ਡਾ.ਮਲਕੀਅਤ ‘ਸੁਹਲ’ ਦੀ ਪੰਜਾਬੀ ਕਵਿਤਾ - ਰਵੇਲ ਸਿੰਘ

ਮਲਕੀਅਤ .ਸੁਹਲ’ ਦਾ ਜਨਮ 1942 ਵਿੱਚ  ਹਰਬੰਸ ਸਿੰਘ ਦੇ ਗ੍ਰਹਿ ਵਿਖੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਨੌਸ਼ਹਿਰਾ ਬਹਾਦਰ ( ਗੁਰਦਾਸਪੁਰ), ਵਿਖੇ ਹੋਇਆ।ਸਕੂਲ ਦੀ ਪੜ੍ਹਾਈ ਕਰਨ ਪਿੱਛੋਂ ਉਹ ਫੌਜ ਵਿੱਚ ਭਰਤੀ ਹੋ ਗਿਆ।ਗੀਤ ਲਿਖਣ ਦਾ ਮੱਸ ਉਸ ਦੇ ਫੌਜ ਦੀ ਨੌਕਰੀ ਦੌਰਾਨ ਹੋਰ ਵੀ ਪਕੇਰਾ ਹੋ ਗਿਆ।ਫੌਜ ਦੀ ਨੌਕਰੀ ਤੋਂ ਘਰ ਆਕੇ ਉਸ ਨੇ ਜ਼ਿੰਦਗੀ ਦੇ ਕਈ ਉਤਰਾ ਚੜ੍ਹਾ ਵੇਖੇ।ਲਾਈਫ ਇਨਸ਼ੋਰੈਂਸ ਏਜੰਟ ਅਤੇ, ਫਿਰ ਆਰ ਐਮ ਪੀ ਦਾ ਡਿਪਲੋਮਾ ਕਰਕੇ ਕੁੱਝ ਸਮਾਂ ਪ੍ਰੈਕਟਿਸ ਵੀ ਕੀਤੀ ਪੰਜਾਬੀ ਕਵਿਤਾ ਤੇ ਗੀਤਾਂ ਗਜ਼ਲ ਲਿਖਣ ਵਿੱਚ ਉਸ ਨੂੰ ਚੰਗੀ ਮੁਹਾਰਤ ਹੈ।ਹੁਣ ਤੀਕ ਉਸ ਦੀਆਂ ਅੱਠ ਪੁਸਤਕਾਂ ,ਸੁਹਲ ਦੇ ਲੋਕ ਦੋ ਗੀਤ, (ਦੋ ਭਾਗ) ‘ਮਘਦੇ’ ਅੱਖਰ.’ਮਹਿਰਮ ਦਿਲਾਂ ਦੇ’’ਸਜਨਾਂ ਬਾਝ ਹਨੇਰਾ,’ ਸ਼ਹੀਦ ਬੀਬੀ ਸੁੰਦਰੀ, ‘ਕੁਲਵੰਤੀ ਰੁੱਤ ਬਸੰਤੀ,ਸੁਣ ਵੇ ਸੱਜਣਾ’ ਕਾਵਿ ਸੰਗ੍ਰਿਹ ਛਪ ਕੇ ਪਾਠਕਾਂ ਦੀ ਝੋਲੀ ਪੈ ਚੁਕੇ ਹਨ।ਹੁਣ ਉਹ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ ) ਦਾ ਕੁਸ਼ਲ ਪਰਬੰਧਕ ਪ੍ਰਧਾਨ ਹੈ।ਉਸ ਦੇ ਕਾਵਿ ਸੰਗ੍ਰਿਹਾਂ ਵਿੱਚੋਂ ਇੱਕ ਇੱਕ ਰਚਨਾ ਵੰਨਗੀ ਮਾਤ੍ਰ  ਪਾਠਕਾਂ ਦੇ ਪੜ੍ਹਨ ਲਈ ਪੇਸ਼ ਹੈ।

ਗੀਤ

ਚੁੰਨੀ ਲੈ ਕੇ ਸੱਤਰੰਗੀ ਸਿਰ ਆਂਵੀਂ,

ਖੇਤਾਂ ਦੀਏ ਬਿੱਲੋ ਰਾਣੀਏਂ।

ਹੁਸਨ ਦੀ ਖੇਤਾਂ ਵਿੱਚ ਆਈ ਸਰਕਾਰ ਨੀਂ,

ਗੰਦਲਾਂ ਕੁਆਰੀਆਂ ਨੇ ਕੀਤੀ ਇੰਤਜ਼ਾਰ ਨੀਂ,

ਗੀਤ ਖੁਸ਼ੀਆਂ ਦੇ ਗਿੱਧੇ ਵਿੱਚ ਗਾਂਵੀਂ,

ਨੀ ਖੇਤਾਂ ਦੀਏ ਬਿੱਲੋ.......

ਤੇਰੇ ਵੱਲ ਵੇਖ ਕੁੜੇ ਝੂਮਦੀਆਂ ਮੱਕੀਆਂ,

ਕਣਕਾਂ ਵਿਚਾਰੀਆਂ ਉਡੀਕਾਂ ਵਿੱਚ ਥੱਕੀਆਂ,

ਬਹਿਕੇ ਬੰਨੇ ਉੱਤੇ ਪੀਪਣੀ ਵਜਾਂਵੀਂ,

ਨੀ ਖੇਤਾਂ ਦੀਏ ਬਿੱਲੋ.....

ਵੇਖ ਤੂੰ ਜਵਾਨੀ ਮੇਰੀ ਆਖਦਾ ਕਮਾਦ ਨੀਂ,

ਗੰਨੇ ਚੂਪ ਚੂਪ ਸਾਰੇ ਭੁੱਲਣ ਸਵਾਦ ਨੀਂ.

ਪਾ ਕੇ ਝਾਂਜਰਾਂ ਤੂੰ ਆਕੇ ਛਣਕਾਂਵੀਂ,

ਨੀ ਖੇਤਾਂ ਦੀਏ ਬਿੱਲੋ......

ਸੁੱਤੇ ਹੋਏ ਸੁਪਨੇ ਤੇ ਰੀਝਾਂ ਨੇ ਕੁਆਰੀਆਂ,

ਮਿਲ ਕੇ ਤੂੰ ਜਾਂਵੀਂ ‘ਸੁਹਲ’ ਬਾਹਵਾਂ ਨੇ ਉਲਾਰੀਆਂ,

ਨੀਂ ਖੇਤਾਂ ਦੀਏ ਬਿੱਲੋ......

( ਸੁਹਲ ਦੇ ਲੋਕ ਗੀਤ ਭਾਗ ਪਹਿਲਾ)

=========================================

ਗੀਤ

ਭਾਰਤ ਦੀ ਸ਼ਾਨ ਹਿੰਦ ਦਾ ਜਵਾਨ ਹੈ

ਜ਼ੰਜੀਰਾਂ ਨੇ ਗੁਲਾਮੀ ਦੀਆਂ ਇਸ ਤੋੜੀਆਂ,

ਬਾਗਾਂ ਵਿੱਚੋਂ ਜਾਂਦੀਆਂ ਬਹਾਰਾਂ ਮੋੜੀਆਂ,

ਹੀਰਾਂ ਅਤੇ ਰਾਂਝਿਆਂ ਦੀਆਂ ਜੋੜ ਜੋੜੀਆਂ,

ਪਿਆਰ ਦੀਆਂ ਯਾਦਾਂ ਨੇ ਝਨਾਂ ਚ, ਰੋੜ੍ਹੀਆਂ,

ਯੋਧਾ ਅਣਖੀਲਾ ਬੜਾ ਬਲਵਾਨ ਹੈ,

ਭਾਰਤ ਦੀ ਸ਼ਾਨ.........

ਪਿੰਡਾਂ ਦਿਆਂ ਮੇਲਿਆਂ ਚ, ਘੋਲ਼ ਘੁਲ਼ਦਾ,

ਭੰਗੜੇ ਤੇ ਬੋਲੀਆਂ ਨਾ ਕਦੇ ਭੁੱਲਦਾ,

ਮੌਤ ਵੱਲ ਵੇਖ ਕੇ ਨਾ ਹੰਝੂ ਡੁਲ੍ਹਦਾ,

ਹਿੰਦ ਵਿੱਚ ਇਸ ਨੇ ਵਧਾਈ ਸ਼ਾਨ ਹੈ।

ਭਾਰਤ ਦੀ ਸ਼ਾਨ........

