ਸਿੱਖਾਂ ਦੀ ਸਿਆਸੀ ਹੱਸਤੀ ਕਿਵੇਂ ਹੋਵੇ - ਹਰਦੇਵ ਸਿੰਘ ਧਾਲੀਵਾਲ

15, 16 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਹ ਰੱਖੀ ਗਈ ਕਿਉਂ ਕਿ ਮਹੰਤ ਗੁਰੂ ਘਰਾਂ ਨੂੰ ਆਪਣੀ ਜਾਇਦਾਤ ਸਮਝ ਬੈਠੇ ਸਨ ਤੇ ਬਹੁਤੇ ਆਚਰਣਹੀਣ ਹੀ ਸਾਬਤ ਹੋਏ। ਗੁਰਦੁਆਰਾ ਸੁਧਾਰ ਇਸ ਦਾ ਮੰਤਵ ਸੀ। ਇਸ ਮੰਤਵ ਨੂੰ ਪੂਰਾ ਕਰਨ ਲਈ ਇੱਕ ਜਮਾਤ ਦੀ ਲੋੜ ਪਈ ਤਾਂ ਕਿ ਐਜੀਟੇਸ਼ਨ ਸ਼ੁਰੂ ਕੀਤੀ ਜਾਵੇ। ਫੇਰ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਰੱਖੀ ਗਈ। ਸਿੱਖਾਂ ਦੀ ਸਿਆਸੀ ਗੱਲ ਉਸ ਸਮੇਂ ਸਿੱਖ ਲੀਗ ਕਰਦੀ ਸੀ। ਸ. ਖੜਕ ਸਿੰਘ ਇੱਕੋ ਸਮੇਂ ਤਿੰਨੇ ਜੱਥੇਬੰਦੀਆਂ ਦੇ ਪ੍ਰਧਾਨ ਰਹੇ। ਉਸ ਸਮੇਂ ਇਨ੍ਹਾਂ ਤੋਂ ਬਿਨਾਂ ਸ. ਕਰਤਾਰ ਸਿੰਘ ਝੱਬਰ, ਸ. ਤੇਜਾ ਸਿੰਘ ਸਮੁੰਦਰੀ, ਸ. ਬ. ਮਹਿਤਾਬ ਸਿੰਘ, ਤਿੰਨੇ ਝਬਾਲੀਏ ਵੀਰ, ਮਾ. ਤਾਰਾ ਸਿੰਘ, ਗਿਆਨੀ ਸ਼ੇਰ ਸਿੰਘ, ਜੱਥੇ. ਤੇਜਾ ਸਿੰਘ ਭੁੱਚਰ ਤੇ ਮਾਸਟਰ ਮੋਤਾ ਸਿੰਘ ਆਦਿ ਤੋਂ ਇਲਾਵਾ ਸਿੱਖ ਬੁੱਧੀਜੀਵੀ, ਪ੍ਰੋਫੈਸ਼ਰ ਮਸ਼ਹੂਰ ਵਕੀਲ ਤੇ ਸਾਬਕਾ ਫੌਜੀ ਵੀ ਅੱਗੇ ਆ ਗਏ। ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਲਈ ਕੌਮ ਵਿੱਚ ਜਾਗਰਤਾ ਦਾ ਹੜ ਆ ਗਿਆ। ਸਭ ਦਾ ਭਾਵ ਗੁਰਦੁਆਰਿਆਂ ਦੀ ਸਹੀ ਸੰਭਾਲ ਸੀ। ਪੰਜ ਛੇ ਸਾਲ ਦੇ ਲੰਬੇ ਘੋਲ ਤੋਂ ਪਿੱਛੋਂ ਗੁਰਦੁਆਰਾ ਐਕਟ ਹੋਂਦ ਵਿੱਚ ਆਇਆ।
