ਲੁੱਟ ਘਸੁੱਟ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਸਾਡੇ ਨਾਲ ਮੈਕਸੀਕੋ ਏਅਰਪੋਰਟ ਅਣਹੋਣੀ ਜੇ ਹੋਈ
ਚਿੱਟੇ ਦਿਨ ਸਰੇਸ਼ਰ ਉਹ ਲਾਹ ਕੇ ਲੈ ਗਿਆ ਲੋਈ
ਕੈਨੇਡਾ ਵਿੱਚ ਦਾਖਲੇ ਲਈ ਥਰਡ ਕੰਟਰੀ ਚੋਂ ਹੋ ਕੇ ਆਉਣਾ ਪਿਆ।ਬੜਾ ਚਾਅ ਸੀ ਨਵਾਂ ਮੁਲਕ ਮੈਕਸੀਕੋ ਵੇਖਣ ਦਾ। ਪਰ ਮੈਕਸੀਕੋ ਸਿਟੀ ਏਅਰਪੋਰਟ ਦੇ ਸਟਾਫ ਨੇ ਆਪਣੇ ਮਹਿਮਾਨਾਂ ਨਾਲ ਮੌਤ ਦੇਣ ਦੀ ਹੱਦ ਤੱਕ ਦਾ ਸਲੂਕ ਕੀਤਾ।
ਹੱਡਬੀਤੀ ਪੜ੍ਹ ਕੇ ਤੁਸੀਂ ਇਹਦੀ ਚਰਚਾ ਜਰੂਰ ਕਰਨਾ ਤਾਂ ਜੋ ਸਾਡੇ ਵਾਂਗ ਕੋਈ ਹੋਰ ਪੀੜਾ ਨਾਂ ਉਠਾਵੇ।
ਮੈਕਸੀਕੋ ਏਅਰਪੋਰਟ ਤੇ ਇਮੀਗਰੇਸ਼ਨ ਕਲੀਅਰੈਂਸ ਤੋਂ ਬਾਦ ਆਪਣੇ ਬੈਗ ਲੈ ਕੇ ਬਾਹਰ ਆਉਣ ਲਈ ਗੇਟ ਤੇ ਪਹੁੰਚ ਬਾਹਰ ਨਿਕਲਣ ਹੀ ਲਗੇ ਕਿ ਇਕ ਵਿਅਕਤੀ ਨੇ ਆ ਕੇ ਸਾਨੂੰ ਮੋੜ ਲਿਆ ਤੇ ਸਾਡੇ ਪਰਸ ਸਿਰਫ ਪਰਸ ਲਹਾ ਕੇ ਫੋਲ ਕੇ ਕਾਉਂਟਰ ਤੇ ਖਿਲਾਰਾ ਪਾ ਦਿੱਤਾ।
ਨਾਂ ਤਾਂ ਉਸਦੀ ਬੋਲੀ ਸਾਡੀ ਸਮਝ ਵਿੱਚ ਆ ਰਹੀ ਸੀ ਤੇ ਨਾਂ ਉਸਨੂੰ ਸਾਡੀ।
ਉਸਨੇ ਆਪਣੇ ਫੌਨ ਦੀ ਸਕਰੀਨ ਤੇ 3040 ਲਿਖਿਆ ਤੇ ਬੋਲਿਆ 'ਪੇ ' ਤੇ ਉਹ ਸਾਡੇ ਪਾਸਪੋਰਟ ਲੈ ਕੇ ਦੌੜ ਗਿਆ।ਸਾਡੇ ਪਰਸ ਵਿੱਚ ਕੁਝ ਪੁਰਾਣਾ ਗਹਿਣਾ ਸੀ,ਕੁਝ ਬਨਾਉਟੀ ਝੁਮਕੇ ਗਾਨੀਆਂ ਬੀੜੇ ਵੀ ਸਨ।ਕਰੋਨਾ ਕਿਟ ਪਾਉਣ ਕਰਕੇ ਤੇ ਹਰ ਵਕਤ ਸੇਨੇਟਾਈਜ਼ਰ ਲਾੳਣ ਕਰਕੇ ਵਾਲੀਆਂ ਛਾਪਾਂ ਛੱਲੇ ਕੜੇ ਪਰਸ ਵਿੱਚ ਰੱਖੇ ਸਨ।ਉਸ ਵਿਅਕਤੀ ਨੇ ਉਂਗਲੀ ਵਿੱਚ ਦੋ ਮੁੰਦਰੀਆਂ ਅੜਾ ਜੇਬ ਵਿੱਚ ਪਾ ਲਈਆਂ।
