ਅਣ-ਮਨੁੱਖੀ ਕਾਰਾ - ਚੰਦ ਫਤਿਹਪੁਰੀ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਤਿਕੋਨੀਆਂ ਪਿੰਡ ਵਿੱਚ ਵਾਪਰੇ ਹੌਲਨਾਕ ਘਟਨਾਕ੍ਰਮ ਨੇ ਤਾਨਾਸ਼ਾਹ ਹਾਕਮਾਂ ਦਾ ਕਰੂਰ ਚਿਹਰਾ ਨੰਗਾ ਕਰ ਦਿੱਤਾ ਹੈ । ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਵਿਗੜੈਲ ਛੋਕਰੇ ਅਸ਼ੀਸ਼ ਮਿਸ਼ਰਾ ਤੇ ਉਸ ਦੇ ਲੱਠਮਾਰਾਂ ਨੇ ਸ਼ਾਂਤੀਪੂਰਨ ਵਿਰੋਧ ਕਰ ਰਹੇ ਸੜਕ ਕੰਢੇ ਖੜੇ ਕਿਸਾਨਾਂ ਨੂੰ ਗੱਡੀਆਂ ਚੜ੍ਹਾ ਕੇ ਕੁਚਲ ਦਿੱਤਾ । ਇਸ ਘਿਨੌਣੇ ਹੱਤਿਆ ਕਾਂਡ ਵਿੱਚ 4 ਕਿਸਾਨਾਂ, ਇੱਕ ਪੱਤਰਕਾਰ ਤੇ 4 ਹੋਰ ਵਿਅਕਤੀਆਂ ਦੀ ਜਾਨ ਚਲੀ ਗਈ ਤੇ ਦਰਜਨ ਦੇ ਕਰੀਬ ਕਿਸਾਨ ਜ਼ਖ਼ਮੀ ਹੋ ਗਏ । ਸ਼ਹੀਦ ਕਿਸਾਨਾਂ ਵਿੱਚ ਗੁਰਵਿੰਦਰ ਸਿੰਘ (20), ਦਿਲਜੀਤ ਸਿੰਘ (35), ਨਛੱਤਰ ਸਿੰਘ (65) ਤੇ ਦੋ ਭੈਣਾਂ ਦਾ ਇਕਲੌਤਾ ਭਰਾ ਲਵਪ੍ਰੀਤ ਸਿੰਘ (18) ਸ਼ਾਮਲ ਹਨ ।
ਯਾਦ ਰਹੇ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ 26 ਸਤੰਬਰ ਨੂੰ ਜਦੋਂ ਲਖੀਮਪੁਰ ਵਿਚਲੇ ਆਪਣੇ ਪਿੰਡ ਆਏ ਸਨ ਤਾਂ ਕਿਸਾਨਾਂ ਨੇ ਉਸ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਾਲੇ ਝੰਡੇ ਵਿਖਾਏ ਸਨ । ਇਸ ਤੋਂ ਭੜਕੇ ਕੇਂਦਰੀ ਮੰਤਰੀ ਨੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਧਮਕੀ ਦਿੱਤੀ ਸੀ, 'ਜੇਕਰ ਉਹ ਗੱਡੀ 'ਚੋਂ ਉਤਰ ਜਾਂਦੇ ਤਾਂ ਕਿਸਾਨਾਂ ਨੂੰ ਭੱਜਣ ਦਾ ਰਾਹ ਨਹੀਂ ਲੱਭਣਾ ਸੀ, ਸੁਧਰ ਜਾਓ ਨਹੀਂ ਤਾਂ ਅਸੀਂ 2 ਮਿੰਟਾਂ 'ਚ ਸੁਧਾਰ ਦੇਵਾਂਗੇ ।' ਉਨ੍ਹਾ ਆਪਣੀ ਗੁੰਡਾਗਰਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੇ ਸਾਂਸਦ ਬਣਨ ਤੋਂ ਪਹਿਲਾਂ ਤੋਂ ਹੀ ਲੋਕ ਉਸ ਬਾਰੇ ਜਾਣਦੇ ਹਨ ਕਿ ਮੈਂ ਕਿਸੇ ਵੀ ਚੁਣੌਤੀ ਤੋਂ ਭੱਜਦਾ ਨਹੀਂ ਹਾਂ ।
ਕੇਂਦਰੀ ਮੰਤਰੀ ਦੇ ਇਨ੍ਹਾਂ ਕੌੜੇ ਬੋਲਾਂ ਤੋਂ ਕਿਸਾਨ ਭਾਰੀ ਗੁੱਸੇ ਵਿੱਚ ਸਨ । ਜਦੋਂ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਕਿ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਆ ਰਹੇ ਹਨ ਤਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਕਿਸਾਨ ਹਜ਼ਾਰਾਂ ਦੇ ਗਿਣਤੀ ਵਿੱਚ ਸੜਕ ਕਿਨਾਰੇ ਖੜੇ ਹੋ ਗਏ । ਜਦੋਂ ਕੇਂਦਰੀ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਕਾਫ਼ਲਾ ਤਿਕੋਨੀਆਂ ਚੌਰਾਹੇ ਵਿੱਚੋਂ ਲੰਘਿਆ ਤਾਂ ਕਿਸਾਨ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਂਦੇ ਰਹੇ । ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੇਂਦਰੀ ਮੰਤਰੀ ਆਪਣੀ ਗੱਡੀ ਵਿੱਚੋਂ ਬਾਂਹ ਬਾਹਰ ਕੱਢ ਕੇ ਅਸ਼ਲੀਲ ਇਸ਼ਾਰੇ ਕਰਕੇ ਕਿਸਾਨਾਂ ਨੂੰ ਚਿੜਾ ਰਿਹਾ ਹੈ । ਇਸੇ ਵਿਗੜੈਲ ਪਿਓ ਦੀ ਜ਼ਹਿਨੀਅਤ ਦਾ ਨਤੀਜਾ ਹੈ ਕਿ ਉਸ ਦੇ ਵਿਗੜੈਲ ਪੁੱਤ ਨੇ ਉਹ ਕਰਤੂਤ ਕਰ ਦਿੱਤੀ, ਜਿਸ ਵਿਰੁੱਧ ਸਾਰਾ ਦੇਸ਼ ਗੁੱਸੇ ਵਿੱਚ ਉਬਲ ਰਿਹਾ ਹੈ ।
ਜਿਉਂ ਹੀ ਇਸ ਘਟਨਾ ਦਾ ਪਤਾ ਲੱਗਾ, ਹਰ ਵਿਰੋਧੀ ਧਿਰ ਦੇ ਆਗੂਆਂ ਨੇ ਲਖੀਮਪੁਰ ਖੇੜੀ ਵੱਲ ਵਹੀਰਾਂ ਘੱਤ ਦਿੱਤੀਆਂ । ਇਹ ਦੇਖ ਕੇ ਯੂ ਪੀ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਹਨ । ਉਸ ਨੇ ਉਤਰੀ-ਪੱਛਮੀ ਯੂ ਪੀ ਦੇ 27 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ । ਲਖੀਮਪੁਰ ਵੱਲ ਜਾਂਦੇ ਸਾਰੇ ਰਸਤੇ ਬੈਰੀਕੇਡ ਲਾ ਕੇ ਬੰਦ ਕਰ ਦਿੱਤੇ ਗਏ ਹਨ । ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਮੋੜ ਦਿੱਤਾ ਗਿਆ । ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈ ਕੇ ਸੀਤਾਪੁਰ ਵਿੱਚ ਲਿਜਾਇਆ ਗਿਆ ਹੈ । ਅਖਿਲੇਸ਼ ਯਾਦਵ ਸਮੇਤ ਯੂ ਪੀ ਦੇ ਸਭ ਵਿਰੋਧੀ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ ।
ਇਸ ਘਿਨੌਣੇ ਜੁਰਮ ਦੀ ਹਰ ਪਾਸਿਆਂ ਤੋਂ ਨਿੰਦਾ ਹੋ ਰਹੀ ਹੈ । ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦਾ ਨਾਂਅ ਲਏ ਬਗੈਰ ਕਿਹਾ ਹੈ ਕਿ ਜੋ ਇਸ ਅਣਮਨੁੱਖੀ ਕਾਰੇ ਉੱਤੇ ਚੁੱਪ ਹੈ, ਉਹ ਪਹਿਲਾਂ ਹੀ ਮਰ ਚੁੱਕਾ ਹੈ । ਅਸੀਂ ਇਸ ਬਲੀਦਾਨ ਨੂੰ ਅਜਾਈਂ ਨਹੀਂ ਜਾਣ ਦਿਆਂਗੇ ।
ਅਖਿਲੇਸ਼ ਯਾਦਵ ਨੇ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਕਰ ਰਹੇ ਕਿਸਾਨਾਂ ਨੂੰ ਮੰਤਰੀ ਦੇ ਪੁੱਤਰ ਵੱਲੋਂ ਗੱਡੀ ਹੇਠ ਦੇ ਕੇ ਕੁਚਲਣਾ ਅਣਮਨੁੱਖੀ ਤੇ ਬੇਰਹਿਮ ਕਾਰਾ ਹੈ । ਉਤਰ ਪ੍ਰਦੇਸ਼ ਦੰਭੀ ਭਾਜਪਾਈਆਂ ਦਾ ਹੁਣ ਹੋਰ ਜ਼ੁਲਮ ਨਹੀਂ ਸਹੇਗਾ । ਇਹੋ ਹਾਲ ਰਿਹਾ ਤਾਂ ਯੂ ਪੀ ਦੇ ਭਾਜਪਾਈ ਨਾ ਗੱਡੀ ਉੱਤੇ ਚੱਲ ਸਕਣਗੇ ਨਾ ਉਤਰ ਸਕਣਗੇ । ਪ੍ਰਿਅੰਕਾ ਗਾਂਧੀ ਤਾਂ ਏਨੇ ਗੁੱਸੇ ਵਿੱਚ ਸੀ ਕਿ ਉਹ ਪੁਲਸ ਨੂੰ ਚਕਮਾ ਦੇ ਗੁਆਂਢੀ ਦੇ ਘਰ ਰਾਹੀਂ ਲਖੀਮਪੁਰ ਖੇੜੀ ਲਈ ਨਿਕਲ ਪਈ ਤੇ ਰਾਹ ਵਿੱਚ ਵੀ ਉਹ ਪੁਲਸ ਵਾਲਿਆਂ ਨਾਲ ਝਗੜਦੀ ਘਟਨਾ ਸਥਾਨ ਤੋਂ 25 ਕਿਲੋਮੀਟਰ ਦੂਰ ਲਖੀਮਪੁਰ ਜ਼ਿਲ੍ਹੇ ਦੀ ਹੱਦ ਉੱਤੇ ਪਹੁੰਚ ਗਈ, ਜਿਥੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ । ਉਹ ਰਸਤੇ ਵਿੱਚ ਹੀ ਵੀਡੀਓ ਜਾਰੀ ਕਰਕੇ ਆਪਣੇ ਗੁੱਸੇ ਦਾ ਇਜ਼ਹਾਰ ਕਰਦੀ ਰਹੀ । ਉਸ ਨੇ ਕਿਹਾ, 'ਭਾਜਪਾ ਨੂੰ ਕਿਸਾਨਾਂ ਤੋਂ ਕਿੰਨੀ ਨਫ਼ਰਤ ਹੈ ? ਉਨ੍ਹਾਂ ਨੂੰ ਜੀਣ ਦਾ ਹੱਕ ਨਹੀਂ ? ਜੇ ਉਹ ਅਵਾਜ਼ ਉਠਾਉਣਗੇ ਤਾਂ ਗੋਲੀ ਮਾਰ ਦਿੱਤੀ ਜਾਵੇਗੀ, ਗੱਡੀ ਹੇਠ ਦੇ ਕੇ ਕੁਚਲ ਦਿੱਤਾ ਜਾਵੇਗਾ । ਇਹ ਕਿਸਾਨਾਂ ਦਾ ਦੇਸ਼ ਹੈ, ਭਾਜਪਾ ਦੀ ਜਗੀਰ ਨਹੀਂ ਹੈ, ਕਿਸਾਨ ਸੱਤਿਆਗ੍ਰਹਿ ਹੋਰ ਮਜ਼ਬੂਤ ਹੋਵੇਗਾ ।'
ਭਾਜਪਾ ਦੇ ਸਾਂਸਦ ਵਰੁਣ ਗਾਂਧੀ ਨੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੰਗ ਕੀਤੀ ਹੈ ਕਿ 'ਇਸ ਹਿਰਦੇਵੇਦਕ ਘਟਨਾ ਦੀ ਸੀ ਬੀ ਆਈ ਤੋਂ ਜਾਂਚ ਕਰਾਈ ਜਾਵੇ । ਹਰ ਪੀੜਤ ਪਰਵਾਰ ਨੂੰ 1-1 ਕਰੋੜ ਰੁਪਏ ਦੀ ਰਾਹਤ ਦਿੱਤੀ ਜਾਵੇ । ਉਨ੍ਹਾ ਕਿਹਾ ਕਿ ਇਸ ਘਟਨਾ ਤੋਂ ਦੇਸ਼ ਦਾ ਹਰ ਨਾਗਰਿਕ ਦੁਖੀ ਤੇ ਗੁੱਸੇ ਵਿੱਚ ਹੈ ।'
ਇਸ ਕਰੂਰ ਘਟਨਾ ਨੇ ਭਾਜਪਾ ਦੇ ਇਰਾਦੇ ਜ਼ਾਹਰ ਕਰ ਦਿੱਤੇ ਹਨ । ਇਹ ਅਚਾਨਕ ਵਾਪਰੀ ਘਟਨਾ ਨਹੀਂ, ਸਗੋਂ ਇੱਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ । ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇੱਕ ਬਿਆਨ ਸਾਹਮਣੇ ਆ ਜਾਂਦਾ ਹੈ । ਉਹ ਆਪਣੇ ਵਰਕਰਾਂ ਨੂੰ ਕਹਿੰਦੇ ਹਨ, 'ਹਰ ਜ਼ਿਲ੍ਹੇ ਵਿੱਚ ਕਿਸਾਨ ਅੰਦੋਲਨ ਵਿਰੁੱਧ 1000 ਲੱਠਮਾਰ ਖੜੇ ਕਰੋ । ਡਰੋ ਨਾ, ਜੇਕਰ ਦੋ-ਚਾਰ ਮਹੀਨੇ ਕੈਦ ਵੀ ਹੋ ਗਈ ਤਾਂ ਲੀਡਰ ਬਣ ਜਾਵੋਗੇ ।' ਇਸ ਤੋਂ ਸਾਫ਼ ਜ਼ਾਹਰ ਹੈ ਕਿ ਇਹ ਸਾਰਾ ਕੁਝ ਉਪਰਲੇ ਇਸ਼ਾਰੇ ਉੱਤੇ ਹੋ ਰਿਹਾ ਹੈ ।
ਇਸ ਸਮੇਂ ਲਖੀਮਪੁਰ ਖੇੜੀ ਦਾ ਤਿਕੋਨੀਆਂ ਪਿੰਡ ਜੰਗ ਦਾ ਮੈਦਾਨ ਬਣਿਆ ਹੋਇਆ ਹੈ । ਕਿਸਾਨ ਸ਼ਹੀਦਾਂ ਦੇ ਸਰੀਰ ਰੱਖ ਕੇ ਸੜਕ ਉੱਤੇ ਬੈਠੇ ਹਨ । ਕਿਸਾਨਾਂ ਦੀ ਭੀੜ ਲਗਾਤਾਰ ਵਧ ਰਹੀ ਹੈ । ਕਿਸਾਨਾਂ ਨੇ ਕਿਹਾ ਹੈ ਕਿ ਉਹ ਦੋਸ਼ੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਨ, ਸ਼ਹੀਦਾਂ ਦੇ ਪਰਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਤੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਪੂਰੀ ਹੋਣ ਉੱਤੇ ਹੀ ਮ੍ਰਿਤਕ ਦੇਹਾਂ ਦਾ ਸਸਕਾਰ ਕਰਨਗੇ । ਆਖਰੀ ਖ਼ਬਰਾਂ ਮਿਲਣ ਤੱਕ ਕੇਂਦਰੀ ਮੰਤਰੀ ਤੇ ਉਸ ਦੇ ਪੁੱਤਰ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਹੋ ਚੁੱਕਾ ਹੈ । ਸਰਕਾਰ ਨੇ ਮ੍ਰਿਤਕਾਂ ਪੀੜਤਾਂ ਲਈ ਪ੍ਰਤੀ ਵਿਅਕਤੀ 45 ਲੱਖ ਤੇ ਜ਼ਖ਼ਮੀਆਂ ਲਈ 10-10 ਲੱਖ ਮੁਆਵਜ਼ੇ ਦਾ ਐਲਾਨ ਕੀਤਾ ਹੈ । ਇਸ ਤੋਂ ਇਲਾਵਾ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਾਏ ਜਾਣ ਦਾ ਵੀ ਭਰੋਸਾ ਦਿੱਤਾ ਹੈ । ਕੇਂਦਰੀ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਨਾਲ ਕਿਸਾਨਾਂ ਦੇ ਹੌਸਲੇ ਨਹੀਂ ਡੇਗ ਸਕਦੇ, ਸਗੋਂ ਇਸ ਨਾਲ ਅੰਦੋਲਨ ਹੋਰ ਤਿੱਖਾ ਹੋਵੇਗਾ ।