ਗੁਰਦੁਆਰਾ ਐਕਟ ਪਾਸ ਹੋਣ ਤੇ ਲਾਹੌਰ ਕਿਲੇ ਦੀ ਜੇਲ੍ਹ ਵਿੱਚ ਬੈਠੀ ਸਿੱਖ ਲੀਡਰਸ਼ਿੱਪ ਦੋ ਧੜਿਆਂ ਵਿੱਚ ਵੰਡੀ ਗਈ। ਐਕਟ ਅਨੁਸਾਰ ਜੇਲ੍ਹ ਵਿੱਚ ਬੈਠੇ ਲੀਡਰ ਐਕਟ ਮੰਨਣ ਦਾ ਭਰੋਸਾ ਦੇ ਕੇ ਬਾਹਰ ਆ ਸਕਦੇ ਸਨ। ਬਹੁਤੀਆਂ ਕੁਰਬਾਨੀਆਂ ਵਾਲੇ ਸਾਥ ਨਾ ਚੱਲ ਸਕੇ। ਐਕਟ ਮੰਨਣ ਦੀ ਗੱਲ ਕਹਿ ਕੇ ਸ.ਬ. ਮਹਿਤਾਬ ਸਿੰਘ ਤੇ ਗਿਆਨੀ ਸ਼ੇਰ ਸਿੰਘ ਦੀ ਸਰਕਰਦਗੀ ਹੇਠ 19 ਲੀਡਰ ਬਾਹਰ ਆ ਗਏ। ਸ.ਬ. ਮਹਿਤਾਬ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਸ. ਤੇਜਾ ਸਿੰਘ ਸਮੁੰਦਰੀ ਤੇ ਮਾ. ਤਾਰਾ ਸਿੰਘ ਦੀ ਰਹਿਨੁਮਾਈ ਹੇਠ 16 ਲੀਡਰ ਭਰੋਸਾ ਨਾ ਦੇਣ ਤੋਂ ਇਨਕਾਰੀ ਹੋ ਗਏ। ਜਦੋਂ ਕਿ ਐਕਟ ਸਭ ਨੇ ਪੜ੍ਹ ਲਿਆ ਸੀ। ਜੇਲ੍ਹ ਵਿੱਚ ਜੱਥੇ. ਤੇਜਾ ਸਿੰਘ ਸਮੁੰਦਰੀ ਚਲਾਣਾ ਕਰ ਗਏ ਤੇ ਜਾਂਦੇ ਹੋਏ ਆਪਣੇ ਧੜੇ ਨੂੰ ਮਾ. ਤਾਰਾ ਸਿੰਘ ਨੂੰ ਲੀਡਰ ਮੰਨਣ ਦੀ ਸਲਾਹ ਦੇ ਗਏ। ਸਰਕਾਰ ਨੇ ਗੈਰ ਕਾਨੂੰਨੀ ਸੰਸਥਾਵਾਂ ਦਾ ਹੁਕਮ ਵਾਪਿਸ ਲੈ ਲਿਆ ਤਾਂ ਉਹ ਵੀ ਬਾਹਰ ਆ ਗਏ। ਲੜਾਈ ਦਾ ਮੁੱਢ ਬੱਝ ਗਿਆ। ਅਕਾਲੀ ਦਲ ਤੇ ਸ. ਮੰਗਲ ਸਿੰਘ ਨੇ ਕਬਜਾ ਕਰ ਲਿਆ ਕਿਉਂਕਿ ਉਹ ਜੇਲ੍ਹ ਤੋਂ ਬਾਹਰ ਹੀ ਸਨ ਤਾਂ ਦੂਜੀ ਪਾਰਟੀ ਨੇ ਕੇਂਦਰੀ ਅਕਾਲੀ ਦਲ ਅਥਵਾ ਖਾਲਸਾ ਪਾਰਟੀ ਬਣਾ ਲਈ 1926 ਦੀ ਗੁਰਦੁਆਰਾ ਕਮੇਟੀ ਦੀ ਚੋਣ ਹੋਈ ਤਾਂ ਅਕਾਲੀ ਦਲ 68 ਸੀਟਾਂ ਜਿੱਤ ਗਿਆ। ਕੇਂਦਰੀ ਅਕਾਲੀ ਦਲ 54 ਸੀਟਾਂ ਹੀ ਜਿੱਤ ਸਕਿਆ। ਮਿਲਵਰਤਨ ਤੇ ਸੁਲਾਹ ਸਫਾਈ ਦੀ ਗੱਲ ਤੇ ਦੋਵੇਂ ਧੜੇ ਸ. ਖੜਕ ਸਿੰਘ ਨੂੰ ਪ੍ਰਧਾਨ ਬਣਾਉਣ ਲਈ ਮੰਨ ਗਏ। ਮਾਸਟਰ ਜੀ ਮੀਤ ਪ੍ਰਧਾਨ ਬਣੇ ਤੇ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਗਿਆਨੀ ਸ਼ੇਰ ਸਿੰਘ ਹੀ ਰਹੇ, ਜੋ ਭਾਈਚਾਰਕ ਕਮੇਟੀ ਦੇ ਸਮੇਂ ਤੋਂ ਬਣੇ ਹੋਏ ਸਨ। ਘਰੇਲੂ ਜਿੰਮੇਵਾਰੀਆਂ ਤੇ ਮੁੱਖ ਵਕੀਲ ਹੋਣ ਕਾਰਨ ਸ.ਬ. ਮਹਿਤਾਬ ਸਿੰਘ ਪਿੱਛੇ ਹਟ ਗਏ।
ਫੇਰ ਇਹ ਲੜਾਈ ਗਿਆਨੀ ਸ਼ੇਰ ਸਿੰਘ ਤੇ ਮਾਸਟਰ ਤਾਰਾ ਸਿੰਘ ਵਿਚਕਾਰ ਚੱਲਦੀ ਰਹੀ। ਦੋਵੇਂ ਧਿਰਾਂ ਪੰਥ ਪ੍ਰਸਤ ਸਨ। ਇਸ ਕਰਕੇ ਨਹਿਰੂ ਰਿਪੋਰਟ ਦੇ ਵਿਰੁੱਧ ਦੋਵੇਂ ਇੱਕ ਰਾਇ ਰਹੇ। ਗੁਰਦੁਆਰਾ ਸ਼ਹੀਦ ਗੰਜ ਦੇ ਮਸਲੇ ਤੇ ਕੰਮਿਊਨਲ ਅਵਾਰਡ ਦੀ ਵਿਰੋਧਤਾ ਲਈ ਦੋਵੇਂ ਰਲ ਕੇ ਚੱਲੇ। ਉਨ੍ਹਾਂ ਵਿੱਚ ਪਾਰਟੀਬਾਜੀ ਸੀ, ਪਰ ਪੰਥ ਲਈ ਇੱਕ ਸਨ। ਗਿਆਨੀ ਸ਼ੇਰ ਸਿੰਘ ਨੇ 1937 ਦੀਆਂ ਚੋਣਾਂ ਸਾਰੀਆਂ ਪੰਥਕ ਪਾਰਟੀਆਂ ਨੂੰ ਰਲ ਕੇ ਲੜਨ ਦੀ ਸਲਾਹ ਦਿੱਤੀ, ਪਰ ਮਾਸਟਰ ਜੀ ਨੇ ਕਾਂਗਰਸ ਨਾਲ ਰਲ ਕੇ ਲੜੀਆਂ। ਗਿਆਨੀ ਜੀ ਅੱਡ ਲੜੇ ਤੇ ਸ. ਸੰਤੋਖ ਸਿੰਘ, ਰਾਜਾ ਸਰ ਦਲਜੀਤ ਸਿੰਘ ਤੇ ਉੱਤਮ ਸਿੰਘ ਦੁੱਗਲ ਆਦਿ ਨੂੰ ਜਿਤਾ ਗਏ ਤੇ ਉਨ੍ਹਾਂ ਨੇ ਸਰ ਸੁੰਦਰ ਸਿੰਘ ਮਜੀਠੇ ਦੀ ਮਦਤ ਕੀਤੀ ਤਾਂ ਉਹ ਯੂਨੀਨਿਸ਼ਟ ਸਰਕਾਰੀ ਵਿੱਚ ਮੰਤਰੀ ਬਣ ਗਏ। 1926 ਤੋਂ 39 ਤੱਕ ਪੰਜ ਗੁਰਦੁਆਰਾ ਚੋਣਾਂ ਹੋਈਆਂ। ਗਿਆਨੀ ਕਰਤਾਰ ਸਿੰਘ ਅਨੁਸਾਰ ਇਹ ਚੋਣਾਂ ਗਹਿ ਗੱਚ ਮੁਕਾਬਲੇ ਵਿੱਚ ਹੋਈਆਂ। 