ਅਸੀਂ ਸਮਝਿਆ ਕਿ ਸ਼ਾਇਦ ਸੋਨੇ ਦੇ ਗਹਿਣਿਆਂ ਨੂੰ ਟੈਕਸ ਪਾਇਆ ਹੈ।ਪਰ ਜਿੰਨੀ ਰਕਮ ਉਹਨੇ ਮੰਗੀ ,ਗਹਿਣਾ ਉਹਦੇ ਨਾਲੋਂ ਅੱਧੀ ਕੀਮਤ ਦਾ ਸੀ।
ਚੂੰ ਕਿ ਆਪਣਾ ਪਾਸਪੋਰਟ ਵਾਪਸ ਲੈਣਾ ਜਰੂਰੀ ਸੀ ,ਮੈਂ ਜਿੰਨੀ ਅੰਗਰੇਜੀ ਜਾਣਦੀ ਸੀ ਸਾਰੀ ਬੋਲ ਦਿੱਤੀ,ਉਹ ਕੰਨ ਹੀ ਨਹੀਂ ਕਰ ਰਿਹਾ ਸੀ।ਫਿਰ ਮੈਂ ਬੇਨਤੀ ਕੀਤੀ ਕਿ ਟਰਾਂਸਲੇਟਰ ( ਦੁਭਾਸ਼ੀਆ ) ਪਰੋਵਾਇਡ ਕਰੋ,ਕੋਈ ਅਸਰ ਨਹੀਂ।ਬਸ ਇਕ ਹੀ ਸ਼ਬਦ 'ਪੇ ਪਿਨਲਟੀ'।
ਉਥੇ ਮੇਰੇ ਵਰਗੇ ਹੋਰ ਪੀੜਿਤ ਵੀ ਚੀਖ ਕੁਰਲਾ ਰਹੇ ਸਨ।ਤੇ ਕੁਝ ਜੁਰਮਾਨੇ ਭਰ ਕੇ ਬਾਹਰ ਜਾ ਚੁਕੇ ਸਨ।ਕੁਝ ਕੁ ਨੂੰ ਉਸਨੇ ਅਣਸੀਤੇ ਕਪੜੈ ਦਾ ਜੁਰਮਾਨਾ ਵੀ ਕੀਤਾ।ਬੰਦ ਲਿਫਾਫਿਆਂ/ ਪੈਕਟਾਂ ਦੇ ਸੀਤੇ ਰੇਡੀਮੇਡ ਕਾਰਡੀਗਨ ਨੂੰ ਵੀ ਡਿਉਟੀ ਪਾਈ।ਜਦ ਕਿ ਖ੍ਰੀਦਦਾਰ ਸਾਰਾ ਸਮਾਨ ਸਾਰੇ ਟੈਕਸ ਅਦਾ ਕਰ ਕੇ ਹੀ ਖ੍ਰੀਦਦਾ ਹੈ।
ਫਿਰ ਮੈਂ ਤੇ ਦੋ ਹੋਰ ਭੈਣਾਂ ਨੇ ਇਹ ਵੀ ਕਿਹਾ ਕਿ 'ਕੀਪ ਗੋਲਡ ਵਿੱਧ ਯੂ',ਵੀ ਹੈਵ ਨੋ ਮਨੀ'.। ਉਸ ਤੇ ਕੋਈ ਅਸਰ ਨਾਂ ਹੋਇਆ।
ਫਿਰ ਕਿਹਾ ਕਿ ਸਾਨੂੰ ਸਾਡੇ ਵਾਰਸਾਂ ਨਾਲ ਫੋਨ ਤੇ ਗਲ ਕਰਨ ਲਈ ਵਾਈ ਫਾਈ ਦਿਓ।ਕੋਈ ਅਸਰ ਨਹੀਂ।
