ਮੇਰੇ ਫੇਸਬੁੱਕ ਖਾਤੇ ਦੀ ਦਾਸਤਾਨ - ਗਿਆਨੀ ਸੰਤੋਖ ਸਿੰਘ
ਇਹ ਜਾਦੂਮਈ ਕਾਢ ਇਕ ਅੰਗ੍ਰੇਜ਼ੀ ਬੋਲਣ ਵਾਲ਼ੇ ਸੱਜਣ ਮਾਰਕ ਜ਼ੁਕਰਬਰਗ ਨੇ ਕੱਢੀ ਹੋਣ ਕਰਕੇ, ਇਸ ਦਾ ਨਾਂ ਵੀ ਉਸ ਨੇ ਅੰਗ੍ਰੇਜ਼ੀ ਵਿਚ ਫੇਸਬੁੱਕ ਹੀ ਰੱਖਿਆ। ਸਾਬਕਾ ਡਿਪਟੀ ਕਮਿਸ਼ਨਰ ਸ. ਗੁਰਤੇਜ ਸਿੰਘ ਆਈ.ਏ.ਐਸ. ਜੀ ਨੇ ਇਸ ਦਾ ਨਾਂ ਪੰਜਾਬੀ ਵਿਚ ‘ਮੁਖੜਾ ਪੋਥੀ’ ਰੱਖਿਆ ਹੈ। ਐਡੀਲੇਡ ਦੇ ਵਾਸੀ ਨੌਜਵਾਨ ਪੱਤਰਕਾਰ ਸ. ਤੇਜਸ਼ਦੀਪ ਸਿੰਘ ਅਜਨੌਦਾ ਨੇ ਇਸ ਦਾ ਨਾਂ ‘ਬੂਥਾਪੋਥੀ’ ਧਰ ਦਿਤਾ ਹੈ। ਮੈਂ, ਸਦਾ ਵਾਂਗ ਹੀ, ਇਸ ਦਾ ਪੰਜਾਬੀ ਵਿਚ ਤਰਜਮਾ ਕਰਨ ਦੇ ਖਲਜਗਣ ਵਿਚ ਪੈਣਾ ਜਰੂਰੀ ਨਹੀਂ ਸਮਝਦਾ। ਮੈਂ ਇਸ ਵਿਚਾਰ ਦਾ ਧਾਰਨੀ ਹਾਂ ਕਿ ਜੇਹੜੀ ਚੀਜ ਜਿਸ ਕਿਸੇ ਨੇ ਈਜਾਦ ਕੀਤੀ ਹੈ ਤੇ ਉਸ ਨੇ ਜੋ ਉਸ ਦਾ ਨਾਂ ਰੱਖਿਆ ਹੈ, ਓਸੇ ਨੂੰ ਗੁਰਮੁਖੀ ਅੱਖਰਾਂ ਵਿਚ ਲਿਖ ਕੇ, ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਵਿਚ ਵਾਧਾ ਕਰ ਲੈਣਾ ਚਾਹੀਦਾ ਹੈ ਤੇ ਤਰਜਮਿਆਂ, ਨਵੇਂ ਨਾਵਾਂ ਆਦਿ ਦੇ ਚੱਕਰਾਂ ਵਿਚ ਪਾਠਕਾਂ ਨੂੰ ਨਾ ਉਲ਼ਝਾਇਆ ਜਾਵੇ।
ਆਪਣੀ ਚੌਥੀ ਅਤੇ ਵਡੇਰੀ ਕਿਤਾਬ ‘ਬਾਤਾਂ ਬੀਤੇ ਦੀਆਂ’ ਪਾਠਕਾਂ ਦੇ ਹੱਥਾਂ ਵਿਚ ਅਪੜਾਉਣ ਲਈ, ਅਕਤੂਬਰ, 2010 ਵਿਚ, ਮੈਂ ਨਿਊ ਜ਼ੀਲੈਂਡ ਵਿਚ ਚਲਿਆ ਗਿਆ। ਓਥੇ ਆਪਣੇ ਮੂੰਹ ਬੋਲੇ ਭਤੀਜੇ, ਗੁਰਿੰਦਰ ਸਿੰਘ ਢੱਟ ਦੇ ਘਰ ਵਿਚ ਡੇਰਾ ਲਾ ਲਿਆ। ਉਸ ਨੇ ਮੇਰੇ ਵੱਲੋਂ ਮੁੜ ਮੁੜ ਨਾਂਹ ਕਰਨ ਦੇ ਬਾਵਜੂਦ, ਕਈ ਲਾਭ ਗਿਣਾ ਗਿਣਾ ਕੇ ਮੇਰਾ ਫੇਸਬੁੱਕ ਅਕਾਊਂਟ ਬਣਾ ਦਿਤਾ। ਮੇਰੇ ਵਾਸਤੇ ਉਹ ਨਵਾਂ ‘ਘੀਚਮ-ਚੋਲ਼ਾ’ ਜਿਹਾ ਬਣ ਗਿਆ। ਮੈਂ ਇਸ ਨਵੇਂ ਯੱਭ ਜਿਹੇ ਨੂੰ ਬੰਦ ਕਰਨ ਲਈ ਢੱਟ ਨੂੰ ਕਿਹਾ ਪਰ ਉਸ ਨੇ ਇਸ ਨੂੰ ਬੰਦ ਕਰਨ ਤੋਂ ਹੱਥ ਖੜ੍ਹੇ ਕਰ ਦਿਤੇ। ਫਿਰ ਮੈਂ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਕਿਹਾ ਕਿ ਇਸ ਨੂੰ ਬੰਦ ਕਰ ਦਏ। ਉਸ ਨੇ ਇਹ ਕਹਿ ਕੇ, “ਮੈਂ ਵੀ ਸੋਚਦਾ ਸਾਂ ਕਿ ਪਾਪਾ ਨੇ ਬੁੱਢੇ ਵਾਰੇ ਇਹ ਕੀ ਬਿਪਤਾ ਸਹੇੜ ਲਈ ਹੈ!” ਮੈਨੂੰ ਦੱਸ ਦਿਤਾ ਕਿ ਮੇਰਾ ਖਾਤਾ ਬੰਦ ਕਰ ਦਿਤਾ ਹੈ।
ਦੋ ਕੁ ਸਾਲਾਂ ਵਿਚ ਹੋਰਨਾਂ ਨੂੰ ਫੇਸਬੁੱਕ ਵਰਤਦਾ ਵੇਖ ਕੇ, ਮੇਰਾ ਵੀ ਫਿਰ ਇਸ ਨੂੰ ਵਰਤਣ ਲਈ ਜੀ ਕਰ ਆਇਆ। ਪੁੱਤਰ ਨੂੰ ਕਿਹਾ ਕਿ ਮੇਰਾ ਵੀ ਖਾਤਾ ਖੋਹਲ ਦੇਹ। ਉਸ ਨੇ, ਜੇਹੜਾ ਮੈਨੂੰ ਕਿਹਾ ਸੀ ਕਿ ਉਸ ਨੇ ਬੰਦ ਕਰ ਦਿਤਾ ਸੀ, ਅਸਲ ਵਿਚ ਬੰਦ ਨਹੀਂ ਸੀ ਕੀਤਾ ਬੱਸ ਉਸ ਨੂੰ ਚੁੱਪ ਹੀ ਕਰਵਾ ਦਿਤਾ ਸੀ, ਓਸੇ ਖਾਤੇ ਨੂੰ ਫਿਰ ਬੋਲਣ ਲਾ ਦਿਤਾ। ਉਸ ਵੇਲ਼ੇ ਤੋਂ ਫਿਰ ਮੈਂ ਵੀ ਟੋਹ ਟੋਹ ਕੇ ਫੇਸਬੁੱਕ ਵਰਤਣਾ ਸ਼ੁਰੂ ਕਰ ਦਿਤਾ ਤੇ ਹੌਲ਼ੀ ਹੌਲ਼ੀ ਇਸ ਵਿਚ ਵਾਹਵਾ ਸਮਾ ਖ਼ਰਚਣ ਲੱਗ ਪਿਆ।
