ਕਿਸਾਨਾਂ, ਦਲਿਤਾਂ, ਘੱਟਗਿਣਤੀਆਂ ਲਈ ਗੋਡਿਆਂ ਭਾਰ ਕੌਣ ਬੈਠੇਗਾ? - ਸਵਰਾਜਬੀਰ
ਉਹ ਦੇਵ-ਲੋਕ ਦੇ ਵਾਸੀ ਹਨ। ਕਰੋੜਾਂ ਲੋਕ ਉਨ੍ਹਾਂ ਦੀ ਪੂਜਾ ਕਰਦੇ ਨੇ। ਉਨ੍ਹਾਂ ਦੀ ਆਮਦਨੀ ਵੀ ਕਰੋੜਾਂ ਰੁਪਈਏ ਹੈ। ਉਹ ਭਾਰਤ ਦੀ ਇੱਜ਼ਤ ਦੇ ਰਖਵਾਲੇ ਹਨ। ਜਦ ਉਹ ਮੈਚ ਜਿੱਤਦੇ ਹਨ ਤਾਂ ਸਾਰਾ ਦੇਸ਼ ਉਨ੍ਹਾਂ ਦੇ ਕਦਮਾਂ ਵਿਚ ਵਿਛ ਜਾਂਦਾ ਹੈ। ਉਹ ਭਾਰਤ ਦੀ ਕ੍ਰਿਕਟ ਟੀਮ ਦੇ ਮੈਂਬਰ ਹਨ। ਵਿਰਾਟ ਕੋਹਲੀ ਜਿਹਾ ਮਹਾਂਮਾਨਵ ਅਤੇ ਮਹਾਨ ਖਿਡਾਰੀ ਟੀਮ ਦਾ ਕਪਤਾਨ ਹੈ। 24 ਅਕਤੂਬਰ 2021 ਨੂੰ ਦੁਬਈ ਵਿਚ ਜਦ ਟੀਮ ਪਾਕਿਸਤਾਨ ਦੇ ਮੁਕਾਬਲੇ ਖੇਡਣ ਲਈ ਮੈਦਾਨ ਵਿਚ ਉਤਰੀ ਤਾਂ ਅਚਨਚੇਤ ਖਿਡਾਰੀਆਂ ਨੂੰ ਕੁਝ ਯਾਦ ਆਇਆ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਗੋਡਿਆਂ ਭਾਰ ਬਹਿ ਗਏ। ਦਾਇਰੇ ਦੇ ਬਾਹਰ ਬਾਕੀ ਦੇ ਖਿਡਾਰੀ ਵੀ ਗੋਡਿਆਂ ਭਾਰ ਹੋ ਗਏ। ਤੁਹਾਨੂੰ ਕੁਝ ਯਾਦ ਆਇਆ?
25 ਮਈ 2020 ਨੂੰ ਅਮਰੀਕਾ ਦੇ ਮਿਨੀਸੋਟਾ ਸੂਬੇ ਦੇ ਮਿਨੀਆਪੋਲਿਸ ਸ਼ਹਿਰ ਵਿਚ ਜਾਰਜ ਫਲਾਇਡ ਨਾਂ ਦਾ ਸਿਆਹਫ਼ਾਮ ਆਦਮੀ ਦੁਕਾਨ ’ਤੇ ਕੁਝ ਖ਼ਰੀਦਣ ਗਿਆ। ਦੁਕਾਨਦਾਰ ਨੂੰ ਸ਼ੱਕ ਪੈ ਗਿਆ ਕਿ ਫਲਾਇਡ ਨੇ ਉਸ ਨੂੰ 20 ਡਾਲਰ ਦਾ ਨਕਲੀ ਨੋਟ ਦਿੱਤਾ ਹੈ। ਉਸ ਨੇ ਪੁਲੀਸ ਨੂੰ ਫੋਨ ਕੀਤਾ। ਚਾਰ ਪੁਲੀਸ ਕਰਮਚਾਰੀ ਇਕਦਮ ਉੱਥੇ ਪਹੁੰਚੇ। ਡੈਰੇੱਕ ਸ਼ੌਵਿਨ ਨਾਂ ਦੇ ਪੁਲੀਸ ਅਫ਼ਸਰ ਨੇ ਫਲਾਇਡ ਨੂੰ ਹੱਥਕੜੀ ਲਾਈ ਅਤੇ ਉਸ ਨੂੰ ਜ਼ਮੀਨ ’ਤੇ ਸੁੱਟ ਕੇ ਉਸ ਦੀ ਧੌਣ ’ਤੇ ਗੋਡਾ ਰੱਖ ਦਿੱਤਾ। ਫਲਾਇਡ ਚੀਖਿਆ- ‘‘ਮੈਂ ਸਾਹ ਨਹੀਂ ਲੈ ਸਕਦਾ!’’ ਡੈਰੇੱਕ ਸ਼ੌਵਿਨ ’ਤੇ ਇਸ ਚੀਖੋ-ਪੁਕਾਰ ਦਾ ਕੋਈ ਅਸਰ ਨਾ ਪਿਆ ਅਤੇ ਉਸ ਨੇ 9 ਮਿੰਟ 26 ਸੈਕਿੰਡ ਲਈ ਗੋਡੇ ਨਾਲ ਜਾਰਜ ਫਲਾਇਡ ਦੀ ਧੌਣ ਦੱਬੀ ਰੱਖੀ। ਜਾਰਜ ਫਲਾਇਡ ਮਰ ਗਿਆ।
ਡੈਰੇੱਕ ਸ਼ੌਵਿਨ ਦੇ ਇਸ ਬੇਰਹਿਮ ਨਸਲਵਾਦੀ ਕਾਰੇ ਵਿਰੁੱਧ ਰੋਹ ਦਾ ਤੂਫ਼ਾਨ ਉੱਠਿਆ। ਅਮਰੀਕਾ ਦੇ 50 ਸੂਬਿਆਂ ਅਤੇ ਦੁਨੀਆ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਵਿਚ ਇਸ ਕਰੂਰ ਕਾਰੇ ਵਿਰੁੱਧ ਮੁਜ਼ਾਹਰੇ ਹੋਏ। ਇਸ ਘਟਨਾ ਨੇ ਦੁਨੀਆ ਦਾ ਧਿਆਨ ਸਦੀਆਂ ਤੋਂ ਸਿਆਹਫ਼ਾਮ ਲੋਕਾਂ ਉੱਤੇ ਹੁੰਦੇ ਜ਼ੁਲਮਾਂ ਅਤੇ ਵਿਤਕਰਿਆਂ ’ਤੇ ਕੇਂਦਰਿਤ ਕੀਤਾ। ਸਾਰੀ ਦੁਨੀਆ ਦੇ ਜਮਹੂਰੀਅਤ-ਪਸੰਦ ਲੋਕ, ਚਿੰਤਕ, ਸਮਾਜਿਕ ਕਾਰਕੁਨ, ਵਿਦਵਾਨ, ਵਿਦਿਆਰਥੀ, ਨੌਜਵਾਨ ਸਭ ਇਸ ਘਟਨਾ ਅਤੇ ਨਸਲਵਾਦ ਦੇ ਵਰਤਾਰੇ ਦਾ ਵਿਰੋਧ ਕਰਨ ਲਈ ਨਿੱਤਰੇ। ਕਵੀਆਂ ਨੇ ਕਵਿਤਾਵਾਂ ਤੇ ਗੀਤ ਲਿਖੇ। ਚਿੱਤਰਕਾਰਾਂ ਨੇ ਚਿੱਤਰ ਤੇ ਮਿਊਰਲ ਬਣਾਏ। ਗੋਰੇ ਲੋਕ ਇਨ੍ਹਾਂ ਮੁਜ਼ਾਹਰਿਆਂ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਵਡੇਰਿਆਂ ਦੁਆਰਾ ਸਿਆਹਫ਼ਾਮ ਲੋਕਾਂ ’ਤੇ ਕੀਤੇ ਜ਼ੁਲਮਾਂ ’ਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ। ਫੁੱਟਬਾਲ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਨੇ ਨਸਲਵਾਦ ਦਾ ਵਿਰੋਧ ਇਕ ਹੋਰ ਪ੍ਰਤੀਕਮਈ ਤਰੀਕੇ ਨਾਲ ਕੀਤਾ, ਮੈਚ ਤੋਂ ਪਹਿਲਾਂ ਆਪਣੇ ਗੋਡਿਆਂ ਭਾਰ ਬੈਠ ਕੇ। ਖਿਡਾਰੀਆਂ ਦੁਆਰਾ ਗੋਡਿਆਂ ਭਾਰ ਬੈਠਣਾ ਖੇਡ ਸੰਸਾਰ ਅਤੇ ਸਾਰੀ ਦੁਨੀਆ ਵਿਚ ਸਿਆਹਫ਼ਾਮ ਲੋਕਾਂ ਨਾਲ ਹੁੰਦੇ ਵਿਤਕਰੇ ਅਤੇ ਨਸਲਵਾਦ ਦੇ ਵਿਰੋਧ ਦਾ ਪ੍ਰਤੀਕ ਬਣ ਗਿਆ।