3040 ਯੂ.ਐਸ.ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ ਸਾਡੇ ਲਈ।
ਨਾਲ ਖੜੀਆਂ ਭੈਣਾਂ ਨੇ ਆਪਣਾ ਪੰਜਾਬ ਵਾਲਾ ਕਰੇਡਿਟ/ਡੈਬਿਟ ਕਾਰਡ ਵੀ ਦਿੱਤਾ,ਉਹ ਨਹੀਂ ਚਲਿਆ।ਸਾਡੇ ਕੋਲ ਕੇਨੇਡੀਅਨ ਡਾਲਰ ਸਨ ਉਸਨੇ ਕਿਹਾ,ਓਨਲੀ ਯੂ. ਐਸ.।
ਮੈਕਸੀਕੋ ਸਿਟੀ ਵਿੱਚ ਅਸੀਂ ਆਰਜ਼ੀ ਮੁਸਾਫਿਰ ਮਹਿਮਾਨ ਸੀ ਕਿਉਂਕਿ ਕੈਨੇਡਾ ਥਰਡ ਕੰਟਰੀ ਰਾਹੀਂ ਦਾਖਲ ਹੋਣ ਦੇ ਰਿਹਾ ਸੀ।ਬਜਾਏ ਸਾਡੀ ਮਦਦ ਦੇ ਸਾਨੂੰ ਇੰਨਾ ਕੁ ਦੁੱਖ ਦਿੱਤਾ ਗਿਆ ਜੋ ਸਾਡੀ ਬਰਦਾਸ਼ਤ ਵੀ ਜਵਾਬ ਦੇਣ ਲਗੀ।
ਮੈਂ ਬੇਨਤੀ ਕੀਤੀ ਕਿ ਮੈਨੂੰ ਉੱਚ ਅਧਿਕਾਰੀਆਂ ਕੋਲ ਪੇਸ਼ ਕੀਤਾ ਜਾਏ,ਪਰ ਇਸ ਤੇ ਵੀ ਉਹਨੇ ਕੰਨ ਨਹੀਂ ਕੀਤਾ।
ਚਾਰ ਘੰਟੇ ਦੀ ਜਦੋਜਹਿਦ ਤੇ ਚਾਰ ਹਜਾਰ ਡਾਲਰ ਅਦਾ ਕਰਨ ਤੇ ਸਾਨੂੰ ਸਾਡੇ ਪਾਸਪੋਰਟ ਦਿੱਤੇ ਗਏ ਇਥੇ ਵੀ ਉਸਨੂੰ ਸ਼ਰਮ ,ਸਬਰ ਨਹੀਂ ਆਇਆ,ਉਸਨੇ ਸਾਡੇ ਇਮੀਗਰੇਸ਼ਨ ਕਲੀਰੈਂਸ ਸਲਿਪ ਮੰਗ ਕੇ ਕਬਜੇ ਚ ਕਰ ਲਈ।ਤੇ ਅਗਲੇ ਦਿਨ ਰਵਾਨਗੀ ਵੇਲੇ 75 ਡਾਲਰ ਹੋਰ ਲਗੇ।
ਮੇਰੇ ਨਾਲ ਦੀਆਂ ਭੈਣਾਂ ਲਈ ਵੀ ਅਸੀ ਂ ਉਹਨਾਂ ਦੇ ਨਿਕਾਸ ਦਾ ਪ੍ਰਬੰਧ ਕੀਤਾ,ਇਕ ਨਵਵਿਆਹੀ ਦੁਲਹਨ ਜੋ ਪਹਿਲੀ ਵਾਰ ਜਹਾਜੇ ਚੜ੍ਹ ਸੋਨ ਸੁਪਨੇ ਲੈ ਕੈਨੇਡਾ ਪੁੱਜਣ ਦੇ ਅਥਾਹ ਉਤਸ਼ਾਹ ਵਿੱਚ ਸੀ ਚੀਖਾਂ ਮਾਰ ਰੋਈ।ਉਸਦੀ ਮਦਦ ਕਿਵੇਂ ਨਾਂ ਕਰਦੇ ?
ਏਅਰਪੋਰਟ ਦੇ ਅੰਦਰ ਹੀ ਕੈਸ਼ ਕਾਂਉਟਰ ਦੇ ਨੇੜੈ ਮਨੀ ਅਕਸਚੇਂਜ ਬੈਂਕ ਹੈ।
ਰਕਮ ਕਿਵੇਂ ਪ੍ਰਬੰਧ ਕੀਤੀ ਇਹ ਗਲ ਫਿਰ ਕਦੇ ਸਹੀ।ਬੱਸ ਆਪਣੇ ਪ੍ਰੋਗਰਾਮ ਰਾਹੀਂ ਆਮ ਲੋਕਾਂ ਤੱਕ ਮੈਕਸੀਕੋ ਏਅਰਪੋਰਟ ਤੇ ਹੁੰਦੀ ਲੁੱਟ ਤੋਂ ਜਾਣੂ ਕਰਾ ਦਿਓ।ਲੱਖ ਲਾਹਨਤ ਵੀ ਪਾਓ।ਸਾਨੂੰ ਸੋਨੇ ਲਈ ਜੁਰਮਾਨਾ ਕੀਤਾ ਹੁੰਦਾ ਜਾਂ ਅਸੀਂ ਮਾਫ਼ੀਆ ,ਸਮਗਲਰ ਹੁੰਦੇ ਕੌਈ ਅਫਸੋਸ ਨਾਂ ਹੁੰਦਾ,ਸਾਨੂੰ ਜੋ ਰਸੀਦ ਦਿੱਤੀ ਗਈ ਉਸ ਵਿੱਚ ਸਾਡੇ ਤੇ ਚਾਰ ਕੰਪਿਉਟਰ ਲੈ ਕੈ ਆਉਣ ਦਾ ਦੋਸ਼ ਲਗਾਇਆ ਗਿਆ ਸੀ ।ਜੋ ਸਾਡੇ ਕੋਲ ਨਹੀਂ ਸੀ ਵੈਸੇ ਵੀ ਕੰਮਪਿਉਟਰ ਤਾਂ ਹਰ ਕੋਈ ਲਿਜਾ ਸਕਦਾ ਹੈ।ਨਸੀਹਤ ਹੈ ਕਿ ਕੋਈ ਵੀਰ ਭੈਣ ਮੈਕਸੀਕੋ ਦੇ ਰਸਤੇ ਕੈਨੇਡਾ ਨਾਂ ਆਵੇ ,ਬਲਕਿ ਮੈਕਸੀਕੋ ਮੁਲਕ ਦੀ ਬੁਰਕੀ ਬਣਨ ਦੀ ਸੋਚੇ ਵੀ ਨਾਂ।
ਇਸ ਤੋਂ ਇਲਾਵਾ ਧਿਆਨ ਹਿੱਤ ਹੈ ਕਿ ਜਿਥੇ ਪਿਨੇਲਿਟੀ ਅਦਾ ਕੀਤੀ ਉਸ ਕਾਉਂਟਰ ਦੀ ਦੀਵਾਰ ਤੇ ਅੰਗਰੇਜੀ ਵਿੱਚ ਨੋਟਿਸ ਬੋਰਡ ਤੇ ਸਪਸ਼ਟ ਲਿਖਿਆ ਹੋਇਆ ਸੀ - ਦੱਸ ਹਜਾਰ ਡਾਲਰ ਅਤੇ ਇੰਨੀ ਹੀ ਕੀਮਤ ਤੱਕ ਦਾ ਗੋਲਡ ਤੇ ਹੋਰ ਸਮਾਨ ਬਿਨਾਂ ਟੈਕਸ ਲਿਆਂਦਾ ਜਾ ਸਕਦਾ ਹੈ,ਫਿਰ ਸਾਡੇ ਤੇ ਕਾਹਦਾ ਜੁਰਮਾਨਾ ਠੋਕਿਆ ਗਿਆ? ਸਾਨੂੰ ਨਹੀਂ ਦਸਿਆ ਗਿਆ
