ਰਾਹ ਵਿੱਚ ਕੰਡੇ /ਗ਼ਜ਼ਲ - ਮਹਿੰਦਰ ਸਿੰਘ ਮਾਨ

ਲ਼ੋਕ ਸਮੇਂ ਦੇ ਹਾਕਮ ਤੋਂ ਅੱਕੇ,    
ਸੜਕਾਂ ਤੇ ਆ ਗਏ ਹੋ ਕੇ ਕੱਠੇ।

ਰਾਹ ਵਿੱਚ ਕੰਡੇ, ਨਾਲੇ ਘੁੱਪ ਨ੍ਹੇਰਾ,
ਦਿਲ ਵਾਲੇ ਹੀ ਤੁਰ ਸਕਦੇ ਅੱਗੇ।

ਫੇਰ ਹਰਾ ਛੇਤੀ ਹੀ ਹੋਏਗਾ,
ਝੜ ਚੁੱਕੇ ਨੇ ਜਿਸ ਰੁੱਖ ਦੇ ਪੱਤੇ।

ਜਾਂ ਫਿਰ ਫਾਡੀ ਨੂੰ ਕੁਝ ਨ੍ਹੀ ਮਿਲਦਾ,
ਜਾਂ ਫਿਰ ਫਾਡੀ ਨੂੰ ਮਿਲਦੇ ਗੱਫੇ।

ਕਹਿੰਦੇ ਦਿਲ ਦੇ ਵਿੱਚ ਰੱਬ ਹੈ ਵਸਦਾ,
ਸਾਨੂੰ ਦਿਲ ਆਪਣਾ ਮੰਦਰ ਲੱਗੇ।

ਨੀਂਦ ਜਰੂਰੀ ਤਾਂ ਹੈ ਸਿਹਤ ਲਈ,
ਪਰ ਬਹੁਤਾ ਸੌਣਾ ਮਾੜਾ ਲੱਗੇ।

ਕਿੰਜ ਤਰੱਕੀ ਸਾਡਾ ਦੇਸ਼ ਕਰੇ,
ਜਦ ਮੰਗਣ ਬੰਦੇ ਹੱਟੇ, ਕੱਟੇ।

**