1940 ਵਿੱਚ ਮਾਸਟਰ ਜੀ ਤੇ ਗਿਆਨੀ ਕਰਤਾਰ ਸਿੰਘ ਨੇ ਫੌਜ ਦੀ ਭਰਤੀ ਦੇ ਅਧਾਰ ਤੇ ਕਾਂਗਰਸ ਤੋਂ ਅਸਤੀਫੇ ਦੇ ਦਿੱਤੇ। ਗਿਆਨੀ ਕਰਤਾਰ ਸਿੰਘ ਨੇ ਪਾਕਿਸਤਾਨ ਦੀ ਵਿਰੋਧਤਾ ਤੇ ਫੌਜ ਦੀ ਭਰਤੀ ਨੂੰ ਉਤਸ਼ਾਹਤ ਕਰਨ ਲਈ ਮਾਸਟਰ ਜੀ ਤੇ ਗਿਆਨੀ ਸ਼ੇਰ ਸਿੰਘ ਦਾ ਸਮਝੌਤਾ ਕਰਵਾਇਆ। ਇਸ ਵਿੱਚ ਪੰਥ ਦਾ ਭਲਾ ਸੀ। ਸ. ਊਧਮ ਸਿੰਘ ਨਾਗੋਕੇ ਦਾ ਧੜਾ ਕਾਂਗਰਸ ਦੀ ਪਾਲਿਸੀ ਅਨੁਸਾਰ ਹੀ ਚੱਲਦਾ ਰਿਹਾ। ਅਕਾਲੀ ਦਲ ਪੰਥ ਦੀ ਭਲਾਈ ਦੇਖਦਾ ਸੀ।
ਅਕਾਲੀ ਦਲ ਨੇ 1944 ਵਿੱਚ ਸ. ਅਜੀਤ ਸਿੰਘ ਸਰਹੱਦੀ ਨੂੰ ਸੂਬਾ ਸਰਹੱਦ ਵਿੱਚ ਮੁਸਲਿਮ ਲੀਗ ਦੀ ਵਜਾਰਤ ਵਿੱਚ ਵਜੀਰ ਬਣਾ ਦਿੱਤਾ ਕਿਉਂਕਿ ਇਸ ਵਿੱਚ ਪੰਥ ਦੀ ਭਲਾਈ ਸੀ। ਮਹਾਸ਼ਾ ਕ੍ਰਿਸ਼ਨ ਆਦਿ ਵੱਲੋਂ ਇਸ ਦੀ ਵਿਰੋਧਤਾ ਹੋਈ। ਪਰ ਗਿਆਨੀ ਜੀ ਸਰਹੱਦੀ ਨੂੰ ਸਪੋਰਟ ਕਰਦੇ ਰਹੇ। ਜੱਥੇਦਾਰ ਨਾਗੋਕਾ ਦਾ ਗਰੁੱਪ ਕਾਂਗਰਸ ਪ੍ਰਸਤ ਰਿਹਾ ਤੇ 1942 ਵਿੱਚ ਗ੍ਰਿਫਤਾਰੀਆਂ ਵੀ ਦਿੱਤੀਆਂ। ਅਕਾਲੀ ਦਲ ਪੰਥ ਦੇ ਭਲੇ ਦੀ ਗੱਲ ਸੋਚਦਾ ਸੀ, ਇਸੇ ਕਰਕੇ ਹੀ ਅਜੀਤ ਸਿੰਘ ਸਰਹੱਦੀ ਨੂੰ ਵਜ਼ੀਰ ਬਣਾਇਆ ਗਿਆ। 1947 ਵਿੱਚ ਇਹ ਧੜਾ ਬਿਲਕੁਲ ਕਾਂਗਰਸ ਵਿੱਚ ਹੀ ਮਿਲ ਗਿਆ ਅਤੇ ਇਨ੍ਹਾਂ ਨੇ ਸਰਕਾਰ ਦਾ ਲਾਭ ਵੀ ਉਠਾਇਆ। ਗਿਆਨੀ ਕਰਤਾਰ ਸਿੰਘ ਵੰਡ ਸਮੇਂ ਕਾਂਗਰਸ ਵਿੱਚ ਸ਼ਾਮਲ ਹੋਏ, ਤੇ ਸ਼ਰਨਾਰਥੀਆਂ ਨੂੰ ਵਸਾਇਆ, ਫੇਰ ਅਕਾਲੀ ਦਲ ਵਿੱਚ ਪਰਤ ਗਏ ਤੇ ਪੰਜਾਬੀ ਸੂਬੇ ਦੀ ਗੱਲ ਖੜ੍ਹੀ ਕਰ ਦਿੱਤੀ। ਅਕਾਲੀ ਦਲ ਵਿੱਚ ਉਹ ਜਨਰਲ ਸਕੱਤਰ ਬਣੇ ਤੇ ਕਾਂਗਰਸ ਦੀ ਵਿਰੋਧਤਾ ਵੀ ਕਰਦੇ ਰਹੇ। 