ਜਾਣੀਜਾਣ ਪ੍ਰਧਾਨ ਮੰਤਰੀ ਅਤੇ ਜਮਹੂਰੀ ਬੁਨਿਆਦਾਂ - ਅਵਿਜੀਤ ਪਾਠਕ
ਕੁੱਲ ਮਿਲਾ ਕੇ ਸੰਵਾਦ ਰਹਿਤ ਅਤੇ ਸ਼ਖ਼ਸੀਅਤ ਕੇਂਦਰਤ ਸਿਆਸਤ ਦੇ ਬਾਵਜੂਦ ਸਾਨੂੰ ਵਾਰ ਵਾਰ ਸਰਬ-ਸ਼ਕਤੀਮਾਨ ਪ੍ਰਧਾਨ ਮੰਤਰੀ ਦੀਆਂ ਵੰਨ-ਸਵੰਨੀਆਂ ਤਸਵੀਰਾਂ ਹਜ਼ਮ ਕਰਨ ਲਈ ਆਖਿਆ ਜਾਂਦਾ ਹੈ ਅਤੇ ਨਾਲ ਹੀ ਇਹ ਮੰਨ ਲੈਣ ਲਈ ਵੀ ਕਿ ਸਿਰਫ਼ ਮੋਦੀ ਹੀ ਹਨ ਜੋ ਅਹਿਮੀਅਤ ਰੱਖਦੇ ਹਨ। ਇਕ ਮਸੀਹਾ ਦੇ ਵਾਂਗ ਉਨ੍ਹਾਂ ਕੋਲ ਹੀ ਅਜਿਹੀਆਂ ਲਾਸਾਨੀ ਸ਼ਕਤੀਆਂ ਹਨ ਜਿਹੜੀਆਂ ਰਾਸ਼ਟਰ ਦੀ ਹੋਣੀ ਤੈਅ ਕਰਨਗੀਆਂ। ਇਸ ਲਈ ਮੀਡੀਆ ਦੇ ਨਾਟਕਾਂ ਅਤੇ ਪ੍ਰਚਾਰ ਤੰਤਰ ਦੀ ਭਾਰੀ ਵਰਤੋਂ ਦੇ ਇਸ ਦੌਰ ਦੌਰਾਨ ਅਜਿਹਾ ਅਹਿਸਾਸ ਹੁੰਦਾ ਹੈ, ਜਿਵੇਂ ਨਾਟਕੀ ਕਲਾਕਾਰੀਆਂ ਦੀ ਕਮਾਲ ਅੱਗੇ ਅੰਧ-ਭਗਤੀ ਵਾਲੇ ਦਰਸ਼ਕ ਕੀਲੇ ਗਏ ਹੋਣ। ਹਾਂ, ਮੋਦੀ ਅਜਿਹੇ ਹੀ ‘ਅਣਕਿਆਸੇ’ ਹਨ ਜਿਨ੍ਹਾਂ ਬਾਰੇ ਕੋਈ ਵੀ ਅਗਾਊਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਨੋਟਬੰਦੀ ਤੋਂ ਲੈ ਕੇ ਲੌਕਡਾਊਨ ਤੱਕ ਉਨ੍ਹਾਂ ਦੇ ਫ਼ੈਸਲੇ ਹੈਰਾਨ ਕਰਨ ਵਾਲੇ, ਹਿਲਾ ਦੇਣ ਵਾਲੇ, ਖ਼ੁਸ਼ ਕਰਨ ਵਾਲੇ, ਭੁਚਲਾ ਦੇਣ ਵਾਲੇ ਰਹੇ ਹਨ, ਤੇ ਸਾਨੂੰ ਹਰ ਹਾਲ ਇਹ ਫ਼ੈਸਲੇ ਮੰਨਣੇ ਪੈਣਗੇ, ਕਿਉਂਕਿ ਸਿਰਫ਼ ਤੇ ਸਿਰਫ਼ ਉਨ੍ਹਾਂ ਨੂੰ ਹੀ ਪਤਾ ਹੈ ਕਿ ਸਾਡੇ ਲਈ ਕੀ ਚੰਗਾ ਹੈ। ਉਹ ਸਦੀਵੀ ਊਰਜਾਵਾਨ ਹਨ, ਉਹ ਆਰਾਮ ਨਹੀਂ ਕਰਦੇ, ਉਹ ਸਿਰਫ਼ ਕੰਮ ਕਰਦੇ ਹਨ ਅਤੇ ਰਾਸ਼ਟਰ/ਕੌਮ ਬਾਰੇ ਸੋਚਦੇ ਹਨ। ਇੰਝ ਆਪਣੇ ਇਨ੍ਹਾਂ ਭਾਰੀ ਰੁਝੇਵਿਆਂ ਦੇ ਬਾਵਜੂਦ ਉਨ੍ਹਾਂ ਨੂੰ ਕਸ਼ਮੀਰ ਵਿਚ ਫ਼ੌਜੀ ਜਵਾਨਾਂ ਨਾਲ ਜਾਂ ਫਿਰ ਸੈਂਟਰਲ ਵਿਸਟਾ ਪ੍ਰਾਜੈਕਟ ਦੇ ਕੰਮ ਵਿਚ ਜੁਟੇ ਹੋਏ ਉਸਾਰੀ ਮਜ਼ਦੂਰਾਂ ਨਾਲ ਦੇਖਿਆ ਜਾ ਸਕਦਾ ਹੈ, ਤੇ ਇਨ੍ਹਾਂ ਤਸਵੀਰਾਂ ਨੂੰ ਲਾਜ਼ਮੀ ਤੌਰ ਤੇ ਬਿਜਲੀ ਦੀ ਤੇਜ਼ੀ ਨਾਲ ਫੈਲਾਇਆ ਜਾਣਾ ਚਾਹੀਦਾ ਹੈ। ਉਹ ਸਰਬ-ਵਿਆਪਕ ਹਨ, ਸ਼ਹਿਰਾਂ, ਛੋਟੇ ਕਸਬਿਆਂ ਤੇ ਪਿੰਡਾਂ ਤੱਕ ਵਿਚ ਲੱਗੇ ਹੋਏ ਵੱਡੇ ਵੱਡੇ ਬੋਰਡ ਸਾਨੂੰ ਵਾਰ ਵਾਰ ਚੇਤੇ ਕਰਾਉਂਦੇ ਹਨ ਕਿ ਉਨ੍ਹਾਂ ਦੇ ਦਿਲ ਵਿਚ ਸਾਡੇ ਲਈ ਕਿੰਨਾ ਦਰਦ ਹੈ, ਉਹ ਸਾਨੂੰ ਮੁਫ਼ਤ ਵੈਕਸੀਨ ਦਿੰਦੇ ਹਨ, ਉਹ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿਚ ਰਕਮਾਂ ਜਮ੍ਹਾਂ ਕਰਾਉਂਦੇ ਹਨ, ਤੇ ਉਹ ਸਾਨੂੰ ਭਾਂਤ-ਸੁਭਾਂਤੇ ਤੋਹਫ਼ੇ ਦਿੰਦੇ ਹਨ- ਅਯੁੱਧਿਆ ਵਿਚਲਾ ਮੰਦਰ, ਨੋਇਡਾ ਵਿਚ ਹਵਾਈ ਅੱਡਾ ਅਤੇ ਇਸ ਸਭ ਕਾਸੇ ਤੋਂ ਵੱਧ, ਕਈ ਤਰ੍ਹਾਂ ਦੀਆਂ ਸਰਜੀਕਲ ਸਟਰਾਈਕਾਂ ਤਾਂ ਕਿ ਮੁਲਕ ਦੇ ਦੁਸ਼ਮਣਾਂ ਨੂੰ ਠੋਸ ਸਬਕ ਸਿਖਾਇਆ ਜਾ ਸਕੇ। ਤੁਸੀਂ ਅਤੇ ਮੈਂ ਇਸੇ ਕਾਰਨ ‘ਸੁਰੱਖਿਅਤ’ ਹਾਂ ਕਿਉਂਕਿ ਉਹ ਸਾਡੇ ਬਾਰੇ ਸੋਚਣ ਲਈ ਮੌਜੂਦ ਹਨ। ਇਸ ਬਾਰੇ ਕਿਸੇ ਨੂੰ ਰੱਤੀ ਭਰ ਵੀ ਕੋਈ ਸ਼ੱਕ-ਸ਼ੁਬ੍ਹਾ ਨਹੀਂ ਹੋਣਾ ਚਾਹੀਦਾ।
