ਵਿੱਚ ਪ੍ਰਦੇਸ਼ਾਂ ਦਿਲ ਦੇ ਉੱਤੇ - ਬਲਜੀਤ ਸੰਧੂ
ਵਿੱਚ ਪ੍ਰਦੇਸ਼ਾਂ ਦਿਲ ਦੇ ਉੱਤੇ
ਗਮਾਂ ਦੇ ਮੱਕੜੇ ਢੋਏ
ਕਦੇ ਤਾਂ ਆਪਾਂ ਭੁੱਖੇ ਸੁੱਤੇ
ਕਦੇ ਰੋਟੀ ਵੇਖ ਕੇ ਰੋਏ
ਗਹਿਣੇ ਲਈ ਨੀਂਦਰ ਸਾਡੀ
ਇਹਨਾਂ ਠੱਗ ਏਜੰਟਾਂ
ਨਾਲ਼ੇ ਸਾਥੋਂ ਪੈਸੇ ਲਿਤੇ
ਨਾਲ਼ੇ ਸਾਡੇ ਹਾਸੇ ਖੋਏ
ਜਿੱਥੇ ਜੰਮੇ ਉਸ ਮਿੱਟੀ ਤੇ
ਰਿਜ਼ਕ ਕਿਂਉ ਨਾ ਲਿਖਿਆ
ਸਾਡੇ ਲੇਖ ਦੇ ਦਾਣੇ ਮੌਲਾ
ਵਤਨੋਂ ਦੂਰ ਕਿਂਉ ਬੋਏ
ਨਾ ਕੋਈ ਹੱਲਾ ਸੇਰੀ ਦੇਵੱ
ਨਾ ਮਾਂ ਦਵੇ ਅਸੀਸਾਂ
ਨਾ ਕਈ ਪੱਲਾ ਮੁਖੜਾ ਪੂੰਝੇ
ਜਦ ਸਾਡਾ ਮੁੜਕਾ ਚੋਏ
ਫ਼ੋਨ ਦੀ ਘੰਟੀ ਵਤਨੋਂ ਵੱਜੇ
ਕਾਲਜਾ ਘੁੱਟਿਆ ਜਾਏ
ਮੂੰਹੋ ਝੱਟ ਵਾਹੇਗੁਰੂ ਨਿਕਲੇ
ਰੱਬਾ ਸੁੱਖ ਹੀ ਹੋਏ
ਸਾਲਾਂ ਬਾਅਦ ਪਿੰਡ ਨੂੰ ਗੇੜਾ
ਨਾ ਵਿਹੜੇ ਦਾ ਬਾਲ ਪਛਾਣੇ
ਤੇ ਮੜੀਆਂ ਵਿੱਚ ਲਭਦੇ ਨੇ
ਕਈ ਚਾਚੇ ਤਾਏ ਮੋਏ
ਵਾਲਾਂ ਉੱਤੇ ਰੰਗ ਚੜਿਆ ਤੇ
ਐਨਕਾਂ ਅੱਖ ਕੇ ਚੜੀਆਂ
ਉਮਰੋਂ ਪਹਿਲੇ ਢੱਲ ਚੱਲੇ
ਸਾਡੇ ਜਿਸਮ ਨਰੋਏ
ਸੰਧੂ ਪ੍ਰਦੇਸੀ ਖੂਹ ਹੈ ਡੂੰਘਾ
ਤੇ ਨਾ ਇਸ ਵਿੱਚ ਪੌੜੀ
ਮਜ਼ਬੂਰੀ ਖਾਤਰ ਆਪਾਂ ਡਿੱਗੇ
ਮੁੜ ਨਿਕਲ ਨਾ ਹੋਏ
/////////////:ਬਲਜੀਤ ਸੰਧੂ