ਭਾਰਤ ਦੀ ਸ਼ਾਨ ਜੱਗ ਤੇ ਵਧਾਏਗਾ,

ਖੁਸ਼ੀਆਂ ਦਾ ਦੂਣਾ ਚੌਣਾ ਰੰਗ ਲਾਏ ਗਾ,

ਅੰਨ ਦਾਤਾ ਬਣ ਫਸਲਾਂ ਉਗਾਏਗਾ,

ਆਪ ਰੱਜ ਖਾਊ ਜੱਗ ਨੂੰ ਖੁਵਾਏਗਾ।

ਇਹਦੇ ਉੱਤੇ ‘ਸੁਹਲ’ ਨੂੰ ਵੀ ਬੜਾ ਮਾਨ ਹੈ।

ਭਾਰਤ ਦੀ ਸ਼ਾਨ........

=========================================

(ਸੁਹਲ ਦੇ ਲੋਕ ਗੀਤ ਹਿੱਸਾ ਦੂਜਾ)

ਆਪਣੇ ਦਿਲ ਦਾ ਰੋਗ

ਕੋਠੇ ਚੜ੍ਹ ਨਹੀਂ ਦੱਸਿਆ ਜਾਂਦਾ ,

ਆਪਣੇ ਦਿਲ ਦਾ ਰੋਗ।

ਫਿਰ ਪਛਤਾਇਆਂ ਕੀ ਹੋਣਾ ਜੇ,

ਚਿੜੀਆਂ ਚੁਗ ਲਏ ਚੋਗ।

ਗੋਰਖ ਨਾਥ ਦੇ ਟਿੱਲੇ ਤੋਂ ਹੀ,

ਪੂਰਨ ਲੈ ਗਿਆ ਜੋਗ।

ਆਸਾਂ-ਸੱਧਰਾਂ ਮਿੱਧੀਆਂ ਜਾਣ,

ਤਾਂ ਕਿਹਦਾ ਕਰੀਏ ਸੋਗ।

ਇਸ਼ਕ ਮੁਹੱਬਤ ਦੇ ਨੇ ਫਫੜੇ,

ਫਰਜੀ ਰਾਂਝੇ ਕਰਨ ਵਿਜੋਗ।

ਆਪੇ ਹੀ ਗੱਲ ਬਣ ਜਾਣੀ ਹੈ,

ਜਿੱਥੇ ਧੁਰੋਂ ਲਿਖੇ ਸੰਜੋਗ।

‘ਸੁਹਲ’ ਭੋਗੇ ਲੰਮੀਆਂ ਉਮਰਾਂ,

ਇੱਕ ਦਿਨ ਤਾਂ ਪੈ ਜਾਣਾ ਭੋਗ।

( ਕਾਵਿ ਸੰਗ੍ਰਹਿ ‘ਪੁਸਤਕ ਸੁਣ ਵੇ ਸੱਜਣਾ’ ਵਿੱਚੋਂ)

----------------------------------------------------

ਕੁਲਵੰਤੀ

ਸੁਣ ਕੁਲਵੰਤੀ, ਭਾਗਾਂ ਭਰੀਏ,ਮੈਂ ਪਰਸੋਂ ਤੁਰ ਜਾਣਾ ਹੈ।

ਜੁਗਾਂ ਜੁਗਾਂ ਦੀ ਸਾਂਝ ਪੋਰਾਣੀ,ਸੁਣਾਂਵਾਂ ਤੈਨੂੰ ਗੱਲ ਕੁਲਵੰਤੀ,

ਲਾਜ ਤੇਰੀ ਏਸ ਤਰ੍ਹਾਂ ਦੀ,ਜੰਗਲ ਦੀ ਹੈ ਜਿਉਂ ਲਾਜ ਵੰਤੀ,

ਲਿਖਦੇ ਲਿਖਦੇ ਪਿਆਰ ਤੇਰੇ ਦੀ,ਰਹਿ ਗਈ ਇੱਕ ਅਧੂਰੀ ਪੰਗਤੀ,

ਤੇਰੇ ਨੈਣਾਂ ਦਾ ਹੁਣ ਸਾਵਣ, ਸਾਗਰ ਬਣ ਕੇ ਰੁੜ੍ਹ ਜਾਣਾ ਹੈ,

ਸੁਣ ਕੁਲਵੰਤੀ ਭਾਗਾਂ ਭਰੀਏ ਮੈਂ ਪਰਸੋਂ ਤੁਰ ਜਾਣਾ ਹੈ।।

ਤੇਰੀ ਵਾਟ ਨਾ ਪੂਰੀ ਹੋਈ,ਮੇਰੀ ਮੰਜ਼ਿਲ ਪੂਰੀ ਹੈ,

ਤੈਨੂੰ ਨਾਲ ਲਿਜਾ ਨਹੀਂ ਸਕਦਾ,ਇਹ ਮੇਰੀ ਮਜਬੂਰੀ ਹੈ।

ਰਾਹ ਵਿੱਚ ਰੋੜਾ ਨਾ ਅਟਕਾਵੀਂ,ਕੰਮ ਇਹ ਬੜਾ ਜ਼ਰੂਰੀ ਹੈ।

ਇਹ ਜੀਵਣ ਹੈ ਵਾਂਗ ਪਤਾਸੇ,ਆਖਰ ਨੂੰ ਖੁਰ ਜਾਣਾ ਹੈ।

ਸੁਣ ਕੁਲਵੰਤੀ ਭਾਗਾਂ ਭਰੀਏ,ਮੇਂ ਪਰਸੋਂ ਤੁਰ ਜਾਣਾ ਹੈ।

ਤੇਰੇ ਮੇਰੇ ਝਗੜੇ ਝੇੜੇ,ਇਕੱਠੇ ਬਹਿ ਕੇ ਅਸਾਂ ਨਬੇੜੇ।

ਜੇ ਰੁੱਸੇ ਤਾਂ ਰਾਜ਼ੀ, ਬਾਜ਼ੀ,ਫਿਰ ਵੀ ਨਾ ਕੋਈ ਪਏ ਬਖੇੜੇ,

ਨੈਣ ਤੇਰੇ ਨੇ ਮਘਦੇ ਅੱਖਰ,ਫਿਰਦੇ ਰਹਿੰਦੇ ਮੇਰੇ ਵਿਹੜੇ।

ਯਾਦ ਤੇਰੀ ਦੀ ਜੋਤ ਜਗਾ ਕੇ,ਤੈਥੋਂ ਮੁੜਦੇ ਮੁੜ ਜਾਣਾ ਹੈ,

ਸੁਣ ਕੁਲਵੰਤੀ ਭਾਗਾਂ ਭਰੀਏ ਮੈਂ ਪਰਸੋਂ ਤੁਰ ਜਾਣਾ ਹੈ।

ਤੇਰੇ ਸਿਰ ਤੇ ਭਾਰ ਨਾ ਕੋਈ,ਫੁੱਟ ਫੁੱਟ ਕੇ ਦੱਸ ਕਿਉਂ ਤੂੰ ਰੋਈ।

ਮੁਹੱਬਤ ਦੀ ਗੱਲ ਇੱਕੋ ਮੇਰੀ,ਪਿੱਛੋਂ ਵੈਣ ਨਾ ਪਾਂਵੀਂ ਕੋਈ।

ਮਾਰ ਦੁਹੱਥੜ ਜੇ ਤੂੰ ਪਿੱਟੀ,ਮੈਨੂੰ ਨਹੀਉਂ ਮਿਲਣੀ ਢੋਈ।

ਤੇਰੀ ਪੂਜਾ ਪਿਆਰ ਦੀ ਪੂਜਾ,ਏਨਾ ਕੁਝ ਕਰ ਜਾਣਾ ਹੈ।

ਸੁਣ ਕੁਲਵੰਤੀ ਭਾਗਾਂ ਭਰੀਏ,ਮੈਂ ਪਰਸੋਂ ਤੁਰ ਜਾਣਾ ਹੈ[

ਇੱਕੋ ਦਿਲ ਦੀ ਗੱਲ ਸੁਣਾਂਵਾਂ,ਜੇ ਤੂੰ ਉਸ ਤੇ ਫੁੱਲ ਚੜ੍ਹਾਵੇਂ।

ਮੇਰੇ ਪਿੱਛੋਂ ਕਦੇ ਨਾ ਰੋਣਾ,ਖੁਸ਼ੀਆਂ ਦੇ ਤੂੰ ਦੀਪ ਜਗਾਵੇਂ।

ਜੇ ਕਰ ਮੇਰੀ ਗੱਲ ਨਾ ਮੰਨੀ,ਮੇਰੀ ਆਈ ਤੂੰ ਮਰ ਜਾਂਵੇਂ।

ਲਾਜੋ, ਲਾਜਵੰਤੀਏ ਕਹਿ ਕੇ,’ਸੁਹਲ’ਨੇ ਥੁੜਦੇ ਥੁੜਦੇ ਥੁੜ ਜਾਣਾ ਹੈ।

ਸੁਣ ਕੁਲਵੰਤੀ ਭਾਗਾਂ ਭਰੀਏ, ਮੈਂ ਪਰਸੋਂ ਤੁਰ ਜਾਣਾ ਹੈ।

(ਕਾਵਿ ਸੰਗ੍ਰਿਹ ਪੁਸਤਕ ਮਘਦੇ ਅੱਖਰ ਵਿੱਚੋਂ)

--------------------------------------------------------------

ਕ੍ਰਿਤ ਕਰੋ ਤੇ ਵੰਡ ਕੇ ਖਾਵੋ

ਗੁਰੂ ਨਾਨਕ ਨੇ ਅਵਤਾਰ ਲਿਆ,

ਜੋ ਕਲਜੁਗ ਤਾਰਨ ਆਇਆ ਸੀ।

ਮਜ਼ਲੂਮਾਂ ਦੁਖੀ ਗਰੀਬਾਂ ਨੂੰ,

ਉਸ ਆਪਣੇ ਗਲੇ ਲਗਾਇਆ ਸੀ।

ਕਾਲੂ ਦੀਆਂ ਸੱਧਰਾਂ ਆਸਾਂ ਸੀ,

ਤੇ ਮਾਂ ਤ੍ਰਿਪਤਾ ਦਾ ਜਾਇਆ ਸੀ।

ਚਾਵਾਂ ਦੇ ਵਿੱਚ ਭੈਣ ਨਾਨਕੀ,

ਰੱਬ ਦਾ ਸ਼ੁਕਰ ਮਨਾਇਆ ਸੀ।

ਸੱਚਾ ਸੌਦਾ ਕਰਕੇ ਉੱਸ ਨੇ,

ਸੇਵਾ ਨੂੰ ਵਡਿਆਇਆ ਸੀ।

ਤੇਰਾਂ ਤੇਰਾਂ ਤੋਲ ਤੋਲ ਕੇ,

ਭੁੱਖਿਆਂ ਤਾਂਈਂ ਰਜਾਇਆ ਸੀ।

ਭਾਗੋ ਦੇ ਪਕਵਾਨਾਂ ਤਾਈਂ,

ਨਾਨਕ ਨੇ ਠੁਕਰਾਇਆ ਸੀ।

ਲਾਲੋ ਕ੍ਰਿਤੀ ਕਾਮੇ ਨੂੰ,

ਸੱਦ ਆਪਣੇ ਕੋਲ ਬਿਠਾਇਆ ਸੀ।

ਸਮੇਂ ਦੀਆਂ ਸਰਕਾਰਾਂ ਨੇ,

ਜਦ ਡਾਢਾ ਜ਼ੁਲਮ ਕਮਾਇਆ ਸੀ।

ਏਤੀ ਮਾਰ ਪਈ ਕੁਰਲਾਣੇ,

ਕਹਿ ਕੇ ਦਰਦ ਵੰਡਾਇਆ ਸੀ।

ਸੱਭੇ ਸਾਂਝੀਵਾਲ ਸਦਾਇਨ,

ਏਹੋ ਨਾਅਰਾ ਲਾਇਆ ਸੀ।

ਕ੍ਰਿਤ ਕਰੋ ਤੇ ਵੰਡ ਕੇ ਖਾਵੋ,

ਗੁਰੂ ਨਾਨਕ ਨੇ ਫੁਰਮਾਇਆ ਸੀ।

(ਕਾਵਿ ਸੰਗ੍ਰਿਹ ਪੁਸਤਕ ‘ ਮਹਿਰਮ ਦਿਲਾਂ ਦੇ’ ਵਿੱਚੋਂ )

