ਸਿੱਖ ਇਨਕਲਾਬੀ ਦੇ ਮੋਢੀ :  ਗੁਰੂ ਨਾਨਕ ਸਾਹਿਬ - ਡਾ. ਗੁਰਵਿੰਦਰ ਸਿੰਘ

  ਮੁਰਸ਼ਦ -ਏ- ਆਲਮ ਗੁਰੂ ਨਾਨਕ ਸਾਹਿਬ ਅਜਿਹੇ ਪਹਿਲੇ ਕੌਮਾਂਤਰੀ ਆਗੂ ਹਨ, ਜਿਨ੍ਹਾਂ ਦਾ ਮਿਸ਼ਨ 'ਸਮੁੱਚੀ ਮਾਨਵਤਾ' ਦੀ 'ਚੜ੍ਹਦੀ ਕਲਾ' ਤੇ 'ਸਰਬੱਤ ਦੇ ਭਲੇ' ਤੋਂ ਆਰੰਭ ਹੁੰਦਾ ਹੈ। ਉਨ੍ਹਾਂ ਮਾਨਵ ਹਿਤਕਾਰੀ ਤੇ ਵਿਸ਼ਵ -ਵਿਆਪੀ ਜੀਵਨ ਦਰਸ਼ਨ ਦਾ ਸੰਕਪਲ ਦਿੱਤਾ, ਜੋ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀ ਮਜ਼ਬੂਤ ਨੀਂਹ 'ਤੇ ਸਥਾਪਿਤ ਹੈ। ਉਹਨਾਂ ਦੁਆਰਾ ਪ੍ਰਸਤੁਤ ੴ ਦਾ ਸਿਧਾਂਤ ਰੰਗ-ਨਸਲ, ਵਰਗ-ਵੰਡ, ਜਾਤ-ਪਾਤ, ਬੇਦ -ਕਤੇਬ, ਦੇਹੁਰਾ-ਮਸੀਤ, ਪੂਜਾ-ਨਿਵਾਜ ਤੇ ਦੇਸ਼ -ਕੌਮ ਦੀਆਂ ਹੱਦਾਂ ਅਤੇ ਵਲਗਣਾਂ ਤੋਂ ਪਾਰ, ਸਰਬ- ਵਿਆਪਕਤਾ ਤੇ ਸਰਬ-ਸਾਂਝੀਵਾਲਤਾ ਦਾ ਸੰਕਲਪ ਹੈ। ਯੁੱਗ -ਪੁਰਸ਼ ਗੁਰੂ ਨਾਨਕ ਸਾਹਿਬ ਦੇ ਪ੍ਰੇਮ,ਇਤਫ਼ਾਕ ਤੇ ਸਦਭਾਵਨਾ ਦੇ ਸੰਦੇਸ਼ ਸਦਕਾ ਹਿੰਦੂ ਤੇ ਮੁਸਲਮਾਨ, ਸੂਫ਼ੀ ਤੇ ਬ੍ਰਾਹਮਣ, ਅਫ਼ਗਾਨ ਤੇ ਬਲੋਚ, ਰਾਜੇ ਤੇ ਰੰਕ, ਗ੍ਰਹਿਸਤੀ ਤੇ ਤਿਆਗੀ, ਇਸਤਰੀ ਤੇ ਮਰਦ, ਨਾਥ ਤੇ ਯੋਗੀ, ਵਲੀ ਕੰਧਾਰੀ ਤੇ ਹਮਜ਼ਾ ਗੌਂਸ, ਕੌਡੇ ਰਾਖਸ਼ ਤੇ ਸੱਜਣ ਠੱਗ ਆਦਿ ਸਭਨਾ ਦੀ ਤਰਜ਼ੇ - ਜਿੰਦਗੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਉਣਾ ਤੇ ਗੁਰੂ ਸਾਹਿਬ ਦੇ ਮੁਰੀਦ ਤੇ ਸ਼ਰਧਾਲੂ ਬਣ ਜਾਣਾ, ਵਿਸ਼ਵ ਇਤਿਹਾਸ ਵਿੱਚ ਅਲੌਕਿਕ ਵਰਤਾਰਾ ਹੈ। ਦਰਅਸਲ ਉਨ੍ਹਾਂ ਦਾ ਪ੍ਰੇਮ ਪੈਗ਼ਾਮ ਸੰਪੂਰਨ ਇਨਸਾਨੀਅਤ ਲਈ ਹੈ ਅਤੇ ਖੱਤਰੀ ਬ੍ਰਾਹਮਣ ਸੂਦਰ ਵੇੈਸ਼ ਉਪਦੇਸ਼ ਚਹੁੰ ਵਰਨਾ ਲਈ ਸਾਂਝਾ ਹੈ। ਜ਼ਾਹਰ -ਪੀਰ ਤੇ ਜਗਤ- ਤਾਰਕ ਬਾਬਾ ਨਾਨਕ ਨੇ ਆਪਣੀ ਨਿਵੇਕਲੀ ਵਿਚਾਰਧਾਰਾ ਤੇ ਮਹਾਨ ਫ਼ਲਸਫ਼ੇ ਨਾਲ ਨੌਂ ਖੰਡ ਪ੍ਰਿਥਵੀ ਦਾ ਹਨੇਰਾ ਖਤਮ ਕਰ ਦਿੱਤਾ। ਪੂਰਬੀ ਦੁਨੀਆ ਵਿੱਚ ਉਦੈ ਹੋਇਆ ਇਹ ਸੂਰਜ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣਿਆ।
ਗੁਰੂ ਸਾਹਿਬ ਦਾ ਸਮਕਾਲੀ ਮਾਨਵ- ਜੀਵਨ ਅਧਿਆਤਮਿਕ, ਸਮਾਜਿਕ, ਰਾਜਨੀਤਿਕ ਤੇ ਸਭਿਆਚਾਰਕ, ਚਾਰੇ ਪਹਿਲੂਆਂ ਤੋਂ ਘੋਰ ਗਿਰਾਵਟ ਦਾ ਸ਼ਿਕਾਰ ਹੋ ਚੁੱਕਿਆ ਸੀ। ਚਾਰ-ਚੁਫੇਰੇ ਰਬੀ ਨਾਮ ਦੀ ਥਾਂ ਕਰਮਾਂ-ਕਾਂਡਾਂ, ਵਹਿਮਾਂ-ਭਰਮਾਂ ਦਾ ਰਾਮ -ਰੌਲਾ ਵਾਯੂ-ਮੰਡਲ ਦੂਸ਼ਿਤ ਕਰ ਰਿਹਾ ਸੀ। ਧਰਮ ਦਾ ਠੇਕੇਦਾਰ ਧਾਰਮਿਕ -ਪੁਸ਼ਾਕ ਪਹਿਨ ਕੇ ਧਰਮ ਦਾ ਲਹੂ ਪੀ ਰਿਹਾ ਸੀ, ਜਿਸ ਕਾਰਨ ਉਸ ਦਾ 'ਬੇਇਲਮਾ ਅਮਲ' ਤੇ 'ਬੇਅਮਲਾ ਇਲਮ' ਬੇ-ਅਰਥ ਹੋ ਚੁੱਕਿਆ ਸੀ। ਮੰਨੂ- ਸਮ੍ਰਿਤੀ ਦੀ ਵਰਗ -ਵੰਡ ਕਾਰਨ ਜਾਤਾਂ-ਪਾਤਾਂ ਵਿੱਚ ਵੰਡੇ ਭਾਰਤਵਾਸੀ ਲੀਰੋ-ਲੀਰ ਹੋ ਚੁੱਕੇ ਸਨ। ਅੰਦਰੂਨੀ ਤੌਰ ਤੇ ਨਿਕੰਮੇ, ਲਾਚਾਰ ਤੇ ਕਮਜ਼ੋਰ ਭਾਰਤ ਦਾ ਜਿਸਮ ਡਾਕੂ ਲੁਟੇਰੇ, ਲੰਗੜੇ ਜਰਨੈਲ ਤੇ ਆਜੜੀ ਮੁਰੈਲ੍ਹ ਖੂਨੀ ਨਹੁੰਦਰਾਂ ਨਾਲ ਨੋਚਦੇ ਰਹੇ ਸਨ। ਇਹ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਅਖਤਿਆਰ ਕਰਕੇ ਮਨੁੱਖਤਾ ਦਾ ਲਹੂ ਪੀ ਰਹੇ ਸਨ:-
"ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹ ਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥"
(ਗੁਰੂ ਗਰੰਥ ਸਾਹਿਬ, 1288)
ਮਧਕਾਲੀਨ ਇਤਿਹਾਸ ਵਿੱਚ ਜ਼ਾਲਮ ਹਕੂਮਤ ਦੇ ਬਰਖ਼ਿਲਾਫ਼ ਤੇ ਮਾਨਵ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪਹਿਲੇ ਇਨਕਲਾਬੀ ਆਗੂ ਮਰਦਿ -ਕਾਮਿਲ ਗੁਰੂ ਨਾਨਕ ਸਾਹਿਬ ਹਨ। ਇਹ ਦਲੇਰਾਨਾ ਪਹਿਲ -ਕਦਮੀ ਸਿੱਖ ਕੌਮ ਨੂੰ ਦੁਨੀਆ ਦੀ ਬਹਾਦਰ ਤੇ ਸੁਰਬੀਰ ਕੌਮ' ਵਜੋਂ ਉਜਾਗਰ ਕਰਨ ਲਈ ਮਾਰਗ ਦਰਸ਼ਕ ਬਣੀ। ਜੋ ਖਾਲਸਾ ਰੂਪੀ ਬ੍ਰਿਛ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਫੁੁੱਲਿਤ ਹੋਇਆ ਸੀ, ਉਸ ਦੇ ਬੀਜ ਗੁਰੂ ਨਾਨਕ ਸਾਹਿਬ ਜੀ ਬੀਜ ਗਏ ਸਨ ਅਤੇ ਉਤਰਾ- ਅਧਿਕਾਰੀ ਗੁਰੂ ਸਾਹਿਬਾਨ ਉਸ ਦੀ ਸਿੰਚਾਈ ਕਰਕੇ ਪਾਲਣ ਕਰਦੇ ਰਹੇ ਸਨ। ਜ਼ੁਲਮ ਦੇ ਖਾਤਮੇ ਲਈ ਅਤੇ ਮਜ਼ਲੂਮਾਂ ਦੀ ਰਾਖੀ ਲਈ ਜੋ ਕਿਰਪਾਨ ਖਾਲਸੇ ਫੜਾਈ ਗਈ ਸੀ, ਬੇਸ਼ਕ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ, ਪਰ ਉਸ ਦਾ ਫੌਲਾਦ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਸੀ।
      ਇਉਂ ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰਾ ਤੱਕ  ਦੀ ਯਾਤਰਾ ਹੈ, ਜਿੱਥੇ ਭਾਈ ਮਰਦਾਨਾ ਜੀ ਦੀ ਰਬਾਬ ਤੋਂ  ਲੈ ਕੇ ਆਨੰਦਪੁਰ ਸਾਹਿਬ ਦੇ ਰਣਜੀਤ ਨਗਾਰੇ ਤੱਕ ਦੀ ਗੂੰਜ ਗਿਆਨ ਅਤੇ ਕਿਰਪਾਨ ਨਾਲ ਹਲੂਣਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਵੱਖੋ-ਵੱਖਰੇ ਨਹੀਂ, ਬਲਕਿ ਇੱਕ ਹੀ ਜੋਤ ਹਨ ਤੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਜੁੱਗੋ ਜੁੱਗ ਅਟੱਲ ਸਿਧਾਂਤ ਰੂਪ ਵਿੱਚ ਸਦਾ ਹੀ ਕਾਇਮ ਹੈ ਅਤੇ ਰਹੇਗੀ।
