ ਜਾ ਸਕਦਾ। ਪਹਿਲਾਂ ਤਿੰਨ ਰਿਜ਼ਰਵਾਂ ਪੁਲਿਸ ਲਾਈਨ ਵਿੱਚ ਹਾਜ਼ਰ ਹੁੰਦੀਆਂ ਸਨ। ਜੋ ਲੋੜ ਪੈਣ ਤੇ ਵਰਤੀਆਂ ਜਾਂਦੀਆਂ ਸਨ। ਪੁਲਿਸ ਵਿੱਚ ਪਹਿਲਾਂ ਤਫਤੀਸ਼ੀ ਚੋਰਾਂ ਤੇ ਖੋਹਾਂ ਵਾਲਿਆਂ ਦੇ ਗੈਂਗ ਬਣਾਉਂਦੇ ਸਨ ਤਾਂ ਕਿ ਵੱਧ ਸਜਾ ਹੋ ਸਕੇ। ਹੁਣ ਗੈਂਗ ਪੰਜਾਬ ਵਿੱਚ ਆਮ ਹਨ ਤੇ ਮੀਡੀਆ ਵੀ ਇਨ੍ਹਾਂ ਦਾ ਪ੍ਰਚਾਰ ਖੁੱਲ ਕੇ ਕਰਦਾ ਹੈ। ਪੰਜਾਬ ਪੁਲਿਸ ਗੈਂਗਾਂ ਨੂੰ ਫੜਨ ਵਿੱਚ ਸਫਲ ਹੋ ਰਹੀ ਹੈ। ਪੁਲਿਸ ਜੁਰਮਾਂ ਤੇ ਕਾਬੂ ਪਾ ਰਹੀ ਹੈ। ਵਿਰੋਧੀ ਪਾਰਟੀਆਂ ਤੇ ਸਰਕਾਰੀ ਮੁਖੀਆਂ ਨੂੰ ਪੁਲਿਸ ਦੇ ਕੰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਚੰਗਾ ਹੋਵੇ ਜੇਕਰ ਸਾਰੇ ਜਿਲ੍ਹਿਆਂ ਦੇ ਮੁੱਖੀ ਚੰਗੀ ਤੇ ਵਧੀਆ ਸੋਹਰਤ ਵਾਲੇ ਲਾਏ ਜਾਣ। ਸਰਕਾਰ ਵੱਲੋਂ ਵੀ ਦਖਲ ਘਟੇ। ਮਿਹਨਤੀ, ਇਮਾਨਦਾਰ ਤੇ ਕਾਬਲ ਅਫਸਰਾਂ ਨੂੰ ਚੰਗੇ ਕੰਮ ਦੀ ਤਰੱਕੀ ਮਿਲੇ। ਖੇਡਾਂ ਦੇ ਅਧਾਰ ਤੇ ਤਰੱਕੀ ਦੇਣੀ ਪੀ.ਏ.ਪੀ. ਰਾਹੀਂ ਹੀ ਯੋਗ ਹੈ। 

 
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

25 Feb. 2018