ਪੰਜਾਬੀ ਕਹਾਣੀ ਦੀ ਸੂਖ਼ਮਤਾ ਦਾ ਸ਼ੀਸ਼ਾ ਸੀ ਗੁਰਦੇਵ ਸਿੰਘ ਰੁਪਾਣਾ - ਗੁਰਬਚਨ ਸਿੰਘ ਭੁੱਲਰ
‘‘ਮੈਂ ਆਪਣੇ ਅਸਤਕਾਲ ਦੇ ਨੇੜੇ ਪਹੁੰਚਿਆ ਹੋਇਆ ਹਾਂ। ਹੁਣ ਮੇਰੀ ਰਚਨਾਕਾਰੀ ਵਿਚ ਮੌਤ ਦਾ ਅਕਸਰ ਜ਼ਿਕਰ ਆਉਂਦਾ ਹੈ। ਮਿੱਤਰ ਪਾਠਕ ਰੋਸ ਅਤੇ ਪਿਆਰ ਦੀ ਮਿਲੀ-ਜੁਲੀ ਪ੍ਰਤਿਕਿਰਿਆ ਵਜੋਂ ਮੈਨੂੰ ਪੁਛਦੇ ਹਨ ਕਿ ਮੈਂ ਏਦਾਂ ਕਿਉਂ ਕਰਦਾ ਹਾਂ। ... ਯਕੀਨਨ, ਇਹ ਜੀਵਨ ਆਪਣੀਆਂ ਦੁਸ਼ਵਾਰੀਆਂ ਦੇ ਬਾਵਜੂਦ ਬਹੁਤ ਮੁੱਲਵਾਨ ਹੈ, ਜਿਉਣਯੋਗ ਹੈ। ਪਰ ਮੁਸ਼ਕਿਲ ਇਹ ਹੈ ਕਿ ਮੇਰੇ ਆਸੇ-ਪਾਸੇ ਮੇਰੇ ਆਪਣੇ ਹੀ ਪਿਆਰੇ ਕਿਰਨਮਕਿਰਨੀ ਚਲੇ ਜਾ ਰਹੇ ਹਨ। ਉਹਨਾਂ ਦਾ ਵਿਛੋੜਾ ਮੇਰੇ ਅੰਦਰ ਮੌਤ ਦੀ ਤਿੱਖੀ ਚੇਤਨਾ ਜਗਾਉਂਦਾ ਹੈ। ਉਹ ਤਾਂ ਮਰ ਗਏ, ਪਰ ਮੇਰੇ ਅੰਦਰ ਉਹਨਾਂ ਦੀ ਮੌਤ ਜਿਉਂਦੀ ਰਹਿੰਦੀ ਹੈ।’’
ਇਹ ਸ਼ਬਦ ਮੇਰੇ ਨਹੀਂ, ਡਾ. ਹਰਿਭਜਨ ਸਿੰਘ ਦੇ ਲਿਖੇ ਹੋਏ ਹਨ। ਪਰ ਪਿਛਲੇ ਸਾਲ ਤੋਂ ਮੈਨੂੰ ਲੱਗ ਰਿਹਾ ਹੈ ਕਿ ਇਹ ਸ਼ਬਦ ਤਾਂ ਮੇਰੇ ਹਨ, ਲਿਖੇ ਡਾ. ਹਰਿਭਜਨ ਸਿੰਘ ਦੀ ਕਲਮ ਨੇ ਹਨ। ਕਿਸੇ ਮਨੁੱਖ ਦਾ ਚਲਾਣਾ ਕੋਈ ਅਨਹੋਣੀ ਗੱਲ ਨਹੀਂ ਹੁੰਦੀ, ਸੰਸਾਰ ਦਾ ਇਹੋ ਮਾਰਗ ਹੈ। ਲੋਕਬਾਣੀ ਹੈ, ‘‘ਆਪੋ ਆਪਣੀ ਵਾਰੀ ਸਭ ਨੇ ਹੀ ਜਾਣਾ ਹੈ, ਭਾਈ!’’ ਤਾਂ ਵੀ ਇਹ ਸੱਚ ਕਿੰਨਾ ਵੀ ਸੱਚਾ ਕਿਉਂ ਨਾ ਹੋਵੇ, ਸਾਧਾਰਨ ਮਨੁੱਖ ਲਈ ਪਰਵਾਨ ਕਰਨਾ ਏਨਾ ਸੌਖਾ ਨਹੀਂ ਹੁੰਦਾ। ਸਮਕਾਲੀਆਂ ਨਾਲੋਂ ਵੱਡੇ ਪਹਿਲੀਆਂ ਪੀੜ੍ਹੀਆਂ ਦੇ ਪੰਜਾਬੀ ਲੇਖਕ ਇਸੇ ਰਾਹ ਗਏ। ਪਰ ਜਿਸ ਗਿਣਤੀ ਵਿਚ ਇਹਨਾਂ ਦੋ ਕੁ ਸਾਲਾਂ ਵਿਚ ਇਹ ਸੂਚੀ ਲੰਮੀ ਹੁੰਦੀ ਗਈ ਹੈ, ਉਹ ਕੁਝ ‘ਅਨਹੋਣੀ’ ਜਿਹੀ ਹੀ ਲਗਦੀ ਹੈ! ਇਉਂ ਲੱਗਣ ਲੱਗ ਪਿਆ ਹੈ ਜਿਵੇਂ ਸਾਹਿਤ ਦੇ ਵਿਹੜੇ ਵਿਚ ਆਪਣੇ ਇਕ ਪਿਆਰੇ ਲੇਖਕ ਦਾ ਸੱਥਰ ਉਠਾਉਂਦੇ ਹੋਈਏ ਤੇ ਉਹ ਨਾਲ ਦੀ ਨਾਲ ਦੂਜੇ ਵਾਸਤੇ ਵਿਛਾਉਣਾ ਪੈ ਜਾਂਦਾ ਹੋਵੇ!
ਕਹਾਵਤ ਹੈ, ਪੱਤਾ ਟੁੱਟੇ ਤੋਂ ਵੀ ਪਾਣੀ ਸਿੰਮ ਆਉਂਦਾ ਹੈ। ਪੱਤੇ ਨਾਲ ਡਾਹਣੀ ਦਾ ਸਾਥ ਤਾਂ ਪਿਛਲੀ ਬਹਾਰ ਤੋਂ ਮਗਰੋਂ ਦੇ ਕੁਝ ਮਹੀਨਿਆਂ ਦਾ ਹੁੰਦਾ ਹੈ। ਸੱਠ-ਸੱਠ ਸਾਲਾਂ ਦੇ ਸਾਥ ਦਾ ਕੀ ਕਹੀਏ! ਕੌਣ ਲੇਖਾ ਲਾਵੇ, ਅੱਧੀ ਸਦੀ ਤੋਂ ਲੰਮੇਰਾ ਸਾਥ ਟੁੱਟਿਆਂ ਕਿੰਨਾ ਪਾਣੀ ਸਿੰਮਦਾ ਹੈ! ਮੋਹਨ ਭੰਡਾਰੀ ਦੀ ਸੁਣਾਉਣੀ ਆਈ ਤਾਂ ਉਸ ਵਿਚ ਥੋੜ੍ਹੀ ਜਿਹੀ ਅਚਾਨਕਤਾ ਸੀ। ਉਹਦੀ ਦੇਹ ਲੰਮੇ ਸਮੇਂ ਤੋਂ ਨਿਰਬਲ ਤੇ ਬੇਵੱਸ ਤਾਂ ਹੁੰਦੀ ਜਾਂਦੀ ਸੀ, ਇਹ ਅਹਿਸਾਸ ਨਹੀਂ ਸੀ ਹੋਇਆ ਕਿ ਇਸ ਲੰਮੇ ਅਮਲ ਦਾ ਅੰਤ ਹੁਣੇ ਹੋ ਜਾਵੇਗਾ। ਪਰ ਗੁਰਦੇਵ ਮਹੀਨੇ ਕੁ ਤੋਂ ਜਿਸ ਸਰੀਰਕ-ਮਾਨਸਿਕ ਹਾਲਤ ਵਿਚ ਪਹੁੰਚ ਚੁੱਕਿਆ ਸੀ, ਉਹਦੀ ਚੰਦਰੀ ਖ਼ਬਰ ਕਿਸੇ ਵੀ ਵੇਲੇ ਆ ਜਾਣ ਦਾ ਡਰ ਬਣਿਆ ਹੋਇਆ ਸੀ। ਮੋਹਨ ਦੀ ਖ਼ਬਰ ਸੁਣ ਕੇ ਮੇਰਾ ਪਹਿਲਾ ਧਿਆਨ ਗੁਰਦੇਵ ਵੱਲ ਗਿਆ। ਮੈਂ ਸੁੱਖ ਸੁੱਖੀ, ‘‘ਹੋਣੀਏ, ਹੁਣ ਬਹੁਤੀ ਕਾਹਲ਼ੀ ਨਾ ਕਰੀਂ, ਕੁਝ ਦਿਨ ਲੰਘ ਲੈਣ ਦੇਈਂ। ਵੈਣ ਪਾਉਂਦਿਆਂ ਵੀ ਸਾਹ ਲੈਣਾ ਤਾਂ ਜ਼ਰੂਰੀ ਹੈ, ਏਨੀ ਕੁ ਵਿੱਥ ਜ਼ਰੂਰ ਪਾਈਂ।’’ ਪਰ ਮੇਰੀ ਸੁੱਖ ਨਿਹਫਲ ਗਈ। ਮੋਹਨ ਵਾਲਾ ਸੱਥਰ ਉਠਾਇਆ ਵੀ ਨਹੀਂ ਸੀ, ਉਹੋ ਗੁਰਦੇਵ ਲਈ ਵਿਛਿਆ ਰਹਿਣ ਦੇਣਾ ਪਿਆ।
ਗੁਰਦੇਵ ਪੰਜਾਬੀ ਕਹਾਣੀ ਦੀ ਸੂਖ਼ਮਤਾ ਦੀ ਮਿਸਾਲ ਤੇ ਮਸ਼ਾਲ ਸੀ। ਉਹ ਅਜਿਹਾ ਕਲਮਕਾਰ ਸੀ ਜਿਸ ਉੱਤੇ ਉਹਦੀ ਬੋਲੀ ਕਈ ਪੁਸ਼ਤਾਂ ਤੱਕ ਮਾਣ ਕਰਦੀ ਰਹੇਗੀ। ਜੀਵਨ ਲੁਕੇ ਹੋਏ ਦਾਣਿਆਂ ਵਾਲੇ ਤੂੜੀ ਦੇ ਢੇਰ ਵਾਂਗ ਹੁੰਦਾ ਹੈ। ਹਰ ਘਟਨਾ ਵੀ ਇਸੇ ਤਰ੍ਹਾਂ ਹੁੰਦੀ ਹੈ, ਬਹੁਤ ਕੁਝ ਵਾਧੂ ਵਿਚ ਲੁਕਿਆ ਹੋਇਆ ਸਾਰ-ਤੱਤ। ਉਹਨੂੰ ਤੂੜੀ ਤੋਂ ਦਾਣੇ ਵੱਖ ਕਰ ਲੈਣ ਦਾ ਪੁਸ਼ਤੈਨੀ ਕਸਬ ਸਾਹਿਤ ਦੇ ਸੰਬੰਧ ਵਿਚ ਵੀ ਖ਼ੂਬ ਆਉਂਦਾ ਸੀ ਤੇ ਉਹ ਘਟਨਾ ਦੇ ਵਾਧੂ ਬੇਲੋੜੇ ਅੰਸ਼ ਛਾਂਗ ਕੇ ਉਹਦਾ ਸਾਰ-ਤੱਤ ਆਪਣੀ ਕਹਾਣੀ ਵਿਚ ਸਮੋ ਸਕਣ ਦੇ ਸਮਰੱਥ ਸੀ। ਉਹਨੂੰ ਆਪਣੀ ਰਚਨਾ ਲਈ ਗੋਰੀ ਦੀ ਅੱਖ ਦਾ ਸੁਰਮਾ ਵੀ ਚੋਰੀ ਕਰਨਾ ਆਉਂਦਾ ਸੀ, ਦੀਵੇ ਦੀ ਲੋਅ ਵੀ ਤੇ ਫੁੱਲ ਦੀ ਖ਼ੁਸ਼ਬੋ ਵੀ!
ਲੇਖਕ ਵਜੋਂ ਤੇ ਆਮ ਜ਼ਿੰਦਗੀ ਵਿਚ ਵਿਚਰਦੇ ਮਨੁੱਖ ਵਜੋਂ ਉਹ ਦੋ ਬਹੁਤ ਵੱਖਰੀਆਂ ਸ਼ਖ਼ਸੀਅਤਾਂ ਦਾ ਮਾਲਕ ਸੀ। ਮਨੁੱਖ ਵਜੋਂ ਉਹ ਟਿੱਚਰੀ, ਬੇਲਿਹਾਜ ਟਿੱਪਣੀਕਾਰ, ਬੇਪਰਵਾਹ, ਸਗੋਂ ਲਾਪਰਵਾਹ ਸੀ, ਪਰ ਲੇਖਕ ਵਜੋਂ ਉਹ ਬਹੁਤ ਬਰੀਕਬੀਨ, ਕੋਮਲਭਾਵੀ ਤੇ ਸੂਝਵਾਨ ਸੀ। ਬਹੁਤੇ ਲੇਖਕਾਂ ਦੇ ਉਲਟ ਉਹਨੂੰ ਸਾਹਿਤ ਦੇ ਸਮਾਜਕ, ਸਭਿਆਚਾਰਕ, ਆਰਥਿਕ ਤੇ ਰਾਜਨੀਤਕ ਆਧਾਰਾਂ ਦੀ ਬਹੁਤ ਗਹਿਰੀ ਸਮਝ ਸੀ। ਇਹਦੇ ਨਾਲ ਹੀ ਉਹਨੂੰ ਇਹ ਵੀ ਸਮਝ ਸੀ ਕਿ ਇਹਨਾਂ ਆਧਾਰਾਂ ਦਾ ਰਚਨਾ ਨਾਲ ਕੀ, ਕਿਵੇਂ ਅਤੇ ਕਿੰਨਾ ਰਿਸ਼ਤਾ ਹੈ। ਇਹ ਸਮਰੱਥਾ ਉਹਦੀ ਪੜ੍ਹਨ ਦੀ ਆਦਤ ਦਾ ਫਲ ਸੀ। ਬਹੁਤ ਸਮਾਂ ਦੁਪਹਿਰੇ ਲਗਦੇ ਸਕੂਲ ਵਿਚ ਅਧਿਆਪਕ ਰਿਹਾ ਹੋਣ ਸਦਕਾ ਉਹਨੇ ਸਾਰੀ ਕਾਇਨਾਤ ਦੇ ਸੁੱਤਿਆਂ ਟਿਕੀ ਰਾਤ ਦੀ ਇਕਾਗਰਤਾ ਵਿਚ ਡੂੰਘੇ ਸਵੇਰੇ ਤੱਕ ਪੜ੍ਹਦਾ-ਲਿਖਦਾ ਰਹਿਣ ਦੀ ਆਦਤ ਪਾਈ ਹੋਈ ਸੀ। ਮੌਲਕ ਸਾਹਿਤ ਹੋਵੇ ਜਾਂ ਸਾਹਿਤ-ਸਿਧਾਂਤ, ਦਰਸ਼ਨ-ਸ਼ਾਸਤਰ, ਮਨੋਵਿਗਿਆਨ, ਸਮਾਜ-ਵਿਗਿਆਨ, ਧਰਮ, ਆਦਿ ਵਿਸ਼ਿਆਂ ਦੀਆਂ ਪੁਸਤਕਾਂ, ਪੜ੍ਹਦਾ ਉਹ ਚੁਣ-ਚੁਣ ਕੇ ਸੀ। ਕਮਜ਼ੋਰ ਰਚਨਾ ਉੱਤੇ ਉਹ ਸਮਾਂ ਖ਼ਰਾਬ ਨਹੀਂ ਸੀ ਕਰਦਾ। ਪੰਜ-ਸੱਤ ਪੰਨੇ ਪੜ੍ਹ ਕੇ ਉਹ ਫ਼ੈਸਲਾ ਕਰ ਲੈਂਦਾ ਸੀ, ਪੁਸਤਕ ਪੜ੍ਹਨ ਵਾਲੀ ਹੈ ਕਿ ਸੰਤੋਖਣ ਵਾਲੀ। ਇਸੇ ਕਰਕੇ ਜਦੋਂ ਕਦੀ ਉਸ ਨਾਲ ਸਾਹਿਤਕ ਚਰਚਾ ਹੁੰਦੀ ਜਾਂ ਉਹ ਕਿਸੇ ਸਾਹਿਤਕ ਸਭਾ ਵਿਚ ਆਪਣੀ ਰਾਇ ਸਾਂਝੀ ਕਰਦਾ, ਬੜੀਆਂ ਕੰਮ ਦੀਆਂ ਗੱਲਾਂ ਕਰਦਾ। ਮੈਂ ਅਕਸਰ ਉਹਨੂੰ ਆਪਣੇ ਇਹ ਵਿਚਾਰ ਲਿਖਣ ਲਈ ਪ੍ਰੇਰਦਾ, ਪਰ ਉਹ ਬਹਾਨਾ ਬਣਾਉਂਦਾ ਕਿ ਇਉਂ ਮੇਰਾ ਮਨ ਗਲਪ-ਰਚਨਾ ਤੋਂ ਲਾਂਭੇ ਪੈ ਜਾਵੇਗਾ।
ਇਹ ਜਾਣ ਕੇ ਸ਼ਾਇਦ ਬਹੁਤਿਆਂ ਨੂੰ ਹੈਰਾਨੀ ਹੋਵੇ ਕਿ ਹੋਰ ਤਾਂ ਹੋਰ, ਉਹ ਚਿੱਠੀ ਦਾ ਜਵਾਬ ਲਿਖਣ ਵਿਚ ਵੀ ਯਕੀਨ ਨਹੀਂ ਸੀ ਰਖਦਾ। ਉਹਦੀ ਕੋਈ ਕਹਾਣੀ ਕਿਤੇ ਛਾਪਣ ਦੀ ਆਗਿਆ ਲੈਣ ਵਾਲੇ ਜਾਂ ਉਸ ਸੰਬੰਧੀ ਕੁਝ ਜਾਣਕਾਰੀ ਲੈਣ ਵਾਲੇ ਉਹਨੂੰ ਲਿਖੀਆਂ ਕਈ-ਕਈ ਚਿਠੀਆਂ ਦਾ ਜਵਾਬ ਉਡੀਕ ਕੇ ਆਖ਼ਰ, ਸਾਡੇ ਜੌੜੇ ਭਰਾ ਹੋਣ ਦੀ ਅੱਲ ਪੰਜਾਬ ਤੱਕ ਪਹੁੰਚ ਗਈ ਹੋਣ ਸਦਕਾ, ਮੈਨੂੰ ਲਿਖਦੇ। ਮੈਂ ਖਿਝ ਕੇ ਆਖਦਾ, ‘‘ਉਹ ਤੈਥੋਂ ਕਹਾਣੀ ਛਾਪਣ ਦੀ ਆਗਿਆ ਚਾਹੁੰਦਾ ਹੈ, ਤੂੰ ਉਹਨੂੰ ਦੋ ਲਫ਼ਜ਼ ਲਿਖ ਕਿਉਂ ਨਹੀਂ ਦਿੰਦਾ!’’ ਉਹਦਾ ਇਕੋ ਜਵਾਬ ਹੁੰਦਾ, ‘‘ਓ ਯਾਰ, ਜਿੰਨੇ ਚਿਰ ਵਿਚ ਤੂੰ ਮੈਥੋਂ ਪੁਛਦਾ ਹੈਂ, ਉਹਨੂੰ ਮੇਰੇ ਵੱਲੋਂ ਆਗਿਆ ਲਿਖ ਕਿਉਂ ਨਹੀਂ ਦਿੰਦਾ। ਆਪੇ ਦੇ ਦਿਆ ਕਰ ਇਹੋ ਜਿਹੀਆਂ ਚਿੱਠੀਆਂ ਦੇ ਜਵਾਬ!’’ ਇਕ ਵਾਰ ਉਸ ਸੰਬੰਧੀ ਐਮ.ਫਿਲ. ਕਰਨ ਲੱਗੇ ਹੋਏ ਇਕ ਲੇਖਕ ਨੇ ਇਸ ਤਜਰਬੇ ਵਿਚੋਂ ਲੰਘ ਕੇ ਮੈਨੂੰ ਕਿਹਾ, ‘‘ਇਉਂ ਪਤਾ ਹੁੰਦਾ ਕਿ ਰੁਪਾਣੇ ਦੇ ਜਵਾਬ ਤੁਸੀਂ ਭੇਜਣੇ ਹਨ, ਮੈਂ ਖੋਜ ਹੀ ਤੁਹਾਡੇ ਬਾਰੇ ਕਰਦਾ!’’
