ਜੰਗ ਹਿੰਦ ਪੰਜਾਬ ਦਾ ਹੋਣ ਲੱਗਾ - ਨਿਰਮਲ ਸਿੰਘ ਕੰਧਾਲਵੀ
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ’ ਸ਼ਾਹ ਮੁਹੰਮਦ ਨੇ ਆਪਣੇ ‘ਜੰਗਨਾਮਾ’ ਵਿਚ ਸਿੱਖਾਂ ਤੇ ਅੰਗਰੇਜ਼ਾ ਦੀ ਜੰਗ ਦੇ ਸਬੰਧ ਵਿਚ ਲਿਖਿਆ ਸੀ। ਅੱਜ ਕਲ ਸਿੱਖਿਆ ਦੇ ਮਿਆਰ ਨੂੰ ਲੈ ਕੇ ਦਿੱਲੀ ਦੇ ਸਿੱਖਿਆ ਮੰਤਰੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਚਕਾਰ ਇਕ ‘ਜੰਗ’ ਚਲ ਰਹੀ ਹੈ। ਦੋਵੇਂ ਆਪਣੇ ਆਪਣੇ ਸਕੂਲਾਂ ਦੇ ਮਿਆਰ ਨੂੰ ਇਕ ਦੂਜੇ ਤੋਂ ਵਧੀਆ ਕਹਿ ਰਹੇ ਹਨ। ਮੀਡੀਆ ਦਾ ਬੜਾ ਲਾਡਲਾ ਵਿਸ਼ਾ ਬਣਿਆ ਹੋਇਆ ਹੈ ਇਹ। ਦੋਨਾਂ ਮੰਤਰੀਆਂ ਨੇ ਇਕ ਦੂਜੇ ਨੂੰ ਲਿਖਤੀ ਸਬੂਤ ਪੇਸ਼ ਕਰਨ ਲਈ ਕਿਹਾ। ਕਿਹਾ ਜਾਂਦਾ ਹੈ ਕਿ ਪਰਗਟ ਸਿੰਘ ਹੋਰੀਂ ਪਹਿਲਾਂ ਤਾਂ ਇਹ ਚੁਣੌਤੀ ਸਵੀਕਾਰ ਕਰ ਲਈ ਪਰ ਫੇਰ ਇਰਾਦਾ ਬਦਲ ਲਿਆ। ਉਧਰ ਸਿਸੋਦੀਆ ਸਾਹਿਬ ਨੇ ਪੰਜਾਬ ਦੇ ਸਕੂਲਾਂ ‘ਤੇ ਛਾਪੇ ਮਾਰਨੇ ਸ਼ੁਰੂ ਕਰ ਦਿਤੇ ਤਾਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਗ਼ਲਤ ਸਾਬਤ ਕੀਤਾ ਜਾ ਸਕੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਦਿਅਕ ਮਹਿਕਮੇ ਨੇ ਸਕੂਲਾਂ ਨੂੰ ਹੁਕਮ ਜਾਰੀ ਕਰ ਕੇ ਕਿਹਾ ਕਿ ਕਿਸੇ ਵੀ ਅਜਿਹੇ ਵਫ਼ਦ ਨੂੰ ਸਕੂਲ ‘ਚ ਨਾ ਵੜਨ ਦਿਤਾ ਜਾਵੇ। ਹੁਣ ਦੇਖਣ ਵਾਲ਼ੀ ਗੱਲ ਹੈ ਕਿ ਕੀ ਸਿਸੋਦੀਆ ਸਾਹਿਬ ਦਾ ਇਸ ਤਰ੍ਹਾਂ ਛਾਪੇ ਮਾਰ ਕੇ ਸਕੂਲ ਚੈੱਕ ਕਰਨੇ ਜਾਇਜ਼ ਕੰਮ ਹੈ? ਕੀ ਸਿਸੋਦੀਆ ਸਾਹਿਬ ਦਿੱਲੀ ਦੇ ਸਕੂਲਾਂ ਦੀ ਤਰੱਕੀ ਪੰਜਾਬ ਦੇ ਲੋਕਾਂ ਦੇ ਸੰਘੋਂ ਹੇਠੋਂ ਧੱਕੇ ਨਾਲ ਉਤਾਰਨਾ ਚਾਹੁੰਦੇ ਹਨ?
ਪਹਿਲੀ ਗੱਲ ਤਾਂ ਹੈ ਕਿ ਦਿੱਲੀ ਅਤੇ ਪੰਜਾਬ ਦਾ ਮੁਕਾਬਲਾ ਕਰਨਾ ਹੀ ਗ਼ਲਤ ਹੈ। ਦੋਨਾਂ ਦੀਆਂ ਪ੍ਰਸਥਿਤੀਆਂ ਵੱਖ
ਵੱਖ ਹਨ। ਦੂਜੀ ਗੱਲ ਕਿ ਜੇ ਪੰਜਾਬ ਦੇ ਸਕੂਲਾਂ ਦਾ ਮਿਆਰ ਉੱਚਾ ਨਹੀਂ ਤਾਂ ਕੀ ਪਰਗਟ ਸਿੰਘ ਇਸ ਲਈ ਜ਼ਿੰਮੇਵਾਰ
ਹੈ? ਉਸ ਨੂੰ ਤਾਂ ਮਹਿਕਮਾ ਸੰਭਾਲਿਆਂ ਮਸਾਂ ਦੋ ਕੁ ਮਹੀਨੇ ਹੀ ਹੋਏ ਹਨ। ਪਰਗਟ ਸਿੰਘ ਦੀ ਗ਼ਲਤੀ ਇਹ ਹੋਈ ਕਿ
ਉਸ ਨੇ ਸਿਸੋਦੀਆ ਸਾਹਿਬ ਦੀ ਚੁਣੌਤੀ ਕਬੂਲ ਕਰ ਲਈ। ਉਹ ਇੱਥੇ ਮਾਰ ਖਾ ਗਏ ਕਿ ਉਨ੍ਹਾਂ ਦਾ ਵਾਹ ਸ਼ਹਿਰੀਏ
ਬਾਬੂਆਂ, ਐਨ.ਜੀ.ੳਜ਼. ਚਲਾਉਣ ਵਾਲੇ ਲੋਕਾਂ ਨਾਲ਼ ਹੈ। ਪਰਗਟ ਸਿੰਘ ਦਾ ਸਿੱਧਾ-ਸਾਧਾ ਪੇਂਡੂ ਪਿਛੋਕੜ ਤੇ ਉੱਪਰੋਂ
ਇਕ ਖਿਡਾਰੀ ਦਾ ਦਿਲ। ਬਸ ਇੱਥੋਂ ਹੀ ਮਾਰ ਖਾ ਲਈ ਉਸ ਨੇ।
ਆਉ ਹੁਣ ਥੋੜ੍ਹਾ ਜਿਹਾ ਲੇਖਾ ਜੋਖਾ ਪੰਜਾਬ ਦੇ ਵਿਦਿਅਕ ਸਿਸਟਮ ਦਾ ਵੀ ਕਰ ਲਈਏ। ਇਸ ਦੀ ਮਿਸਾਲ ਉਸ ਵਿਅਕਤੀ ਨਾਲ਼ ਦਿਤੀ ਜਾ ਸਕਦੀ ਹੈ ਜਿਸ ਨੂੰ ਧੀਮਾ ਜ਼ਹਿਰ ਦਿਤਾ ਗਿਆ ਹੋਵੇ। ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਵਪਾਰੀ ਲੋਕ ਸਿਆਸਤ ਵਿਚ ਆ ਵੜੇ ਤਾ ਉਨ੍ਹਾਂ ਨੂੰ ਦੋ ਖੇਤਰ, ਵਿਦਿਆ ਅਤੇ ਸਿਹਤ ਬੜੇ ਕਮਾਊ ਲੱਗੇ ਤੇ ਉਨ੍ਹਾਂ ਨੇ ਹੌਲ਼ੀ ਹੌਲ਼ੀ ਇਨ੍ਹਾਂ ਨੂੰ ਧੀਮਾ ਜ਼ਹਿਰ ਦੇ ਕੇ ਮਾਰਨਾ ਸ਼ੁਰੂ ਕਰ ਦਿਤਾ ਤੇ ਉਨ੍ਹਾਂ ਦੇ ਮੁਕਾਬਲੇ ਪ੍ਰਾਈਵੇਟ ਸੈਕਟਰ ਉਭਾਰਨਾ ਸ਼ੁਰੂ ਕਰ ਦਿਤਾ ਤੇ ਹੌਲੀ ਹੌਲੀ ਤੰਦੂਆ ਜਾਲ ਵਿਛਾ ਲਿਆ। ਇਹ ਲੋਕ ਪੰਜਾਬੀਆਂ ਦੀ ਮਾਨਸਿਕ ਸਥਿਤੀ ਤੋਂ ਜਾਣੂੰ ਸਨ ਕਿ ਕਿ ਇਹ ਭੇਡ-ਚਾਲ ਦੇ ਬੜੇ ਦੀਵਾਨੇ ਹਨ। ਉਨ੍ਹਾਂ ਨੂੰ ਪਤਾ ਸੀ ਕਿ ਲੋਕਾਂ ਨੇ ਆਪਣੀ ਟੌਹਰ (ਸਟੇੱਟਸ) ਬਣਾਉਣ ਲਈ ਅੱਡੀਆਂ ਚੁੱਕ ਚੁੱਕ ਕੇ ਵੀ ਬੱਚੇ ਪ੍ਰਾਈਵੇਟ ਸਕੂਲਾਂ ‘ਚ ਦਾਖ਼ਲ ਕਰਵਾਉਣੇ ਹਨ। ਸਕੂਲਾਂ ਦੇ ਨਾਵਾਂ ਦਾ ਅੰਗਰੇਜ਼ੀਕਰਣ ਕੀਤਾ ਗਿਆ ਤੇ ਅੰਗਰੇਜ਼ੀ ਮਾਧਿਅਮ ‘ਚ ਸਿੱਖਿਆ ਦੇਣ ਦਾ ਢੰਡੋਰਾ ਪਿੱਟਿਆ, ਹਾਲਾਂ ਕਿ ਦੁਨੀਆਂ ਦੇ ਮੰਨੇ ਪ੍ਰਮੰਨੇ ਵਿਦਿਅਕ ਮਾਹਰ ਚੀਕ ਚੀਕ ਕੇ ਕਹਿੰਦੇ ਹਨ ਕਿ ਬੱਚੇ ਦੀ ਮੁਢਲੀ ਸਿੱਖਿਆ ਉਸ ਦੀ ਮਾਤ-ਭਾਸ਼ਾ ‘ਚ ਹੋਣੀ ਚਾਹੀਦੀ ਹੈ ਪਰ ਮਾਪਿਆਂ ਦੇ ਸਿਰ ‘ਤੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਦਾ ਭੂਤ ਅਤੇ ਪ੍ਰਾਈਵੇਟ ਸੈਕਟਰ ਦੇ ਸਿਰ ‘ਤੇ ਪੈਸੇ ਦਾ ਭੂਤ ਸਵਾਰ।
ਪਰਗਟ ਸਿੰਘ ਨੇ ਕੋਸ਼ਿਸ਼ ਕੀਤੀ ਤੇ ਕੇਂਦਰ ਸਰਕਾਰ ਦੀ ਇਕ ਰਿਪੋਰਟ ਜਿਸ ‘ਚ ਪੰਜਾਬ ਨੂੰ ਵਿਦਿਆ ‘ਚ ਪਹਿਲੇ ਨੰਬਰ ‘ਤੇ ਦਿਖਾਇਆ ਗਿਆ, ਉਸ ਦਾ ਸਹਾਰਾ ਲਿਆ। ਜੇ ਮੈਂ ਗ਼ਲਤ ਨਹੀ ਤਾਂ ਇਹ ਰਿਪੋਰਟ ਪੰਜਾਬ ਦੇ ਸਕੂਲਾਂ ਦੀ ਪ੍ਰਸ਼ਾਸਨਿਕ ਯੋਗਤਾ ਦੀ ਹੀ ਗੱਲ ਕਰਦੀ ਹੈ ਵਿਦਿਅਕ ਮਿਆਰ ਦੀ ਨਹੀਂ। ਸਵਾਲ ਪੈਦਾ ਹੁੰਦਾ ਸੀ ਕਿ ਕਿ ਗਲੇ ਸੜੇ ਫਲ਼ਾਂ ਨੂੰ ਚਿਣ ਚਿਣ ਕੇ ਸਜਾ ਕੇ ਰੱਖਿਆ ਹੋਇਆ ਹੋਵੇ ਤਾਂ ਕੀ ਉਹ ਫਲ਼ ਖਾਣ ਯੋਗ ਹੋ ਜਾਣਗੇ?
ਪਰਗਟ ਸਿੰਘ ਹੋਰੀਂ ਸੀਮਿਤ ਸਾਧਨਾਂ ਨਾਲ ਜੋ ਕਰ ਸਕਦੇ ਹਨ, ਕਰ ਰਹੇ ਹਨ। ਕਿਸੇ ਵਾਦ-ਵਿਵਾਦ ‘ਚ ਉਲਝਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਹ ਜਵਾਬ ਦੇਣਾ ਚਾਹੀਦਾ ਸੀ। ਹੁਣੇ ਹੀ ਉਨ੍ਹਾਂ ਨੇ ਪੱਚੀ ਸਾਲਾਂ ਤੋਂ ਖ਼ਾਲੀ ਪਈਆ ਸਹਾਇਕ ਪ੍ਰੋਫ਼ੈਸਰਾਂ ਦੀਆਂ ਸਾਮੀਆਂ ਭਰੀਆਂ ਹਨ। ਉਨ੍ਹਾਂ ਦੀ ਨਿਸ਼ਠਾ ਤੇ ਨੀਅਤ ‘ਤੇ ਕਿਸੇ ਨੂੰ ਵੀ ਸ਼ੱਕ ਨਹੀਂ ਹੋਣੀ ਚਾਹੀਦੀ। ਆਉਣ ਵਾਲ਼ੇ ਸਮੇਂ ‘ਚ ਪਰਗਟ ਸਿੰਘ ਤੋਂ ਬਹੁਤ ਆਸਾਂ ਹਨ।