ਫਿਰ ਸਾਰੇ ਲੋਕ ਵਹਾਟਸਅਪ ਵਰਤਦੇ ਹੋਣ ਕਰਕੇ, ਮੈਨੂੰ ਵੀ ਮਜਬੂਰੀ ਵੱਸ ਇਸ ਨਵੇਂ ‘ਜੰਘ-ਪਲਾਂਘੇ’ ਵਿਚ ਫਸਣਾ ਪਿਆ। ਇਸ ਵਿਚੋਂ ਇਕ ਕੰਮ ਕਰਨ ਦੀ ਜਾਚ ਆ ਗਈ (ਹੁਣ ਫੇਰ ਭੁੱਲ ਗਈ ਹੈ) ਕਿ ਓਥੋਂ ਕਿਸੇ ਪਸੰਦੀਦਾ ਪੋਸਟ ਨੂੰ ਫੇਸਬੁੱਕ ਉਪਰ ਕਿਵੇਂ ਚਾਹੜਨਾ ਹੈ। ਹੁਣ ਮੇਰੀ ਹਾਲਤ, “ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ” ਵਾਲ਼ੀ ਹੋ ਗਈ। ਰੋਜ਼ਾਨਾ ਅਜੀਤ ਤੋਂ ਕਈ ਖ਼ਬਰਾਂ/ਲੇਖਾਂ ਨੂੰ ਬਿਨਾ ਕਿਸੇ ਝਿਜਕ ਦੇ, ਫੇਸਬੁੱਕ ਉਪਰ ਪਾਉਣ ਲੱਗ ਪਿਆ। ਕਿਸੇ ਹੋਰ ਦਾ ਲੇਖ ਵੀ ਸ਼ੇਅਰ ਅਤੇ ਕਾਪੀ ਪੇਸਟ ਕਰੀ ਗਿਆ। ਕਿਤੇ ਸ਼ੇਅਰ ਦਾ ਆਈਕਨ ਨਾ ਹੋਣ ਕਰਕੇ, ਕਾਪੀ ਪੇਸਟ ਕਰ ਦਤਿੀ। ਕਈ ਚੰਗੇ ਲੇਖਾਂ ਦੇ ਸ਼ਬਦ ਜੋੜ ਵੀ ਆਪਣੀ ਮਰਜੀ ਅਨੁਸਾਰ ਬਦਲ ਕੇ ਪੋਸਟ ਕਰੀ ਗਿਆ। ਇਹ ਸਾਰਾ ਕੁਝ ਕਰਦਿਆਂ ਇਹ ਖਿਆਲ ਜਰੂਰ ਰੱਖਿਆ ਕਿ ਲੇਖਕ ਦਾ ਨਾਂ ਨਾ ਲੁਕਾਇਆ ਜਾਵੇ।
ਇਕ ਦਿਨ ਮੈਂ ਇੰਡੋ ਚਾਈਨਾ ਦੇ ਕਿਸੇ ਮੁਲਕ ਵਿਚ, ਬਹੁਤ ਹੀ ਛੋਟੀ ਉਮਰ ਦੇ ਬੱਚੇ ਦੀ ਖੇਤ ਵਿਚ ਵਹਾਟਸਅਪ ਤੋਂ, ਕੱਦੂ ਕਰਦੇ ਦੀ ਵੀਡੀਓ ਪੋਸਟ ਕਰ ਦਿਤੀ। ਮੈਨੂੰ ਉਸ ਬੱਚੇ ਦੀ ਦ੍ਰਿੜ੍ਹਤਾ ਬਹੁਤ ਚੰਗੀ ਲੱਗੀ ਸੀ। ਅਗਲੇ ਦਿਨ ਮੈਨੂੰ ਸਜ਼ਾ ਵਜੋਂ ਇਕ ਦਿਨ ਲਈ ਫੇਸਬੁੱਕ ਵਰਤਣੋ ਰੋਕ ਦਿਤਾ ਗਿਆ। ਕੁਝ ਸਮੇ ਪਿੱਛੋਂ ਮੇਰੀ ਇਕ ਹੋਰ ਫ਼ੋਟੋ ਨਾ ਪਸੰਦ ਕਰਕੇ ਦੋ ਦਿਨਾਂ ਲਈ ਮੇਰਾ ਬਾਈਕਾਟ ਕਰ ਦਿਤਾ ਗਿਆ। ਫਿਰ ਮੈਂ ਸਾਵਧਨ ਹੋ ਗਿਆ ਤੇ ਕੁਝ ਸਮਾ ਇਸ ਪਾਇਉਂ ਆਰਾਮ ਰਿਹਾ।
2021 ਦੇ ਸਤੰਬਰ ਮਹੀਨੇ ਦੇ ਦੂਜੇ ਹਫ਼ਤੇ ਸੁਨੇਹਾ ਆਇਆ ਕਿ ਮੈਂ ਕੋਈ ਕਾਪੀ ਰਾਈਟ ਇਨਫ਼ਰਿੰਜ ਕੀਤਾ ਹੈ। ਕੇਹੜਾ ਇਨਫਰਿੰਜ ਕੀਤਾ ਹੈ? ਦਾ ਜਵਾਬ ਨਹੀਂ ਮਿਲ਼ਿਆ। ਇਸ ਲਈ ਤਿੰਨ ਦਿਨਾਂ ਲਈ ਮੇਰੇ ਮੂੰਹ ਨੂੰ ਛਿੱਕਾ ਦਿਤਾ ਜਾਂਦਾ ਹੈ। ਮੈਂ ਫੇਸਬੁੱਕ ਖੋਹਲ ਕੇ ਪੋਸਟਾਂ ਪੜ੍ਹ ਸਕਦਾ ਸੀ ਪਰ ਖ਼ੁਦ ਉਹਨਾਂ ਨਾਲ਼ ਕੋਈ ‘ਛੇੜ ਛਾੜ’ ਨਹੀਂ ਸੀ ਕਰ ਸਕਦਾ। ਸੋਚਿਆ ਕਿ ਤਿੰਨ ਦਿਨਾਂ ਦੀ ਹੀ ਤੇ ਸਾਰੀ ਗੱਲ ਹੈ? ਛੇਤੀ ਹੀ ਲੰਘ ਜਾਣੇ ਹਨ ਤੇ ਫਿਰ ਮੈਂ ਪੋਸਟਾਂ ਪੜ੍ਹ ਤੇ ਸਕਦਾ ਹੀ ਹਾਂ! ਪਰ ਤਿੰਨ ਦਿਨ ਮੁੱਕਣ ਤੋਂ ਪਹਿਲਾਂ ਹੀ ਸੁਨੇਹਾ ਮਿਲ਼ ਗਿਆ ਕਿ ਮੇਰਾ ਖਾਤਾ ਡਿਸਏਬਲ ਕਰ ਦਿਤਾ ਗਿਆ ਹੈ। ਕਾਰਨ ਕੋਈ ਨਹੀਂ ਦੱਸਿਆ। ਈ-ਮੇਲ ਰਾਹੀਂ ਕਾਰਨ ਪੁੱਛਣ ‘ਤੇ ਜਵਾਬ ਆਇਆ ਕਿ ਦੋ ਦਿਨ ਜਾਂ ਕੋਵਿਡ ਕਰਕੇ, ਵਧੇਰੇ ਦਿਨ ਵੀ ਜਵਾਬ ਦੇਣ ਵਿਚ ਲੱਗ ਸਕਦੇ ਹਨ। ਉਸ ਪਿੱਛੋਂ ਕਿਸੇ ਵੀ ਰੀਮਾਈਂਡਰ ਦਾ ਜਵਾਬ ਨਹੀਂ ਮਿਲ਼ਿਆ। ਕੈਨਬਰੇ ਵਿਚ ਇਕ ਸੱਜਣ ਸ. ਜਸਪਾਲ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈ.ਟੀ. ਵਿਭਾਗ ਦੇ ਸਾਬਕਾ ਇੰਚਾਰਜ ਏਥੇ ਆਏ ਹੋਏ ਹਨ। ਇਕ ਦਿਨ ਉਹ ਕਹਿੰਦੇ ਕਿ ਮੈਂ ਪਤਾ ਕਰਦਾ ਹਾਂ। ਉਹ ਫੇਸਬੁੱਕੀਆਂ ਤੋਂ ਜਵਾਬ ਲੈਣ ਵਿਚ ਤੇ ਕਾਮਯਾਬ ਹੋ ਗਏ ਪਰ ਜਵਾਬ ਇਹ ਆਇਆ ਕਿ ਬਹੁਤ ਸਮਾ ਹੋ ਗਿਆ ਹੈ ਖਾਤਾ ਬੰਦ ਹੋਏ ਨੂੰ; ਇਸ ਲਈ ਹੁਣ ਕੁਝ ਨਹੀਂ ਹੋ ਸਕਦਾ।
ਪਰ ਮੈਨੂੰ ਤੇ ਇਸ ‘ਕਲੇਸ਼ਬੁੱਕ’ ਦਾ ਨਸ਼ਾ ਹੋ ਗਿਆ ਸੀ ਤੇ ਇਸ ਰਾਹੀਂ ‘ਉਚਪਾਏ’ ਦੀ ਨਿੰਦਿਆ ਚੁਗਲੀ ਪੜ੍ਹਨ ਦਾ ਅਜਿਹਾ ਭੁਸ ਪੈ ਗਿਆ ਹੈ ਕਿ ਇਸ ਤੋਂ ਬਿਨਾ ਤਾਂ, “ਇਕ ਘੜੀ ਨ ਮਿਲਤੇ ਤਾਂ ਕਲਜੁਗ ਹੋਤਾ” ਵਾਲ਼ੀ ਮੇਰੀ ਹਾਲਤ ਹੋ ਜਾਂਦੀ ਹੈ। ਏਥੋਂ ਤੱਕ ਮੇਰਾ ਨਸ਼ਾ ਵਧ ਚੁੱਕਾ ਹੈ ਕਿ ਮੈਨੂੰ ਇਸ ਵਿਚ ਖੁਭੇ ਹੋਏ ਨੂੰ ਹਵਾਈ ਅੱਡੇ ਉਪਰ ਬੈਠੇ ਨੂੰ ਹੀ ਛੱਡ ਕੇ ਹਵਾਈ ਜਹਾਜ ਉਡ ਗਿਆ ਸੀ ਤੇ ਫਿਰ ਮੈਂ ਅਗਲੇ ਦਿਨ ਗਿਆ ਸੀ। ਇਸ ਘਟਨਾ ਨੂੰ ਵੀ ਮੈਂ ‘ਫੇਸਬੁੱਕ ਕਿ ਫਸੇਬੁੱਕ?’ ਦਾ ਨਾਂ ਦੇ ਕੇ ਇਕ ਲੇਖ ਹੀ ਲਿਖ ਮਾਰਿਆ ਸੀ। ਫਿਰ ਮੈਂ ਖ਼ੁਦ ਵੀ ਇਸ ਕਲਜੁਗੀ ‘ਨਿੰਦਿਆ ਪੁਰਾਣ’ ਵਿਚ ਸੱਬਰਕੱਤਾ ਹਿੱਸਾ ਪਾਉਣ ਲੱਗ ਪਿਆ ਸਾਂ। ਫਿਰ ਮੈਂ ਇਕ ਹੋਰ ਖਾਤਾ ਖੋਹਲਿਆ। ਉਹ ਇਕ ਦਿਨ ਚੱਲਿਆ। ਫਿਰ ਇਕ ਹੋਰ ਖੋਹਲਿਆ ਤੇ ਉਹ ਦੋ ਦਿਨ ਚੱਲ ਕੇ ਜਵਾਬ ਦੇ ਗਿਆ। ਫਿਰ ਕੁਝ ‘ਨੀਤੀ’ ਵਰਤ ਕੇ ਮੈਂ ਇਹ ਖਾਤਾ ਖੋਹਲਿਆ ਹੈ ਜੇਹੜਾ ਅਜੇ ਤੱਕ ਸਾਥ ਨਿਭਾਈ ਜਾ ਰਿਹਾ ਹੈ। ਵੇਖੋ, ਕਦੋਂ ਕੁ ਤੱਕ ਇਹ ਮੇਰੀਆਂ ‘ਅੱਲਵਲੱਲੀਆਂ ਟਬਲ਼ੀਆਂ’ ਦਾ ਭਾਰ ਸਹਿੰਦਾ ਹੈ! ਕਿਸੇ ਨੇ ਪੇਂਡੂ ਲੋਕਾਂ ਨੂੰ ਧਰਮ ਦੇ ਨਾਂ ‘ਤੇ ਬੁਧੂ ਬਣਾਉਣ ਲਈ ਅਜਪਾ ਜਾਪ ਦਾ ਅਖੰਡ ਪਾਠ ਸ਼ੁਰੂ ਕਰਵਾ ਦਿਤਾ। ਪਾਠੀਆਂ ਦੀ ਤੋਟ ਆਉਣ ‘ਤੇ ਉਸ ਨੇ ਇਕ ਅਨਪੜ੍ਹ ਬੰਦੇ ਨੂੰ ਵਾਰੀ ‘ਤੇ, ਇਹ ਸਿਖਾ ਕੇ ਬਹਾ ਦਿਤਾ ਕਿ ਤੂੰ ਬਸ “ਅਜਪਾ ਜਾਪ, ਅਜਪਾ ਜਾਪ” ਬੋਲੀ ਜਾਈਂ। ਕੁਝ ਸਮੇ ਬਾਅਦ ਉਸ ਦਾ ਕੋਈ ਮਿੱਤਰ ਆ ਗਿਆ ਤੇ ਇਹ ਅਜੀਬ ਵਰਤਾਰਾ ਵੇਖ ਕੇ ਬੋਲਿਆ, “ਯੇਹ ਕਬ ਤੱਕ ਚਲੇਗਾ? ਯੇਹ ਕਬ ਤੱਕ ਚਲੇਗਾ?” ਅੱਗੋਂ ਵਾਰੀ ਵਾਲ਼ਾ ਸੱਜਣ ਜਵਾਬ ਵਿਚ ਬੋਲਿਆ, “ਜਬ ਤੱਕ ਚਲੇਗਾ ਚਲਾਏਂਗੇ, ਜਬ ਤੱਕ ਚਲੇਗਾ ਚਲਾਏਂਗੇ।” ਸੋ ਵੇਖੋ, ਇਹ ਖਾਤਾ ਵੀ ਜਬ ਤੱਕ ਚਲੇਗਾ ਚਲਾਏਂਗੇ।
ਪਾਠਕ ਕਿਤੇ ਇਹ ਨਾ ਸਮਝ ਲੈਣ ਕਿ ਸ਼ਾਇਦ ਮੈਂ ਇਸ ਫੇਸਬੁੱਕ ਦੇ ਖਾਤੇ ਬਣਾਉਣ ਅਤੇ ਢਾਹੁਣ ਵਿਚ ਏਨਾ ਮਾਹਰ ਹੋ ਗਿਆ ਹਾਂ! ਅਜਿਹਾ ਕਾਰਜ ਮੈਂ ਮੇੇਰੇ ਕੋਲ਼ ਰਹਿੰਦੇ ਆਪਣੇ ਭਤੀਜੇ, ਯੁਵਰਾਜ ਸਿੰਘ ਤੋਂ ਕਰਵਾਉਂਦਾ ਹਾਂ।