ਬਣ ਜਾਣ ਸਾਰੇ ਨਾਨਕ ਦੇ ਵਰਗੇ - ਰਵਿੰਦਰ ਸਿੰਘ ਕੁੰਦਰਾ
ਗਲੀਆਂ ਵਿੱਚ ਕੂੜਾ ਤੇ ਨਾਲੀਆਂ ਵਿੱਚ ਗੰਦਗੀ,
ਬਚ ਬਚ ਕੇ ਪੈਰ ਟਿਕਾ ਰਿਹਾ ਸਾਂ।
ਗਰਮੀ ਦਾ ਮੌਸਮ ਤੇ ਦੁਪਹਿਰ ਦੀ ਤਲਖ਼ੀ,
ਮੈਂ ਪਿੰਡੇ ਤੇ ਅਪਣੇ ਹੰਢਾ ਰਿਹਾ ਸਾਂ।
ਅਪਣਾ ਸੀ ਪਿੰਡ ਜਾਂ ਕੋਈ ਬੇਗਾਨਾ?
ਕਿਆਫੇ ਤੇ ਕਿਆਫਾ ਮੈਂ ਲਾ ਰਿਹਾ ਸਾਂ।
ਸਮਝ ਕੋਈ ਨਹੀਂ ਸੀ ਪੈਂਦੀ ਪਰ ਮੈਨੂੰ,
ਕਿ ਮੈਂ ਕਿਧਰੋਂ ਕਿੱਧਰ ਨੂੰ ਜਾ ਰਿਹਾ ਸਾਂ।
ਬੇ ਧਿਆਨੇ ਪੈਰ ਜਾ ਨਾਲੀ ਵਿੱਚ ਵੱਜਾ,
ਲਿੱਬੜ ਗਿਆ ਸਾਰਾ ਜਦ ਬੂਟ ਮੇਰਾ।
ਤੱਕਿਆ ਚੁਫੇਰੇ ਵਸੀਲਾ ਜੇ ਕੋਈ ਹੋਵੇ,
ਪਾਣੀ ਦਾ ਪ੍ਰਬੰਧ ਕਿਤੇ ਹੋਵੇ ਬਹੁਤੇਰਾ।
ਕਿਸਮਤ ਸੀ ਚੰਗੀ ਤੇ ਨਲਕਾ ਸੀ ਨੇੜੇ,
ਸਾਹ ਵਿੱਚ ਸਾਹ ਫਿਰ ਆਇਆ ਤੱਦ ਮੇਰਾ।
ਧੋ ਕੇ ਸਾਰਾ ਬੂਟ, ਤੇ ਪੈਰ ਮੈਂ ਅਪਣਾ,
ਪਾ ਲਿਆ ਵਾਪਸ ਬੂਟ ਵਿੱਚ ਮੇਰਾ।
ਸੁਰੀਲੀ ਆਵਾਜ਼ ਇੱਕ ਪਈ ਮੇਰੇ ਕੰਨੀ,
ਹਰਜਿੰਦਰ ਸਿੰਘ ਨੇ ਪਾਇਆ ਹੋਵੇ ਜਿਵੇਂ ਫੇਰਾ।
ਖਿੱਚਿਆ ਗਿਆ ਮੈਂ ਉਸੇ ਹੀ ਪਾਸੇ,
ਹਜੂਮ ਨੇ ਸੀ ਜਿੱਥੇ ਪਾਇਆ ਉਸ ਨੂੰ ਘੇਰਾ।
ਮੰਤਰ ਮੁਗਧ ਸਰੋਤੇ ਅਨੰਦਤ ਸਨ ਹੋਏ,
ਗੁਰਬਾਣੀ ਦਾ ਪਰਵਾਹ ਸੀ ਜਿੱਥੇ ਘਨੇਰਾ।
ਜਾਪਦਾ ਸੀ ਜਿਵੇਂ ਉਹ ਦਰ ਦਰ ਹੈ ਗਾਉਂਦਾ,
ਅਤੇ ਦੇਂਦਾ ਹੈ ਸਭ ਨੂੰ ਉਹ ਸਿੱਖੀ ਦਾ ਹੋਕਾ।
ਗਰੀਬੜੇ ਜਿਹੇ ਦੀ ਅਜੀਬ ਸੀ ਹਾਲਤ,
ਸਮਝ ਨਾ ਸਕਿਆ ਇਹ ਸਾਰਾ ਮੈਂ ਮੌਕਾ।
ਕਿੱਥੇ ਉਹ ਲੱਖਾਂ ਵਿੱਚ ਖੇਡਣ ਵਾਲਾ,
ਕਿੱਥੇ ਹੋਇਆ ਫਿਰਦਾ ਹੈ ਇੰਨਾ ਇਹ ਔਖਾ।
ਕੀ ਹੈ ਇਹ ਮਾਜਰਾ ਤੇ ਕੀ ਇਹ ਕਹਾਣੀ,
ਸਮਝਣਾ ਇਹ ਸਭ ਕੁੱਝ ਨਹੀਂ ਲੱਗਦਾ ਸੀ ਸੌਖਾ।
ਹਿੰਮਤ ਕਰ ਮੈਂ ਹੋਇਆ ਉਸ ਦੇ ਸਾਹਮੇਂ,
ਚਾਹਿਆ ਮੈਂ ਪੁੱਛਣਾ ਉਸ ਤੋਂ ਇਸ ਬਾਰੇ।
ਪਰ ਝੇਪ ਗਿਆ ਮੈਂ ਇਸ ਗੱਲੋਂ ਡਰ ਕੇ,
ਮਤੇ ਹੋ ਜਾਵੇ ਤੌਹੀਨ ਉਸ ਦੀ ਸਾਰੇ।
ਫੇਰ ਵੀ ਜੇਰਾ ਮੈਂ ਕੀਤਾ ਕੰਨ ਦੇ ਕੋਲੇ,
ਹੌਲੀ ਜਿਹੀ ਜਾ ਕੇ ਮੈਂ ਪੁੱਛਿਆ ਪਿਆਰੇ?
ਕਿਵੇਂ ਹੋਈ ਤੇਰੀ ਕਾਇਆਂ ਦੀ ਕਲਪ,
ਕਿੱਥੇ ਗਏ ਤੇਰੇ ਉਹ ਵਾਰੇ ਤੇ ਨਿਆਰੇ।
ਨੀਵੀਂ ਜਿਹੀ ਪਾ ਕੇ ਆਜਿਜ਼ ਜਿਹਾ ਹੋ ਕੇ,
ਕਹਿੰਦਾ ਇਹ ਆਖ਼ਰ ਸਬਕ ਹੈ ਮੈਂ ਸਿੱਖਿਆ।
ਘਰ ਘਰ ਜਾਕੇ ਇਹ ਹੋਕਾ ਹੈ ਦੇਣਾ,
ਮੰਗਣੀ ਹੈ ਲੋਕਾਂ ਤੋਂ ਹਲੀਮੀ ਦੀ ਭਿੱਖਿਆ।
ਨਾਨਕ ਨੇ ਵੀ ਕੀਤਾ ਸੀ ਐਸਾ ਹੀ ਧੰਦਾ,
ਚੱਲਦਾ ਰਿਹਾ ਉਹ ਕਿਤੇ ਵੀ ਨਾ ਟਿਕਿਆ।
ਬਹੁਤੀ ਮਾਇਆ ਲਈ ਕੀਤੇ ਮੈਂ ਹੀਲੇ,
ਪਰ ਮਿਲਿਆ ਉਹੀ ਜੋ ਧੁਰ ਤੋਂ ਹੈ ਲਿਖਿਆ।
ਸੁਣ ਕੇ ਉਸ ਦਾ ਸੱਚਾ ਇਹ ਉੱਤਰ,
ਕੀ ਮੈਂ ਸੁਣਾਵਾਂ ਹੁਣ ਬਾਕੀ ਦੀ ਵਿੱਥਿਆ।
ਇੰਨੇ ਉਤਸ਼ਾਹ ਨਾਲ ਮੈਂ ਵਾਹ ਵਾਹ ਜੋ ਕੀਤਾ,
ਕੜੱਕ ਟੁੱਟ ਗਈ ਮੇਰੀ ਨੀਂਦ ਦੀ ਖ਼ੁਮਾਰੀ।
ਸੁਪਨਾ ਇੰਝ ਟੁੱਟਾ ਜਾਗ ਜਿਵੇਂ ਆਈ,
ਸਮਝ ਫਿਰ ਆਈ ਕਹਾਣੀ ਇਹ ਸਾਰੀ।
ਪਰ ਸੋਚ ਮੇਰੀ ਨੇ ਚੜ੍ਹ ਤਸੱਵਰ ਦੇ ਘੋੜੇ,
ਕਿਹਾ ਜੇ ਮੇਰੇ ਸੁਪਨੇ ਹੋ ਜਾਵਣ ਸਾਕਾਰੀ।
ਜੇ ਸਾਰੇ ਹੀ ਰਾਗੀ, ਪ੍ਰਚਾਰਕ ਤੇ ਬਾਬੇ,
ਛੱਡਣ ਸਟੇਜਾਂ, ਡੇਰਿਆਂ ਦੀ ਸਰਦਾਰੀ।
ਬਣ ਜਾਣ ਸਾਰੇ ਨਾਨਕ ਦੇ ਵਰਗੇ,
ਸਿੱਖੀ ਦੇ ਕਲਾਵੇ ਆਵੇ ਦੁਨੀਆ ਸਾਰੀ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ ।