ਆਇਲੈੱਟਸ ਦੀ ਤਿਆਰੀ ਲਈ ਸਹੀ ਕੋਚਿੰਗ ਸੈਂਟਰ ਦੀ ਚੋਣ ਕਿਵੇਂ ਕਰੀਏ - ਪ੍ਰੋਫ਼ੈਸਰ ਮਨਜੀਤ ਤਿਆਗੀ
( ਟਿੱਚਰ ਅਤੇ ਟਰੇਡਰ ਵਰਗ ਵਿੱਦਿਅਕ ਢਾਂਚੇ ਨੂੰ ਲੱਗੀ ਸਿਉਂਕ ਹਨ )
ਕੈਨੇਡਾ ਵਰਗਾ ਵਿਕਸਿਤ ਦੇਸ਼ ਹਮੇਸ਼ਾ ਹੀ ਪੰਜਾਬੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ।ਅੱਜ ਹਰੇਕ ਵਿਆਕਤੀ ਅੱਡੀਆਂ ਚੁੱਕ ਕੇ ਕੈਨੇਡਾ ਵੱਲ ਝਾਕ ਰਿਹਾ ਹੈ ਕਿ ਕਦੋਂ ਕੈਨੇਡਾ ਉਸ ਨੂੰ ਬੁਲਾਵੇ। ਕਿਸੇ ਵੀ ਵਿਕਸਿਤ ਦੇਸ਼ ਦੀ ਨਾਗਰਿਕਤਾ ਲੈਣ ਲਈ ਇੱਕ ਗੁੰਝਲਦਾਰ ਪ੍ਰਕ੍ਰਿਆ ਵਿੱਚੋਂ ਦੀ ਲੰਘਣਾ ਪੈਂਦਾ ਹੈ ਤੇ ਕਈ ਸਾਲਾਂ ਦਾ ਇੰਤਜ਼ਾਰ ਵੀ ਕਰਨਾ ਪੈਂਦਾ ਹੈ।ਪਰ ਅੱਜਕਲ ਐਨਾ ਸਬਰ ਕਿਸੇ ਕੋਲ ਨਹੀਂ ਕਿ ਉਹ ਹੱਥ 'ਤੇ ਹੱਥ ਧਰ ਕੇ ਵੀਜ਼ੇ ਲਈ ਲੰਬੀ ਉਡੀਕ ਕਰੇ। ਇਸ ਦੇ ਉਲਟ ਸਟੱਡੀ ਵੀਜ਼ੇ ਲਈ ਕੁੱਝ ਹੀ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ।ਇਸ ਲਈ ਅੱਜਕਲ ਨੌਜਵਾਨ ਵਰਗ ਵਿਦੇਸ਼ਾਂ 'ਚ ਜਾ ਕੇ ਪੜ੍ਹਾਈ ਕਰਨ ਨੂੰ ਤਰਜੀਹ ਦੇ ਰਿਹਾ ਹੈ।
ਸਰਕਰੀ ਨੌਕਰੀ ਨਾ ਮਿਲਣਾ, ਯੋਗਤਾ ਦੇ ਅਨੁਸਾਰ ਕੰਮ ਨਾ ਮਿਲਣਾ, ਲਾਲ ਫ਼ੀਤਾਸ਼ਾਹੀ, ਕੰਮਕਾਰ ਵਿੱਚ ਰਾਜਨੀਤਕ ਘੜੰਮ ਚੌਧਰੀਆ ਦੀ ਗ਼ੈਰ-ਜ਼ਰੂਰੀ ਦਖ਼ਲ ਅੰਦਾਜ਼ੀ ਆਦਿ ਕੁੱਝ ਅਜਿਹੇ ਕਾਰਕ ਹਨ ਜਿਨ੍ਹਾਂ ਕਰਕੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਆਪਣਾ ਭਵਿੱਖ ਬਣਾਉਣ ਦਾ ਫ਼ੈਸਲਾ ਲੈਂਦੇ ਹਨ ਤੇ ਆਇਲੈੱਟਸ ਸੈਂਟਰਾਂ 'ਚ ਆਪਣੀ ਛਿੱਲ ਲੁਹਾਉਣ ਲਈ ਮਜ਼ਬੂਰ ਹੁੰਦੇ ਹਨ।ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਚਾਹਤ ਪਿੱਛੇ ਕਿਤੇ ਨਾ ਕਿਤੇ ਮਾਂ-ਬਾਪ ਦੀ ਖੁਦ ਵਿਦੇਸ਼ ਜਾਣ ਦੀ ਦੱਬੀ ਹੋਈ ਇੱਛਾ ਵੀ ਕੰਮ ਕਰਦੀ ਹੈ ਸ਼ਾਇਦ ਇਸ ਕਰਕੇ ਹੀ ਉਹ ਬ੍ਰਹਿਮੰਡ ਤੋਂ ਬਿੰਦੂ ਬਣਨ ਲਈ ਵੀ ਸੰਕੋਚ ਨਹੀਂ ਕਰਦੇ।ਇਸ ਲਈ ਜਹਾਜ਼ ਦਾ ਝੂਟਾ ਲੈਣ ਦੇ ਚਾਹਵਾਨ ਮਾਂ-ਬਾਪ ਹੁਣ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਪੜ੍ਹਾਉਣ ਲਈ ਤੱਤਪਰ ਹਨ।
ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਕੋਰਸ ਦੇ ਮੁਤਾਬਕ ਆਇਲੈੱਟਸ 'ਚੋਂ ਲੋੜੀਦੇ ਬੈਂਡ ਸਕੋਰ ਲੈਣਾ ਜ਼ਰੂਰੀ ਹੁੰਦਾ ਹੈ। ਜੇ ਤੁਸੀਂ ਚੰਗਾ ਬੈਂਡ ਸਕੋਰ ਪ੍ਰਾਪਤ ਕਰਨਾ ਚਾਹੁੰਦੇ ਹੋਂ ਤਾਂ ਤੂਹਾਨੂੰ ਟੀਚਰ,ਟਿੱਚਰ ਅਤੇ ਟਰੇਡਰ 'ਚ ਫ਼ਰਕ ਪਛਾਣਨਾ ਪਵੇਗਾ।ਟੀਚਰ ਕੋਲ ਡਿਗਰੀਆਂ ਹੋਣ ਤੋਂ ਇਲਾਵਾ ਬੱਚਿਆਂ ਦੀ ਜ਼ਿੰਦਗੀ ਬਣਾਉਣ ਦੀ ਸੱਮਰਥਾ ਵੀ ਹੁੰਦੀਂ ਹੈ ਇਸ ਤੋਂ ਉੋਲਟ ਅਧਿਆਪਨ ਦੇ ਕਾਰਜ਼ ਵਿਚ ਅਕੁਸ਼ਲ ਬੰਦੇ ਨੂੰ ਅਸੀਂ ਟਿੱਚਰ ਆਖ ਸਕਦੇ ਹਾਂ।ਟਰੇਡਰ ਅਤੇ ਟੀਚਰ ਵਿੱਚ ਬੁਨਿਆਦੀ ਫ਼ਰਕ ਇਹ ਹੁੰਦਾ ਹੈ ਕਿ ਟਰੇਡਰ ਕੁਝ ਲੈਣ ਦੇ ਨਜ਼ਰੀਏ ਨਾਲ ਵਿਦਿਆਰਥੀ ਦੀ ਜੇਬ ਵੱਲ ਹੀ ਵੇਖਦਾ ਹੈ ਜਦੋਂ ਕਿ ਟੀਚਰ ਕੁੱਝ ਦੇਣ ਦੇ ਨਜ਼ਰੀਏ ਨਾਲ ਜੇਬ ਤੋਂ ਹੇਠਾਂ ਵਿਦਿਆਰਥੀ ਦੇ ਦਿਲ ਵਿਚ ਉਤਰਦਾ ਹੈ।ਟਿੱਚਰ ਅਤੇ ਟਰੇਡਰ ਵਰਗ ਵਿੱਦਿਅਕ ਢਾਂਚੇ ਨੂੰ ਲੱਗੀ ਸਿਉਂਕ ਹਨ। ਅੱਜਕਲ ਸ਼ਹਿਰਾਂ 'ਚ ਇੱਕ ਹੋਰ ਟਰੈਂਡ ਹੈ ਕਿ ਭਾਵੇਂ ਬੱਚਾ ਪੜਾਈ ਪੂਰੀ ਨਾ ਕਰ ਸਕਿਆ ਹੋਵੇ ਪਰ ਘਰ ਅੱਗੇ 'ਅੰਗਰੇਜ਼ੀ ਸਿੱਖੋ ਤੇ ਆਇਲੈਟਸ ਪਾਸ ਕਰੋ' ਦਾ ਬੋਰਡ ਲਾ ਕੇ ਅਕੈਡਮੀ ਖੋਲ ਦਿੱਤੀ ਜਾਂਦੀ ਹੈ ਤਿੰਨ ਤਿੰਨ ਹਜ਼ਾਰ ਤਨਖਾਹ ਤੇ ਦੋ ਮੈਡਮਾਂ ਰੱਖ ਕੇ ਕਾਕਾ ਜੀ ਨੂੰ ਮੈਨੇਜਿੰਗ ਡਾਇਰੈੱਕਟਰ ਬਣਾ ਦਿੱਤਾ ਜਾਂਦਾ ਹੈ। ਜਿਵੇਂ ਮੀਂਹ ਪੈਣ ਮਗਰੋਂ ਖੂੰਬਾਂ ਦੀ ਭਰਮਾਰ ਹੋ ਜਾਂਦੀ ਹੈ ਉਸ ਤਰ੍ਹਾਂ ਪ੍ਰੀਖਿਆਵਾਂ ਦੌਰਾਨ ਵਿਦਿਅਕ ਦੁਕਾਨਾਂ ਦੀ ਭਰਮਾਰ ਹੋ ਜਾਂਦੀ ਹੈ। ਚਤੁਰ ਤੇ ਧਨਾਢ ਲੋਕਾਂ ਨੇ ਘਰ ਨੂੰ ਸਿਆਣੇ ਵਪਾਰੀਆਂ ਵਾਂਗ, ਮੌਕਾ ਪਛਾਣ ਲਿਆ ਹੈ ਤੇ ਉਹ ਬੜੇ ਦਿਲ ਖਿੱਚਵੇਂ ਯੁਮਲਿਆਂ ਨਾਲ ਇਸ ਖ਼ੇਤਰ ਵਿੱਚ ਮਿਆਰੀ ਤੇ ਵਧੀਆ ਸਿੱਖਿਆ ਦੇਣ ਦੇ ਨਾਂ 'ਤੇ ਸਿੱਖਿਆ ਨੂੰ ਇੰਡਸਟਰੀ ਬਣਾ ਕੇ ਵਰਤ ਰਹੇ ਹਨ ਤੇ ਲੱਖਾਂ ਕਰੋੜਾਂ ਰੁਪਿਆ ਕਮਾ ਰਹੇ ਹਨ।ਇਸ ਸਿਸਟਮ ਵਿੱਚ ਕੋਝੀ ਦੁਕਾਨਦਾਰੀ ਚਲਾ ਰਹੇ ਅਜਿਹੇ ਲੋਕ ਬਾਖ਼ੂਬੀ ਕਾਮਯਾਬ ਹੋ ਰਹੇ ਹਨ। ਉਹਨਾਂ ਨੂੰ ਅਧਿਆਪਕ ਸਸਤੇ ਭਾਅ ਮਿਲ ਰਹੇ ਹਨ ਤੇ ਉਹ ਆਪ ਵਿਦਿਆਰਥੀਆਂ ਨੂੰ ਮੰਹਿਗੇ ਭਾਅ ਵਿੱਦਿਆ ਦੇ ਰਹੇ ਹਨ। ਸੱਤ ਬੈਂਡ ਦੀ ਗਰੰਟੀ ਦੇਣ ਵਲਿਆਂ ਦੀ ਭਰਮਾਰ ਹੈ। ਹਰ ਕੋਈ ਦੂਜਿਆਂ ਨਾਲੋਂ ਬਿਹਤਰ ਹੋਣ ਦੀ ਮੁਨਿਆਦੀ ਕਰ ਰਿਹਾ ਹੈ।ਇਸ ਖ਼ੇਤਰ ਦੀ ਰੌਚਕ ਗੱਲ ਇਹ ਹੈ ਕਿ ਜਿਹੜਾ ਅੱਜ ਅਕੈਡਮੀ ਖੋਲਦਾ ਹੈ ਉਹ ਇਹ ਹੀ ਰੌਲਾ ਪਾਉਦਾਂ ਹੈ ਕਿ ਉਸ ਨੂੰ ਹੀ ਸਭ ਕੁੱਝ ਪਤਾ ਹੈ ਦੂਜੇ ਤਾਂ ਐਵੇਂ ਹੀ ਹਨ।
ਸਿੱਖਿਆ ਸ਼ਾਸਤਰੀ ਦੱਸਦੇ ਹਨ ਕਿ ਗਿਆਨ ਸ਼ਕਤੀ ਹੈ ਪਰ ਅਜਿਹੇ 'ਅਧਿਆਪਕ' ਜੋ ਕਿ ਆਪ ਹੀ ਗਿਆਨਹੀਨ ਹੋਣ ਤਾਂ ਉਹ ਵਿਦਿਆਰਥੀਆਂ ਨੂੰ ਕੀ ਸ਼ਕਤੀ ਦੇਣਗੇ। ਮਾਂ-ਬਾਪ ਦੀ ਰਾਏ ਤੋਂ ਉਲਟ ਆਪ ਮੁਹਾਰੇ ਹੋ ਕੇ ਸ਼ਹਿਰਾਂ 'ਚ ਅਜਿਹੇ ਸੈਟਰਾਂ 'ਚ ਦਾਖ਼ਲ ਹੋਏ ਵਿਦਿਆਰਥੀ ਜਦੋਂ ਕਈ-ਕਈ ਮਹੀਨੇ ਆਪਣੀ ਆਰਥਿਕ ਲੁੱਟ ਕਰਾ ਕੇ ਬਰੰਗ ਚਿੱਠੀ ਵਾਂਗ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਸਲੀਅਤ ਦੇ ਦਰਸ਼ਨ ਹੁੰਦੇ ਹਨ ਤੇ ਪਤਾ ਲੱਗਦਾ ਹੈ ਕਿ ਵੱਡਾ ਸ਼ਹਿਰ ਵੱਡੇ ਬੈਂਡ ਸਕੋਰ ਦਾ ਲਾਇਸੈਂਸ ਨਹੀਂ ਹੁੰਦਾ। ਇੱਕ ਮੋਟੇ ਅੰਦਾਜ਼ੇ ਮੁਤਾਬਕ ਆਇਲੈੱਟਸ ਦਾ ਪਹਿਲੀ ਵਾਰ ਪੇਪਰ ਦੇਣ ਵਾਲੇ ਜ਼ਿਆਦਾਤਰ ਵਿਦਿਆਰਥੀ ਫ਼ੇਲ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਪੰਜਾਹ ਤੋਂ ਸੱਤਰ ਹਜ਼ਾਰ ਰੁਪਿਆ ਖ਼ਰਚ ਹੋ ਚੁੱਕਿਆ ਹੁੰਦਾ ਹੈ।ਦੁੱਖ ਦੀ ਗੱਲ ਹੈ ਕਿ ਪੰਜਾਬੀ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਤੇ ਇਹ ਸੰਕਟ ਦਿਨੋ ਦਿਨ ਹੋਰ ਡੂੰਘਾਂ ਤੇ ਗੰਭੀਰ ਹੁੰਦਾ ਜਾ ਰਿਹਾ ਹੈ।ਪੰਜਾਬੀਆਂ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ।
ਆਇਲੈੱਟਸ ਦੀ ਕੋਚਿੰਗ ਵਾਲੇ ਖ਼ੇਤਰ 'ਚ ਭਾਵੇਂ ਹਨੇਰਾ ਪਸਰਿਆ ਪਿਆ ਹੈ ਪਰ ਨਿਰਾਸ਼ ਤੇ ਦੁਖੀ ਹੋ ਕੇ ਘਰ ਬੈਠਣ ਦੀ ਬਜਾਏ ਤੁਸੀਂ ਆਪਣੀ ਰਾਡਾਰ ਦੀ ਰੇਂਜ ਵਧਾ ਕੇ ਚੰਗੇ ਟੀਚਰ ਦੀ ਤਲਾਸ਼ ਕਰਦੇ ਰਹੋ। ਕੁੱਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਰਥਿਕ ਲੁੱਟ ਕਰਾਉਣ ਤੋਂ ਬਚ ਸਕਦੇ ਹੋਂ।
ਜਦੋਂ ਵੀ ਵਿਦਿਆਰਥੀ ਨੇ ਆਇਲੈੱਟਸ ਦੀ ਕੋਚਿੰਗ ਲੈਣੀ ਹੋਵੇ ਉਸ ਨੂੰ ਚਾਹਿਦਾ ਹੈ ਕਿ ਕਿਸੇ ਪੜ੍ਹੇ-ਲਿਖੇ ਸੂਝਵਾਨ ਵਿਦਵਾਨ ਦੀ ਰਾਏ ਲਵੇ।
ਕਿਸੇ ਸਿੱਖਿਆ ਸੰਸਥਾ 'ਚ ਦਾਖਲਾ ਲੈਣ ਸਮੇਂ ਮਾਂ-ਬਾਪ ਜਾਂ ਪੜ੍ਹੇ-ਲਿਖੇ ਕਿਸੇ ਹੋਰ ਮੈਂਬਰ ਨੂੰ ਨਾਲ ਲੈੇ ਕੇ ਜਾਣਾ ਚਾਹੀਦਾ ਹੈ ਤਾਂ ਕਿ ਮਿਸ਼ਨ ਪ੍ਰਾਪਤੀ ਲਈ ਸਹੀ ਸੰਸਥਾ ਦੀ ਚੋਣ ਹੋ ਸਕੇ।
ਦਾਖਲਾ ਲੈਣ ਤੋਂ ਪਹਿਲਾਂ ਇਹ ਸਪੱਸ਼ਟ ਕਰ ਲਵੋ ਕਿ ਕੀ ਉਸ ਸੰਸਥਾ 'ਚ ਫ਼ੋਨੇਟਿਕ ਗ੍ਰਾਫ਼ਿਕਸ ਦੀ ਸਹਾਇਤਾ ਨਾਲ 26 ਅੱਖਰਾਂ ਤੋਂ 44 ਧੁਨਾਂ ਦਾ ਸ਼ੁੱਧ ਉਚਾਰਣ ਸਿਖਾਇਆ ਜਾਂਦਾ ਹੈ ਕਿ ਨਹੀ। ਜੇ ਫ਼ੋਨੇਟਿਕ ਗ੍ਰਾਫ਼ਿਕਸ ਦੀ ਮੱਦਦ ਨਾਲ ਸ਼ਬਦਾ ਦਾ ਸਹੀ ਉਚਾਰਣ ਨਹੀਂ ਸਿਖਾਇਆ ਜਾ ਰਿਹਾ ਤਾਂ ਸਮਝੋ ਹਿੰਗਲਿਸ਼ ਜਾਂ ਪੰਗਲਿਸ਼ ਹੀ ਪੜ੍ਹਾਈ ਜਾ ਰਹੀ ਹੈ ਇੰਗਲਿਸ਼ ਨਹੀਂ !
ਕੀ ਸ਼ਬਦਾਂ ਦਾ ਸ਼ੁੱਧ ਉਚਾਰਣ ਸਿਖਾਉਣ ਲਈ ਲਿੰਗੋ-ਫ਼ੋਨ ਦਾ ਪ੍ਰਬੰਧ ਹੈ।ਸਪੀਕਿੰਗ ਮੋਡਿਯੂਲ 'ਚੋਂ ਚੰਗਾ ਬੈਂਡ ਲੈਣ ਲਈ ਸ਼ੁੱਧ ਉਚਾਰਣ ਜ਼ਰੂਰੀ ਹੁੰਦਾ ਹੈ।
ਸੰਸਥਾ ਵਿੱਚ ਪਹਿਲਾਂ ਪੜ੍ਹ ਚੁੱਕੇ ਵਿਦਿਆਰਥੀਆਂ ਦੀ ਸਫ਼ਲਤਾ ਦੀ ਦਰ ਬਾਰੇ ਜ਼ਰੂਰ ਜਾਣੋ। ਅਖ਼ਬਾਰਾਂ 'ਚ ਸੱਤ ਜਾਂ ਅੱਠ ਬੈਂਡ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਦੀਆਂ ਫ਼ੋਟੋਆਂ ਜਾਂ ਵੱਡੇ ਇਸ਼ਤਿਹਾਰੀ ਬੋਰਡ ਦੇਖ ਕੇ ਪ੍ਰਭਾਵਿਤ ਨਾ ਹੋਵੋ ਸਗੋਂ ਇਹ ਜਾਨਣ ਦੀ ਕੋਸ਼ਿਸ਼ ਕਰੋ ਕਿ ਉਸ ਵਿਦਿਆਰਥੀ ਦੇ ਬੈਚ 'ਚ ਹੋਰ ਕਿੰਨੇ ਕੁ ਵਿਦਿਆਰਥੀਆਂ ਨੇ ਚੰਗੇ ਬੈਂਡ ਸਕੋਰ ਪ੍ਰਾਪਤ ਕੀਤੇ।
ਆਇਲੈੱਟਸ ਅੰਤਰਰਾਸਟਰੀ ਪੱਧਰ ਦਾ ਟੈਸਟ ਹੈ।ਇਸ 'ਚੋਂ ਚੰਗਾ ਬੈਂਡ ਸਕੋਰ ਪ੍ਰਾਪਤ ਕਰਨ ਲਈ ਸੰਜ਼ੀਦਗੀ ਨਾਲ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਤਿਆਰੀ ਦੌਰਾਨ ਕਈ ਵਾਰ ਵਿਦਿਆਰਥੀ ਦਾ ਮਨ ਡਾਵਾਂਡੋਲ ਹੁੰਦਾ ਰਹਿੰਦਾ ਹੈ।ਇਸ ਲਈ ਅਜਿਹੇ ਅਧਿਆਪਕ ਦੀ ਤਲਾਸ਼
ਕਰੋ ਜਿਹੜਾ ਵਿਦਿਆਰਥੀਆਂ ਨੂੰ ਹਰ ਰੋਜ਼ ਮੋਟੀਵੇਸ਼ਨ ਦੇ ਕੇ ਤੇ ਉਨ੍ਹਾਂ ਦੇ ਸ਼ੰਕੇ ਦੂਰ ਕਰਕੇ ਉਨ੍ਹਾਂ ਨੂੰ ਹੋਰ ਪੜ੍ਹਨ ਲਈ ਪ੍ਰੇਰਿਤ ਕਰੇ।
ਭਾਵੇਂ ਵਿੱਦਿਆ ਦਾ ਵਪਾਰੀਕਰਣ ਹੋ ਚੁਕਿੱਆ ਹੈ ਪਰ ਇਸ ਦੇ ਬਾਵਜੂਦ ਹਰ ਜ਼ਿਲ੍ਹੇ 'ਚ ਕੋਈ ਨਾ ਕੋਈ ਅਜਿਹੀ ਸਿੱਖਿਆ ਸੰਸਥਾ ਜਾਂ ਪ੍ਰੋਫ਼ੈਸਰ ਹੁੰਦਾ ਹੈ ਜੋ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ।ਜਿਵੇਂ ਸਮੁੰਦਰ 'ਚ ਭਟਕੇ ਹੋਏ ਸਮੁੰਦਰੀ ਜਹਾਜ਼ਾਂ ਨੂੰ ਧਰੁਵੀ ਤਾਰਾ ਸਹੀ ਦਿਸ਼ਾ ਦੱਸ ਕੇ ਉਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਾਉਂਦਾ ਹੈ, ਠੀਕ ਉਸੇ ਤਰ੍ਹਾਂ ਗਿਆਨਵਾਨ ਗੁਰੂ ਸਿੱਖਿਆਰਥੀ ਨੂੰ ਸਹੀ ਗਿਆਨ ਦੇ ਕੇ ਉਸ ਦਾ ਜੀਵਨ ਸਫ਼ਲ ਬਣਾਉਂਦਾ ਹੈ। ਵਿਦਵਾਨ ਅਧਿਆਪਕ ਵਿਦਿਆਰਥੀ ਨੂੰ ਸਿਰਫ਼ ਡੈਸਕਾਂ ਵਾਲੀਆਂ ਜਮਾਤਾ ਦਾ ਗਿਆਨ ਹੀ ਨਹੀਂ ਦਿੰਦਾ ਸਗੋਂ ਬਾਜ਼ਾਰ ਵਾਲੀਆਂ ਜਮਾਤਾਂ ਦਾ ਗਿਆਨ ਵੀ ਦਿੰਦਾ ਹੈ ।ਉਹ ਫ਼ੋਰਮਲ ਸਿੱਖਿਆ ਦੇ ਨਾਲ-ਨਾਲ ਇਨਫ਼ੋਰਮਲ ਸਿੱਖਿਆ ਵੀ ਦਿੰਦਾ ਹੈ।ਅਜਿਹੇ ਵਿਦਵਾਨ ਟੀਚਰ ਦੇ ਸ਼ਬਦ ਵਿਦਿਆਰਥੀ ਲਈ ਊਰਜਾ ਦਾ ਕੰਮ ਕਰਦੇ ਹਨ। ਜਿਵੇਂ ਚੰਦਰਮਾ ਨੂੰ ਚਮਕਣ ਲਈ ਸੂਰਜ ਦੀ ਜ਼ਰੂਰਤ ਹੁੰਦੀਂ ਹੈ ਉਸ ਤਰ੍ਹਾਂ ਵਿਦਿਆਰਥੀ ਨੂੰ ਫਰਸ਼ ਤੋਂ ਅਰਸ਼ ਤੱਕ ਜਾਣ ਲਈ ਦਿਮਾਗ਼ੀ ਟੀਚਰ ਦੀ ਜ਼ਰੂਰਤ ਹੁੰਦੀਂ ਹੈ। ਮੈਂ ਅਜਿਹੇ ਸੂਰਜਾਂ ਨੂੰ ਜੋ ਆਪਣੇ ਬੋਧਿਕ ਗਿਆਨ ਦੀ ਰੌਸ਼ਨੀ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ, ਆਪਣਾ ਸਿਰ ਝੁਕਾਉੰਦਾ ਹਾਂ।
ਲੇਖਕ : ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ' ਸੰਸਥਾਪਕ: ਮਿਸ਼ਨ ''ਜ਼ਿੰਦਗੀ ਖ਼ੂਬਸੂਰਤ ਹੈ''
ਇੰਗਲਿਸ਼ ਕਾਲਜ, ਮਾਲੇਰਕੋਟਲਾ (ਪੰਜਾਬ) 9814096108
5 Sep. 2018