ਜਿੱਤ ਦੇ ਸੋਹਲੇ ਗਾ ਚੱਲੇ ਹਾਂ - ਰਵਿੰਦਰ ਸਿੰਘ ਕੁੰਦਰਾ
ਜਿੱਤ ਦੇ ਸੋਹਲੇ ਗਾ ਚੱਲੇ ਹਾਂ,
ਤੇਰੀ ਹਿੱਕ 'ਤੇ ਬੂਟੇ ਲਾ ਚੱਲੇ ਹਾਂ।
ਤੱਕਦਾ ਰਹੀਂ ਕਿਤੇ ਆਂਦਾ ਜਾਂਦਾ,
ਸਬਰ ਦਾ ਬਾਗ਼ ਲਗਾ ਚੱਲੇ ਹਾਂ।
ਤੇਰੀ ਰੁੱਖੀ ਧਰਤੀ ਉੱਤੇ,
ਪਸੀਨੇ ਬਹੁਤ ਵਹਾ ਚੱਲੇ ਹਾਂ।
ਤੇਰੇ ਜ਼ਾਲਮ ਸੇਵਕਾਂ ਤਾਈਂ,
ਬਾਬੇ ਦਾ ਲੰਗਰ ਛਕਾ ਚੱਲੇ ਹਾਂ।
ਕੁੱਛ ਮਿੱਠੀਆਂ ਤੇ ਕੌੜੀਆਂ ਯਾਦਾਂ,
ਸੀਨੇ ਵਿੱਚ ਸਮਾ ਚੱਲੇ ਹਾਂ।
ਕੌੜੇ ਬੋਲ 'ਤੇ ਕੋਝ੍ਹੇ ਤਾਹਨੇ,
ਆਪਣੀ ਝੋਲੀ ਪਾ ਚੱਲੇ ਹਾਂ।
ਸਬਰ, ਸਿਦਕ ਤੂੰ ਪਰਖਿਆ ਸਾਡਾ,
ਪਰਖ 'ਚੋਂ ਜਿੰਦ ਲੰਘਾ ਚੱਲੇ ਹਾਂ।
ਜਿੱਥੇ ਸੀ ਤੂੰ ਕਿੱਲ ਲਗਾਏ,
ਉੱਥੇ ਫੁੱਲ ਵਿਛਾ ਚੱਲੇ ਹਾਂ।
ਸੱਭੈ ਸਾਂਝੀਵਾਲ ਸਦਾਇਣ,
ਅਨੋਖਾ ਸਬਕ ਪੜ੍ਹਾ ਚੱਲੇ ਹਾਂ।
ਨਾਨਕ ਦੀ ਚੜ੍ਹਦੀ ਕਲਾ ਦਾ,
ਨਵਾਂ ਸੰਦੇਸ਼ ਫੈਲਾਅ ਚੱਲੇ ਹਾਂ।
ਜਿੱਤ ਦੇ ਸੋਹਲੇ ਗਾ ਚੱਲੇ ਹਾਂ,
ਤੇਰੀ ਹਿੱਕ 'ਤੇ ਬੂਟੇ ਲਾ ਚੱਲੇ ਹਾਂ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