ਤੇ ਜੱਥੇਦਾਰਾਂ ਨੇ ਕੌਮ ਨਾਲ ਧਰੋਅ ਕੀਤਾ - ਹਰਦੇਵ ਸਿੰਘ ਧਾਲੀਵਾਲ

ਖਾਲਸਾ ਪੰਥ ਦੀ ਰਚਾਨਾ ਦਾ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਤੇ ਕਿ ''ਨਾ ਹਮ ਹਿੰਦੂ, ਨਾ ਮੁਸਲਮਾਨ।'' ਉਨ੍ਹਾਂ ਨੇ ਇੱਕ ਅਕਾਲ ਪੁਰਖ ਦੀ ਗੱਲ ਕੀਤੀ। ਸ੍ਰੀ ਗੁਰੂ ਅਰਜਨ ਦੇਵ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦੇ ਕੇ ਸਿੱਖੀ ਦਾ ਬੂਟਾ ਪ੍ਰਫੁੱਲਤ ਕੀਤਾ। ਦਸਵੇਂ ਪਾਤਸ਼ਾਹ ਨੇ ਨਵੀਂ ਰੂਹ ਦੇ ਕੇ ਖਾਲਸਾ ਪੰਥ ਦੀ ਰਚਨਾ ਕੀਤੀ। ਸਿੱਖੀ ਤੇ ਨਾਦਰ ਸ਼ਾਹ, ਅਹਿਮਦ ਾਿਹ ਅਬਦਾਲੀ ਆਦਿ ਦੇ ਹਮਲੇ ਹੋਏ। ਮੀਰ ਮੰਨੂੰ, ਮੁਗਲਾਨੀ ਬੇਗਮ, ਜਕਰੀਆ ਖਾਂ ਆਦਿ ਨੇ ਵੀ ਸਿੱਖੀ ਤੇ ਬਹੁਤ ਜੁਲਮ ਕੀਤੇ, ਪਰ ਇਹ ਵਧਦੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖੀ ਨੂੰ ਬਲ ਮਿਲਿਆ, ਪਰ ਫੇਰ ਢਾਹ ਲੱਗੀ। ਮਹੰਤਾਂ ਨੇ ਗੁਰਦੁਆਰਿਆਂ ਨੂੰ ਆਪਣੀ ਜੱਦੀ ਜਾਇਦਾਤ ਸਮਝ ਲਿਆ। 1920 ਤੋਂ 25 ਤੱਕ ਚੱਲੀ ਅਕਾਲੀ ਲਹਿਰ ਦੇ ਹੇਠ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ। ਕੋਈ 30 ਹਜ਼ਾਰ ਜੇਲ੍ਹੀ ਗਏ। 400 ਸਿੰਘਾਂ ਦੀਆਂ ਜਾਨਾਂ ਗਈਆਂ, 2000 ਜਖਮੀ ਹੋਏ 700 ਦੇ ਕਰੀਬ ਸਰਕਾਰੀ ਕਰਮਚਾਰੀ ਕੱਢੇ ਗਏ ਤੇ ਕੌਮ ਨੇ 15 ਲੱਖ ਜੁਰਮਾਨਾ ਵੀ ਭਰਿਆ। ਫੇਰ 1925 ਦਾ ਗੁਰਦੁਆਰਾ ਐਕਟ ਆਇਆ। 1970 ਤੱਕ ਗੁਰਦੁਆਰਾ ਪ੍ਰਬੰਧ ਲਈ ਲੜਾਈਆਂ ਵੀ ਹੋਈਆਂ। 1970 ਤੱਕ ਐਕਟ ਵਿੱਚ ਕੋਈ ਬਹੁਤੀ ਤਰਮੀਮ ਵੀ ਨਾ ਹੋਈ। ਕੌਮ ਨੇ ਸਰਦਾਰ ਖੜਕ ਸਿੰਘ, ਸ. ਕਰਤਾਰ ਸਿੰਘ ਝੱਬਰ, ਤਿੰਨੇ ਝਬਾਲੀਏ ਵੀਰ, ਸ.ਬ. ਮਹਿਤਾਬ ਸਿੰਘ, ਗਿਆਰੀ ਸ਼ੇਰ ਸਿੰਘ, ਮਾਸਟਰ ਤਾਰਾ ਸਿੰਘ ਆਦਿ ਬਹੁਤ ਲੀਡਰ ਕੌਮ ਨੂੰ ਦਿੱਤੇ। ਗਿਆਨੀ ਕਰਤਾਰ ਸਿੰਘ ਕਹਿੰਦੇ ਹੁੰਦੇ ਸਨ ਕਿ ਗੁਰਦੁਆਰਾ ਐਕਟ ਵਿੱਚ ਬਹੁਤ ਤਰੁਟੀਆਂ ਹਨ, ਪਰ ਪਤਾ ਨਹੀਂ ਕਦੋਂ ਦੂਰ ਹੋਣਗੀਆਂ।
ਮਾਸਟਰ ਤਾਰਾ ਸਿੰਘ ਤੇ ਗਿਆਰੀ ਸ਼ੇਰ ਸਿੰਘ 15-16 ਸਾਲ ਪੰਥਕ ਸਿਆਸਤ ਤੇ ਲੜਦੇ ਰਹੇ, ਪਰ ਨਹਿਰੂ ਰਿਪੋਰਟ, ਕੰਮਿਊਨਲ ਅਵਾਰਡ ਤੇ ਗੁਰਦੁਆਰਾ ਸ਼ਹੀਦ ਗੰਜ ਤੇ ਇਕੱਠੇ ਹੋ ਜਾਂਦੇ ਸਨ। ਸ਼੍ਰੋਮਣੀ ਕਮੇਟੀ ਤੇ ਅਜ਼ਾਦੀ ਤੋਂ ਪਿੱਛੋਂ ਜੱਥੇਦਾਰ ਊਧਮ ਸਿੰਘ ਨਾਗੋਕੇ ਦਾ ਧੜਾ 1955 ਤੱਕ ਕਾਬਜ ਰਿਹਾ। ਫੇਰ ਮਾਸਟਰ ਜੀ ਨੇ ਹਰਾ ਦਿੱਤਾ। 1961 ਤੋਂ ਪਿੱਛੋਂ ਸੰਤ ਫਤਿਹ ਸਿੰਘ ਹਾਵੀ ਹੋ ਗਏ। 1972 ਤੋਂ 2004 ਤੱਕ ਤਕਰੀਬਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਕਰਤਾ-ਧਰਤਾ ਰਹੇ। ਉਨ੍ਹਾਂ ਦਾ ਭਾਵੇਂ ਬਾਦਲ ਸਾਹਿਬ ਨਾਲ ਕਦੇ-ਕਦੇ ਵਿਰੋਧ ਰਿਹਾ, ਪਰ ਉਸ ਸਮੇਂ ਤੱਕ ਕਿਸੇ ਨੇ ਪੰਥ ਵਿਰੁੱਧ ਸ਼ਕਤੀਆਂ ਨੂੰ ਉਤਸ਼ਾਹਤ ਨਹੀਂ ਸੀ ਕੀਤਾ। ਫੇਰ ਬਾਦਲ ਸਾਹਿਬ ਨੇ ਸਰਸੇ ਵਾਲੇ ਸਾਧ ਨਾਲ ਦੋਸਤੀ ਪਾ ਲਈ, ਉਹ ਕਦੇ ਕਾਂਗਰਸ ਦੀ ਮੱਦਤ ਕਰ ਜਾਂਦਾ ਸੀ ਤੇ ਕਦੇ ਅਕਾਲੀਆਂ ਦੀ। 