1957 ਵਿੱਚ ਫੇਰ ਅਕਾਲੀ ਕਾਂਗਰਸ ਸਮਝੌਤਾ ਹੋਇਆ ਤੇ ਗਿਆਨੀ ਜੀ ਫੇਰ ਵਜੀਰ ਬਣ ਗਏ। ਪਰ 1959 ਵਿੱਚ ਮਾਸਟਰ ਜੀ ਨੇ ਸਮਝੌਤਾ ਤੋੜ ਦਿੱਤਾ। 1962 ਵਿੱਚ ਸੰਤ ਫਤਿਹ ਸਿੰਘ ਦਾ ਅਕਾਲੀ ਦਲ ਤੇ ਕਬਜਾ ਹੋ ਚੁੱਕਿਆ ਸੀ। ਪੰਜਾਬ ਅਣਵੰਡੇ ਵਿੱਚ ਅਕਾਲੀ ਦਲ ਕਾਂਗਰਸ ਦਾ ਵਿਰੋਧੀ ਸੀ। ਪੰਜਾਬੀ ਸੂਬੇ ਦੀ ਮੰਗ ਕਰਦਾ ਸੀ। ਮੈਂ ਸੰਤ ਚੰਨਣ ਸਿੰਘ ਨੂੰ ਦਿੱਲੀ ਦੇ ਕਾਂਗਰਸ ਦਫਤਰ ਵਿੱਚ ਆ ਦੇਖਿਆ ਹੈ। ਉਹ ਅਕਾਲੀ ਹੁੰਦੇ ਹੋਏ ਗੰਗਾ ਨਗਰ ਦੇ ਇਲਾਕੇ ਵਿੱਚ ਦੋ ਕਾਂਗਰਸੀ ਸਿੱਖਾਂ ਦੀ ਹਮਾਇਤ ਲਈ ਗਏ ਸਨ ਤੇ ਟਿਕਟ ਮੰਗਦੇ ਸਨ ਕਿਉਂਕਿ ਇਸ ਵਿੱਚ ਸਿੱਖਾਂ ਦੀ ਭਲਾਈ ਸੀ।
ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਸਮੇਂ ਹਜ਼ਾਰਾ ਪਰਿਵਾਰ ਪੰਜਾਬ ਦੇ ਗੁਜਰਾਤ ਵਿੱਚ ਵਸਾਏ ਗਏ ਸਨ। ਸੂਬੇ ਦੀ ਸਰਕਾਰ ਉਨ੍ਹਾਂ ਦੇ ਹੱਕ ਖਤਮ ਕਰਨਾ ਚਾਹੁੰਦੀ ਹੈ, ਪਰ ਹਾਈ ਕੋਰਟ ਤੋਂ ਉਨ੍ਹਾਂ ਨੂੰ ਰਾਹਤ ਮਿਲ ਗਈ। ਪਰ ਸਰਕਾਰ ਨੇ ਉਸ ਰਾਹਤ ਵਿਰੁੱਧ ਸੁਪਰੀਮ ਕੋਰਟ ਵਿੱਚ ਕੇਸ ਕਰ ਰੱਖਿਆ ਹੈ। ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਭਾਈਵਾਲ ਪਾਰਟੀ ਬੀ.ਜੇ.ਪੀ. ਜੋਰ ਨਾਲ ਕਹਿ ਕੇ ਉਨ੍ਹਾਂ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਹੋਈ ਅਪੀਲ ਨੂੰ ਵਾਪਸ ਕਰਵਾਏ। ਅਕਾਲੀ ਦਲ ਦੇਖੇ ਕਿ ਕਿਸ ਪ੍ਰਾਂਤ ਦੇ ਸਿੱਖਾਂ ਨੂੰ ਕਿਸ ਪਾਰਟੀ ਨਾਲ ਸਾਂਝ ਪਾਉਣ ਦਾ ਲਾਭ ਹੈ। ਉਹ ਉਸ ਦੀ ਹੀ ਮਦਤ ਕਰਨ। ਅਕਾਲੀ ਦਲ ਕੇਂਦਰ ਦੀ ਬੀ.