ਧਰਮ ਦੇ ਸੰਕਲਪ ਨੂੰ ਗੁਰੂ ਨਾਨਕ ਸਾਹਿਬ ਨੇ ਨਿਜੀ ਸੁਆਰਥ, ਰਾਜਨੀਤਿਕ ਚੌਧਰ ਤੇ ਜਾਤੀਵਾਦ ਦੇ ਸੰਕੀਰਨ ਤੇ ਸੰਕੁਚਿਤ ਦਾਇਰਿਆਂ 'ਚੋ ਬਾਹਰ ਕੱਢ ਕੇ, ਅਸਲੋਂ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰਦੇ ਹੋਏ, ਇਸ ਨੂੰ ਸੁਭ- ਕਰਮ ,ਸਵੈ-ਵਿਸ਼ਵਾਸ ਤੇ ਸਦਭਾਵਨਾ ਦਾ ਕੇਂਦਰ -ਬਿੰਦੂ ਬਣਾ ਦਿੱਤਾ। ਆਪਣਾ ਮੂਲ ਪਛਾਣਦੇ ਹੋਏ ਸਭ ਨੂੰ ਆਪਣੇ ਧਰਮ ਵਿੱਚ ਦ੍ਰਿੜ ਅਤੇ ਪਰਪੱਕ ਹੋਣ 'ਤੇ ਜ਼ੋਰ ਦਿੱਤਾ। ਸੱਚਾ ਮੁਸਲਮਾਨ ਉਹ ਹੈ, ਜੋ ਮਿਹਰ ਦੀ ਮਸਜਿਦ ਵਿੱਚ ਸਿਦਕ ਦਾ ਮੁਸੱਲਾ ਵਿਛਾ ਕੇ ਸਚਾਈ, ਇਮਾਨਦਾਰੀ, ਬੰਦਗੀ, ਸਾਫ- ਦਿਲੀ ਤੇ ਸਿਫ਼ਤ ਦੀਆਂ ਪੰਜ ਨਿਮਾਜ਼ਾਂ ਪੜ੍ਹਦਾ ਹੈ ਤੇ ਬ੍ਰਾਹਮਣ ਉਹ ਹੈ ਜੋ ਸਤਿ. ਸੰਤੋਖ, ਦਇਆ ਤੇ ਜਤ- ਪਤ ਦਾ ਧਾਰਨੀ ਹੈ। ਜੋਗੀ ਉਹ ਹੈ, ਜਿਸ ਦੇ ਕੰਨਾਂ 'ਚ ਸੰਤੋਖ ਦੀਆਂ ਮੁੰਦਰਾਂ, ਉਦਮ ਦੀ ਝੋਲੀ , ਧਿਆਨ ਦੀ ਬਿਭੂਤੀ ਅਤੇ ਹੱਥ ਵਿੱਚ ਜੁਗਤੀ ਦਾ ਡੰਡਾ ਫੜਿਆ ਹੋਇਆ ਹੈ। ਕਾਜੀ ਉਹ ਹੈ. ਜੋ ਸਚਾਈ 'ਤੇ ਪਹਿਰਾ ਦਿੰਦਾ ਹੋਇਆ ਪੂਰਨ ਨਿਆਂ ਕਰੇ। ਗੁਰੂ ਸਾਹਿਬ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਬੇਹੱਦ ਢੁਕਵੀਂਆਂ ਦਲੀਲਾਂ ਦੁਆਰਾ, ਦਮ ਤੋੜ ਚੁੱਕੇ ਮਨੁੱਖੀ ਸਮਾਜ ਨੂੰ ਪੁਨਰ - ਜੀਵਨ ਦਾਨ ਬਖ਼ਸ਼ਣ ਲਈ ਕੀਤੇ ਗਏ ਮਹਾਨ ਉਪਕਾਰਾਂ ਵਾਸਤੇ ਸਮੁੱਚੇ ਮਾਨਵਤਾ ਉਹਨਾਂ ਦੀ ਕਰਜ਼ਦਾਰ ਹੈ। ਸਮਾਜ ਦੀ ਪੁਨਰ - ਸਥਾਪਨਾ ਦੇ ਪ੍ਰਸੰਗ ਵਿੱਚ ਉਹਨਾਂ ਦੁਆਰਾ ਪੇਸ਼ ਵਿਵੇਕ- ਭਰਪੂਰ ਪਰਿਭਾਸ਼ਾਵਾਂ ਦ੍ਰਿਸ਼ਟੀ-ਗੋਚਰ ਹਨ:-
"ਸੋ ਜੋਗੀ ਜੋ ਜੁਗਤਿ ਪਛਾਣੈ॥
ਗੁਰ ਪਰਸਾਦੀ ਏਕੋ ਜਾਣੈ॥
ਕਾਜੀ ਸੋ ਜੋ ਉਲਟੀ ਕਰੈ॥
ਗੁਰ ਪਰਸਾਦੀ ਜੀਵਤੁ ਮਰੈ॥
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥
ਆਪਿ ਤਰੈ ਸਗਲੇ ਕੁਲ ਤਾਰੇ॥
ਦਾਨਸ ਬੰਦੂ ਸੋਈ ਦਿਲੁ ਧੋਵੈ॥
ਮੁਸਲਮਾਣੁ ਸੋਈ ਮਲੁ ਖੋਵੈ॥"
(ਗੁਰੂ ਗਰੰਥ ਸਾਹਿਬ, 622)
ਗੁਰੂ ਨਾਨਕ ਦਰਸ਼ਨ ਆਤਮਾ-ਪਰਮਾਤਮਾ, ਧਰਮ, ਅਚਾਰਨੀਤੀ, ਨੈਤਿਕਤਾ ਵਰਗੇ ਸੂਖਮ ਤੇ ਸਥੂਲ, ਆਦਰਸ਼ਕ ਤੇ ਵਾਸਤਵਿਕ, ਅਧਿਆਤਮਕ ਤੇ ਸਮਾਜਿਕ ਵਿਸ਼ਿਆਂ ਨੂੰ ਅਸਲੋਂ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਪ੍ਰਸਤੁਤ ਕਰਦਾ ਹੈ। ਗੁਰੂ ਨਾਨਕ ਬਾਣੀ ਵਿੱਚ ਪਾਖੰਡ ਦੀ ਥਾਂ ਸੱਚੀ- ਸੁੱਚੀ ਭਗਤੀ, ਹਰਾਮ ਦੀ ਥਾਂ ਹਲਾਲ ਦੀ ਕਮਾਈ , ਅਨਿਆਂ ਦੀ ਥਾਂ ਨਿਆਂ ਅਤੇ ਨਫ਼ਰਤ ਦੀ ਥਾਂ ਪ੍ਰੇਮ ਦਾ ਸੁਨੇਹਾ ਦੇ ਕੇ ਆਦਰਸ਼ਕ ਸਮਾਜ ਦੀ ਸਿਰਜਣਾ ਕੀਤੀ ਗਈ ਹੈ। ਗੁਰੂ ਸਾਹਿਬ ਨੇ ਲੋਕ- ਧਰਮ ਅਤੇ ਲੋਕ ਗਾਥਾਵਾਂ ਦਾ ਵਰਣਨ 'ਖੰਡਨਾਤਮਿਕ' ਤੇ 'ਮੰਡਨਾਤਮਿਕ' ਦੋਹਾਂ ਵਿਧੀਆਂ ਰਾਹੀਂ ਕੀਤੀ ਹੈ । ਜਿੱਥੇ ਉਨ੍ਹਾਂ ਲੋਕ ਧਰਮ ਦੇ ਕਈ ਸਿਰਜਨਾਤਮਕ ਅਤੇ ਲੋਕ- ਹਿਤਕਾਰੀ ਸੰਕਲਪਾਂ ਨੂੰ ਸਵੀਕਾਰ ਕੀਤਾ ਹੈ, ਉੱਥੇ ਚਾਰ - ਵਰਨ, ਚਾਰ -ਆਸ਼ਰਮ, ਹੌਮ -ਯਗ , ਤੀਰਥ - ਗਮਾਨ, ਸੂਤਕ- ਪਾਤਕ ਆਦਿ ਕਰਮ ਕਾਂਡਾਂ ਪ੍ਰਤੀ ਖੰਡਨਾਤਮਿਕ ਆਲੋਚਨਾ ਦੀ ਦ੍ਰਿਸ਼ਟੀ ਅਪਣਾਈ ਹੈ ।
ਭਾਰਤ ਦੇ ਇਤਿਹਾਸ ਵਿੱਚ ਅਪਮਾਨਿਤ ਅਤੇ ਨਫ਼ਰਤ ਦੀ ਪਾਤਰ ਵਜੋਂ ਪੇਸ਼ ਕੀਤੀ ਗਈ ਇਸਤਰੀ ਜਾਤੀ ਨੂੰ, ਗੁਰੂ ਨਾਨਕ ਸਾਹਿਬ ਨੇ ਅਤਿ ਸਤਿਕਾਰਯੋਗ ਸਥਾਨ ਦੁਆ ਕੇ, ਜਿੱਥੇ ਸਦੀਆਂ ਤੋਂ ਸਮਾਜ ਦੇ ਮੱਥੇ ਤੇ ਲੱਗੇ ਕਲੰਕ ਨੂੰ ਸਾਫ਼ ਕੀਤਾ ਹੈ ,ਉੱਥੇ ਸੰਗਤ ਅਤੇ ਪੰਗਤ ਦੀ ਨਿਵੇਕਲੀ ਮਰਿਆਦਾ ਸ਼ੁਰੂ ਕਰਕੇ ਸਮਾਜਿਕ- ਰੋਅਬ ਤੇ ਜਾਤ- ਅਭਿਮਾਨ ਨੂੰ ਖਤਮ ਕਰਦਿਆਂ, ਸ਼ਖਸੀ -ਸਮਾਨਤਾ ਦੀ ਸੋਚ ਨੂੰ ਅਮਲੀ ਜਾਮਾਂ ਪਹਿਨਾਉਣ ਵਿੱਚ ਵੀ ਪਹਿਲਕਦਮੀ ਕੀਤੀ ਹੈ । ਪਰ-ਅਧਿਕਾਰ ਉੱਪਰ ਕਬਜ਼ੇ ਦੀ ਭਾਵਨਾ ਨੂੰ ਧਿਕਾਰਦੇ ਹੋਏ ਜਿੱਥੇ ਗੁਰੂ ਸਾਹਿਬ ਨੇ ਪਰਾਏ -ਹੱਕ ਨੂੰ ਗਊ ਤੇ ਸੂਰ ਦਾ ਮਾਸ ਖਾਣ ਤੇ ਤੁਲ ਦਰਸਾਇਆ ਹੈ, ਉੱਥੇ ਹੱਕ- ਹਲਾਲ ਦੀ ਕਮਾਈ ਤੇ ਦਸਾਂ ਨੂੰਹਾਂ ਦੀ ਕਿਰਤ ਦੀ ਸ੍ਰੇਸ਼ਟਤਾ ਉਜਾਗਰ ਕਰਨ ਲਈ ਜੀਵਨ ਕਾਲ ਦੇ ਅੰਤਿਮ 18 ਵਰ੍ਹੇ ਰਾਵੀ ਕਿਨਾਰੇ ਵਸਾਏ ਪ੍ਰਭੂ-ਨਗਰ ਕਰਤਾਰਪੁਰ ਸਾਹਿਬ ਵਿਖੇ ਕਿਰਸਾਣੀ ਕਰਦੇ ਹੋਏ, ਹਲ ਚਲਾਉਂਦਿਆਂ ਕਿਰਤੀ ਤੇ ਮਿਹਨਤਕਸ਼ਾਂ ਦੀ ਢਾਣੀ ਦੇ ਮੋਢੀ ਬਣੇ । ਅੱਜ ਕਿਸਾਨੀ ਹੱਕਾਂ ਲਈ ਜੂਝਣ ਵਾਲੇ ਬਹਾਦਰ ਲੋਕ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਪਾਂਧੀ ਹਨ, ਜਦਕਿ ਕਿਰਸਾਨ  ਵਿਰੋਧੀ ਕਾਨੂੰਨਾਂ ਦੇ ਘਾੜੇ ਗੁਰ ਨਾਨਕ ਸਿਧਾਂਤ ਦੇ ਵਿਰੋਧੀ ਹਨ। ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਹ ਪਵਿੱਤਰ ਅਸਥਾਨ ਹੀ ਅੱਜ ਸਿਆਸੀ ਹਉਮੈ ਦੇ ਸ਼ਿਕਾਰ ਅਤੇ ਹੱਦਾਂ ਸਰਹੱਦਾਂ ਵਿੱਚ ਤਕਸੀਮ ਹੋਏ ਮੁਲਕਾਂ ਅੰਦਰ ਪ੍ਰੇਮ ਅਤੇ ਸਦਭਾਵਨਾ ਦੀ ਸਾਂਝ ਕਾਇਮ ਕਰਨ ਦਾ ਆਧਾਰ ਬਣਿਆ ਹੈ।
ਗੁਰਮਿਤ ਦਾ ਮਾਰਗ ਪ੍ਰਵਿਰਤੀ ਮੂਲਕ ਨਿਵਿਰਤੀ ਅਤੇ ਪ੍ਰੇਮ ਭਗਤੀ ਦਾ ਸਹਿਜ ਅਤੇ ਸੁਖੈਨ ਮਾਰਗ ਹੈ । ਨਾਥਾਂ- ਸਿੱਧਾਂ ਦੇ ਯੋਗੀਆਂ ਦੇ ਹੱਠ ਅਤੇ ਤਿਆਗ ਮਾਰਗ ਦੀ ਵਿਆਖਿਆ ਕਰਦੇ ਹੋਏ 'ਪੰਤਜਲੀ ਦਰਸ਼ਨ' ਵਿੱਚ ਕਿਹਾ ਗਿਆ ਹੈ : '' ਅਥ ਜੋਗਾਨੁਸ਼ਾਸਨਮ ॥ ਯੋਗਸ਼ਚਿਤ ਵ੍ਰਤਿਨਿਰੋਧਹ ॥ ਤਥਾ ਦ੍ਰਿਸ਼ਟ ਸਵਰੂਪੇ ਅਵਸਥਾਨਮ॥ '' ਅਜਿਹੀ ਕਠਿਨ ਤਪੱਸਿਆ ਅਤੇ ਘਰ-ਬਾਰ ਦੇ ਤਿਆਗ ਦੀ ਥਾਂ, ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾਂਵਦਿਆਂ ਵਿੱਚੈ ਹੋਵੈੇ ਮੁਕਤਿ ਦਾ ਮਹਾਨ ਸਿਧਾਂਤ ਪੇਸ਼ ਕੀਤਾ ਗਿਆ ਹੈ । ਗ੍ਰਹਿਸਤ ਮਾਰਗ ਨੂੰ ਪਹਿਲ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਬਟਾਲਾ ਨਿਵਾਸੀ ਸ੍ਰੀ ਮੂਲ ਚੰਦ ਦੀ ਪੁੱਤਰੀ ਬੀਬੀ ਸੁਲੱਖਣੀ ਨਾਲ ਵਿਆਹ ਕਰਵਾਇਆ । ਆਪ ਨੇ ਗ੍ਰਹਿ ਵਿਖੇ ਦੋ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਨੇ ਜਨਮ ਲਿਆ ।
ਮੱਧ ਕਾਲ ਵਿੱਚ ਸੰਸਾਰ ਤੇ ਪਰਿਵਾਰ ਦਾ ਤਿਆਗ ਕਰਨ ਵਾਲੇ ਅਖੌਤੀ ਧਾਰਮਿਕ- ਮਤ ਦੇ ਖੰਡਰਾਂ 'ਤੇ ਖੜ੍ਹੀ ਨਾਥਾਂ -ਜੋਗੀਆਂ ਦੀ ਜਮਾਤ, ਸੰਸਾਰ ਤੋਂ ਭਗੌੜੀ ਹੋ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪੀ ਬੈਠੀ ਸੀ ਅਤੇ ਲੁਕਾਈ ਯਤੀਮ ਹੋ ਚੁੱਕੀ ਸੀ । ਅਜਿਹੀਆਂ ਸੰਕਟਮਈ ਪਰਸਥਿਤੀਆਂ ਵਿੱਚ ਗੁਰੂ ਸਾਹਿਬ ਨੇ ਆਪਣੇ ਮਾਨਵਵਾਦੀ ਸੰਦੇਸ਼ ਨੂੰ ਦੇਸ-ਕਾਲ ਦੀਆਂ ਸੀਮਾਵਾਂ ਤੋਂ ਪਾਰ, ਪੂਰੇ ਵਿਸ਼ਵ ਤੱਕ ਪਹੁੰਚਾਉਣ ਲਈ ਪੈਦਲ ਯਾਤਰਾ ਅਾਰੰਭ ਕੀਤੀ । ਬੇਸ਼ੱਕ ਮਾਨਵ ਕਲਿਆਣ ਵਾਸਤੇ ਇਸਾਈ ਧਰਮ ਪ੍ਰਮੁੱਖ ਯਿਸੂ ਮਸੀਹ ਨੇ ਬੈਥਲਮ ਤੋਂ ਯੋਰੋਸ਼ਲਮ ਤੱਕ, ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਤੋਂ ਮਦੀਨੇ ਤੱਕ ਤੇ ਬੁੱਧ ਮੱਤ ਦੇ ਮੋਢੀ ਮਹਾਤਮਾ ਗੌਤਮ ਬੁੱਧ ਨੇ ਨੇਪਾਲ ਤੋਂ ਗਯਾ ਤੱਕ ਦੀ ਯਾਤਰਾ ਕੀਤੀ, ਪਰ ਗੁਰੂ ਨਾਨਕ ਜੀ ਨੇ 1499 ਈਸਵੀ ਤੋਂ ਲੈ ਕੇ 1521 ਤਕ ਤਕਰੀਬਨ 22 ਵਰ੍ਹੇ ਨੌਂ ਖੰਡ ਪ੍ਰਿਥਵੀ ਦਾ 24 ਹਜ਼ਾਰ ਮੀਲ ਤੋਂ ਵਧੇਰੇ ਪੈਂਡਾ ਪੈਦਲ ਤੈਅ ਕੀਤਾ, ਜਿਸ ਦੇ ਬਰਾਬਰ ਸੰਸਾਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਸੈਦਪੁਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਮੁਲਤਾਨ ਕੁਰਕਸ਼ੇਤਰ, ਦਿੱਲੀ, ਹਰਿਦੁਆਰ , ਗੋਰਖਮਤਾ, ਬਨਾਰਸ, ਗਯਾ, ਧੁਬਰੀ , ਕਾਮਰੂਪ, ਜਗਨਨਾਥ ਪੁਰੀ, ਲੰਕਾ, ਪਾਕ ਪਟਨ, ਕੈਲਾਸ਼ ਪਰਬਤ, ਲੱਦਾਖ,ਕਸ਼ਮੀਰ ਕਾਂਗੜਾ, ਕੁੱਲੂ,ਬੈਜਨਾ, ਜਵਾਲਾਮੁਖੀ ,ਸਿਆਲਕੋਟ ,ਮੱਕਾ ,ਮਦੀਨਾ, ਬਗਦਾਦ, ਕਾਬਲ, ਕੰਧਾਰ, ਪਿਸ਼ਾਵਰ ਹੁੰਦਾ ਹੋਇਆ 1521 ਈ. ਨੂੰ ਸੈਦਪੁਰ ਹੀ ਖਤਮ ਹੋਇਆ।
ਗੁਰੂ ਜੀ ਨੇ ਵਰਤਮਾਨ ਦੇਸ਼ਾਂ ਚੀਨ, ਮੰਗੋਲੀਆ, ਤਿੱਬਤ, ਨੇਪਾਲ, ਭੂਟਾਨ, ਲੰਕਾ, ਬ੍ਰਹਮਾ, ਥਾਈਲੈਂਡ, ਈਰਾਨ, ਇਰਾਕ, ਕੁਵੈਤ ਤੇ ਅਫਗਾਨਿਸਤਾਨ ਆਦਿ ਜਾ ਕੇ ਪ੍ਰੇਮ ਅਤੇ ਮਾਨਵਤਾ ਦਾ ਉਪਦੇਸ਼ ਦਿੱਤਾ। ਆਪ ਮਾਤਾ ਤ੍ਰਿਪਤਾ ਲਈ ਨਾਨਕ ਸੁਤ, ਮੁਸਲਮਾਨਾਂ ਲਈ ਨਾਨਕ ਸ਼ਾਹ ਪੀਰ, ਹਿੰਦੂਆਂ ਲਈ ਨਾਨਕ ਦੇਵ, ਜੋਗੀਆਂ ਲਈ ਨਾਨਕ ਨਾਥ ਅਤੇ ਸਮੂਹ ਸਿੱਖ ਜਗਤ ਲਈ 'ਗੁਰੂ ਨਾਨਕ ਸਾਹਿਬ' ਬਣੇ। ਭਾਈ ਗੁਰਦਾਸ ਜੀ (1551-1629 ਈ.) ਦਾ ਕਥਨ ਆਪ ਦੀ ਮੁਰਸ਼ਦ-ਏ-ਆਲਮ ਦੇ ਰੂਪ ਵਿੱਚ ਸਿਫ਼ਤ ਲਈ ਸਾਰਥਕ ਜਾਪਦਾ ਹੈ:
"ਗੁਰੂ ਨਾਨਕ ਸਭ ਕੇ ਸਿਰਤਾਜਾ॥
ਜਿਸ ਕੋ ਸਿਮਰ ਸਰੇ ਸਭ ਕਾਜਾ॥"
(ਭਾਈ ਗੁਰਦਾਸ ਵਾਰਾਂ)

ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦੀ ਭਾਵਨਾ ਨੂੰ ਦ੍ਰਿਸ਼ਟੀ-ਗੋਚਰ ਕਰਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਮੂਲ ਉਪਦੇਸ਼ ਮਾਨਵ ਕਲਿਆਣ ਹੈ। ਗੁਰੂ ਨਾਨਕ ਨੇ 206 ਸ਼ਬਦ 121 ਅਸ਼ਟਪਦੀਆਂ, 25 ਛੰਦ, 3 ਵਾਰਾਂ ਅਤੇ 256 ਸਲੋਕਾਂ ਦੀ ਸਿਰਜਨਾ ਕੀਤੀ । ਆਪ ਜੀ ਦੇ ਵਿਸ਼ਾਲ ਰਚਨਾ ਖੇਤਰ ਵਿੱਚ ਜਪਜੀ, ਸਿੱਧ ਗੋਸ਼ਟਿ, ਆਸਾ ਦੀ ਵਾਰ, ਬਾਰਾਂਮਾਹ, ਅਲਾਹੁਣੀਆਂ ਅਤੇ ਪੱਟੀ ਸਮੇਤ, ਸਾਰੀਆਂ ਹੀ ਮਹਾਨ ਬਾਣੀਆਂ ਹਨ । ਆਪ ਦੀ ਬਾਣੀ ਰਾਗਾਂ ਵਿੱਚ ਰੱਖੀ ਹੋਈ ਹੈ, ਜਿਨ੍ਹਾਂ ਦੀ ਸੰਗੀਤਕਤਾ ਲੋਕ ਮਨ ਵਿੱਚ ਇਕਸੁਰਤਾ ਅਤੇ ਇਕਾਗਰਤਾ ਪੈਦਾ ਕਰਦੀ ਹੈ, ਪਰ ਇੱਥੇ ਰਾਗਾਂ ਦਾ ਉਪਦੇਸ਼ ਸੰਗੀਤ ਸ਼ਾਸਤਰੀਅਤਾ ਜਾਂ ਵਸ਼ਿਸ਼ਟਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਸਹਿਜ ਅਤੇ ਸੁਭਾਵਿਕ ਕੀਰਤਨ ਰਾਹੀਂ, ਰੱਬੀ ਅਨੁਭਵ ਦਾ ਪ੍ਰਗਟਾਵਾ ਕਰਦੇ ਹੋਏ, ਰਬੀ ਨਾਮ- ਭਰਪੂਰ ਸ਼ਖ਼ਸੀਅਤ ਦੀ ਸਥਾਪਨਾ ਕਰਨਾ ਹੈ । ਅਕਾਲ ਰੂਪ ਬਾਬੇ ਨਾਨਕ ਨਾਲ ਰਬਾਬੀ ਮਰਦਾਨੇ ਦੀ ਸੰਗਤ, ਸਾਧਨਾ ਅਤੇ ਸੰਗੀਤ ਦਾ ਖ਼ੂਬਸੂਰਤ ਸੰਗਮ ਹੈ ।
ਪ੍ਰਸਿੱਧ ਵਿਦਵਾਨ ਸਾਦਿਕ ਅਲੀ ਖਾਨ ਆਪਣੀ ਪੁਸਤਕ 'ਸਰਮਾਇਆ ਇਸ਼ਰਤ' ਵਿੱਚ ਲਿਖਦਾ ਹੈ, ਜਿੱਥੇ ਹੋਰ ਬੇਅੰਤ ਗੁਣ ਗੁਰੂ ਨਾਨਕ ਸਾਹਿਬ ਵਿੱਚ ਸਨ, ਉੱਥੇ ਉਹ ਇੱਕ ਮਹਾਨ ਸੰਗੀਤਕਾਰ ਵੀ ਸਨ। ਛੇ ਤਾਰਾਂ ਵਾਲਾ ਰਬਾਬ ਉਨ੍ਹਾਂ ਦੀ ਹੀ ਕਾਢ ਹੈ । ਗੁਰੂ ਨਾਨਕ ਸਾਹਿਬ ਦੇ ਸ਼ਬਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਰਾਗ, ਮਾਝ ,ਗਾਉੜੀ, ਆਸਾ, ਗੁਜਰੀ, ਵਡਹੰਸ, ਸੋਰਠ,ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ ਸਮੇਤ 19 ਰਾਗਾਂ ਵਿੱਚ ਮਿਲਦੇ ਹਨ । ਰਾਗ ਬਿਹਾਗੜਾ ਵਿੱਚ ਆਪ ਨੇ ਸਿਰਫ ਸਲੋਕ ਹੀ ਰਚੇ ਹਨ। ਗੁਰੂ ਨਾਨਕ ਰਚਨਾ ਦੀ ਵਿਲੱਖਣ ਨੁਹਾਰ ਦਾ ਕਾਰਨ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਭਾਸ਼ਾ ਦਾ ਸੁਮੇਲ ਹੈ । ਇਸ ਵਿੱਚਲੀ ਭਾਸ਼ਾ, ਸਦੀਵੀ ਸਮਝੀ ਜਾਣ ਵਾਲੀ ਤੇ ਲੋਕ ਮੁਹਾਵਰੇ ਵਾਲੀ ਸਾਧਾਰਨ ਲੋਕਾਂ ਦੀ ਬੋਲੀ ਹੈ ।
ਗੁਰੂ ਨਾਨਕ ਬਾਣੀ ਪੰਜਾਬੀ, ਸੰਸਕ੍ਰਿਤ, ਪ੍ਰਾਕ੍ਰਿਤਕ ਅਤੇ ਫਰਸੀ ਭਾਸ਼ਾ ਵਿੱਚ ਮਿਲਦੀ ਹੈ।ਜਿੱਥੇ ਆਪ ਨੇ ਬੇਹੱਦ ਮਿੱਠੀ ਬੋਲੀ ਰਾਹੀਂ ਰੂਹਾਨੀ ਫ਼ਲਸਫ਼ੇ ਨੂੰ ਬਿਆਨਿਆ ਹੈ, ਉੱਥੇ ਸਿੰਘ ਗਰਜ ਵਾਲੀ ਕਰੜੀ ਭਾਸ਼ਾ ਰਾਹੀਂ ਅੱਤਿਆਚਾਰੀ ਸ਼ਾਸਕ ਨੂੰ ਤਾੜਨਾ ਵੀ ਕੀਤੀ ਹੈ । ਆਪ ਦੀ ਰਚਨਾ ਰੰਗ- ਬਿਰੰਗੀ ਭਾਸ਼ਾ ਦੇ ਗੁਲਦਸਤੇ ਦੇ ਰੂਪ ਵਿੱਚ ਸੁਸ਼ੋਭਿਤ ਹੈ, ਜੋ ਆਪ ਨੂੰ ਵਿਸ਼ਵ ਦੇ ਮਹਾਨ ਭਾਸ਼ਾ ਵਿਗਿਆਨੀ ਵਜੋਂ ਦਰਸਾਉਂਦੀ ਹੈ । ਆਪ ਦੀ ਬੋਲੀ ਦਾ ਜੁੱਸਾ ਤੇ ਮੁਹਾਵਰਾ ਠੇਠ ਪੰਜਾਬੀ ਹੈ, ਜਿਸ ਨੇ ਨਿੱਗਰ- ਨਰੋਈ ਅਤੇ ਉਸਾਰੂ ਸ਼ਬਦਾਵਲੀ ਰਾਹੀਂ ਪੰਜਾਬੀ ਕਵਿਤਾ ਨੂੰ ਦੁਨੀਆਂ ਦੇ ਸਰਵੋਤਮ ਸਾਹਿਤ ਦੇ ਰੂਪ ਵਿੱਚ ਵਿਖਿਆਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾ ਦੇ ਸ਼ਬਦ ਭੰਡਾਰਾਂ ਵਿੱਚ ਚਿੰਨ੍ਹ, ਪ੍ਰਤੀਕ, ਅਲੰਕਾਰ, ਰਸ, ਸ਼ਬਦ- ਚਿੱਤਰ, ਬੋਲ -ਚਿੱਤਰ ਆਦਿ ਰਹੱਸਮਈ ਭਾਸ਼ਾ ਨੂੰ ਉਜਾਗਰ ਕਰਨ ਲਈ ਵਰਤੇ ਗਏ ਹਨ । ਜਿਵੇਂ ਧਰਤੀ- ਆਕਾਸ਼, ਬਾਰਕ- ਮਾਤਾ, ਸਹੁਰਾ- ਪੇਕਾ, ਸੁਹਾਗਣ -ਦੁਹਾਗਣ, ਬੇੜੀ-ਤੁਲਹਾ, ਮੋਹਿਤ-ਸਾਗਰ, ਦੀਵ- ਬੱਤੀ ਮਿਰਗ-ਕਸਤੂਰੀ ਆਦਿ ਸਮੇਤ ਸਮੁੱਚੀ ਸ੍ਰਿਸ਼ਟੀ ਦੁਆਲੇ ਬਿੰਬ ਤੇ ਪ੍ਰਤੀਕ ਉਸਰਦੇ ਹਨ। ਗੁਰੂ ਸਾਹਿਬ ਧੁਰ ਕੀ ਅਤੇ ਖਸਮ ਕੀ ਬਾਣੀ ਦੀ, ਆਵੇਸ਼ ਵਿੱਚ ਸਰੋਦੀ ਹੂਕ ਦੇ ਹਿਰਦੇ ਵਿੱਚ ਉੱਠਣ 'ਤੇ ਰਚਨਾ ਕਰਦੇ ਹਨ ।
ਆਪ ਦੇ ਪਾਕਿ-ਪਵਿੱਤਰ ਕਲਾਮ ਨੂੰ ਸਲਾਮ ਕਰਦਾ ਡਾ. ਮੁਹੰਮਦ ਇਕਬਾਲ ਜਿੱਥੇ ਆਪ ਨੂੰ 'ਮਰਦੇ-ਕਾਮਿਲ' ਆਖਦਾ ਹੈ, ਉੱਥੇ 'ਐਨ ਇਨਸਾਈਕਲੋਪੀਡੀਆ ਆਫ ਇਸਲਾਮ' ਦੀ ਚੌਥੀ ਜਿਲਦ ਵਿੱਚ ਆਪ ਦਾ ਸਾਰੀ ਸਿੱਖਿਆ ਦਾ ਉਪਦੇਸ਼ ਸਮਾਜਿਕ ਸਾਵਾਂਪਣ, ਵਿਸ਼ਵ ਭਾਈਚਾਰੇ ਦੀ ਸਿਰਜਣਾ ਅਤੇ ਫਿਰਕਾਪ੍ਰਸਤੀ ਤੇ ਵਹਿਮ-ਭਰਮ ਦਾ ਖਾਤਮਾ ਦੱਸਿਆ ਗਿਆ ਹੈ।
"ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ।
 ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ੁਆਬ ਸੇ।
                                (ਡਾ.ਅੱਲਾਮਾ ਇਕਬਾਲ)
    ਗੁਰੂ ਨਾਨਕ ਧਾਰਾ ਵਿਚ  ਬੀਬੀ ਨਾਨਕੀ ਦਾ ਪ੍ਰੇਮ, ਰਾਏ ਬੁਲਾਰ ਦੀ ਸ਼ਰਧਾ, ਭਾਈ ਲਾਲੋ ਦੀ ਕਿਰਤ, ਮਰਦਾਨੇ ਦੀ ਰਬਾਬ, ਬਾਬਾ ਬੁੱਢਾ ਜੀ ਦੀ ਦੂਰ-ਦ੍ਰਿਸ਼ਟੀ ਅਤੇ ਭਾਈ ਲਹਿਣਾ ਜੀ ਦੀ ਆਨੰਦ ਪ੍ਰੇਮ-ਭਗਤੀ ਸਤਰੰਗੀ ਪੀਂਘ ਬਣ ਕੇ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਦਾ ਅਲੌਕਿਕ ਸੰਗਮ ਪੇਸ਼ ਕਰਦੇ ਹਨ। ਇੱਥੇ ਦੁਨੀਆਂ ਦੀ ਤਾਰੀਖ਼ ਵਿੱਚ ਚੇਲੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਵਿੱਚ ਸਥਾਪਿਤ ਕਰਦੇ ਹੋਏ, ਗੁਰੂ-ਚੇਲੇ ਦੀ ਵਚਿੱਤਰ ਪਰੰਪਰਾ ਦਾ ਆਗਾਜ਼ ਹੁੰਦਾ ਹੈ ।
ਸਮੁੱਚੇ ਰੂਪ ਵਿੱਚ ਗੁਰੂ ਨਾਨਕ ਸੰਦੇਸ਼ ਕਿਰਤ ਤੇ ਕਰਮ ਦਾ, ਨੇਮ ਤੇ ਪ੍ਰੇਮ ਦਾ, ਗ੍ਰਹਿਸਤ ਤੇ ਉਦਾਸੀ ਦਾ, ਹੁਕਮ ਤੇ ਭਾਣੇ ਦਾ, ਨਾਮ ਤੇ ਭਗਤੀ ਦਾ , ਆਦਰਸ਼ ਤੇ ਯਥਾਰਥ ਦਾ, ਇਨਸਾਨ ਤੇ ਪ੍ਰਾਕਿਰਤੀ ਦਾ, ਧਰਮ ਤੇ ਕਰਮ ਦਾ ਅਤੇ ਭਗਤੀ ਤੇ ਸ਼ਕਤੀ ਦਾ ਅਤਿਅੰਤ ਸੁੰਦਰ ਤੇ ਸੰਤੁਲਿਤ ਸੁਮੇਲ ਹੈ, ਜਿਸ ਦੀ ਰੌਸ਼ਨੀ ਤੇ ਨਿੱਘ ਰਹਿੰਦੀ ਦੁਨੀਆਂ ਤੱਕ ਮਨੁੱਖੀ ਸਭਿਅਤਾ ਲਈ 'ਚਾਨਣ ਦੇ ਵਣਜਾਰੇ' ਬਣੇ ਰਹਿਣਗੇ ਅਤੇ 'ਨਾਨਕ' ਸ਼ਬਦ ਹਰ ਰਸਨਾ ਉਪਰ ਲੋਕ-ਮੁਹਾਵਰਾ ਬਣ ਕੇ ਗੂੰਜਦਾ ਰਹੇਗਾ :
"ਸਿੱਧ ਬੋਲਨਿ ਸ਼ੁਭ ਬਚਨ,
ਧੰਨ ਨਾਨਕ ਤੇਰੀ ਵਡੀ ਕਮਾਈ॥"
(ਵਾਰਾਂ ਭਾਈ ਗੁਰਦਾਸ)

ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ
singhnewscanada@gmail.com
604-825-1550