_________________________

ਬੀਬੀ ਸੁੰਦਰੀ ਦੀ ਸੁਣੋ ਕਹਾਣੀ

ਗੁਰਦਾਸਪੁਰ ਤੋਂ ਪੁਲ ਤਿਬੜੀ ਨੂੰ ਚਾਲੇ ਪਾਈਏ।

ਪਿੰਡ ਬਹਾਦਰ ਪੁੱਛ ਕੇ ਫਿਰ ਤੁਰਦੇ ਜਾਈਏ।

ਪੰਧ ਸੁਖਾਂਵਾਂ ਕਰ ਲਓ ਬਣ ਹਾਣੀ ਹਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਸੇਮ ਨਹਿਰ ਤੇ ਵੇਖੀਏ ਇੱਕ ਨਵਾਂ ਨਜ਼ਾਰਾ।

ਲਿਸ਼ਕਾਂ ਮਾਰੇ ਬੀਬੀ ਸੁੰਦਰੀ ਦਾ ਗੁਰਦੁਵਾਰਾ।

ਪੁਲ ਹੇਠੋਂ ਦੀ ਵਗਦਾ ਹੈ  ਛੰਬ ਦਾ ਪਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਪੱਕੀ ਸੜਕ ਹੈ ਜਾਂਵਦੀ ਇੱਕ ਨਹਿਰ ਕਿਨਾਰੇ।

ਘੱਤ ਵਹੀਰਾਂ ਪਹੁੰਚਦੇ ਨੇ ਸ਼ਰਧਾਲੂ ਸਾਰੇ।

ਪਏ ਦੂਰੋਂ ਸੀਸ ਝੁਕਾਂਵਦੇ ਨੇ ਤੇਰੇ ਪ੍ਰਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਸੱਭ ਚਾਰ ਚੁਫਰੇ ਫਸਲਾਂ ਵਿੱਚ ਗੁਰੂ ਦੁਆਰਾ।

ਦਰਸ਼ਨ ਰੱਜ ਰੱਜ ਕਰ ਲੈ ਤੂੰ ਵੀ ਸਰਦਾਰਾ।

ਹੋਵਣ ਆਸਾਂ ਪੂਰੀਆਂ ਤੂੰ ਝੂਠ ਨਾ ਜਾਣੀਂ,

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਪਾਠ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਹਿੰਦਾ,

ਧੰਨ ਧੰਨ ਬੀਬੀ ਸੁੰਦਰੀ ਨਰ ਨਾਰੀ ਕਹਿੰਦਾ।

ਇੱਕ ਮਨ ਇੱਕ ਚਿੱਤ ਹੋ ਕੇ ਸੁਣ ਸਚੀ ਬਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਨਿਸ਼ਾਨ ਸਾਹਿਬ ਹੈ ਝੂਲ਼ਦਾ ਅੱਜ ਵਿੱਚ ਅਕਾਸ਼ੀਂ,

ਏਥੇ ਭਰਵੀਂ ਲੱਗੇ ਮੱਸਿਆ ਤੇ ਪੂਰਨ-ਮਾਸ਼ੀ।

ਆਉਣ ਪੜ੍ਹਦੀਆਂ ਸੰਗਤਾਂ ਮੁੱਕ ਚੋਂ ਗੁਰਬਾਣੀ।

ਸ਼ਹੀਦ ਬੀਬੀ ਸੁੰਦਰੀ  ਦੀ ਸੁਣੋ ਕਹਾਣੀ।

ਮਲਕੀਅਤ ਸਿੰਘ ਨੇ ਲਿਖਿਆ ਜੋ ਪੜ੍ਹ ਸੁਣਾਇਆ।

‘ਸੁਹਲ ਨੌਸ਼ਹਿਰੇ ਵਾਲੜੇ ਵੀ ਸੀਸ ਝੁਕਾਇਆ।

ਤੱਥਾਂ ਭਰੀ ਹੈ ਜਾਪਦੀ,ਤਵਾਰੀਖ ਪੁਰਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

( ਕਿਤਾਬਚਾ ਸ਼ਹੀਦ ਬੀਬੀ ਸੁੰਦਰੀ ਵਿੱਚੋਂ)

__________________________________________

ਕੁਲਵੰਤੀ ਰੁੱਤ ਬਸੰਤੀ

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਚੋਂ ਹੁਣ ਰੌਣਕ ਮੁੱਕੀ,ਉੱਡ ਗਈ ਰੁੱਤ ਬਸੰਤੀ।