ਗੁਰਦੇਵ ਦਿੱਲੀ ਵਿਚ ਮੇਰਾ ਅਗੇਤਾ ਦੂਤ ਸੀ। ਉਹ ਮੈਥੋਂ ਚਾਰ ਕੁ ਸਾਲ ਪਹਿਲਾਂ ਦਿੱਲੀ ਪਹੁੰਚ ਗਿਆ ਸੀ ਤੇ ਪੰਜਾਬੀ ਅਧਿਆਪਕ ਲੱਗ ਗਿਆ ਸੀ। ਇਸ ਸਮੇਂ ਵਿਚ ਉਹਨੇ ਕਹਾਣੀਕਾਰ ਵਜੋਂ ਤੇ ਖੁੱਲ੍ਹੇ ਸੁਭਾਅ ਵਾਲੇ ਬੰਦੇ ਵਜੋਂ ਆਪਣੇ ਲਈ ਜੋ ਥਾਂ ਬਣਾਉਣੀ ਸੀ, ਉਹ ਤਾਂ ਬਣਾਈ ਹੀ, ਮੇਰੇ ਲਈ ਵੀ ਕੰਮ ਸੌਖਾ ਕਰ ਦਿੱਤਾ। ਦਿੱਲੀ ਦੇ ਸਾਹਿਤਕ ਹਲਕਿਆਂ ਦੀਆਂ ਜਿਹੜੀਆਂ ਗੱਲਾਂ ਮੈਂ ਮਹੀਨਿਆਂ-ਸਾਲਾਂ ਵਿਚ ਸਿੱਖਣੀਆਂ ਸਨ, ਉਹਨੇ ਉਹਨਾਂ ਦਾ ਵਹੀ-ਖਾਤਾ, ਉਹਦੇ ਫ਼ਾਇਦੇ ਦੇ ਪਾਤਰ ਦਾ ਕੋਈ ਅੰਦਾਜ਼ਾ ਨਾ ਹੋਣ ਦੇ ਬਾਵਜੂਦ, ਮੇਰੇ ਲਈ ਪੂਰੇ ਵੇਰਵੇ ਨਾਲ ਤਿਆਰ ਕਰ ਰੱਖਿਆ ਸੀ। ਸਬੱਬ ਨਾਲ ਸਾਡੀਆਂ ਰਿਹਾਇਸ਼ਾਂ ਵੀ ਦਿੱਲੀ ਦੇ ਇਕੋ ਪਾਸੇ ਨੇੜੇ-ਨੇੜੇ ਹੀ ਸਨ। ਅਸੀਂ ਸਾਹਿਤਕ ਮੁਹਿੰਮਾਂ ਉੱਤੇ ਇਕੱਠੇ ਹੀ ਚੜ੍ਹਦੇ। ਉਹ ਮੈਨੂੰ ਲੇਖਕਾਂ ਤੇ ਕਲਾਕਾਰਾਂ ਦੀ ਸੱਥ, ਤੰਬੂ ਵਾਲੇ ਕੌਫ਼ੀ ਹਾਊਸ ਵਿਚ ਤੇ ਬੈਠਕਾਂ ਕਰਨ ਵਾਲੀਆਂ ਸਾਹਿਤਕ ਸਭਾਵਾਂ ਵਿਚ ਲੈ ਕੇ ਗਿਆ। ਪਹਿਲੀ ਮਿਲਣੀ ਵਿਚ ਉਹਨੇ ਮੈਨੂੰ ਆਉਂਦੇ ਐਤਵਾਰ ‘ਨਾਗਮਣੀ ਸ਼ਾਮ’ ਹੋਣ ਦੀ ਜਾਣਕਾਰੀ ਦਿੱਤੀ ਤੇ ਉਥੇ ਲੈ ਪਹੁੰਚਿਆ। ਉਹ ਇਕੱਲੇ-ਇਕੱਲੇ ਸਾਹਿਤਕਾਰ ਬਾਰੇ ਬਣਾਈ ਹੋਈ ਰਾਇ ਮੈਨੂੰ ਦਸਦਾ। ਕਿਸੇ ਬਾਰੇ ਆਖਦਾ, ‘‘ਇਹ ਬੰਦਾ ਵੀ ਵਧੀਆ ਹੈ ਤੇ ਲੇਖਕ ਵੀ ਚੰਗਾ ਹੈ।’’ ਕਿਸੇ ਬਾਰੇ ਕਹਿੰਦਾ, ‘‘ਬੰਦਾ ਤਾਂ ਗੁੱਡਮੈਨ ਦੀ ਲਾਲਟੈਣ ਹੈ ਪਰ ਬਿਚਾਰਾ ਲਿਖਦਾ ਸੂਤ-ਬਾਤ ਹੀ ਹੈ।’’ ਕਿਸੇ ਹੋਰ ਬਾਰੇ ਦਸਦਾ, ‘‘ਇਹ ਟਾਈ-ਸ਼ਾਈ ਤੇ ਚੁੰਝੂ ਪੱਗ ਵਾਲਾ ਦਰਸ਼ਨੀ ਘੋੜਾ ਹੀ ਹੈ, ਦੌੜਨਾ ਨਹੀਂ ਜਾਣਦਾ।’’
ਦਿੱਲੀ ਵਿਚ ਮੇਰੀ ਪਛਾਣ ਵਿਚ ਆਉਣ ਵਾਲਾ ਉਹ ਸਤਿਆਰਥੀ ਜੀ ਤੋਂ ਮਗਰੋਂ ਦੂਜਾ ਲੇਖਕ ਸੀ। ਸਤਿਆਰਥੀ ਜੀ ਵਾਂਗ ਮਿਲਾਇਆ ਵੀ ਉਹ ਭਾਪਾ ਪ੍ਰੀਤਮ ਸਿੰਘ ਨਵਯੁਗ ਨੇ ਹੀ। ਮੈਨੂੰ ਦਿੱਲੀ ਪਹੁੰਚੇ ਨੂੰ ਹਫ਼ਤਾ ਵੀ ਨਹੀਂ ਸੀ ਹੋਇਆ, ਇਕ ਦਿਨ ਨਵਯੁਗ ਵਾਲੇ ਭਾਪਾ ਪ੍ਰੀਤਮ ਸਿੰਘ ਨੇ ਇਕੋ ਇਲਾਕਾ ਤੇ ਦੋਵਾਂ ਦਾ ਕਹਾਣੀਕਾਰ ਹੋਣਾ ਚਿਤਾਰਦਿਆਂ ਉਥੇ ਪਹਿਲਾਂ ਤੋਂ ਬੈਠੇ ਹੋਏ ਇਕ ਨੌਜਵਾਨ ਨੂੰ ਮੇਰਾ ਭਵਿੱਖੀ ਯਾਰ ਆਖ ਕੇ ਮਿਲਾਇਆ। ਤੇ ਜਦੋਂ ਉਹਨਾਂ ਦੀ ਭਵਿੱਖਬਾਣੀ ਸੱਚੀ ਸਿੱਧ ਹੋਈ, ਭਾਪਾ ਜੀ ਹੀ ਇਕ ਦਿਨ ਹੱਸੇ, ‘‘ਮੈਂ ਤੇ ਯਾਰ ਹੀ ਆਖਿਆ ਸੀ, ਤੁਸੀਂ ਤੇ ਜੌੜੇ ਭਰਾ ਬਣ ਗਏ ਹੋ!’’ ਉਹ ਆਖਦੇ, ‘‘ਜੰਮੇ ਦੂਰ-ਦੂਰ ਦੋ ਮਾਪਿਆਂ ਦੇ ਘਰ, ਪਰ ਹੋ ਜੌੜੇ!’’ ਨਤੀਜੇ ਵਜੋਂ ਦਿੱਲੀ ਦੇ ਲੇਖਕ ਸਾਨੂੰ ਜੌੜੇ ਭਾਈ ਆਖਣ ਲੱਗੇ। ਸਾਡੇ ਵਿਚੋਂ ਕਿਸੇ ਇਕ ਨੂੰ ਮਿਲਿਆ ਲੇਖਕ ਮਿੱਤਰ ਉਹਦਾ ਹਾਲ-ਚਾਲ ਪੁੱਛਣ ਦੇ ਨਾਲ-ਨਾਲ ਦੂਜੇ ਦਾ ਹਾਲ-ਚਾਲ ਵੀ ਜ਼ਰੂਰ ਪੁਛਦਾ। ਦਿੱਲੀ ਵਰਗੇ ਬੇਨੁਹਾਰੇ ਤੇ ਬੇਗੁਰੇ ਸ਼ਹਿਰ ਵਿਚ ਸਾਡੀ ਸਾਂਝ ਤੇ ਪਛਾਣ ਕਿੰਨੀ ਡੂੰਘੀ ਤੇ ਫ਼ੈਲਵੀਂ ਹੋਈ, ਅੱਜ ਵੀ ਸੋਚ ਕੇ ਹੈਰਾਨੀ ਹੁੰਦੀ ਹੈ। ਇਕ ਪੰਜਾਬੀ ਨੌਜਵਾਨ ‘ਹਮਦਮ ਆਰਟਿਸਟ’ ਹੁੰਦਾ ਸੀ। ਚੰਗਾ-ਵਾਹਵਾ ਹੋਣਹਾਰ ਚਿੱਤਰਕਾਰ ਸੀ ਪਰ ਜਵਾਨੀ ਵਿਚ ਹੀ ਗੁਜ਼ਰ ਗਿਆ ਸੀ। ਉਹ ਜਿਥੇ ਵੀ ਮਿਲਦਾ, ਇਕ ਨੂੰ ਦੂਜੇ ਦੇ ਨਾਂ ਨਾਲ ਬੁਲਾਉਂਦਾ। ਦੱਸੇ ਤੋਂ ਉਹ ਸਹੁੰ ਖਾਂਦਾ ਕਿ ਉਹ ਮਖੌਲ ਜਾਂ ਸ਼ਰਾਰਤ ਵਿਚ ਇਉਂ ਨਹੀਂ ਕਰ ਰਿਹਾ, ਕਿਸੇ ਨਿਸ਼ਾਨੀ ਦੇ ਸਹਾਰੇ ਨਿਖੇੜਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਫੇਰ ਭੁੱਲ ਜਾਂਦਾ ਹੈ।
ਦਿੱਲੀ ਰੇਡੀਓ ਦੇ ਪੰਜਾਬੀ ਸੈਕਸ਼ਨ ਦੀ ਬੀਬੀ ਸੱਤਿਆ ਸੇਠ ਮੇਰੇ ਕੋਲ ਗੁਰਦੇਵ ਦੀ ਕਿਸੇ ਕਹਾਣੀ ਨੂੰ ਮੇਰੀ ਕਹਿ ਕੇ ਤੇ ਗੁਰਦੇਵ ਕੋਲ ਮੇਰੀ ਕਿਸੇ ਕਹਾਣੀ ਨੂੰ ਉਹਦੀ ਕਹਿ ਕੇ ਤਾਰੀਫ਼ਾਂ ਕਰਦੀ। ਜੰਮੂ ਤੋਂ ਦਿੱਲੀ ਆ ਕੇ ਵਸੀ ਚੰਦਨ ਨੇਗੀ ਨੇ ਕਹਾਣੀਆਂ ਦੀ ਆਪਣੀ ਨਵੀਂ ਛਪੀ ਪੁਸਤਕ ਗੁਰਦੇਵ ਨੂੰ ਮੇਰਾ ਨਾਂ ਲਿਖ ਕੇ ਭੇਟ ਕਰ ਦਿੱਤੀ ਅਤੇ ਕੁਝ ਦਿਨਾਂ ਮਗਰੋਂ ਗੁਰਦੇਵ ਦਾ ਨਾਂ ਲਿਖ ਕੇ ਮੈਨੂੰ ਦੇ ਦਿੱਤੀ। ਅਸੀਂ ਉਹਨੂੰ ਕੁਝ ਕਹੇ ਬਿਨਾਂ ਪੁਸਤਕਾਂ ਆਪਸ ਵਿਚ ਵਟਾ ਲਈਆਂ। ਉਹਨਾਂ ਦਿਨਾਂ ਦੇ ਅਜਿਹੇ ਅਨੇਕ ਕਿੱਸੇ ਹਨ। ਇਕ ਤਾਂ ਬੇਪਰਵਾਹ ਵੀ ਤੇ ਲਾਪਰਵਾਹ ਵੀ, ਦੂਜੇ ਉਹਦਾ ਆਪਣੀਆਂ ਜੜਾਂ ਪਿੰਡ ਵਿਚ ਹੋਣ ਦਾ ਵਿਸ਼ਵਾਸ। ਮੈਂ ਆਖਦਾ, ਪਿੰਡ ਹੁਣ ਤੇਰੇ ਸੁਫ਼ਨਿਆਂ ਵਾਲੇ ਨਹੀਂ ਰਹੇ। ਆਖਣ-ਸਮਝਾਉਣ ਦੇ ਬਾਵਜੂਦ ਉਹਨੇ ਦਿੱਲੀ ਵਿਚ ਕੋਈ ਛੋਟਾ-ਮੋਟਾ ਫ਼ਲੈਟ ਵੀ ਨਾ ਲਿਆ। ਇਉਂ ਸੇਵਾ-ਮੁਕਤੀ ਮਗਰੋਂ, ਵੀਹ ਸਾਲ ਪਹਿਲਾਂ ਉਹ ਪਿੰਡ ਜਾ ਰਿਹਾ। ਪੀੜ੍ਹੀ ਬਦਲ ਗਈ ਤੇ ਗੁਰਦੇਵ ਹੌਲ਼ੀ-ਹੌਲ਼ੀ ਦਿੱਲੀ ਵਾਲਿਆਂ ਵਾਸਤੇ ਪੰਜਾਬ ਵਸਦਾ ਇਹ ਹੋਰ ਪੰਜਾਬੀ ਲੇਖਕ ਬਣ ਗਿਆ। ਨਵੀਂ ਪੀੜ੍ਹੀ ਦੇ ਬਹੁਤੇ ਲੇਖਕਾਂ ਨੂੰ ਸਾਡੇ ਰਿਸ਼ਤੇ ਦਾ ਵੀ ਪਤਾ ਨਾ ਰਿਹਾ।
ਫੇਰ ਪਿਛਲੇ ਦਿਨੀਂ ਇਕ ਕੁਝ ਵਧੇਰੇ ਹੀ ਅਜੀਬ ਘਟਨਾ ਵਾਪਰੀ। ਕੈਨੇਡਾ ਤੋਂ ਕਵਿੱਤਰੀ ਸੁਰਜੀਤ ਦਾ ਫੋਨ ਆਇਆ। ਉਹ ਕਦੀ-ਕਦੀ ਸੁੱਖਸਾਂਦ ਪੁਛਦੀ ਰਹਿੰਦੀ ਹੈ। ਇਸ ਵਾਰ ਉਹ ਕੁਝ ਵਧੇਰੇ ਹੀ ਘੋਖਵੀਆਂ ਗੱਲਾਂ ਕਰ ਰਹੀ ਸੀ, ‘‘ਠੀਕ ਹੋ? ...ਠੀਕ ਤੁਰੇ-ਫਿਰਦੇ ਹੋ? ...ਆਪਣੇ ਕੰਮ ਆਪ ਕਰ ਲੈਂਦੇ ਹੋ? ...ਸੈਰ ਨੂੰ ਜਾਂਦੇ ਹੋ?...’’
ਮੈਨੂੰ ਕੁਝ ਸ਼ੱਕ ਜਿਹਾ ਪਿਆ। ਮੈਂ ਪੁੱਛਿਆ, ‘‘ਕੀ ਗੱਲ ਹੈ ਬੀਬੀ?’’
ਉਹਨੇ ਉਥੇ ਹੀ ਰਹਿੰਦੀ ਇਕ ਪੰਜਾਬੀ ਲੇਖਿਕਾ ਦਾ ਨਾਂ ਲੈ ਕੇ ਕਿਹਾ ਕਿ ਉਹਨੇ ਦੱਸਿਆ ਹੈ, ਭੁੱਲਰ ਜੀ ਨੂੰ ਅਧਰੰਗ ਹੋ ਗਿਆ ਹੈ। ਅਧਰੰਗ ਵਰਗੀ ਚੰਦਰੀ ਬੀਮਾਰੀ ਦਾ ਨਾਂ ਆਪਣੇ ਨਾਂ ਨਾਲ ਜੁੜਿਆ ਸੁਣ ਕੇ ਮੇਰਾ ਸੀਤ ਨਿੱਕਲ ਗਿਆ ਤੇ ਮੇਰੀ ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀ। ਸੁਰਜੀਤ ਨੂੰ ਆਪਣੀ ਤੰਦਰੁਸਤੀ ਦਾ ਭਰੋਸਾ ਦੇ ਕੇ ਮੈਂ ਸੋਚਿਆ, ਇਸ ਭੁਲੇਖੇ ਦੀ ਜੜ ਕਿਤੇ ਜ਼ਰੂਰ ਹੈ। ਮੈਂ ਪੰਜਾਬੀ ਸਾਹਿਤਕ ਪਰਿਵਾਰ ਉੱਤੇ ਨਜ਼ਰ ਮਾਰਨ ਲਗਿਆ। ਫੇਰ ਮੈਂ ਇਕਦਮ ਫੋਨ ਚੁੱਕਿਆ ਤੇ ਤਿੰਨ ਕੁ ਮਹੀਨਿਆਂ ਤੋਂ ਟੁੱਟੇ ਹੋਏ ਚੂਲ਼ੇ ਨਾਲ ਮੰਜਾ ਮੱਲੀਂ ਪਏ ਗੁਰਦੇਵ ਦੇ ਬੇਟੇ ਨੂੰ ਪੁੱਛਿਆ, ‘‘ਕੀ ਹਾਲ ਹੈ ਮੇਰੇ ਯਾਰ ਦਾ?’’
ਜਵਾਬ ਸੁੰਨ ਕਰ ਦੇਣ ਵਾਲਾ ਸੀ, ‘‘ਅੰਕਲ, ਉਹਨਾਂ ਦੇ ਦੋਵੇਂ ਪਾਸੇ ਮਾਰੇ ਗਏ ਹਨ!’’
ਅਜਿਹੀ ਨੇੜਤਾ ਦਾ ਅੰਤ ਪੱਤਾ ਟੁੱਟਣਾ ਨਹੀਂ, ਪੂਰੇ ਬਿਰਛ ਦਾ ਹੀ ਝੜ ਜਾਣਾ ਹੈ!
ਸੰਪਰਕ : 80763-63058 -