ਕਿਸਾਨ ਅੰਦੋਲਨ ਦੀ ਪ੍ਰਾਪਤੀ ਕੀ ਰਹੀ? - ਗੁਰਚਰਨ ਸਿੰਘ ਨੂਰਪੁਰ
ਨਵੰਬਰ-ਦਸੰਬਰ 2020 ਵਿਚ ਅੰਦੋਲਨ ਲਈ ਜਦੋਂ ਪੰਜਾਬ ਦੇ ਨਾਲ-ਨਾਲ ਦਿੱਲੀ ਦੀਆਂ ਸਰਹੱਦਾਂ 'ਤੇ ਵੀ ਕਿਸਾਨ ਆ ਬੈਠੇ ਸਨ ਤਾਂ ਵੱਡੇ-ਵੱਡੇ ਵਿਦਵਾਨ ਪੱਤਰਕਾਰ ਇਹ ਅੰਦਾਜ਼ਾ ਲਾਉਂਦੇ ਸਨ ਕਿ ਇਹ ਲੋਕ ਕੁਝ ਦਿਨ ਬੈਠ ਕੇ ਹਾਰ ਕੇ ਘਰਾਂ ਨੂੰ ਮੁੜ ਜਾਣਗੇ। ਪਰ ਜਦੋਂ 90-90 ਸਾਲ ਦੇ ਬਜ਼ੁਰਗ ਬਾਪੂ ਇਸ ਅੰਦੋਲਨ ਦੀ ਸ਼ਾਨ ਬਣਦੇ ਹਨ, ਜਦੋਂ 80 ਸਾਲ ਦੀ ਮਾਤਾ ਆਪਣੇ ਮਾਸੂਮ ਪੋਤਰੇ ਨਾਲ ਕਿਸਾਨੀ ਝੰਡਾ ਫੜ ਕੇ ਦਿੱਲੀ ਦੇ ਬਾਰਡਰ 'ਤੇ ਆਣ ਬੈਠਦੀ ਹੈ, ਜਦੋਂ ਪੰਜਾਬ ਵਿਚ ਡੋਲੀ ਵਿਚ ਵਿਦਾ ਹੋ ਰਹੀ ਧੀ ਨੂੰ ਦਿੱਲੀ ਦੇ ਬਾਰਡਰ ਤੋਂ ਪਿਤਾ ਫੋਨ 'ਤੇ ਲਾਈਵ ਹੋ ਕੇ ਅਸ਼ੀਰਵਾਦ ਦਿੰਦਾ ਹੈ ਤੇ ਆਖਦਾ ਹੈ ਮੁਆਫ਼ ਕਰੀਂ ਧੀਏ ਅਸੀਂ ਹੁਣ ਜਿੱਤ ਕੇ ਹੀ ਮੁੜਾਂਗੇ। 80 ਸਾਲ ਦੀ ਮਾਤਾ ਨੂੰ ਪੱਤਰਕਾਰ ਸਵਾਲ ਕਰਦਾ ਹੈ 'ਮੋਦੀ ਜੀ ਤੋ ਮਾਨਨੇ ਵਾਲੇ ਨਹੀਂ ਹੈਂ ਤੋ ਆਪ ਕਿਆ ਕਰੋਗੇ?' ਆਤਮ-ਵਿਸ਼ਵਾਸ ਨਾਲ ਭਰੀ ਮਾਤਾ ਜਵਾਬ ਦਿੰਦੀ ਹੈ 'ਪੁੱਤਰ ਉਹਨੂੰ ਮੰਨਣਾ ਪੈਣਾ।' ਇਕ ਬਜ਼ੁਰਗ ਨੂੰ ਪੱਤਰਕਾਰ ਪੁੱਛਦਾ ਹੈ, 'ਅਗਰ ਕਾਨੂੰਨ ਰੱਦ ਨਾ ਹੂਏ ਤੋਂ ਕਿਆ ਕਰੋਗੇ?' ਬਜ਼ੁਰਗ ਜਵਾਬ ਦਿੰਦਾ ਹੈ 'ਫਿਰ ਇੱਥੋਂ ਅਸੀਂ ਨਹੀਂ ਜਾਵਾਂਗੇ ਸਾਡੀਆਂ ਲਾਸ਼ਾਂ ਜਾਣਗੀਆਂ।' ਮੱਛਰਾਂ ਮੱਖੀਆਂ ਦੀ ਭਰਮਾਰ ਵਿਚ ਲੱਗੇ ਤੰਬੂ ਤੇ ਇਨ੍ਹਾਂ ਤੰਬੂਆਂ ਦੇ ਚਾਰ-ਚੁਫੇਰੇ ਦਿਨ-ਰਾਤ ਚਲਦੀਆਂ ਗੱਡੀਆਂ ਦੇ ਗਰਮ ਟਾਇਰਾਂ ਦਾ ਸੇਕ, ਦਿਨ-ਰਾਤ ਪਹਿਰੇ ਦੇ ਕੇ ਅੰਦੋਲਨ ਦੀ ਰੱਖਿਆ ਕਰਨੀ, ਲਗਾਤਾਰ ਟਿਕੇ ਰਹਿਣਾ ਕਿੰਨਾ ਮੁਸ਼ਕਿਲ ਸੀ ਇਹ ਉੱਥੇ ਮਹੀਨਿਆਂ ਬੱਧੀ ਡਟੇ ਰਹਿਣ ਵਾਲੇ ਯੋਧੇ ਹੀ ਦੱਸ ਸਕਦੇ ਹਨ। 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਲੋਕ ਸ਼ਕਤੀ ਨੇ ਸਰਕਾਰੀ ਜਬਰ ਅੱਗੇ ਗੋਡੇ ਨਹੀਂ ਟੇਕੇ। ਹੌਸਲੇ ਅਡਿੱਗ ਰਹੇ ਅਤੇ ਆਖ਼ਿਰ ਹੱਠ ਨੂੰ ਕਿਸਾਨਾਂ ਦੀ ਤਾਕਤ ਅੱਗੇ ਝੁਕਣਾ ਪਿਆ। ਲੋਕ ਸ਼ਕਤੀ ਨੇ ਉਨ੍ਹਾਂ ਸਭ ਦਾਨਸ਼ਵਰਾਂ ਦੇ ਅੰਦਾਜ਼ਿਆਂ ਨੂੰ ਗ਼ਲਤ ਸਾਬਤ ਕਰ ਦਿੱਤਾ। ਦੁਨੀਆ ਦੀ ਵੱਡੀ ਤੋਂ ਵੱਡੀ ਕਿਸੇ ਰਾਜਸੀ ਪਾਰਟੀ ਕੋਲ ਇਹ ਸਮਰੱਥਾ ਨਹੀਂ ਕਿ ਉਹ ਏਨਾ ਲੰਮਾ, ਵਿਸ਼ਾਲ ਤੇ ਸ਼ਾਂਤਮਈ ਸੰਘਰਸ਼ ਕਰ ਸਕੇ।
ਕੋਈ ਕਾਟ ਨਹੀਂ ਲੱਭੀ : ਦੇਸ਼ ਧਰੋਹੀ, ਖ਼ਾਲਿਸਤਾਨੀ, ਮਵਾਲੀ, ਮਾਓਵਾਦੀ, ਟੁਕੜੇ ਟੁਕੜੇ ਗੈਂਗ ਵਰਗੇ ਕਈ ਤਰ੍ਹਾਂ ਦੇ ਲੇਬਲ ਕਿਸਾਨ ਅੰਦੋਲਨ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਅੰਦੋਲਨ ਕੋਲ ਸੱਚ ਸੀ ਤੇ ਸੱਚ ਦੀ ਪਹੁੰਚ ਏਨੀ ਉੱਚੀ-ਸੁੱਚੀ ਸੀ ਕਿ ਕੋਈ ਵੀ ਲੇਬਲ ਉਸ ਤੱਕ ਨਾ ਪਹੁੰਚ ਸਕਿਆ। ਹਰ ਤਰ੍ਹਾਂ ਦੀ ਸਾਜਿਸ਼ ਕਿਸਾਨ ਅੰਦੋਲਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸੇ-ਕਿਸੇ ਲੀਡਰ ਨੇ ਕਿਹਾ ਮੈਨੂੰ ਕੁਝ ਘੰਟੇ ਦਿਓ ਮੈਂ ਕੁਝ ਘੰਟਿਆਂ ਵਿਚ ਇਨ੍ਹਾਂ ਨੂੰ ਖਦੇੜ ਦੇਵਾਂਗਾ। ਕਦੇ ਹੈਲੀਕਾਪਟਰਾਂ ਦੀਆਂ ਸਰਚ ਲਾਈਟਾਂ ਰਾਹੀਂ ਕਾਰਵਾਈ ਕਰਨ ਦੀ ਦਹਿਸ਼ਤ ਪਾਈ ਗਈ। ਕਦੇ ਸੁਰੱਖਿਆ ਬਲਾਂ ਦੇ ਘੇਰੇ ਵਧਾ ਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਕਦੇ ਸਥਾਨਕ ਵਰਕਰਾਂ ਨੂੰ ਲਿਆ ਕੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ ਪਰ ਕਿਸਾਨ ਆਪਣੇ ਆਗੂਆਂ ਦੇ ਰਾਹ ਚਲਦਿਆਂ ਸ਼ਾਂਤ ਰਹੇ। ਪੰਜਾਬ ਤੇ ਹਰਿਆਣਾ ਤੋਂ ਕਦੇ-ਕਦੇ ਸਹਿਮ ਭਰੀਆਂ ਖ਼ਬਰਾਂ ਵੀ ਆਈਆਂ ਕਿ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਪਰ ਸਰਕਾਰ ਦੇ ਸੂਹੀਆ ਤੰਤਰ ਨੇ ਸ਼ਾਇਦ ਇਹ ਖ਼ਬਰ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦਿੱਤੀ ਸੀ ਕਿ ਕਿਸਾਨ ਅੰਦੋਲਨ ਨੂੰ ਹੱਥ ਲਾਉਣਾ ਸੁੱਤਾ ਨਾਗ ਛੇੜਨ ਵਾਲੀ ਗੱਲ ਹੈ ਦਿੱਲੀ ਦੇ ਬਾਰਡਰਾਂ 'ਤੇ ਕੁਝ ਅਜਿਹਾ ਹੋਇਆ ਤਾਂ ਪੰਜਾਬ, ਹਰਿਆਣਾ ਤੇ ਯੂ. ਪੀ. ਦੇ ਲੋਕਾਂ ਵਿਚ ਰੋਹ ਦਾ ਅਜਿਹਾ ਤੂਫ਼ਾਨ ਉੱਠੇਗਾ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਦਬਾਅ ਨਹੀਂ ਸਕੇਗੀ।
ਕਾਨੂੰਨ ਕਾਲੇ ਜਾਂ ਚਿੱਟੇ : ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਠੀਕ ਸੀ। ਜੇ ਕਾਨੂੰਨ ਠੀਕ ਸਨ ਤਾਂ ਸਰਕਾਰ ਲੋਕਾਂ ਨੂੰ ਕਿਉਂ ਨਹੀਂ ਸਮਝਾ ਸਕੀ ? ਇਹ ਕਿਵੇਂ ਹੋ ਸਕਦਾ ਹੈ ਜਿਹੜੇ ਲੋਕਾਂ ਦੀ ਤੁਸੀਂ ਭਲਾਈ ਕਰ ਰਹੇ ਹੋ ਉਨ੍ਹਾਂ ਨੂੰ ਇਸ ਦੀ ਸਮਝ ਹੀ ਨਾ ਲੱਗੇ? ਤਿੰਨੇ ਖੇਤੀ ਕਾਨੂੰਨ ਕਿਸਾਨਾਂ ਲਈ ਹੀ ਨਹੀਂ ਭਾਰਤ ਦੇ ਵੱਡੀ ਗਿਣਤੀ ਵਿਚ ਲੋਕਾਂ ਦੀ ਆਰਥਿਕ ਹੱਤਿਆ ਦਾ ਕਾਰਨ ਬਣਨੇ ਸਨ। ਖੇਤੀ ਨਾਲ ਜੁੜੀ ਸਭਿਅਤਾ ਦਾ ਅੰਤ ਅਤੇ ਕਿਸਾਨਾਂ ਦੀ ਹੋਂਦ ਨੂੰ ਖ਼ਤਮ ਕਰਨ ਵਾਲੇ ਸਨ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵਾਰ-ਵਾਰ ਇਹ ਕਹਿਣਾ 'ਕਾਨੂੰਨ ਬਾਅਦ ਵਿਚ ਬਣੇ ਗੋਦਾਮ ਪਹਿਲਾਂ ਬਣ ਗਏ।' ਦੀ ਕਾਟ ਅਜੇ ਤੱਕ ਭਾਜਪਾ ਦਾ ਕੋਈ ਲੀਡਰ ਨਹੀਂ ਲੱਭ ਸਕਿਆ। ਸਰਕਾਰ ਨੇ ਇਹ ਮੰਨਿਆ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਵਪਾਰੀਆਂ ਲਈ ਬਣਾਏ ਗਏ ਸਨ। ਵੱਡੇ ਵਪਾਰੀਆਂ ਲਈ ਇਹ ਕਾਨੂੰਨ ਦਿਨ ਦੇ ਉਜਾਲੇ ਵਰਗੇ ਚਿੱਟੇ ਸਨ। ਹਜ਼ਾਰਾਂ ਲੋਕ ਇਕ ਸਾਲ ਸੜਕਾਂ 'ਤੇ ਬੈਠੇ ਰਹੇ, ਸੈਂਕੜੇ ਟਰੈਕਟਰ ਤੇ ਹੋਰ ਸਾਧਨ ਜ਼ਬਤ ਹੋਏ, ਹਜ਼ਾਰਾਂ ਲੋਕਾਂ 'ਤੇ ਪਰਚੇ ਦਰਜ ਹੋਏ, ਲਖੀਮਪੁਰ ਖੀਰੀ ਵਿਚ ਹੰਕਾਰੀ ਸੱਤਾਧਾਰੀ ਨੇਤਾ ਦੇ ਲੜਕੇ ਨੇ ਗੱਡੀ ਚੜ੍ਹਾ ਕੇ ਕਿਸਾਨਾਂ ਨੂੰ ਕੁਚਲ ਦਿੱਤਾ, ਇਸ ਦਾ ਹਿਸਾਬ ਕੌਣ ਦੇਵੇਗਾ? ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਕਾਨੂੰਨ ਅਜਿਹੇ ਸਨ ਜੋ ਛੇਤੀ ਸਮਝ ਵਿਚ ਆਉਣ ਵਾਲੇ ਨਹੀਂ ਸਨ ਤਾਂ ਕੀ ਇਹ ਕਾਨੂੰਨ ਪਾਸ ਕੀਤੇ ਜਾਣ ਤੋਂ ਪਹਿਲਾਂ ਕਿਸਾਨਾਂ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ ਸਨ? ਅਤੇ ਜੇਕਰ ਸਰਕਾਰ ਸਮਝ ਰਹੀ ਸੀ ਕਿ ਕਿਸਾਨ ਸਮਝ ਨਹੀਂ ਰਹੇ ਤਾਂ ਕਿਸਾਨਾਂ ਨੂੰ ਸਮਝਾਉਣ ਲਈ ਸਰਕਾਰ ਨੇ ਤੁਰੰਤ ਇਹ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨਾਲ ਬੈਠ ਕੇ ਦੁਬਾਰਾ ਨਵੇਂ ਸਿਰੇ ਤੋਂ ਕਾਨੂੰਨ ਕਿਉਂ ਨਹੀਂ ਬਣਾਏ? ਦੇਸ਼ ਦੀ ਇੰਨੀ ਊਰਜਾ, ਇੰਨੇ ਸਾਧਨਾਂ ਦੀ ਵਰਤੋਂ, ਲੱਖਾਂ ਲੀਟਰ ਪੈਟਰੋਲ-ਡੀਜ਼ਲ ਦੀ ਖਪਤ ਤੇ ਇਕ ਸਾਲ ਲੱਖਾਂ ਲੋਕਾਂ ਦਾ ਵੱਖ-ਵੱਖ ਮੋਰਚਿਆਂ 'ਤੇ ਬੈਠੇ ਰਹਿਣਾ, ਇਸ ਸਭ ਕੁਝ ਦਾ ਹਿਸਾਬ ਕੌਣ ਦੇਵੇਗਾ ?
ਕਿਸਾਨ ਅੰਦੋਲਨ ਦੀ ਪ੍ਰਾਪਤੀ : ਇਸ ਅੰਦੋਲਨ ਦੀਆਂ ਦੇਸ਼ ਵਿਚ ਵੱਡੀਆਂ ਪ੍ਰਾਪਤੀਆਂ ਹਨ। ਜਿੱਥੇ ਦੇਸ਼ ਵਿਚ ਹਰ ਦਿਨ ਗਊ ਹੱਤਿਆ ਦੇ ਨਾਂਅ 'ਤੇ ਲੋਕਾਂ ਨੂੰ ਘੇਰ ਕੇ ਭੀੜ ਵਲੋਂ ਮਾਰ ਦਿੱਤਾ ਜਾਂਦਾ ਸੀ, ਜ਼ਬਰਦਸਤੀ ਕੁੱਟ ਮਾਰ ਕਰਕੇ ਲੋਕਾਂ ਦੇ ਮੂੰਹੋਂ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਵਾਏ ਜਾਂਦੇ ਸਨ। ਉਹ ਘਟਨਾਵਾਂ ਇਸ ਅੰਦੋਲਨ ਨੇ ਰੋਕ ਦਿੱਤੀਆਂ ਹਨ। ਟੀ. ਵੀ. ਚੈਨਲਾਂ 'ਤੇ ਭਾਜਪਾ ਅਤੇ ਆਰ. ਐਸ. ਐਸ. ਦੇ ਜਿਹੜੇ ਨੇਤਾ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਧਮਕਾਉਣ ਅਤੇ ਪਾਕਿਸਤਾਨ ਚਲੇ ਜਾਣ ਦੀਆਂ ਧਮਕੀਆਂ ਦਿੰਦੇ ਸਨ, ਉਨ੍ਹਾਂ 'ਤੇ ਕੁਝ ਹੱਦ ਤੱਕ ਰੋਕ ਲੱਗ ਗਈ ਹੈ। ਮੁਜੱਫਰਨਗਰ ਜੋ ਕੁਝ ਅਰਸਾ ਪਹਿਲਾਂ ਅਸੀਂ ਫਿਰਕੂ ਦੰਗਿਆਂ ਵਿਚ ਬਲਦਾ ਵੇਖਿਆ, ਵਿਚ ਹੋਈ ਮਹਾਂ ਪੰਚਾਇਤ ਦੀ ਸਟੇਜ ਤੋਂ 'ਅੱਲਾ ਹੂ ਅਕਬਰ' ਤੇ 'ਹਰ ਹਰ ਮਹਾਂ ਦੇਵ' ਦੇ ਨਾਅਰਿਆਂ ਨੇ ਇਸ ਦੇਸ਼ ਦੀ ਤਹਿਜ਼ੀਬ ਨੂੰ ਮੁੜ ਜਿਊਂਦਾ ਕੀਤਾ ਹੈ। ਇਸ ਤੋਂ ਇਲਾਵਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਕੀਤੀਆਂ ਜਾਣ ਵਾਲੀਆਂ ਕਈ ਤਰ੍ਹਾਂ ਦੀਆਂ ਸਰਗਰਮੀਆਂ ਤੇ ਕਿਸਾਨ ਅੰਦੋਲਨ ਨੇ ਆਰਜ਼ੀ ਤੌਰ 'ਤੇ ਰੋਕ ਲਾ ਦਿੱਤੀ ਹੈ। ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਦੁਨੀਆ ਭਰ ਵਿਚ ਪੂੰਜੀਵਾਦੀ ਨੀਤੀਆਂ ਦੇ ਖਿਲਾਫ ਇਹ ਪਹਿਲੀ ਵੱਡੀ ਲੋਕਾਂ ਵਲੋਂ ਵਿੱਢੀ ਜੰਗ ਹੈ ਜਿਸ ਦੀ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ ਅਤੇ ਇਸ ਦਾ ਸਿਹਰਾ ਪੰਜਾਬੀਆਂ ਨੂੰ ਇਸ ਕਰਕੇ ਜਾਂਦਾ ਹੈ ਕਿ ਦੇਸ਼ ਵਿਚ ਸਭ ਤੋਂ ਪਹਿਲਾਂ ਪੰਜਾਬ ਦੇ ਸੂਝਵਾਨ ਬਲਬੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਵਰਗੇ ਨੇਤਾਵਾਂ ਨੇ ਇਸ ਸ਼ਾਜਿਸ਼ ਨੂੰ ਸਮਝਿਆ ਤੇ ਲੋਕਾਂ ਨੂੰ ਇਸ ਖਿਲਾਫ ਲਾਮਬੰਦ ਕੀਤਾ। ਰਾਕੇਸ਼ ਟਿਕੈਤ ਨੇ ਇਸ ਅੰਦੋਲਨ ਨੂੰ ਉਸ ਸਮੇਂ ਹੁਲਾਰਾ ਦਿੱਤਾ ਜਦੋਂ ਲੱਗਣ ਲੱਗਿਆ ਸੀ ਕਿ ਇਹ ਅੰਦੋਲਨ ਹੁਣ ਬਿਖਰ ਜਾਵੇਗਾ। ਪੰਜਾਬ ਤੋਂ ਸ਼ੁਰੂ ਹੋਈ ਇਸ ਲੋਕ ਆਵਾਜ਼ ਨੇ ਹਰਿਆਣਾ, ਯੂ. ਪੀ., ਉਤਰਾਖੰਡ, ਤੇਲੰਗਾਨਾ, ਮੱਧ ਪ੍ਰਦੇਸ਼, ਕਰਨਾਟਕਾ, ਤਾਮਿਲਨਾਡੂ, ਬਿਹਾਰ, ਮਹਾਰਾਸ਼ਟਰ, ਕੇਰਲਾ ਤੋਂ ਇਲਾਵਾ ਬੰਗਾਲ ਤੱਕ ਕਿਸਾਨਾਂ ਵਿਚ ਹੱਕਾਂ ਲਈ ਚੇਤਨਾ ਪੈਦਾ ਕੀਤੀ।