ਜੇ.ਪੀ. ਸਰਕਾਰ ਤੋਂ ਸਿੱਖ ਲਾਭਾਂ ਦਾ ਖਿਆਲ ਕਰਵਾਏ। ਬੰਗਾਲ ਵਿੱਚ ਸਿੱਖ ਹਨ, ਉਹ ਰਾਜ ਕਰਦੀ ਪਾਰਟੀ ਦਾ ਸਾਂਝ ਪਾ ਸਕਦੇ ਹਨ। ਇਸ ਤੇ ਅਕਾਲੀ ਦਲ ਇਤਰਾਜ ਨਾ ਕਰੇ। ਯੂ.ਪੀ. ਜਾਂ ਉਤਰਖੰਡ ਵਿੱਚ ਸਾਡੇ ਬਹੁਤ ਕਿਸਾਨ ਹਨ। ਉਨ੍ਹਾਂ ਦੇ ਹੱਥ ਸੁਰੱਖਿਅਤ ਰੱਖੇ ਜਾਣ। ਹਰਿਆਣੇ ਵਿੱਚ ਚੌਟਾਲੇ ਦੇ ਲੋਕ ਦਲ ਦੀ ਮਦਤ ਹੁਣ ਜਾਇਜ ਨਹੀਂ। ਇਹ ਗੱਲ ਠੀਕ ਹੈ ਕਿ 1975 ਵਿੱਚ ਸ੍ਰੀਮਤੀ ਇੰਦਰਾ ਗਾਂਧੀ ਪੰਜਾਬ ਦੀ ਹਰ ਮੰਗ ਮੰਨਦੀ ਸੀ, ਪਰ ਅਸੀਂ ਸਹੀ ਹੱਥ ਨਾ ਫੜ ਸਕੇ ਹੁਣ ਅਕਾਲੀ ਦਲ ਕੇਂਦਰ ਵਿੱਚ ਬੀ.ਜੇ.ਪੀ. ਦਾ ਭਾਈਵਾਲ ਹੈ, ਤਾਂ ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦਾ ਮਸਲਾ ਤੇ ਭਾਖੜਾ ਡੈਮ ਆਦਿ ਮੰਗਾਂ ਮੰਨਵਾ ਸਕਦੇ ਹਨ। ਫੇਰ ਅਜਿਹਾ ਸਮਾਂ ਨਹੀਂ ਆਏਗਾ। ਅਸੀਂ ਇਹ ਦੇਖੀਏ ਕਿ ਕਿਸ ਪ੍ਰਾਂਤ ਦੇ ਵਸਨੀਕਾਂ ਨੂੰ ਕਿਸ ਪਾਰਟੀ ਦੀ ਲੋੜ ਹੈ। ਇੱਕ ਪਾਰਟੀ ਨਾਲ ਬਿਲਕੁਲ ਨਾ ਬੱਝੀਏ।
ਸਾਰੇ ਪੰਜਾਬ ਦੇ ਆਗੂ ਇਕੱਠੇ ਹੋਣ, ਪੰਜਾਬ ਦੀਆਂ ਮੰਗਾਂ ਤੇ ਹਾਲਾਤ ਬਾਰੇ ਖੁੱਲ੍ਹੀ ਗੱਲ ਕਰਨ। ਜੇਕਰ ਪੰਜਾਬ ਕੋਲ ਪਾਣੀ ਦੇਣ ਲਈ ਨਹੀਂ ਤਾਂ ਕਿੱਥੋਂ ਦਿੱਤਾ ਜਾਏਗਾ। ਆਖਰ ਪੰਜਾਬ ਵੀ ਦੇਸ਼ ਦਾ ਇੱਕ ਹਿੱਸਾ ਹੈ। ਅਜ਼ਾਦੀ ਲਈ ਪੰਜਾਬ ਨੇ ਸਭ ਤੋਂ ਵੱਧ ਘਾਲਣਾ ਘਾਲੀ ਹੈ।
 

ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

13 March 2018