ਜਿਸ ਦਿਨ ਪੈਰ ਦਹਿਲੀਜੇ ਧਰਿਆ,ਉਹ ਦਿਨ ਮੁੜ ਨਾ ਆਇਆ।

ਉਹਦੇ ਕਦਮਾਂ ਵਿੱਚ ਹੈ ਮੇਰਾ ਜ਼ਿੰਦਗੀ ਦਾ ਸਰਮਾਇਆ।

ਲੋਕੀਂ ਪੂਜਣ ਜਮਨਾ ਗੰਗਾ,ਮੈਂ ਪੂਜਾਂ ਭਗਵੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਚੋਂ ਹੁਣ ਰੌਣਕ ਮੁੱਕੀ,ਤੁਰ ਗਈ ਰੁੱਤ ਬਸੰਤੀ।

ਮੇਰੀਆਂ ਅੱਖਾਂ ਸਾਂਹਵੇਂ ਤੁਰ ਗਈ,ਮਾਂ ਤੇਰੀ ਹਰਜਿੰਦਰਾ,

ਕਹੜੀ ਥਾਂ ਤੇ ਪਹੁੰਚ ਗਈ ਹੈ,! ਦੱਸ ਮੈਨੂੰ ਗੁਰਮਿੰਦਰਾ।

ਭਾਗਾਂ ਭਰੀ ਮੁਹੱਬਤ ਵਾਲੀ,ਲੱਭਣੀ ਨਹੀਂ ਸੱਤਵੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਚੋਂ ਹੁਣ ਰੌਣਕ ਉੱਡੀ,ਉੱਡ ਗਈ ਰੁੱਤ ਬਸੰਤੀ।

ਝੌਲ਼ਾ ਜਿਹਾ ਪੈਂਦਾ ਹੈ ਮੈਨੂੰ ਵਿੱਚ ਹਨੇਰੇ ਤੇਰਾ,

ਇੱਕ ਵਾਰੀ ਤੂੰ ਪੁੰਨਿਆ ਬਣ ਕੇ,ਪਾ ਮੇਰੇ ਘਰ ਫੇਰਾ।

ਸੱਭੇ ਖੁਸ਼ੀਆਂ ਲੈ ਕੇ ਤੁਰ ਗਈ,ਗੁੰਮ ਹੋਈ ਖੁਸ਼ਵੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਵਿੱਚੋਂ ਰੌਣਕ ਮੁੱਕੀ,ਉੱਡ ਗਈ ਰੁੱਤ ਬਸੰਤੀ।

ਘਰ ਸੁੰਨਾ ਹੈ ਉਹਦੇ ਬਾਝੋਂ,ਤਰਸ ਰਹੀਆਂ ਨੇ ਕੰਧਾਂ।

ਬੋਲ ਉਹਦੇ ਸੀ ਮਿਸਰੀ ਵਰਗੇ,ਜਿਉਂ ਮਿੱਠੀਆਂ ਗੁਲਕੰਦਾਂ।

ਘਰ ਦੀ ਲਾਜ ਬਚਾਚਣ ਵਾਲੀ,ਮੁੜ ਆ ਜਾ ਲਾਜ ਵੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਵਿੱਚੋਂ ਰੌਣਕ ਮੁੱਕੀ,ਉੱਡ ਗਈ ਰੁੱਤ ਬਸੰਤੀ।

ਵਿੱਚ ਆਲ੍ਹਣੇ ਟਹਿਕ ਰਹੇ ਨੇ,ਨਿੱਕੇ ਨਿੱਕੇ ਤੇਰੇ ਬੋਟ।

ਦਾਦੀ ਮਾਂ ਪੁਕਾਰਣ ਵਾਲੇ,ਤਰਸਣ ਅੱਜ ਗੁਲਾਬੀ ਹੋਠ।

‘ਸੁਹਲ’ ਰੱਬ ਨੂੰ ਤਾਂ ਹੀ ਮੰਨੇ,ਜੇ ਮੁੜ ਆਵੇ ਜੇ ਮੁੜ ਆਵੇ,ਕੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ,

ਵਿਹੜੇ ਵਿੱਚੋਂ ਰੌਣਕ ਮੁੱਕੀ,ਉੱਡ ਗਈ ਰੁੱਤ ਬਸੰਤੀ।

(ਕਾਵਿ ਸੰਗ੍ਰਿਹ ‘ਕੁਲਵੰਤੀ ਰੁੱਤ ਬਸੰਤੀ ‘  ਵਿੱਚੋਂ)

______________________________________________

ਪੰਜਾਬ

ਚੜ੍ਹਦਾ ਜਾਂ ਲਹਿੰਦਾ,ਸਾਡਾ ਇੱਕੋ ਹੀ ਪੰਜਾਬ ਹੈ।

ਤੋੜੋ ਸਰਹੱਦਾਂ, ਮੇਰਾ ਇੱਕੋ ਹੀ ਖੁਵਾਬ ਹੈ।

ਵੱਡਿਆਂ ਵਡੇਰਿਆਂ ਦੀ ਸਾਂਝ ਇਹਦੇ ਵਿੱਚ ਹੈ,

ਸਜਣਾਂ ਨੂੰ ਮਿਲਣੇ ਦੀ , ਦਿਲ ਵਿੱਚ ਖਿੱਚ ਹੈ,

ਸਾਡੀਆਂ ਮੁਹੱਬਤਾਂ ਦੀ ਇੱਕੋ ਹੀ ਆਵਾਣ ਹੈ,

ਚੜ੍ਹਦਾ ਜਾਂ ਲਹਿੰਦਾ........

ਪੀਲੂ ਅਤੇ ਵਾਰਸ ਦਾ ਰੁਤਬਾ ਮਹਾਨ ਹੈ,

ਕਾਧਰ ਅਤੇ ਬੁਲ੍ਹੇ ਸ਼ਾਹ ਪੰਜਾਬੀਆਂ ਦੀ ਸ਼ਾਨ ਹੈ,

ਮਿਰਜ਼ੇ ਦੀ ਜੂਹ ਇੱਥੇ ਸੁਹਣੀ ਦਾ ਝਨਾਬ ਹੈ;

ਚੜ੍ਹਦਾ ਜਾਂ ਲਹਿੰਦਾ........

ਇਹ ਨਾਨਕ ਦੀ ਧਰਤੀ ਹੈ ਸਾਂਈਂ ਮੀਆਂ ਮੀਰ ਦੀ।

ਇਹ ਸ਼ਾਹ ਹੁਸੈਨ ਕਵੀ ਹਾਸ਼ਮ ਫਕੀਰ ਦੀ।

ਇਹ ਪੌਣਾਂ ਦਾ ਸੰਗੀਤ ਮਰਦਾਨੇ ਦੀ ਰਬਾਬ ਹੈ।

ਚੜ੍ਹਦਾ ਜਾਂ ਲਹਿੰਦਾ...........

ਪੰਜਾਬੀ ਮਾਂ ਦੇ ਟੋਟੇ ਟੋਟੇ ਕਰ ਦਿੱਤੇ ਜ਼ਾਲਮਾਂ।

ਬੜਾ ਦੁੱਖ ਪਾਇਆ ਮੇਰੇ ਫਾਜ਼ਲਾਂ ਤੇ ਆਲਮਾਂ।

ਜਿੱਸ ਨੂੰ ਵੀ ਪੁੱਛੋ ਇਹ ਸੁਵਾਲ ਲਾ-ਜੁਵਾਬ ਹੈ।

ਚੜ੍ਹਦਾ ਜਾਂ ਲਹਿੰਦਾ ..........

ਆਉ ਹੁਣ ਟੁੱਟੇ ਦਿਲਾਂ ਤਾਂਈਂ ਅਸੀਂ ਮੇਲੀਏ,

ਗੁੱਲੀ ਡੰਡਾ ਖਿੱਧੋ ਖੂੰਡੀ ਪਹਿਲਾਂ ਵਾਂਗ ਖੇਲੀਏ।

‘ਮਲਕੀਅਤ’ ਪੰਜਾਬ ਦੀ ਬੋਲਦੀ ਕਿਤਾਬ ਹੈ।

ਚੜ੍ਹਦਾ ਜਾਂ ਲਹਿੰਦਾ ਸਾਡਾ ਇੱਕੋ ਹੀ ਪੰਜਾਬ ਹੈ ।

ਤੋੜੋ ਸਰਹੱਦਾਂ ਮੇਰੇ ਇੱਕੋ ਹੀ ਖੁਆਬ ਹੈ।

( ਕਾਵਿ ਸੰਗ੍ਰਹਿ ਪੁਸਤਕ’ ਸੱਜਣਾਂ ਬਾਝ ਹਨੇਰਾ’ ਵਿੱਚੋਂ)

============================================================