ਸਭ ਤੋਂ ਪਹਿਲਾਂ ਗੋਡੇ ’ਤੇ ਬਹਿ ਕੇ ਨਸਲਵਾਦ ਦਾ ਵਿਰੋਧ ਕਰਨ ਦਾ ਇਹ ਤਰੀਕਾ ਅਮਰੀਕਾ ਦੇ ਫੁੱਟਬਾਲ ਖਿਡਾਰੀ ਕੋਲਿਨ ਕੈਪਰਨਿਕ (Colin Kaepernick) ਨੇ ਅਪਣਾਇਆ ਸੀ। 2016 ਵਿਚ ਉਸ ਨੇ ਅਮਰੀਕਾ ਦੇ ਰਾਸ਼ਟਰੀ ਗਾਇਨ ਦੌਰਾਨ ਖੜ੍ਹੇ ਹੋਣ ਤੋਂ ਇਨਕਾਰ ਕੀਤਾ। ਇਹ ਇਨਕਾਰ ਅਮਰੀਕਾ ਵਿਚ ਨਸਲੀ ਆਧਾਰ ’ਤੇ ਹੁੰਦੇ ਜਬਰ, ਅਨਿਆਂ ਤੇ ਵਿਤਕਰਿਆਂ ਦਾ ਵਿਰੋਧ ਸੀ। ਕੁਝ ਦਿਨ ਖੜ੍ਹੇ ਹੋਣ ਤੋਂ ਇਨਕਾਰ ਕਰਨ ਦੇ ਬਾਅਦ ਉਸ ਨੇ ਰਾਸ਼ਟਰੀ ਗਾਇਨ ਦੌਰਾਨ ਗੋਡੇ ਭਾਰ ਬਹਿਣਾ ਸ਼ੁਰੂ ਕੀਤਾ ਅਤੇ ਵਿਰੋਧ ਦਾ ਇਹ ਤਰੀਕਾ ਨਸਲਵਾਦੀ ਜਬਰ ਤੇ ਵਿਤਕਰਿਆਂ ਦਾ ਵਿਰੋਧ ਕਰਨ ਦਾ ਪ੍ਰਤੀਕ ਬਣ ਗਿਆ। 2013 ਵਿਚ ਅਮਰੀਕਾ ਵਿਚ ਕਿਸ਼ੋਰ ਉਮਰ ਦੇ ਸਿਆਹਫ਼ਾਮ ਮੁੰਡੇ ਟਰੈਵਿਨ ਮਾਰਟਿਨ ਨੂੰ ਗੋਲੀ ਮਾਰ ਕੇ ਮਾਰ ਦੇਣ ਵਾਲੇ ਪੁਲੀਸ ਅਫ਼ਸਰ ਜਾਰਜ ਜ਼ਿਮਰਮੈਨ ਨੂੰ ਮੌਤ ਤੋਂ ਬਾਅਦ ਚੱਲੇ ਮੁਕੱਦਮੇ ਵਿਚ ਦੋਸ਼ੀ ਕਰਾਰ ਨਾ ਦਿੱਤੇ ਜਾਣ ਬਾਅਦ ਇਕ ਹੋਰ ਮੁਹਿੰਮ ‘‘ਕਾਲੇ ਲੋਕਾਂ ਦੀ ਜ਼ਿੰਦਗੀ ਦਾ ਵੀ ਕੋਈ ਮਤਲਬ/ਮਹੱਤਵ ਹੈ’’ (Black lives matter) ਚੱਲੀ ਸੀ। 2020 ਵਿਚ ਖਿਡਾਰੀਆਂ ਦੁਆਰਾ ਗੋਡਿਆਂ ਭਾਰ ਬਹਿਣਾ ਇਸ ਮੁਹਿੰਮ ਨਾਲ ਵੀ ਜੁੜ ਗਿਆ।
ਜਾਰਜ ਫਲਾਇਡ ਦੀ ਗੋਰੇ ਪੁਲੀਸ ਕਰਮਚਾਰੀ ਦੁਆਰਾ ਕਰੂਰ ਹੱਤਿਆ ਤੋਂ ਬਾਅਦ ਯੂਰੋਪ ਦੇ ਫੁੱਟਬਾਲ ਮੁਕਾਬਲੇ ਯੂਰੋ 2020 ਵਿਚ ਇੰਗਲੈਂਡ ਦੀ ਟੀਮ ਦੇ ਖਿਡਾਰੀ ਹਰ ਮੈਚ ਤੋਂ ਪਹਿਲਾਂ ਗੋਡਿਆਂ ਭਾਰ ਬਹਿੰਦੇ ਰਹੇ, ਕਈ ਮੈਚਾਂ ਵਿਚ ਪੁਰਤਗਾਲ, ਸਵਿੱਟਜ਼ਰਲੈਂਡ, ਸਕਾਟਲੈਂਡ ਅਤੇ ਕਈ ਹੋਰ ਟੀਮਾਂ ਦੇ ਖਿਡਾਰੀਆਂ ਨੇ ਵੀ ਏਦਾਂ ਹੀ ਕੀਤਾ। ਟੋਕੀਓ ਓਲੰਪਿਕਸ ਅਤੇ ਬਾਅਦ ਵਿਚ ਵੀ ਇਹ ਵਰਤਾਰਾ ਜਾਰੀ ਰਿਹਾ।
ਕੀ ਸਵਾ ਸਾਲ ਭਾਰਤ ਦੇ ਖਿਡਾਰੀਆਂ ਨੂੰ ਏਦਾਂ ਕਰਨ ਦਾ ਚੇਤਾ ਨਹੀਂ ਆਇਆ, ਖ਼ਾਸ ਕਰਕੇ ਕ੍ਰਿਕਟ ਦੇ ਖਿਡਾਰੀਆਂ ਨੂੰ, ਜਿਨ੍ਹਾਂ ਵਿਚ ਕਈਆਂ ਨੂੰ ਕਈ ਵਾਰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਕਿ ਨਹੀਂ, ਭਾਰਤ ਵਿਚ ਖਿਡਾਰੀਆਂ ਨੂੰ ਸਵਾ ਸਾਲ ਨਸਲਵਾਦ ਦਾ ਵਿਰੋਧ ਕਰਨ ਦਾ ਕੋਈ ਚੇਤਾ ਨਹੀਂ ਆਇਆ। ਸਿੱਧੇ ਤਰੀਕੇ ਨਾਲ ਕਿਹਾ ਜਾਵੇ ਤਾਂ ਜਵਾਬ ਇਹ ਹੈ ਕਿ ਭਾਰਤ ਦੇ ਖਿਡਾਰੀ ਨਾ ਤਾਂ ਸਿਆਸੀ ਤੌਰ ’ਤੇ ਚੇਤੰਨ ਹਨ ਅਤੇ ਨਾ ਹੀ ਉਹ ਅਜਿਹਾ ਕਰਨ ਦਾ ਨੈਤਿਕ ਸਾਹਸ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਖ਼ਤਰਾ ਬਣਿਆ ਰਹਿੰਦਾ ਹੈ ਕਿ ਜੇ ਉਹ ਕਿਸੇ ਲੋਕ-ਹਿੱਤ ਲਈ ਕੋਈ ਪੈਂਤੜਾ ਲੈਣਗੇ ਤਾਂ ਸਰਕਾਰ ਉਨ੍ਹਾਂ ਵਿਰੁੱਧ ਕਾਰਵਾਈ ਕਰੇਗੀ।
ਫਿਰ ਸਵਾ ਸਾਲ ਬਾਅਦ ਅਚਾਨਕ ਭਾਰਤ ਦੀ ਕ੍ਰਿਕਟ ਟੀਮ ਦੇ ਦੇਵ-ਪੁਰਖਾਂ ਨੂੰ 24 ਅਕਤੂਬਰ ਨੂੰ ਨਸਲਵਾਦ ਦਾ ਵਿਰੋਧ ਕਰਨ ਦਾ ਖ਼ਿਆਲ ਕਿਉਂ ਅਤੇ ਕਿਵੇਂ ਆਇਆ? ਤੁਸੀਂ ਦਲੀਲ ਦੇ ਸਕਦੇ ਹੋ ਕਿ ਟੀਮ ਦੇ ਖਿਡਾਰੀ ਆਪਸ ਵਿਚ ਨਸਲਵਾਦ ਦਾ ਵਿਰੋਧ ਕਰਨ ਬਾਰੇ ਵਿਚਾਰ-ਵਟਾਂਦਰਾ ਕਰਦੇ ਰਹੇ ਹੋਣਗੇ ਅਤੇ ਉਨ੍ਹਾਂ ਨੇ ਬਹੁਤ ਸੋਚ-ਸਮਝ ਕੇ ਨਸਲਵਾਦ ਦਾ ਵਿਰੋਧ ਕਰਨ ਦਾ ਪ੍ਰਤੀਕਮਈ ਤਰੀਕਾ ਅਪਣਾਉਣ ਦਾ ਫ਼ੈਸਲਾ ਕੀਤਾ। ਨਹੀਂ, ਏਦਾਂ ਨਹੀਂ ਹੋਇਆ। ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਕਿ ਟੀਮ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਕਿਹਾ ਸੀ। ਧੰਨ ਹਨ ਸਾਡੇ ਖਿਡਾਰੀ ਅਤੇ ਕ੍ਰਿਕਟ ਬੋਰਡ ਦੇ ਅਧਿਕਾਰੀ ਜਿਨ੍ਹਾਂ ਨੂੰ ਸਵਾ ਸਾਲ ਬਾਅਦ ਇਹ ਖ਼ਿਆਲ ਆਇਆ!
ਸਵਾਲ ਇਹ ਹੈ ਕਿ ਸਵਾ ਸਾਲ ਭਾਰਤ ਦੇ ਕ੍ਰਿਕਟ ਖਿਡਾਰੀਆਂ ਅਤੇ ਖੇਡ ਪ੍ਰਬੰਧਕਾਂ ਨੂੰ ਨਸਲਵਾਦ ਦਾ ਵਿਰੋਧ ਕਰਨ ਦਾ ਖ਼ਿਆਲ ਕਿਉਂ ਨਹੀਂ ਆਇਆ। ਇਸ ਦਾ ਜਵਾਬ ਇਹ ਹੈ ਕਿ ਇਹ ਖਿਡਾਰੀ ਇਕ ਵੱਖਰੇ ਜਗਤ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਆਪਣਾ ਸਥਾਨ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਅਪਾਰ ਦੌਲਤ, ਮਹਿਮਾ ਤੇ ਸ਼ਲਾਘਾ ਬਖ਼ਸ਼ਦਾ ਉਹ ਜਗਤ ਵਿਸ਼ੇਸ਼ ਅਧਿਕਾਰਾਂ ਦਾ ਸੰਸਾਰ ਹੈ। ਇਸ ਜਗਤ ਵਿਚ ਰਹਿੰਦੇ ਵਿਅਕਤੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਸੰਸਾਰ ਦੇ ਬਾਹਰ ਵੀ ਇਕ ਦੇਸ਼ ਵੱਸਦਾ ਹੈ, ਜਿਸ ਦਾ ਨਾਂ ਭਾਰਤ ਹੈ, ਜਿੱਥੇ 80 ਕਰੋੜ ਲੋਕਾਂ ਕੋਲ ਆਪਣੇ ਲਈ ਪੂਰਾ ਭੋਜਨ ਖ਼ਰੀਦਣ ਦੀ ਸਮਰੱਥਾ ਨਹੀਂ ਹੈ; ਜਿੱਥੇ ਕਰੋੜਾਂ ਬੱਚਿਆਂ ਦੇ ਕੱਦ ਅਤੇ ਭਾਰ ਉਨ੍ਹਾਂ ਦੀ ਉਮਰ ਮੁਤਾਬਿਕ ਘੱਟ ਹਨ, ਜਿੱਥੇ ਭੁੱਖਮਰੀ ਹੈ, ਜਿੱਥੇ ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਮਿਹਨਤਕਸ਼ਾਂ, ਘੱਟਗਿਣਤੀਆਂ ’ਤੇ ਜ਼ੁਲਮ ਹੁੰਦੇ ਹਨ, ਜਿੱਥੇ ਯੂਨੀਵਰਸਿਟੀਆਂ ਵਿਚ ਗੁੰਡੇ ਜਾਂ ਪੁਲੀਸ ਭੇਜ ਕੇ ਵਿਦਿਆਰਥੀਆਂ ਨੂੰ ਕੁੱਟਿਆ ਜਾਂਦਾ ਹੈ, ਇਕ ਖ਼ਾਸ ਘੱਟਗਿਣਤੀ ਦੇ ਲੋਕਾਂ ਨੂੰ ਬੇਵਤਨੇ ਕਰਾਰ ਦਿੱਤਾ ਜਾਂਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਖਿਡਾਰੀਆਂ ਨੂੰ ਖੇਡ ਸੰਸਾਰ ਦੇ ਦੇਵ-ਪੁਰਖ ਬਣਨ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ, ਰੋਜ਼-ਦਰ-ਰੋਜ਼ ਸਰੀਰ ਨੂੰ ਮਿਹਨਤ ਦੇ ਚੱਕ ’ਤੇ ਧਰ ਕੇ ਉਸ ਖੇਡ ਅਨੁਸਾਰ ਢਾਲਣਾ ਅਤੇ ਵਿਸ਼ਵ ਚੈਂਪੀਅਨਾਂ ਦੇ ਮਾਪਦੰਡਾਂ ਅਨੁਸਾਰ ਬਣਾਉਣਾ ਪੈਂਦਾ ਹੈ, ਉਨ੍ਹਾਂ ਦੀ ਦੌਲਤ ਅਤੇ ਸ਼ੁਹਰਤ ਨਾਲ ਹਸਦ (ਈਰਖਾ) ਕਰਨਾ ਗ਼ਲਤ ਹੋਵੇਗਾ ਪਰ ਇਸ ਦੇ ਬਾਵਜੂਦ ਸਵਾਲ ਇਹ ਹੈ ਕਿ ਕੀ ਇਨ੍ਹਾਂ ਖਿਡਾਰੀਆਂ ਦੀ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਹੈ ? ਦੇਸ਼ ਦੇ ਨੌਜਵਾਨ ਉਨ੍ਹਾਂ ਨੂੰ ਆਦਰਸ਼ ਮਨੁੱਖ ਅਤੇ ਰੋਲ-ਮਾਡਲ ਮੰਨਦੇ ਹਨ। ਕੀ ਉਨ੍ਹਾਂ (ਖਿਡਾਰੀਆਂ) ਦੀ ਆਤਮਾ ਉਸ ਸਮਾਜ, ਜਿੱਥੋਂ ਉਹ ਆਏ ਹਨ, ਦੀਆਂ ਸਮੱਸਿਆਵਾਂ ਵੇਖ ਕੇ ਝੰਜੋੜੀ ਨਹੀਂ ਜਾਂਦੀ?
ਕੀ ਇਨ੍ਹਾਂ ਖਿਡਾਰੀਆਂ ਨੇ 11 ਮਹੀਨਿਆਂ ਤੋਂ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ’ਤੇ ਡੇਰੇ ਲਾਈ ਬੈਠੇ ਨਹੀਂ ਵੇਖਿਆ? ਕੀ ਇਨ੍ਹਾਂ ਨਹੀਂ ਦੇਖਿਆ ਕਿ ਕਿਸਾਨਾਂ ਨੇ ਸਿਆਲਾਂ ਦੀਆਂ ਹੱਡ-ਚੀਰਵੀਆਂ ਰਾਤਾਂ, ਗਰਮੀਆਂ ਦੇ ਪਿੰਡਿਆਂ ਨੂੰ ਲੂੰਹਦੇ ਦਿਨ, ਮੀਂਹ ਤੇ ਝੱਖੜ ਆਪਣੇ ਸਰੀਰਾਂ ’ਤੇ ਝੱਲੇ ਹਨ? ਕੀ ਉਹ (ਕ੍ਰਿਕਟ ਦੇ ਖਿਡਾਰੀ) ਨਹੀਂ ਜਾਣਦੇ ਕਿ 700 ਤੋਂ ਵੱਧ ਕਿਸਾਨ ਇਸ ਸੰਘਰਸ਼ ਵਿਚ ਜਾਨਾਂ ਗਵਾ ਚੁੱਕੇ ਹਨ? ਕੀ ਖਿਡਾਰੀਆਂ ਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਦਲਿਤਾਂ ਨੂੰ ਸਮਾਜਿਕ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ? ਕੀ ਕਿਸੇ ਇਕ ਖਿਡਾਰੀ ਦੀ ਆਤਮਾ ਵੀ ਅਜਿਹੇ ਜ਼ੁਲਮਾਂ ਨੂੰ ਵੇਖ ਕੇ ਕੁਰਲਾਈ ਨਹੀਂ? ਵਾਹ, ਮਹਾਨ ਖਿਡਾਰੀਓ ਵਾਹ! ਪ੍ਰਬੰਧਕਾਂ (ਮੈਨੇਜਮੈਂਟ) ਦੇ ਕਹਿਣ ’ਤੇ ਤੁਸੀਂ ਨਸਲਵਾਦ ਦੇ ਵਿਰੁੱਧ ਤਾਂ ਆਪਣੇ ਗੋਡਿਆਂ ਭਾਰ ਬੈਠ ਗਏ ਪਰ ਕਿਸਾਨਾਂ, ਦਲਿਤਾਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਆਪਣੇ ਗੋਡਿਆਂ ਭਾਰ ਕੌਣ ਬੈਠੇਗਾ?
ਕਿਸਾਨ ਆਪਣੇ ਗੋਡਿਆਂ ਭਾਰ ਖ਼ੁਦ ਬੈਠੇ ਹੋਏ ਹਨ। ਉਹ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਹਨ। ਸੰਜਮ ਤੇ ਸ਼ਾਂਤਮਈ ਢੰਗ ਨਾਲ ਏਨਾ ਲੰਮਾ ਅੰਦੋਲਨ ਚਲਾ ਕੇ ਉਹ ਜਮਹੂਰੀਅਤ ਅਤੇ ਬਾਕੀ ਲੋਕਾਂ ਦੇ ਅਧਿਕਾਰਾਂ ਲਈ ਵੀ ਆਪਣੇ ਗੋਡਿਆਂ ’ਤੇ ਬੈਠੇ ਹੋਏ ਹਨ। ਉਨ੍ਹਾਂ ਦੇ ਦ੍ਰਿੜ ਵੇਗਮਈ ਤੇ ਧੀਰਜਵਾਨ ਅੰਦੋਲਨ ਨੇ ਦੇਸ਼ ਦੇ ਕਿਸਾਨਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਊਰਜਿਤ ਕੀਤਾ ਹੈ। ਦੇਸ਼ ਦੇ ਚਿੰਤਕ, ਵਿਦਵਾਨ, ਸਮਾਜਿਕ ਕਾਰਕੁਨ, ਗਾਇਕ, ਕਲਾਕਾਰ, ਰੰਗਕਰਮੀ, ਲੇਖਕ ਕਿਸਾਨਾਂ ਦੇ ਹੱਕ ਵਿਚ ਨਿੱਤਰੇ ਹਨ ਪਰ ਕ੍ਰਿਕਟ ਦੇ ਕਿਸੇ ਖਿਡਾਰੀ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾਈ।
ਇਹ ਸਵਾਲ ਵਾਰ ਵਾਰ ਆਪਣਾ ਸਿਰ ਉਠਾਉਂਦਾ ਹੈ। ਕਿਉਂ ਕੋਈ ਕ੍ਰਿਕਟ ਖਿਡਾਰੀ ਜਾਂ ਕਿਸੇ ਹੋਰ ਖੇਡ ਦਾ ਮਹਾਂਰਥੀ ਕਿਸਾਨ ਅੰਦੋਲਨ ਦੇ ਹੱਕ ਵਿਚ ਨਹੀਂ ਨਿੱਤਰਿਆ। ਇਸ ਸਵਾਲ ਦਾ ਜਵਾਬ ਹੈ ਮੰਡੀ ਅਤੇ ਸਿਆਸਤ ਦੇ ਕਾਰਨ। ਕ੍ਰਿਕਟ ਦੀ ਖੇਡ ਕਾਰਪੋਰੇਟ ਅਦਾਰਿਆਂ ਦੇ ਹੱਥ ਵਿਚ ਹੈ, ਉਹ ਇਸ ਖੇਡ ਵਿਚ ਕਰੋੜਾਂ ਰੁਪਈਏ ਲਗਾਉਂਦੇ ਹਨ। ਇਹ ਸਰਮਾਇਆ ਵੱਡੀ ਇਸ਼ਤਿਹਾਰਬਾਜ਼ੀ ਅਤੇ ਕਾਰਪੋਰੇਟ ਅਦਾਰਿਆਂ ਦੀਆਂ ਬਣਾਈਆਂ ਵਸਤਾਂ ਦੀ ਮਸ਼ਹੂਰੀ ਕਰਨ ਅਤੇ ਇਨ੍ਹਾਂ ਅਦਾਰਿਆਂ ਦਾ ਲੋਕ-ਮਨ ਵਿਚ ਸਥਾਨ/ਅਕਸ (ਬ੍ਰਾਂਡ) ਬਣਾਉਣ ਵਿਚ ਖ਼ਰਚ ਹੁੰਦਾ ਹੈ। ਇਹ ਸਭ ਸੱਤਾਧਾਰੀ ਸਿਆਸਤਦਾਨਾਂ ਨਾਲ ਸਾਂਝ ਪਾਏ ਬਗ਼ੈਰ ਸੰਭਵ ਨਹੀਂ ਹੈ। … ਤੇ ਅਸੀਂ ਸਾਰੇ ਜਾਣਦੇ ਹਾਂ, ਮੰਡੀ/ਬਾਜ਼ਾਰ ਤੇ ਵੱਡਾ ਸਰਮਾਇਆ ਮਨੁੱਖ ਤੋਂ ਮਨੁੱਖ ਦੀ ਆਤਮਾ ਖੋਹ ਲੈਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕ੍ਰਿਕਟ ਖਿਡਾਰੀ ਗੁਣੀ ਆਦਮੀ ਹਨ। ਪੱਛਮੀ ਮਿਥਿਹਾਸ ਵਿਚ ਉੱਘਾ ਤੇ ਮਹਾਗੁਣੀ ਵਿਦਵਾਨ ਫਾਊਸਟ (Faust) ਸ਼ੈਤਾਨ ਦੇ ਦੂਤ ਮੈਫਸਟੋਫਲੀਸ ਨਾਲ ਸਮਝੌਤਾ ਕਰਕੇ ਆਪਣੀ ਆਤਮਾ ਸ਼ੈਤਾਨ ਕੋਲ ਵੇਚ ਦਿੰਦਾ ਹੈ। ਮੈਫਸਟੋਫਲੀਸ ਅਤੇ ਸ਼ੈਤਾਨ ਉਸ ਨੂੰ ਅਪਾਰ ਦੌਲਤ ਤੇ ਸ਼ੁਹਰਤ ਬਖ਼ਸ਼ਦੇ ਹਨ। ਪੱਛਮੀ ਸਾਹਿਤ ਵਿਚ ਇਸ ਨੂੰ ਫਾਊਸਟੀਅਨ ਸੰਧੀਨਾਮਾ (ਸ਼ੈਤਾਨ ਨਾਲ ਕੀਤਾ ਸਮਝੌਤਾ) ਕਿਹਾ ਜਾਂਦਾ ਹੈ। ਮਹਾਗੁਣੀ ਕ੍ਰਿਕਟ ਖਿਡਾਰੀਆਂ ਨੂੰ ਵੀ ਮੰਡੀ/ਬਾਜ਼ਾਰ ਦੇ ਸ਼ੈਤਾਨ ਨਾਲ ਅਜਿਹਾ ਸਮਝੌਤਾ ਕਰਨਾ ਪੈਂਦਾ ਹੈ, ਆਪਣੀ ਆਤਮਾ ਸਰਮਾਏ ਦੇ ਸ਼ੈਤਾਨ ਕੋਲ ਵੇਚਣੀ ਪੈਂਦੀ ਹੈ। ਦੂਸਰੀਆਂ ਖੇਡਾਂ ਦੇ ਖਿਡਾਰੀ ਸਰਕਾਰਾਂ ਉੱਤੇ ਇੰਨੇ ਨਿਰਭਰ ਹਨ ਕਿ ਉਹ ਦੂਸਰਿਆਂ ਦੇ ਹੱਕ ਤਾਂ ਕੀ, ਆਪਣੇ ਹੱਕਾਂ ਲਈ ਵੀ ਆਵਾਜ਼ ਬੁਲੰਦ ਨਹੀਂ ਕਰ ਸਕਦੇ।
ਇਸ ਸਭ ਕੁਝ ਦੇ ਬਾਵਜੂਦ ਸਮਾਜ ਆਪਣੇ ਨਾਇਕਾਂ ਤੋਂ ਕੁਝ ਉਮੀਦਾਂ ਰੱਖਦਾ ਹੈ। ਜਰਮਨ ਨਾਟਕਕਾਰ ਬ੍ਰਤੋਲਤ ਬ੍ਰੈਖਤ ਦੇ ਨਾਟਕ ‘ਗੈਲੀਲਿਓ’ ਵਿਚ ਜਦ ਗੈਲੀਲਿਓ ’ਤੇ ਪ੍ਰੇਸ਼ਾਨੀਆਂ ਦੇ ਪਹਾੜ ਟੁੱਟਦੇ ਹਨ ਤਾਂ ਉਸ ਦਾ ਸ਼ਾਗਿਰਦ ਗੈਲੀਲਿਓ ਨੂੰ ਪੁੱਛਦਾ ਹੈ, ‘‘ਕੌਮ ਨੂੰ ਆਪਣਾ ਨਾਇਕ ਕਦੋਂ ਮਿਲੇਗਾ?’’ ਗੈਲੀਲਿਓ ਜਵਾਬ ਦਿੰਦਾ ਹੈ, ‘‘ਧ੍ਰਿਕਾਰ ਹੈ ਐਸੀ ਕੌਮ ਦੇ ਜਿਸ ਨੂੰ ਨਾਇਕਾਂ ਦੀ ਜ਼ਰੂਰਤ ਹੋਵੇ, ਕੌਮ ਨੂੰ ਖ਼ੁਦ ਨਾਇਕ/ਬਹਾਦਰ ਹੋਣਾ ਚਾਹੀਦਾ ਹੈ।’’ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਦੱਬੇ-ਕੁਚਲੇ ਤੇ ਜ਼ੁਲਮ ਦੇ ਮਾਰੇ ਲੋਕਾਂ ਨੂੰ ਖ਼ੁਦ ਨਾਇਕ/ਬਹਾਦਰ ਬਣਨਾ ਪੈਣਾ ਹੈ, ਆਪਣੀਆਂ ਲੜਾਈਆਂ ਆਪ ਲੜਨੀਆਂ ਪੈਣੀਆਂ ਹਨ ਜਿਵੇਂ ਕਿਸਾਨ ਲੜ ਰਹੇ ਹਨ। ਇਸ ਵੇਲੇ ਕਿਸਾਨ ਅੰਦੋਲਨ ਦੇਸ਼ ਦਾ ਨਾਇਕ ਹੈ, ਉਨ੍ਹਾਂ ਦੇ ਆਗੂ ਦੇਸ਼ ਦੇ ਨਾਇਕ ਹਨ, ਕਿਸਾਨ ਦੇਸ਼ ਦੇ ਨਾਇਕ ਹਨ। ਦੁਨੀਆ ਦੇ ਮਿਹਨਤਕਸ਼ਾਂ ਨੂੰ ਮਸ਼ਹੂਰ ਆਦਮੀਆਂ ਦੇ ਇਸ਼ਾਰਿਆਂ ਅਤੇ ਪ੍ਰਤੀਕਾਤਮਕ ਕਾਰਜਾਂ/ਬੋਲਾਂ ’ਤੇ ਟੇਕ ਰੱਖਣ ਦੀ ਬਜਾਏ ਆਪਣੇ ਸੰਘਰਸ਼ ਆਪ ਲੜਨੇ ਪੈਣੇ ਹਨ, ਖ਼ੁਦ ਨਾਇਕ ਬਣਨਾ ਪੈਣਾ ਹੈ। ਸਮੂਹ ਲੋਕਾਂ ਦਾ ਨਾਇਕ ਹੋਣਾ ਹੀ ਸਾਨੂੰ ਅਸਲੀ ਜਮਹੂਰੀਅਤ ਵੱਲ ਲੈ ਕੇ ਜਾ ਸਕਦਾ ਹੈ।