ਅਸੀਂ ਤੇ ਅੱਜ ਤੱਕ ਇਹੋ ਸੁਣਦੇ ਸਮਝਦੇ ਰਹੇ 'ਭ੍ਰਸ਼ਿਠਾਚਾਰ ਵਿੱਚ ਭਾਰਤ ਪਹਿਲੇ ਨੰਬਰ ਤੇ ਹੈ ਤੇ ਇਥੇ ਆਪਣੇ ਹੀ ਪ੍ਰਵਾਸੀ ਭਾਈਆਂ ਨੂੰ ਕਸਟਮ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ,ਪਰ ਮੈਕਸੀਕੋ ਜਿਹੇ ਹੋਰ ਮੁਲਕ ਵੀ ਭਾਰਤ ਦੇ ਵਰਗੇ ਹੀ ਹਨ।
ਉਸ ਵਿਅਕਤੀ ਵਲੋਂ ਜੋ ਪੀੜਾ ਦਿੱਤੀ ਗਈ ਦਿਲ ਫੇਲ੍ਹ ਹੋਣ ਦੀ ਨੌਬਤ ਆ ਗਈ ਸੀ।ਸੱਤ ਖਤਮ ਸੀ ਬੱਸ ਇਕੋ ਸਾਹ ਬਾਕੀ ਸੀ।
ਸਿਆਸਤ ਤਾਂ ਹੈ ਗੁੰਝਲਦਾਰ ਬੁਝਾਰਤ,ਰਾਜਨੀਤੀ ਦੀਆਂ ਖਬਰਾਂ ਦੇ ਨਾਲ ਨਾਲ ਇਸ ਤਰਾਂ ਆਮ ਆਦਮੀ ਦੇ ਦੁਖੜੈ ਤੇ ਹੱਡਬੀਤੀਆਂ ਤੇ ਵੀ ਖਬਰ ਲਾ ਕੇ ਕੁਝ ਮਿੰਟ ਵਕਫ਼ ਕਰ ਦੇਣ ਦੀ ਕ੍ਰਿਪਾਲਤਾ ਕਰਦੇ ਰਿਹਾ ਕਰੋ ਜੀ।ਇਹ ਵੀ ਹੋ ਸਕਦਾ ਹੈ ਕਿ ਸਾਡੇ ਦੇਸ਼ ਵਿੱਚੋ ਹੀ ਕੋਈ ਏਜੰਟ ਨਾਲ ਰਲਿਆ ਹੋਵੇ।
ਸੰਦੇਸ਼--ਦੁਹਾਈ ਜੇ ਮੈਕਸੀਕੋ ਸਿਟੀ ਏਅਰਪੋਰਟ ਦੇ ਰਸਤੇ ਆਉਣ ਤੋਂ ਖਬਰਦਾਰ ਰਹਿਣਾ,ਲਗਦੀ ਵਾਹ ਪ੍ਰਹੇਜ਼ ਕਰਨਾ।ਮੈਕਸੀਕੋ ਨਿਵਾਸੀ ਮਿਲਣਸਾਰ ਹਨ ਮਦਦਗਾਰ ਹਨ।
ਰਣਜੀਤ ਕੌਰ