ਦਰਦ ਪੰਜਾਬੀ ਦਾ - ਕੇਹਰ ਸ਼ਰੀਫ਼
ਦੇਖ ਲੈ ਪੰਜਾਬੀਏ ਨੀ ਪੁੱਤ ਤੇਰੇ ਲਾਡਲੇ
ਇਨ੍ਹਾਂ ਨੂੰ ਤਾਂ ਤੇਰੀ ਹੀ ਸਿਆਣ ਭੁੱਲੀ ਜਾਂਦੀ ਐ।
ਨਾਮ ਤੇਰਾ ਜਪਦੇ ਆ ਬਹਿ ਕੇ ਜਿਹੜੇ ਦਿਨੇ ਰਾਤੀਂ
ਅੱਖਰਾਂ ਦੀ ਉਨ੍ਹਾਂ ਨੂੰ ਪਛਾਣ ਭੁੱਲੀ ਜਾਂਦੀ ਐ।
ਮਨੁੱਖਤਾ ਦਾ ਪਿੱਟਦੀ ਢੰਡੋਰਾ ਜਿਹੜੀ ਅੱਠੇ ਪਹਿਰ
ਉਹੋ ਈ ਲੋਕਾਈ ਇਨਸਾਨ ਭੁੱਲੀ ਜਾਂਦੀ ਐ।
ਅੱਗੇ ਹੋਣਾ ਕੀ ਐ ਇਹੋ ਕੋਈ ਵੀ ਨਹੀਂ ਜਾਣਦਾ
ਭਵਿੱਖ ਦੀ ਜੁਆਨੀ ਵਰਤਮਾਨ ਭੁੱਲੀ ਜਾਂਦੀ ਐ।
ਕਿਵੇਂ ਦਦਿਔਰੇ, ਪਤਿਔਰੇ ਤੇ ਨਨਿਔਰੇ ਕਹੂ
ਜਿਹੜੀ ਪੀੜ੍ਹੀ ਆਪਣੀ ਜ਼ੁਬਾਨ ਭੁੱਲੀ ਜਾਂਦੀ ਐ।
ਕੱਖੋਂ ਹੌਲੇ ਰਿਸ਼ਤੇ ਤੇ ਮਰ ਰਿਹਾ ਮੋਹ ਵੇਖ
ਭਾਬੀ ਨੂੰ ਤਾਂ ਆਪਣੀ ਨਣਾਨ ਭੁੱਲੀ ਜਾਂਦੀ ਐ।