ਮਿਲਾਵਟ ਖੋਰੀ - ਸੁਖਪਾਲ ਸਿੰਘ ਗਿੱਲ
ਅੱਜ ਸਿਹਤ ਦੇ ਪੱਖ ਨਾਲ ਖਿਲਵਾੜ ਹੋਣ ਲਈ ਮਿਲਾਵਟ ਖੋਰੀ ਸਭ ਤੋਂ ਅੱਗੇ ਹੈ । ਕਾਰਨ ਸਪੱਸ਼ਟ ਹੈ ਕਿ ਮਿਲੀਭੁਗਤ ਅਤੇ ਢਿੱਲੀ ਕਾਰਗੁਜ਼ਾਰੀ ਇਸ ਧੰਦੇ ਨੂੰ ਉੱਤਸ਼ਾਹਿਤ ਕਰਦੇ ਹਨ । ਇਸ ਵਿੱਚੋਂ ਭ੍ਰਿਸ਼ਟਾਚਾਰ ਦੀ ਬਦਬੂ ਆਉਂਦੀ ਹੈ । ਮਿਲਾਵਟ ਖੋਰੀ ਨਾਲ ਮਨੁੱਖੀ ਜੀਵਨ ਨੂੰ ਖਤਰਿਆਂ ਦੀਆਂ ਸੁਰਖੀਆਂ ਰਹਿੰਦੀਆਂ ਹਨ ।ਪਰ ਪੁਖਤਾ ਇੰਤਜਾਮ ਜ਼ੀਰੋ ਹਨ ।
ਬਜ਼ਾਰ ਵਿੱਚ ਦਵਾਈਆਂ ਨਾਲ ਪੱਕੇ ਫਲ ਸਬਜ਼ੀਆਂ ਜ਼ਹਿਰਾਂ ਵਰਤਾ ਰਹੀਆਂ ਹਨ । ਬੇਮੌਸਮੀ ਚੀਜ਼ਾ ਦੀ ਭਰਮਾਰ ਵੀ ਰਹਿੰਦੀ ਹੈ ।ਇਸ ਲਈ ਵੀ ਮਿਲਾਵਟ ਖੋਰੀ ਜ਼ਿੰਮੇਵਾਰ ਹੁੰਦੀ ਹੈ । ਨਿੱਤ ਦਿਨ ਸ਼ੋਸ਼ਲ ਮੀਡੀਆ ਤੇ ਮਿਲਾਵਟ ਖੋਰੀ ਦੀਆਂ ਝਲਕਾਂ ਦਿਖਦੀਆਂ ਰਹਿੰਦੀਆਂ ਹਨ । ਇਹਨਾਂ ਨੂੰ ਕੂੜ - ਕੁਆੜ ਸਮਝ ਕੇ ਪਰੇ ਸੁੱਟਣ ਦੀ ਬਜਾਏ ਤਹਿ ਤੱਕ ਜਾਣ ਦੀ ਲੋੜ ਹੈ । ਸੱਚ ਜਨਤਾ ਸਾਹਮਣੇ ਆਉਣਾ ਚਾਹੀਦਾ ਹੈ ।
ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਜ਼ਹਿਰ ਰੂਪੀ ਸ਼ਰਾਬ ਵੀ ਸ਼ੁੱਧ ਨਹੀਂ ਮਿਲਦੀ । ਸ਼ਰਾਬ ਵਿੱਚ ਕੈਪਸੂਲ ਅਤੇ ਕੈਮੀਕਲਾਂ ਦੀ ਮਿਲਾਵਟ ਨਾਲ ਮਨੁੱਖੀ ਜਾਨਾਂ ਨੂੰ ਦੁੱਗਣਾ ਖਤਰਾ ਹੁੰਦਾ ਹੈ । ਪੀਣ ਵਾਲੇ ਪਦਾਰਥਾਂ ਵਿੱਚ ਅਤੇ ਮਿਠਾਈਆਂ ਵਿੱਚ ਮਿਲਾਵਟ ਖੋਰੀ ਬਹੁਤੀ ਵਾਰੀ ਖਾਣ ਸਾਰ ਹੀ ਪਤਾ ਲੱਗ ਜਾਂਦੀ ਹੈ । ਇੱਕ ਵਾਰ ਮਿਲਾਵਟੀ ਚੀਜ਼ ਖਾਣ ਨਾਲ ਸ਼ਰੀਰ ਇੰਨ੍ਹਾਂ ਪ੍ਰਭਾਵਿਤ ਹੁੰਦਾ ਹੈ ਜਿੰਨਾਂ ਚਲਦੇ ਘਰਾਟ ਵਿੱਚ ਗਟਾ ਫਸਣ ਨਾਲ
ਘਰਾਟ। ਮਿਲਾਵਟ ਖੋਰੀ ਸਿਹਤ ਅਤੇ ਆਰਥਿਕ ਪੱਖ ਨੂੰ ਡਾਵਾਂ - ਡੋਲ ਰੱਖਦੀ ਹੈ ।
ਲੋਕਾਂ ਦੀ ਜਾਨ ਲਈ ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਸੁਭਾਅ ਤਿਆਗਣਾ ਪਵੇਗਾ । ਇਸ ਮਿਲਾਵਟ ਖੋਰੀ ਦੈਂਤ ਨਾਲ ਕਿਸੇ ਕਿਸਮ ਦਾ ਸਮਝੋਤਾ ਨਹੀਂ ਚਾਹੀਦਾ । ਇਸ ਖੇਤਰ ਵਿੱਚ ਜ਼ੀਰੋ ਪ੍ਰਤੀਸ਼ਤ ਸਹਿਣਸ਼ੀਲਤਾ ਵੀ
ਨਹੀਂ ਹੋਣੀ ਚਾਹੀਦੀ । ਮਿਲਾਵਟ ਖੋਰੀ ਦੇ ਦੋਸ਼ੀਆਂ ਨੂੰ ਮਿਸਾਲੀ ਅਤੇ ਤੁਰੰਤ ਸਜ਼ਾ ਦਾ ਉਪਬੰਧ ਹੋਣਾ ਚਾਹੀਦਾ ਹੈ , ਤਾਂ ਜੋ ਇਸ ਘਾਤਕ ਮਰਜ਼ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ । ਇਸ ਖੇਤਰ ਵਿੱਚ ਸਰਕਾਰ ਵਲੋਂ ਕੀਤੀ ਤੁਰੰਤ ਪਹਿਲ ਕਿਸੇ ਪੁੰਨ ਕਰਮ ਤੋਂ ਘੱਟ ਨਹੀਂ ਹੋਵੇਗੀ ।
ਜਦੋਂ ਮਿਲਾਵਟ ਖੋਰੀ ਦੀਆਂ ਮਿਸਾਲਾਂ ਬਿਨਾਂ ਰੋਕ ਟੋਕ ਤੋਂ ਮਿਲਦੀਆਂ ਹਨ ਤਾਂ ਸਾਡੀ ਵਿਵਸਥਾ ਦਾ ਮੂੰਹ ਚਿੜਾਉਂਦੀਆਂ ਹਨ । ਅੱਜ ਭੱਖਦਾ ਮਸਲਾ ਹੈ ਕਿ ਮਿਲਾਵਟ ਖੋਰੀ ਨੂੰ ਰੋਕਣ ਲਈ ਸਖਤ ਅਤੇ ਛੇਤੀ ਕਦਮ ਪੁੱਟੇ ਜਾਣ , ਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ । ਇਸ ਦੈਂਤ ਨੂੰ ਨੱਥ ਪੈਣ ਨਾਲ ਸਰਕਾਰ ਲੋਕ ਵਿਸ਼ਵਾਸ ਜਿੱਤ ਕੇ ਨਵਾਂ ਅਧਿਆਏ ਸ਼ੁਰੂ ਕਰ ਸਕਦੀ ਹੈ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