ਭਵਿੱਖ : ਗੁਪਤ ਰੂਪ ਵਿਚ ਇਸ ਗੱਲ ਦਾ ਮੰਥਨ ਜ਼ਰੂਰ ਹੋਵੇਗਾ ਕਿ ਖੇਤੀ ਕਾਨੂੰਨਾਂ ਸਮੇਤ ਜੋ ਨੀਤੀਆਂ ਦੇਸ਼ ਦੇ ਲੋਕਾਂ 'ਤੇ ਲਾਗੂ ਕੀਤੀਆਂ ਜਾਣੀਆਂ ਸਨ, ਉਨ੍ਹਾਂ ਨੂੰ ਰੋਕਣ ਲਈ ਕਿਹੜੀਆਂ ਧਿਰਾਂ ਸਭ ਤੋਂ ਵੱਡਾ ਰੋੜਾ ਸਾਬਤ ਹੋਈਆਂ। ਜਦੋਂ ਇਹ ਗੱਲ ਆਵੇਗੀ ਤਾਂ ਪੰਜਾਬ ਦਾ ਨਾਂਅ ਸਭ ਤੋਂ ਅੱਗੇ ਆਵੇਗਾ। ਇਸ ਲਈ ਪੰਜਾਬ ਨੂੰ ਭਵਿੱਖ ਵਿਚ ਬਹੁਤ ਚੌਕਸ ਹੋ ਕੇ ਚੱਲਣ ਦੀ ਲੋੜ ਹੈ। 32 ਕਿਸਾਨ ਜਥੇਬੰਦੀਆਂ ਅਤੇ ਇਨ੍ਹਾਂ ਦੀ ਰਹਿਨੁਮਾਈ ਹੇਠ ਸੰਘਰਸ਼ ਕਰਨ ਵਾਲੇ ਯੋਧਿਆਂ ਦਾ ਕੰਮ ਅਤੇ ਜ਼ਿੰਮੇਵਾਰੀ ਹੋਰ ਵਧ ਜਾਵੇਗੀ। ਚੰਗਾ ਹੋਵੇ ਜੇਕਰ ਲੋਕਾਂ ਨੂੰ ਵੱਧ ਤੋਂ ਵੱਧ ਚੌਕਸ ਰਹਿਣ ਲਈ ਹੋਰ ਲਾਮਬੰਦ ਕੀਤਾ ਜਾਵੇ ਅਤੇ ਦੇਸ਼ ਭਰ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਕਿਸਾਨ ਅੰਦੋਲਨ ਅਤੇ ਇਸ ਲਈ ਸ਼ਹਾਦਤਾਂ ਦੇਣ ਵਾਲੇ ਲੋਕਾਂ ਦੀ ਢੁੱਕਵੀਂ ਯਾਦਗਾਰ ਬਣਾਉਣ, ਐਮ. ਐਸ. ਪੀ. ਦੇ ਕਾਨੂੰਨ ਬਣਾਉਣ, ਜੇਲ੍ਹਾਂ 'ਚੋਂ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ, ਕਿਸਾਨਾਂ 'ਤੇ ਦਰਜ ਪਰਚੇ ਰੱਦ ਕਰਾਉਣ ਸਮੇਤ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਸਮੇਤ ਕਿਸਾਨ ਜਥੇਬੰਦੀਆਂ ਦੀਆਂ ਕਈ ਮੰਗਾਂ ਹਨ ਜਿਨ੍ਹਾਂ 'ਤੇ ਅਜੇ ਪੇਚ ਫਸਣ ਦੀ ਸੰਭਾਵਨਾ ਹੈ। ਉਮੀਦ ਕਰਨੀ ਚਾਹੀਦੀ ਹੈ ਜਲਦੀ ਹੀ ਇਨ੍ਹਾਂ ਦੇ ਹੱਲ ਲੱਭ ਲਏ ਜਾਣਗੇ। ਪੰਜਾਬ ਅਤੇ ਦੇਸ਼ ਦੇ ਹੋਰ ਕਿਸਾਨ ਆਗੂ ਜੋ ਬੜੀ ਸੂਝਬੂਝ ਤੇ ਸਿਆਣਪ ਨਾਲ ਹਰ ਚਾਲ ਨੂੰ ਫੇਲ੍ਹ ਕਰਨ ਵਿਚ ਕਾਮਯਾਬ ਹੁੰਦੇ ਰਹੇ, ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ।