ਪਾਰਖੂ ਦੋਸਤਾਂ ਦੀ ਨਜ਼ਰ ਇਹ ਰਚਨਾ:- ਬਲਜੀਤ ਸੰਧੂ
ਉਮਰਾਂ ਦੀਆਂ ਤਰਕਾਲਾਂ ਪਈਆਂ
ਅੱਖੀਂ ਨ੍ਹੇਰਾ ਚੜਿਆ ਹੂ
ਧੁੰਦਲਾ ਹੋਇਆ ਚਾਰ-ਚੁਫੇਰਾ
ਮਹਿਕਾਂ ਨੂੰ ਸੱਪ ਲੜਿਆ ਹੂ
ਪੀੜਾਂ ਦੀ ਭਰ ਪੁਸਤਕ ਰਚ 'ਤੀ
ਕਿਸੇ ਨਾ ਵਰਕਾ ਪੜਿਆ ਹੂ
ਮਲਮਾਂ ਬਾਜੋਂ ਸਖਣਾ ਅੱਖਰ
ਜ਼ਖ਼ਮ ਬਣਾਕੇ ਜੜਿਆ ਹੂ
'ਵਾਵਾਂ ਦਿੰਦਾ ਹਰਿਆਂ ਪੱਤਾ
ਰੂੜੀ ਬਣਿਆ ਝੜਿਆ ਹੂ
ਉਸ ਪੱਤੇ ਦੀ ਵੁਕਤ ਨਾ ਕੋਈ
ਜੋ ਸੁੱਕਾ ਟਾਹਣੀ ਅੜਿਆ ਹੂ
ਚੱਕ 'ਤੇ ਚਾੜ੍ਹ ਘੁਮਾਈ ਰੱਖਿਆ
ਭਾਂਵੇ ਆਵੇ ਰੜਿਆ ਹੂ
ਧੰਨਵਾਦੀ ਘੁਮਿਆਰ ਵੇ ਸਾਂਈ
ਤੂੰ "ਮੈਂ" ਮਿੱਟੀ ਨੂੰ ਘੜਿਆ ਹੂ
ਉਸ ਪੱਥਰ ਨੂੰ ਲੋਕੀਂ ਪੂਜਣ
ਜੋ ਮੰਦਰੀਂ ਜਾ ਵੜਿਆ ਹੂ
ਜਿਸ ਪੱਥਰ ਨੇ ਰਾਹਾਂ ਦੱਸੀਆਂ
ਕੋਈ ਉਸਦੇ ਕੋਲ ਨਾ ਖੜਿਆ ਹੂ
ਉਸ ਲਾੜੀ ਦੀਆਂ ਫ਼ਿਕਰਾਂ ਟਲੀਆਂ
ਜਿਸ ਕੰਤ ਦਾ ਪੱਲਾ ਫੜਿਆ ਹੂ
ਤੇ ਉਹ ਲਾੜਾ ਵੀ ਬੇਪਰਵਾਹਾ
ਜੋ ਇਲਮ ਦੀ ਭੱਠੀ ਕੜਿਆ ਹੂ
ਦਿਲ ਦਾ ਪੰਛੀ ਚੂਕੇ ਸੰਧੂ
ਆਲੇ ਦੇ ਵਿੱਚ ਤੜਿਆ ਹੂ
ਖੰਭ ਉੱਗੇ ਪਰ ਉੱਡ ਨਾ ਸੱਕਿਆ
ਹੈ ਕਿਸਮਤ ਦਾ ਸੜਿਆ ਹੂ
////////////////ਬਲਜੀਤ ਸੰਧੂ