2007 ਵਿੱਚ ਸਰਸੇ ਵਾਲੇ ਸਾਧ ਨੇ ਸਲਾਬਤਪੁਰੇ ਵੱਡਾ ਇਕੱਠ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾਈ, ਸਾਂਗ ਰਚਾਇਆ, ਅੰਮ੍ਰਿਤ ਦੀ ਸ਼ਕਲ ਵਿੱਚ ਚੂਲੀਆਂ ਦਿੱਤੀਆਂ ਗਈਆਂ। ਕਈ ਆਦਮੀ ਸ਼ੱਕ ਕਰਦੇ ਸਨ ਕਿ ਇਹ ਸਵਾਂਗ ਬਾਦਲ ਸਾਹਿਬ ਦੀ ਮਰਜੀ ਨਾਲ ਰਚਾਇਆ ਗਿਆ। ਦਮਦਮਾ ਸਾਹਿਬ ਵਿੱਖੇ ਵੱਡਾ ਇਕੱਠ ਕਰਕੇ ਇਸ ਦੀ ਵਿਰੋਧਤਾ ਕੀਤੀ ਗਈ। ਲੋਕਾਂ ਦੇ ਰੋਹ ਨੂੰ ਭਾਈ ਰੂਪੇ ਹੀ ਰੋਕ ਲਿਆ ਗਿਆ।
2015 ਵਿੱਚ ਬਰਗਾੜੀ 'ਸ੍ਰੀ ਗੁਰੂ ਗ੍ਰੰਥ ਸਾਹਿਬ' ਮਿਥ ਕੇ ਚੋਰੀ ਕਰਵਾਇਆ। 3 ਮਹੀਨੇ ਕੋਈ ਉੱਘਸੁੱਗ ਨਾ ਨਿੱਕਲੀ, ਪੁਲਿਸ ਨੇ ਕੁੱਝ ਨਾ ਕੀਤਾ। ਸਰਸੇ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਰਕੇ ਪ੍ਰਚਾਰ ਕਰਨਾ ਚਾਹੁੰਦੇ ਸਨ। ਢੌਗੀ ਸਾਧ ਦੀ ਫਿਲਮ ਬਣ ਗਈ। ਪੰਜਾਬ ਵਿੱਚ ਇਸ ਤੇ ਪਾਬੰਦੀ ਸੀ। ਸਰਸੇ ਵਾਲੇ ਦੇ ਚੇਲੇ ਚਾਹੁੰਦੇ ਸਨ ਕਿ ਪੰਜਾਬ ਵਿੱਚ ਖੁੱਲੇ ਤੌਰ ਤੇ ਦਿਖਾਈ ਜਾਵੇ। ਜੇਕਰ ਕੋਈ ਸਮਝ ਵਾਲਾ ਦੇਖਦਾ ਤਾਂ ਇਸ ਦਾ ਕੋਈ ਲਾਭ ਨਹੀਂ ਸੀ ਹੋਣਾ। ਇਸ ਨਾਲ ਹੋਛੇ ਤੇ ਫੁਕਰੇ ਆਦਮੀ ਹੀ ਖੁਸ਼ ਹੋਣੇ ਸਨ। ਬਰਗਾੜੀ ਤੋਂ ਮੈਨੂੰ ਉਸ ਸਮੇਂ 4-5 ਵੱਖੋ-ਵੱਖ ਆਦਮੀਆਂ ਦੇ ਫੋਨ ਆਏ ਜਿਹੜੇ ਕਹਿੰਦੇ ਸਨ ਕਿ ਬੀੜ ਅਕਾਲੀਆਂ ਨੇ ਸਰਸੇ ਵਾਲਿਆਂ ਨੂੰ ਚੋਰੀ ਕਰਵਾਈ ਹੈ। ਬਰਗਾੜੀ ਦੇ ਆਸੇ ਪਾਸੇ ਤੇ ਪਿੰਡਾਂ ਵਿੱਚ ਵੀ ਇਸ਼ਤਿਹਾਰ ਲੱਗਦੇ ਰਹੇ, ਜਿਹੜੇ ਹੱਥ ਨਾਲ ਲਿਖੇ ਹੁੰਦੇ ਸਨ। ਉਨ੍ਹਾਂ ਤੇ ਲਿਖਿਆ ਸੀ, ''ਤੁਹਾਡਾ ਗੁਰੂ ਸਾਡੇ ਕੋਲ ਹੈ, ਆਓ ਲੈ ਜਾਓ'', ਤੁਹਾਡਾ ਗੁਰੂ ਸਾਡੀ ਕੈਦ ਵਿੱਚ ਹੈ, ਜੇਕਰ ਲਿਜਾ ਸਕਦੇ ਹੋ ਤਾਂ ਲੈ ਜਾਓ ਅਤੇ ਹੋਰ ਘਟੀਆ ਕਿਸਮ ਦੇ ਲਫਜ਼ ਲਿਖੇ ਹੁੰਦੇ ਸਨ। ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਰਗਾੜੀ ਵਿੱਚ ਖਿਲਾਰ ਦਿੱਤੀ ਗਈ ਤੇ ਆਸੇ ਪਾਸੇ ਦੇ ਪਿੰਡਾਂ ਵਿੱਚ ਵੀ ਪੱਤਰੇ ਖਿੱਲਰੇ ਮਿਲੇ। ਇਸ ਤੇ ਸਾਰਾ ਪੰਥ ਇੱਕ ਦਮ ਖੜਾ ਹੋ ਗਿਆ।
ਇਸੇ ਸਮੇਂ ਇਹ ਗੱਲ ਲੋਕਾਂ ਦੇ ਸਾਹਮਣੇ ਆ ਗਈ ਕਿ ਸਰਸੇ ਵਾਲੇ ਸਾਧ ਤੇ ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਦੀ ਮੁਲਾਕਾਤ ਮੁੰਬਈ ਵਿਖੇ ਸ੍ਰੀ ਅਕਸ਼ੇ ਕੁਮਾਰ ਪੰਜਾਬੀ ਐਕਟਰ ਦੇ ਘਰ ਹੋਈ। ਉਥੇ ਸਾਰੇ ਮੌਜੂਦ ਸਨ। ਜੱਥੇਦਾਰ ਵੀ ਉੱਥੇ ਸੱਦਿਆ ਗਿਆ ਤੇ ਹੁਕਮਨਾਮਾ ਤਿਆਰ ਕੀਤਾ ਗਿਆ, ਜਿਸ ਅਨੁਸਾਰ ਸਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਗਈ। ਜੱਥੇਦਾਰ ਅਕਾਲ ਤਖਤ ਤੇ ਦੂਜੇ ਜੱਥੇਦਾਰਾਂ ਨੇ ਮੁਆਫੀਨਾਮੇ ਤੇ ਦਸਤਖਤ ਕੀਤੇ। ਇਹ ਸਾਰੇ ਸਹਿਮਤ ਸਨ ਤਾਂ ਪੰਥ ਵਿੱਚ ਹਾਹਾਕਾਰ ਮੱਚ ਗਈ। ਗਿਆਨੀ ਗੁਰਮੁਖ ਸਿੰਘ ਸੱਚ ਤੇ ਆ ਗਏ, ਉਨ੍ਹਾਂ ਨੇ ਬਿਆਨ ਦਿੱਤਾ ਗਿਆ ਉਹ ਤੇ ਜੱਥੇਦਾਰ ਅਕਾਲ ਤਖਤ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਮੁੱਖ ਮੰਤਰੀ ਦੀ ਕੋਠੀ ਤੇ ਗਏ। ਉੱਥੇ ਉੱਪ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਮੁਆਫੀਨਾਮਾ ਜਾਰੀ ਕੀਤਾ ਗਿਆ। ਇਸ ਤੇ ਗਿਆਨੀ ਗੁਰਮੁਖ ਸਿੰਘ ਦੀ ਬਹੁਤ ਉਸਤਤ ਹੋਈ। ਉਨ੍ਹਾਂ ਨੂੰ ਬਦਲ ਕੇ ਧਮਧਾਨ ਸਾਹਿਬ ਹਰਿਆਣੇ ਭੇਜ ਦਿੱਤਾ ਤੇ ਉਨ੍ਹਾਂ ਦੇ ਪਰਿਵਾਰ ਦੇ ਕੁਆਟਰ ਤੇ ਬਿਜਲੀ ਤੇ ਪਾਣੀ ਸ਼੍ਰੋਮਣੀ ਕਮੇਟੀ ਨੇ ਕੱਟ ਦਿੱਤੇ ਸ਼੍ਰੋਮਣੀ ਕਮੇਟੀ ਦੇ ਵਿਰੋਧੀ ਮੈਂਬਰਾਂ ਨੇ ਵੀ ਪੂਰੇ ਜੋਰ ਨਾਲ ਨਿੰਦਾ ਕੀਤੀ। ਉਸ ਸਮੇਂ ਦੌਰਾਨ ਸਾਰੇ ਜਗਤ ਵਿੱਚ ਰੋਸ ਫੈਲਣ ਕਾਰਨ ਮੁਆਫੀਨਾਮੇ ਦਾ ਹੁਕਮਨਾਮਾ ਵਾਪਸ ਲੈ ਲਿਆ ਗਿਆ। ਜਿਸ ਤੇ ਇੰਨਾਂ ਸਾਰਿਆਂ ਦੀ ਹੋਰ ਵੀ ਕਿਰਕਰੀ ਹੋਈ।
ਬੇਅਦਬੀ ਦੇ ਵਿਖੇਵੇ ਕਾਰਨ ਕੋਟਕਪੂਰਾ ਤੇ ਬਹਿਬਲ ਵਿੱਚ ਵੱਡੇ ਇਕੱਠ ਹੋਏ, ਬਹਿਬਲ ਕਲਾਂ ਵਿੱਚ ਅਮਨ ਨਾਲ ਵਿਰੋਧਤਾ ਕਰ ਰਹੇ ਸ਼ਾਤਮਈ ਲੋਕਾਂ ਤੇ ਪਹਿਲਾਂ ਲਾਠੀ ਚਾਰਜ ਕੀਤਾ ਅਤੇ ਕੋਈ ਵਾਰਨਿੰਗ ਨਾ ਦਿੱਤੀ ਤੇ ਫਾਇਰਿੰਗ ਵੀ ਕੀਤੀ ਗਈ। ਦੋ ਸਿੰਘ ਸ਼ਹੀਦ ਹੋਏ, ਇੱਕ ਦੀ ਅੱਖ ਵਿੱਚ ਗੋਲੀ ਵੱਜੀ ਕਈ ਗੰਭੀਰ ਜਖਮੀ ਹੋਏ, ਜਦੋਂ ਕਿ ਪਹਿਲਾਂ ਉਠਾਉਣ ਦੀ ਹੋਰ ਕੋਸ਼ਿਸ਼ ਕਰਨੀ ਚਾਹੀਦੀ ਸੀ, ਪਰ ਉਹ ਤਾਂ ਬੇਅਦਬੀ ਵਿਰੁੱਧ ਅਮਨ ਨਾਲ ਰੋਸ਼ ਪਰਗਟ ਕਰ ਰਹੇ ਸੀ। ਅਜਿਹੇ ਇਕੱਠ ਤਾਂ ਅੱਥਰੂ ਗੈਸ ਨਾਲ ਵੀ ਭਜਾਏ ਜਾ ਸਕਦੇ ਸਨ। ਇਸ ਤੇ ਅਕਾਲੀ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ, ਸਿਰਫ ਅੱਥਰੂ ਪੂੰਜਣ ਲਈ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾ ਦਿੱਤਾ, ਪਰ ਨਾ ਤਾਂ ਉਸ ਤੇ ਕੋਈ ਕਾਰਵਾਈ ਕੀਤੀ ਨਾ ਹੀ ਰਿਪੋਰਟ ਲੋਕਾਂ ਵਿੱਚ ਜਾਰੀ ਕੀਤੀ।
ਕਾਂਗਰਸ ਸਰਕਾਰ ਆਉਣ ਤੇ 2017 ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਇਮ ਕੀਤਾ ਗਿਆ, ਉਹ ਰਿਪੋਰਟ ਅਸੈਂਬਲੀ ਵਿੱਚ ਪੇਸ਼ ਹੋ ਗਈ ਹੈ। ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਆਪਣੇ ਆਪ ਜਸਟਿਸ ਰਣਜੀਤ ਸਿੰਘ ਦੇ ਪੇਸ਼ ਹੋ ਕੇ ਉਸ ਸਮੇਂ 6 ਸਫੇ ਦਾ ਲਿਖਿਆ ਬਿਆਨ ਪੇਸ਼ ਕੀਤਾ ਸੀ, ਜਿਸ ਤੇ ਵੇਰਵੇ ਵਿਸਥਾਰ ਪੂਰਬਕ ਲਿਖੇ ਸਨ। ਉਸ ਨੂੰ ਕਮਿਸ਼ਨ ਨੇ ਸੱਦਿਆ ਨਹੀਂ ਸੀ। ਹੁਣ ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਲਾ ਦਿੱਤਾ ਗਿਆ ਹੈ। ਕੋਈ ਹਰਬਾ ਵਰਤ ਕੇ ਹਿੰਮਤ ਸਿੰਘ ਆਪਣੇ ਬਿਆਨ ਤੋਂ ਮੁਕਰ ਗਿਆ ਹੈ ਕਿ ਉਨ੍ਹਾਂ ਨੇ ਆਪੇ ਹੀ ਲਿਖ ਲਿਆ ਕਿਉਂਕਿ ਉਨ੍ਹਾਂ ਦੀ ਸੰਧੀ ਬਾਦਲ ਪਰਿਵਾਰ ਨਾਲ ਹੋ ਚੁੱਕੀ ਹੈ। ਗਿਆਨੀ ਗੁਰਮਖ ਸਿੰਘ ਚੰਗੀ ਥਾਂ ਤੇ ਪਹੁੰਚ ਗਏ ਹਨ। ਪੰਜਾਬ ਅਸੈਂਬਲੀ ਵਿੱਚ ਰਿਪੋਰਟ ਪੇਸ਼ ਹੋਣ ਸਮੇਂ ਅਕਾਲੀ ਦਲ ਨੇ ਇਜਲਾਸ ਦਾ ਬਾਈਕਾਟ ਕਰ ਦਿੱਤਾ। ਟੀ.ਵੀ. ਤੇ ਸਭ ਨੇ ਦੇਖਿਆ ਹੈ ਉਹ ਕਹਿੰਦੇ ਸਨ, ਸਮਾਂ ਵਧਾਓ ਸਪੀਕਰ ਨੇ ਹਾਂ ਕਰ ਦਿੱਤੀ ਸੀ ਅਤੇ ਇਹ ਇਜਲਾਸ ਤਕਰੀਬਨ 8 ਘੰਟੇ ਚੱਲਿਆ। ਸਪੀਕਰ ਨੇ 78 ਮੈਂਬਰਾਂ ਵਾਲੀ ਪਾਰਟ. ਨੂੰ ਪਹਿਲ ਦੇਣੀ ਸੀ। ਇਹ ਅਕਾਲੀ ਸਮਾਂ ਪਹਿਲਾਂ ਮੰਗਦੇ ਸਨ ਅਤੇ ਅਲੋਚਣਾ ਨਾ ਸੁਨਣ ਕਾਰਨ ਬਾਈਕਾਟ ਕਰ ਦਿੱਤਾ। ਚਾਹੀਦਾ ਸੀ ਕਿ ਸਪੀਕਰ ਤੋਂ ਜਿੰਨ੍ਹਾਂ ਸਮਾਂ ਮੰਗਦੇ, ਜੇ ਉਹ ਨਾ ਮਿਲਦਾ ਤਾਂ ਰੋਸ ਕਰਦੇ। ਇਸ ਨਾਲ ਅਕਾਲੀ ਦਲ ਦੀ ਸ਼ਾਖ ਕਮਜੋਰ ਹੋਈ ਹੈ। ਸਿੱਖ ਜਗਤ ਮਹਿਸੂਸ ਕਰਦਾ ਹੈ ਕਿ ਇਸ ਘਾਣ ਪਿੱਛੇ ਬਾਦਲ ਪਰਿਵਾਰ ਜਵਾਬਦੇਹ ਹੈ।


ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

09 Sept. 2018