ਇਸ ਬਾਰੇ ਸੋਚੋ। ਕੀ ਇਹੋ ਜਿਹੇ ਸ਼ਖ਼ਸੀ ਪੂਜਾ ਵਾਲੇ ਹਾਲਾਤ ਨਾਲ ਕਿਸੇ ਭਾਗੀਦਾਰੀ, ਸੰਵਾਦਮੁਖੀ, ਲੋਕਤੰਤਰੀ ਸੱਭਿਆਚਾਰ ਨੂੰ ਮੇਲਿਆ ਜਾ ਸਕਦਾ ਹੈ? ਕੀ ਜਮਹੂਰੀਅਤ ਦਾ ਇਹ ਮਤਲਬ ਹੈ ਕਿ ਅਸੀਂ ਦੱਬੂ ਤੇ ਸੁਸਤ ਜਿਹੇ ਬਣੇ ਹੋਏ ਆਪਣੀ ਆਵਾਜ਼ ਹੀ ਗੁਆ ਦੇਈਏ ਅਤੇ ਹੱਥ ਤੇ ਹੱਥ ਧਰ ਕੇ ਇਸੇ ਗੱਲ ਦਾ ਇੰਤਜ਼ਾਰ ਕਰਦੇ ਰਹੀਏ ਕਿ ‘ਸਿਖਰਲਾ’ ਆਗੂ ਸਾਡੀ ਹੋਣੀ, ਸਾਡੇ ਭਵਿੱਖ ਬਾਰੇ ਫ਼ੈਸਲਾ ਕਰੇਗਾ? ਕਦੇ ਕਦੇ ਮੈਨੂੰ ਜਾਪਦਾ ਹੈ ਕਿ ਹੁਣ ਸਾਨੂੰ ਕੇਂਦਰੀ ਮੰਤਰੀਆਂ ਅਤੇ ਉਨ੍ਹਾਂ ਦੇ ਮੰਤਰਾਲਿਆਂ ਬਾਰੇ ਜਾਣਕਾਰੀ ਰੱਖਣ ਦੀ ਕੋਈ ਲੋੜ ਹੀ ਨਹੀਂ, ਕਾਰਨ ਇਹ ਕਿ ਸਾਨੂੰ ਇਹ ਵਿਸ਼ਵਾਸ ਕਰਨਾ ਸਿਖਾਇਆ ਜਾ ਰਿਹਾ ਹੈ ਕਿ ਜੋ ਹੈ, ਸਿਰਫ਼ ਮੋਦੀ ਹੀ ਹੈ (ਜਾਂ ਉਨ੍ਹਾਂ ਦਾ ਡਿਪਟੀ ਅਮਿਤ ਸ਼ਾਹ), ਤੇ ਬਾਕੀ ਮੰਤਰੀਆਂ ਦੀ ਮੌਜੂਦਗੀ ਸਿਰਫ਼ ਵਿਰੋਧੀ ਧਿਰ ਨੂੰ ਨਿੰਦਣ ਜਾਂ ਫਿਰ ਕਿਸਾਨ ਅੰਦੋਲਨ ਵਿਚ ‘ਖ਼ਾਲਿਸਤਾਨੀਆਂ’ ਤੇ ‘ਟੁਕੜੇ ਟੁਕੜੇ ਗੈਂਗ’ ਲੱਭਣ ਲਈ ਹੀ ਹੈ , ਜਾਂ ਉਨ੍ਹਾਂ ਦੀ ਲੋੜ ਸਾਨੂੰ ਰਾਹੁਲ ਗਾਂਧੀ ਦੀ ‘ਮੂਰਖਤਾ’ ਬਾਰੇ ਦੱਸਣ ਵਾਸਤੇ ਪ੍ਰੈਸ ਕਾਨਫ਼ਰੰਸਾਂ ਕਰਨ ਲਈ ਹੁੰਦੀ ਹੈ ਜਦੋਂ ਕਾਂਗਰਸ ਆਗੂ ਰਾਫਾਲ ਸੌਦੇ ਬਾਰੇ ਵਿਵਾਦ ਸੰਬੰਧੀ ਜਾਂ ਕੋਵਿਡ-19 ਦੇ ਹਾਲਾਤ ਨਾਲ ਸਰਕਾਰ ਵੱਲੋਂ ਸਹੀ ਢੰਗ ਨਾਲ ਨਾ ਨਜਿੱਠੇ ਜਾਣ ਬਾਰੇ ਕੋਈ ਬਿਆਨਬਾਜ਼ੀ ਕਰਦਾ ਹੈ।
ਇਹ ਅਫ਼ਸੋਸਨਾਕ ਹੈ ਕਿ ਇਨ੍ਹੀਂ ਦਿਨੀਂ ਅਸੀਂ ਕਦੇ ਵੀ ਇਹ ਨਹੀਂ ਆਖਦੇ ਕਿ ਇਹ ਸਾਡੀ ਸਰਕਾਰ ਹੈ, ਅਸੀਂ ਇਸ ਨੂੰ ਮੋਦੀ ਸਰਕਾਰ ਹੀ ਆਖਦੇ ਹਾਂ’ ਤੇ ਇਸੇ ਨਾਲ ਜਮਹੂਰੀਅਤ ਦੀ ਆਤਮਾ ਦਾ ਖ਼ਾਤਮਾ ਹੋ ਜਾਂਦਾ ਹੈ। ਖ਼ੈਰ, ਸ਼ਖ਼ਸੀਅਤਾਂ ਵੀ ਮਾਇਨੇ ਰੱਖਦੀਆਂ ਹਨ, ਇਥੋਂ ਤੱਕ ਕਿ ਕ੍ਰਿਸ਼ਮੇ ਦੀ ਵੀ ਆਪਣੀ ਭੂਮਿਕਾ ਹੁੰਦੀ ਹੈ। ਇਸ ਦੇ ਬਾਵਜੂਦ ਜਮਹੂਰੀ ਆਗੂ ਉਹ ਹੁੰਦਾ ਹੈ ਜਿਹੜਾ ਆਪਣੀ ਸੁਣਨ ਦੀ ਕਲਾ ਨਿਖਾਰਨ ਦਾ ਚਾਹਵਾਨ ਹੋਵੇ ਅਤੇ ਉਹ ਆਮ ਲੋਕਾਂ ਦੀ ਉਸਾਰੂ/ਆਲੋਚਨਾਤਮਕ ਸੋਚ ਦਾ ਸਤਿਕਾਰ ਕਰੇ। ਜਮਹੂਰੀ ਆਗੂ ਰੱਬ ਨਹੀਂ ਹੁੰਦਾ/ਹੁੰਦੀ ਸਗੋਂ ਉਸ ਨੂੰ ਲੋਕਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਅਤੇ ਬਿਹਤਰ ਸਮਾਜ ਸਿਰਜਣ ਵੱਲ ਅੱਗੇ ਵਧਣਾ ਚਾਹੀਦਾ ਹੈ। ਦੂਜੇ ਲਫ਼ਜ਼ਾਂ ਵਿਚ, ਕਿਸੇ ਜਮਹੂਰੀ ਆਗੂ ਨੂੰ ਹਉਮੈਵਾਦੀ ਹੋਣਾ ਕਦੇ ਵੀ ਵਾਰਾ ਨਹੀਂ ਖਾਂਦਾ, ਉਹ ਹਲੀਮ ਤੇ ਮਿਲਣਸਾਰ ਹੋਣਾ ਚਾਹੀਦਾ/ਚਾਹੀਦੀ ਹੈ, ਤੇ ਇਸ ਹਕੀਕਤ ਨੂੰ ਵਿਰੋਧੀ ਦਲੀਲਾਂ ਦੇ ਕੇ ਖ਼ਾਰਜ ਨਹੀਂ ਕੀਤਾ ਜਾ ਸਕਦਾ ਕਿ ਇੰਦਰਾ ਗਾਂਧੀ ਦਾ ਕੰਮ-ਢੰਗ ਵੀ ਇਹੋ ਜਿਹਾ ਸੀ!
ਹੁਣ ਇਤਿਹਾਸਕ ਕਿਸਾਨ ਅੰਦੋਲਨ ਨੂੰ ਹੀ ਲੈ ਲਓ। ਬੌਧਿਕ ਸਪੱਸ਼ਟਤਾ, ਲੋਕਾਂ ਦੀ ਸ਼ਮੂਲੀਅਤ ਅਤੇ ਗਾਂਧੀਵਾਦੀ ਸਹਿਣਸ਼ੀਲਤਾ ਤੇ ਇਖ਼ਲਾਕੀ ਤਾਕਤ ਇਸ ਅੰਦੋਲਨ ਦੀਆਂ ਖ਼ੂਬੀਆਂ ਸਨ। ਅੰਦੋਲਨ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਾਡੀ ਗੱਲ ਸੁਣੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਇਕੱਲੇ ਮੋਦੀ ਤੇ ਉਨ੍ਹਾਂ ਦੇ ਲਫਟੈਣ ਇਹ ਧਾਰਨਾ ਨਹੀਂ ਬਣਾ ਸਕਦੇ ਕਿ ਕਿਸਾਨਾਂ ਲਈ ਕੀ ਚੰਗਾ ਹੈ। ਫਿਰ ਅਸੀਂ ਦੇਖਿਆ ਕਿ ਕਿਵੇਂ ਪੂਰਾ ਇਕ ਸਾਲ ਮੋਦੀ ਦੀ ਦਿੱਖ ਦੇ ਦਾਅਵੇ ਦੇ ਜ਼ੋਰ ਨਾਲ ਸਰਕਾਰ ਪੂਰਾ ਸਖ਼ਤ ਰਵੱਈਆ ਅਪਨਾਉਂਦਿਆਂ ਅੰਦੋਲਨਕਾਰੀਆਂ ਦੀ ਕੋਈ ਵੀ ਗੱਲ ਸੁਣਨ ਤੋਂ ਇਨਕਾਰੀ ਹੋਈ ਰਹੀ, ਕੁੱਲ ਮਿਲਾ ਕੇ ਫਰੈਡਰਿਕ ਨੀਤਸ਼ੇ ਦੇ ‘ਸੁਪਰਮੈਨ’ ਵਾਂਗ ਜੋ ਸੱਤਾ ਦੀ ਖ਼ਾਹਿਸ਼ ਤੋਂ ਪ੍ਰੇਰਿਤ ਸੀ! ਬੱਸ ਮੋਦੀ ਹੀ ਜਾਣਦੇ ਹਨ ਕਿ ਭਾਰਤੀ ਖੇਤੀਬਾੜੀ ਅਤੇ ਕਿਸਾਨਾਂ ਲਈ ਕੀ ਸਹੀ ਹੈ ਤੇ ਕੀ ਨਹੀਂ। ਇਸ ਤਰ੍ਹਾਂ ਉਹ ‘ਸਿਰੜੀ’ ਤੇ ‘ਦ੍ਰਿੜ੍ਹ’ ਹੈ, ਦੂਜੇ ਪਾਸੇ ਜਿਹੜੇ ਵੀ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿ਼ਲਾਫ਼ ਹਨ, ਉਹ ਜਾਂ ਤਾਂ ਮੂਰਖ ਹਨ ਜਾਂ ਵਰਗਲਾਏ ਹੋਏ ਜਾਂ ਗੁਮਰਾਹ ਹਨ। ਅਫ਼ਸੋਸ ਦੀ ਗੱਲ ਹੈ ਕਿ ਜਦੋਂ ਉਨ੍ਹਾਂ ਮੁਆਫ਼ੀ ਵੀ ਮੰਗੀ ਤਾਂ ਵੀ ਉਨ੍ਹਾਂ ਨੂੰ ਆਪਣੀ ‘ਤਪੱਸਿਆ’ ਵਿਚ ਹੀ ਕੁਝ ਕਮੀਆਂ ਮਹਿਸੂਸ ਹੋਈਆਂ ਅਤੇ ਉਨ੍ਹਾਂ ਇਕ ਤਰ੍ਹਾਂ ਆਪਣੀ ਖ਼ੂਬੀ ਮੁਤਾਬਕ ਆਪ-ਬਚਨੀ ਕਰਦਿਆਂ ਹੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਐਲਾਨਿਆ (ਜਿਸ ਦੌਰਾਨ ਨਾ ਤਾਂ ਕਿਸਾਨਾਂ ਨਾਲ ਕੋਈ ਸਲਾਹ ਕੀਤੀ, ਨਾ ਵਿਰੋਧੀ ਧਿਰ ਨਾਲ ਕੋਈ ