ਸੰਘਰਸ਼ ਤੇ ਵੇਦਨਾ ਦਾ ਚਿਤੇਰਾ ਅਬਦੁਲ ਰਜ਼ਾਕ ਗੁਰਨਾਹ - ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਭੁੱਖ ਆਪਣੀ ਹੈ/ ਤੇ ਸਮਾਂ ਬੇਗਾਨਾ/ ਇਹ ਜੀਵਨ ਤਾਂ ਇਕ ਅਣਜਾਣ ਯਾਤਰਾ ਹੈ।
- ਅਬਦੁਲ ਰਜ਼ਾਕ ਗੁਰਨਾਹ ਦੀ ਇਕ ਡਾਇਰੀ ਕਵਿਤਾ ਦੇ ਅੰਸ਼
ਅਬਦੁਲ ਰਜ਼ਾਕ ਗੁਰਨਾਹ ਨੂੰ ਇਸ ਵਰ੍ਹੇ ਸਾਹਿਤ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਇਕ ਸਿਆਹ ਲੇਖਕ ਰਜ਼ਾਕ ਗੁਰਨਾਹ ਨੂੰ ਸਾਹਿਤ ਦਾ ਨੋਬੇਲ ਪੁਰਸਕਾਰ ਮਿਲਣਾ ਅਸਲ ਵਿਚ ਬਦਲਦੀ ਦੁਨੀਆ ਦੇ ਨਵੇਂ ਸਰੋਕਾਰਾਂ ਨੂੰ ਮਾਨਤਾ ਹੈ ਜਿਸ ਦੇ ਪ੍ਰਕਾਸ਼ ਵਿਚ ਉਸ ਦੀਆਂ ਸ਼ਬਦ ਵਿਉਂਤਾਂ ਤੇ ਪੇਸ਼ਕਾਰੀਆਂ ਵਿਖਾਈ ਦਿੰਦੀਆਂ ਹਨ। ਨੋਬੇਲ ਪੁਰਸਕਾਰ ਉਸ ਸਮੇਂ ਅਬਦੁਲ ਰਜ਼ਾਕ ਦੀ ਝੋਲੀ ਪਿਆ ਹੈ, ਜਦੋਂ ਜਿਊਣ ਦੀ ਲੋਚਾ ਘਟ ਰਹੀ ਹੈ ਤੇ ਉਦਾਸੀਨਤਾ ਦੀ ਇਕ ਨਵੀਂ ਆਭਾਸੀ ਦੁਨੀਆ ਇਸ ਨਵੇਂ ਮਨੁੱਖ ਲਈ ਬਣ ਗਈ ਹੈ ਜਿੱਥੇ ਸਾਹਿਤ ਦਾ ਕੋਈ ਜ਼ਿਕਰ ਤੇ ਮਾਨਤਾ ਸੱਚਮੁੱਚ ਕ੍ਰਿਸ਼ਮਾ ਹੀ ਹੈ। ਇਹ ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਹਾਲੇ ਮਨੁੱਖ ਅਤੇ ਸਾਹਿਤ ਅਰਥਾਤ ਅੱਖਰ ਦਾ ਰਿਸ਼ਤਾ ਸਾਬਤ ਹੈ ਤੇ ਰਹੇਗਾ।
ਅਬਦੁਲ ਰਜ਼ਾਕ ਦੇ ਸਮੁੱਚੇ ਸਾਹਿਤ ਵਿਚ ਸੰਘਰਸ਼ ਦੇ ਅਨੇਕਾਂ ਦ੍ਰਿਸ਼ ਵੇਖੇ ਜਾ ਸਕਦੇ ਹਨ। ਉਸ ਦੇ 20 ਨਾਵਲ, 2 ਕਹਾਣੀ ਸੰਗ੍ਰਹਿ ਅਤੇ ਡਾਇਰੀਆਂ ਨੇ ਅੰਗਰੇਜ਼ੀ ਸਾਹਿਤ ਵਿਚ ਉਸ ਨੂੰ ਸਥਾਪਤ ਕੀਤਾ ਹੈ। ਅਬਦੁਲ ਰਜ਼ਾਕ ਨੂੰ ਨੋਬੇਲ ਮਿਲਣਾ ਅਸਲ ਵਿਚ ਕਲੋਨੀਅਨ ਸਾਹਿਤ ਤੇ ਲੋਕਾਂ ਦੇ ਸੰਘਰਸ਼ ਨੂੰ ਮਾਨਤਾ ਹੈ ਜੋ ਅਜੇ ਹਾਸ਼ੀਏ ਤੋਂ ਬਾਹਰ ਹੈ।
ਅਬਦੁਲ ਰਜ਼ਾਕ ਗੁਰਨਾਹ ਦਾ ਰਚਨਾ ਕਰਮ : ਉਸ ਦੇ ਸਮੁੱਚੇ ਰਚਨਾਕ੍ਰਮ ਨੂੰ ਵਿਸ਼ਵ ਸਾਹਿਤ ਦੇ ਝਰੋਖੇ ’ਚੋਂ ਵੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਸਮੁੱਚੀ ਸਾਹਿਤ ਸਾਧਨਾ ਮਾਨਵੀ ਰਿਸ਼ਤਿਆਂ ਤੇ ਦੁੱਖ-ਦਰਦ ਤੇ ਸੰਘਰਸ਼ ਦੀ ਨਵੀਂ ਇਬਾਰਤ ਲਿਖਦੀ ਹੈ ਜੋ ਸ਼ਾਇਦ ਸ਼ੈਲੀ ਤੇ ਵਿਸ਼ੇ ਦੀ ਵਿਵਿਧਤਾ ਤੇ ਨਵੇਂ ਰੂਪ ਵਿਚ ਮਾਨਵੀ ਰਿਸ਼ਤਿਆਂ ਨੂੰ ਸੰਸਾਰ ਪੱਧਰ ਦੇ ਬਦਲਦੇ ਹੋਏ ਮਨੁੱਖ ਦੇ ਰੂਪ ਵਿਚ ਵੇਖਦੀ ਹੈ। ਉਸ ਦੀਆਂ ਡਾਇਰੀਆਂ, ਰਿਪੋਰਤਾਜ ਅਤੇ ਵਾਰਤਕ, ਕਵਿਤਾ, ਭਾਸ਼ਣ ਅਤੇ ਸਟੇਜ ਪੇਸ਼ਕਾਰੀਆਂ ਉਸ ਨੂੰ ਅਜਿਹੇ ਲੇਖਕ ਦੇ ਤੌਰ ’ਤੇ ਸਥਾਪਤ ਕਰਦੀਆਂ ਹਨ ਜਿਨ੍ਹਾਂ ਵਿਚ ਅੱਜ ਦੀ ਬਦਲਦੀ ਦੁਨੀਆ ਦੇ ਸੰਘਰਸ਼ ਦਾ ਚਿਹਰਾ ਵੇਖਿਆ ਜਾ ਸਕਦਾ ਹੈ। ਮੁੱਖ ਰੂਪ ਵਿਚ ਉਹ ਨਾਵਲਕਾਰ ਹੈ।
ਆਪਣੀ ਇਕ ਮੁਲਾਕਾਤ ‘ਦਿ ਇਨਰ ਸੋਲ’ ਵਿਚ ਉਹ ਇਕ ਥਾਂ ਇਸ ਪੂਰੇ ਰਹੱਸਮਈ ਕਾਇਨਾਤ ਤੇ ਬਦਲਦੇ ਸਮਾਜ ਨੂੰ ਇਕ ਹਾਦਸੇ ਦੀ ਥਾਂ ਕਹਿੰਦਾ ਹੈ। ਉਸ ਅਨੁਸਾਰ ਜੇ ਇਹ ਜ਼ਿੰਦਗੀ ਹਾਦਸਿਆਂ ਦੀ ਦਾਸਤਾਨ ਨਾ ਹੋਵੇ ਤਾਂ ਉਹ ਅੱਖਰ-ਅੱਖਰ ਉਸ ਦੀ ਅੱਕਾਸੀ ਨਾ ਕਰ ਸਕਦਾ। ਸੋ ਦੁੱਖ-ਸੁੱਖ, ਹਾਦਸੇ ਹੀ ਸਾਹਿਤ ਦਾ ਸਰੋਤ ਅਤੇ ਜ਼ਿੰਦਗੀ ਦੇ ਨਵੇਂ ਰਸਤਿਆਂ ਦੀ ਖੋਜ ਹਨ। ਅਸੀਂ ਸਾਰੇ ਲਿਖਣ ਤੇ ਸੋਚਣ ਵਾਲੇ ਸਿਰਫ਼ ਅੱਖਰਾਂ ਦਾ ਮਾਇਆ ਜਾਲ ਵੇਖ ਰਹੇ ਹਾਂ ਜਦੋਂਕਿ ਸਾਨੂੰ ਵੇਖਣਾ ਇਹ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਦੇ ਇੰਦਰਧਨੁਸ਼ੀ ਰੰਗਾਂ ’ਚ ਹੋਰ ਇਜ਼ਾਫ਼ਾ ਕਰ ਸਕੀਏ। ਇਹ ਹੀ ਅਬਦੁਲ ਰਜ਼ਾਕ ਦੀ ਪ੍ਰਾਪਤੀ ਹੈ। ਉਸ ਦੀ ਇਹ ਬੇਬਾਕੀ ਭਰੀ ਇੰਟਰਵਿਊ ਉਸ ਦੀ ਸਾਹਿਤ ਬਾਰੇ ਧਾਰਨਾ ਤੇ ਜ਼ਿੰਦਗੀ ਦੇ ਨਵੇਂ ਅਰਥਾਂ ਨੂੰ ਵਿਖਾਉਂਦੀ ਹੈ। ਅਸਲ ਵਿਚ ਇਹ ਲੇਖਕ ਦੀ ਇਮਾਨਦਾਰੀ ਹੈ ਜਿਸ ਵਿਚ ਉਹ ਅਗਲੀ ਸੋਚ ਅਪਣਾਉਂਦਾ ਹੈ।
ਅੰਗਰੇਜ਼ੀ ਦੇ ਪ੍ਰੋਫੈਸਰ ਅਬਦੁਲ ਰਜ਼ਾਕ ਦਾ ਜਨਮ 1948 ਵਿਚ ਤਨਜ਼ਾਨੀਆ ਦੇ ਇਕ ਟਾਪੂ ਜੰਜੀਬਾਰ ਵਿਚ ਹੋਇਆ ਤੇ ਬਾਅਦ ਵਿਚ ਉਸ ਦੀ ਪੜ੍ਹਾਈ ਇੰਗਲੈਂਡ ਵਿਚ ਹੋਈ। ਉਸ ਨੇ ਕੈਂਟ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਪੜ੍ਹਾਈ ਕੀਤੀ। ਉਹ ਕੁਝ ਸਮਾਂ ਨਾਈਜੀਰੀਆ ਵਿਚ ਵੀ ਰਿਹਾ।
1960 ਵਿਚ ਉਸ ਦੀ ਪਹਿਲੀ ਪੁਸਤਕ ਛਪ ਕੇ ਆਈ ਤੇ ਇਹ ਸਿਲਸਿਲਾ ਜਾਰੀ ਹੈ। ਆਪਣੇ ਮਨ ਦੀ ਗੱਲ ਉਹ ‘ਆਈ ਟੋਲਡ ਯੂ’ ਵਿਚ ਇਸ ਤਰ੍ਹਾਂ ਦੱਸਦਾ ਹੈ:
‘‘ਮੇਰੇ ਸੁਪਨਿਆਂ ਵਿਚ ਨਾ ਆਉਣਾ/ ਇਹ ਨੀਂਦ ਤਾਂ ਮੇਰੀ ਹੈ/ ਇਹ ਧਰਤੀ ਤੇ ਦੇਸ਼, ਆਕਾਸ਼ ਮੇਰਾ ਹੈ।
ਮੇਰੀਆਂ ਬੰਦ ਅੱਖਾਂ ’ਚ ਅਜੇ ਵੀ ਬਹੁਤ ਦ੍ਰਿਸ਼ ਹਨ/ ਕੋਲਾਜ ਹਨ/ ਮੇਰੀਆਂ ਨਾਕਾਮੀਆਂ ਤੇ ਘ੍ਰਿਣਾ ਦੇ/ ਖ਼ੁਦਕੁਸ਼ੀਆਂ ਦੀਆਂ ਸਿਮਰਤੀਆਂ ਅਜੇ ਬਾਕੀ ਹਨ...
ਨਾ ਆਉਣਾ ਮੇਰੇ ਸੁਪਨਿਆਂ ’ਚ/ ਮੇਰੀ ਨੀਂਦ ਤੇ ਦੇਸ਼ ਮੇਰਾ ਹੈ/ ਇਕ ਆਕਾਸ਼ ’ਚ ਮੈਂ ਹੀ ਹਾਂ/ ਇਕ ਆਜ਼ਾਦ ਤੇ ਜ਼ਿੰਦਾ ਪਰਿੰਦਾ...।
ਉਸ ਦੀਆਂ ਦੂਸਰੀਆਂ ਕਿਤਾਬਾਂ ਵਿਚ 1994 ਵਿਚ ਆਈ ਪੁਸਤਕ ‘ਪੈਰਾਡਾਈਜ਼’ ਤੇ 2001 ਵਿਚ ‘ਬਾਇ ਦਿ ਸੀ’ ਅਤੇ 2005 ਦਾ ਨਾਵਲ ‘ਡੀਜਰਏਸ਼ਨ’ ਸ਼ਾਮਲ ਹਨ। ਮੈਮਰੀ ਆਫ਼ ਡਿਪਾਰਚਰ, ਪਿਲਗਰਿਮਵੇ, ਦਿ ਲਾਸਟ ਗਿਫ਼ਟ ਅਤੇ ਗ੍ਰੇਵਲ ਹਾਰਟ ਉਸ ਦੇ ਮਕਬੂਲ ਨਾਵਲ ਹਨ।
ਅੱਜ ਦੇ ਇਸ ਮਾਹੌਲ ਵਿਚ ਦੁਨੀਆਂ ਰਾਜਨੀਤੀ ਦੀ ਬਿਸਾਤ ’ਤੇ ਵੰਡੀ ਹੋਈ ਹੈ ਅਤੇ ਵਿਸ਼ਿਆਂ ਤੇ ਲੋੜਾਂ ਦੀ ਵਿਭਿੰਨਤਾ ਹੀ ਨਵੇਂ ਮਨੁੱਖ ਦੀ ਪਹਿਚਾਣ ਹੈ। ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਤੇ ਦੇਣ ਇਹੋ ਹੈ ਕਿ ਉਸ ਨੇ ਦੇਸ਼, ਭਾਸ਼ਾ ਤੇ ਲੋਕਾਚਾਰ ਦੀ ਧਾਰਾ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨੋਬੇਲ ਵਰਗੇ ਵੱਕਾਰੀ ਪੁਰਸਕਾਰਾਂ ਦੀ ਦੌੜ ਵਿਚ ਸ਼ਾਮਲ ਹੋ ਕੇ ਜੇਤੂ ਰਿਹਾ ਹੈ।
ਹੁਣ ਜਦੋਂ ਪੂਰੀ ਦੁਨੀਆਂ ਨਵੀਂ ਤਕਨੀਕ, ਸੰਚਾਰ ਤੇ ਸੂਚਨਾ ਨਾਲ ਪਲ-ਪਲ ਬਦਲ ਰਹੀ ਹੈ ਤਾਂ ਸਵੀਡਿਸ਼ ਅਕਾਦਮੀ ਦਾ ਇਹ ਕਹਿਣਾ ਕਿ ਉਸ ਦੀਆਂ ਕਿਰਤਾਂ ਵਿਚ ਸੰਘਰਸ਼, ਮਾਨਵੀ ਤੜਪ ਤੇ ਹਨੇਰੇ ਤੋਂ ਰੌਸ਼ਨੀ ਵੱਲ ਵੇਖਣ ਦਾ ਝਰੋਖਾ ਸਾਹਿਤ ਦੀਆਂ ਕਿੰਨੀਆਂ ਬਾਰੀਆਂ ਤੇ ਬੂਹਿਆਂ ਨੂੰ ਦੁਨੀਆਂ ਲਈ ਖੋਲ੍ਹ ਦਿੰਦਾ ਹੈ, ਪ੍ਰੋ. ਅਬਦੁਲ ਦਾ ਸਾਹਿਤ ਇਸ ਦੀ ਮਿਸਾਲ ਹੈ।
ਬੇਹੱਦ ਹਸਾਸ ਮਨ ਮਨੁੱਖ ਅਬਦੁਲ ਰਜ਼ਾਕ ਨੇ ਇਕ ਵਾਰੀ ਇਕ ਮੁਲਾਕਾਤ ਵਿਚ ਕਿਹਾ, ‘‘ਮੇਰੀਆਂ ਸਾਰੀਆਂ ਰਚਨਾਵਾਂ ਅਸਲ ਵਿਚ ਧਰਤੀ ਦੀਆਂ ਘਟਨਾਵਾਂ ਹਨ। ਇਹ ਘਟਨਾਵਾਂ ਕਿਤੇ ਦੂਸਰਿਆਂ ਦੇ ਚਿਹਰਿਆਂ ’ਤੇ ਦੁੱਖ-ਦਰਦ ਨਾਲ ਸ਼ਾਮਲ ਹੋ ਜਾਂਦੀਆਂ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਦਮ ਦੀ ਨਸਲ ਕਦੀ ਖ਼ਤਮ ਨਹੀਂ ਹੋ ਸਕਦੀ ਤੇ ਸਾਹਿਤ ਦੀ ਵੰਨਗੀ ਉਸ ਦੇ ਦਿਲ ਦੀ ਆਵਾਜ਼ ਤਾਂ ਰਹੇਗੀ ਹੀ।’’
‘ਦਿ ਪੈਰਾਡਾਈਜ਼’ ਨਾਵਲ ’ਚ ਆਪਣੇ ਇਕ ਹੋਰ ਪਾਤਰ ਰਾਹੀਂ ਉਸ ਨੇ ਕਿਹਾ ਹੈ, ‘‘ਇਹ ਪਲੈਨੈੱਟ ਕੀ ਹੈ, ਇਕ ਘੁੰਮਦਾ ਹੋਇਆ ਗੋਲਾ। ਮਨੁੱਖ ਤਾਂ ਇਕ ਯਾਤਰੀ ਹੈ। ਪੂਰੀ ਦੁਨੀਆ ਵਿਚ ਮਨੁੱਖ ਦੇ ਦੁੱਖਾਂ ਦੀ ਕੋਈ ਨਵੀਂ ਪਰਿਭਾਸ਼ਾ ਨਹੀਂ ਹੈ। ਮਨੁੱਖ ਇਸ ਗੋਲੇ ’ਤੇ ਘੁੰਮਦਾ ਹੋਇਆ ਪੁਨਰ ਜਨਮ ਤੇ ਵਰਤਮਾਨ ’ਤੇ ਲਟਕਦਾ ਹੋਇਆ ਇਕ ਗੋਲਾ ਹੀ ਤਾਂ ਹੈ।’’ ਅਜਿਹੀ ਦੁੱਖ ਦਰਦ ਦੀ ਵਿਆਖਿਆ ਅਬਦੁਲ ਵਰਗਾ ਲੇਖਕ ਹੀ ਬੌਧਿਕ ਦਲੇਰੀ ਨਾਲ ਕਰ ਸਕਦਾ ਹੈ।
ਆਪਣੀ ਇਕ ਸਟੇਜ ਪੇਸ਼ਕਾਰੀ ’ਚ ਉਸ ਨੇ ਇਕ ਪਾਤਰ ਦੇ ਮੂੰਹੋਂ ਕਹਾਇਆ- ‘‘ਕੁਝ ਨਹੀਂ, ਇੱਥੇ, ਬੰਬਾਂ ਦੀ ਬਰਬਾਦੀ ਹੈ ਤੇ ਧਰਤੀ ਕੌੜੀ ਹੋ ਗਈ ਹੈ। ਮੈਂ ਪਿਆਸ ਨਾਲ ਤੜਫ਼ ਰਿਹਾ ਹਾਂ।’’
ਜੇਕਰ ਬੇਚੈਨੀ ਤੇ ਸੰਜੀਦਗੀ ਨਾਲ ਸਾਹਿਤ ਦੀ ਇਮਾਨਦਾਰੀ ਤੇ ਗਹਿਰਾਈ, ਮਾਨਵੀ ਮੁੱਲਾਂ ਦੀ ਬੁਨਿਆਦ ’ਤੇ ਲਿਖੀ ਹੋਈ ਵੇਖਣੀ ਹੋਵੇ ਤਾਂ ਉਸ ਦੇ ਸਾਹਿਤ ਨੂੰ ਵਿਸ਼ਵ ਸਾਹਿਤ ਵਿਚ ਪਹਿਲੀ ਕਤਾਰ ਵਿਚ ਰੱਖਿਆ ਜਾ ਸਕਦਾ ਹੈ। ਅਬਦੁਲ ਨੇ ਚੁੱਪ-ਚਾਪ ਨਹੀਂ ਲਿਖਿਆ, ਉਸ ਨੇ ਅੰਗਰੇਜ਼ੀ ਸਾਹਿਤ ’ਤੇ ਸੰਜੀਦਗੀ ਨਾਲ ਕੰਮ ਕੀਤਾ ਹੈ। ਸਮੇਂ ਦੀ ਅੱਖ ’ਚ ਝਾਕਣਾ, ਜੁਗਨੂੰਆਂ ਨੂੰ ਮੁੱਠੀਆਂ ’ਚ ਫੜਨਾ ਤੇ ਫਿਰ ਹਥੇਲੀਆਂ ਦੀ ਰੌਸ਼ਨੀ ’ਚੋਂ ਆਪਣੇ ਜੀਣ ਦੀ ਇਬਾਰਤ ਪੜ੍ਹਨਾ, ਇਹ ਸ਼ੈਲੀ ਹੈ ਅਬਦੁਲ ਦੇ ਸਾਹਿਤ ਦੀ।
ਅਬਦੁਲ ਦੀਆਂ ਕਿਤਾਬਾਂ ਦਾ ਦੁਨੀਆ ਦੀਆਂ 22 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਹੈ ਤੇ ਕਰੋੜਾਂ ਪਾਠਕਾਂ ਨੇ ਉਸ ਦੇ ਸਾਹਿਤ ਨੂੰ ਆਪਣੇ-ਆਪਣੇ ਅੰਦਾਜ਼ ਵਿਚ ਪੜ੍ਹਿਆ ਤੇ ਆਪਣੇ ਪਿਆਰ ਨਾਲ ਨਿਵਾਜ਼ਿਆ ਹੈ। ਉਸ ਨੂੰ ਸਾਹਿਤ ਦੇ ਖੇਤਰ ਵੱਡੇ ਐਜਾਜ਼ ਵੀ ਦਿੱਤੇ ਹਨ। ਇਨ੍ਹਾਂ ਵਿਚ ਗ੍ਰੇਟ ਵਰਲਡ ਐਵਾਰਡ ਆਫ਼ ਲਿਟਰੇਚਰ ਦੇ ਨਾਲ-ਨਾਲ ਹੋਰ ਕਈ ਸਨਮਾਨ ਸ਼ਾਮਲ ਹਨ। ਇਹ ਇਕ ਲੇਖਕ ਦੀ ਵੱਡੀ ਪ੍ਰਾਪਤੀ ਹੈ।
ਅਬਦੁਲ ਕਥਾਰਸ ਦਾ ਵੀ ਬਾਦਸ਼ਾਹ ਹੈ। ਉਸ ਦੇ ਪਾਤਰ ਇਸ ਤਰ੍ਹਾਂ ਦੇ ਹਨ ਜਿਵੇਂ ਕੋਈ ਘਰ ਦੇ ਬਾਹਰ ਖੜ੍ਹਾ ਤੁਹਾਡੇ ਨਾਲ ਸੰਵਾਦ ਕਰਦਾ ਹੋਵੇ। 2006 ਵਿਚ ਛਪਿਆ ਉਸ ਦਾ ਕਹਾਣੀ ਸੰਗ੍ਰਹਿ ‘ਮਾਈ ਮਦਰ ਲਿਵਡ ਔਨ ਏ ਫ਼ਾਰਮ ਇਨ ਅਫ਼ਰੀਕਾ’ ਵਿਚ ਮੈਂ ਵੇਖਿਆ ਸੀ ਕਿ ਕਈ ਜਗ੍ਹਾ ਉਸ ਦੇ ਪਾਤਰ ਨਵੀਂ ਦੁਨੀਆਂ ਨੂੰ ਜਗਿਆਸਾ ਭਰੀ ਨਜ਼ਰ ਨਾਲ ਵੇਖਦਿਆਂ ਤੁਹਾਡੇ ਦਿਲ ਦੇ ਕਿਸੇ ਕੋਨੇ ਵਿਚ ਯਾਦਾਂ ਦੇ ਪੁਰਾਣੇ ਖ਼ਤਾਂ ਨੂੰ ਪੜ੍ਹਦੇ ਹੋਏ ਤੁਹਾਨੂੰ ਕਿਸੇ ਦੂਸਰੀ ਦੁਨੀਆਂ ਵਿਚ ਲੈ ਜਾਂਦੇ ਹਨ।
ਅਸਲ ਵਿਚ ਇਹੀ ਅਬਦੁਲ ਰਜ਼ਾਕ ਦੀਆਂ ਕਹਾਣੀਆਂ ਤੇ ਪਾਤਰਾਂ ਦੀ ਬਹੁਲਤਾ ਦੀ ਅਜਿਹੀ ਪੇਸ਼ਕਾਰੀ ਹੈ ਜੋ ਉਸ ਨੂੰ ਵੱਡਾ ਲੇਖਕ ਬਣਾਉਂਦੀ ਹੈ।
* ਲੇਖਕ ਵਿਸ਼ਵ ਸਾਹਿਤ ’ਤੇ ਟਿੱਪਣੀਕਾਰ ਤੇ ਉੱਘਾ ਬ੍ਰਾਡਕਾਸਟਰ ਹੈ।
ਸੰਪਰਕ: 94787-30156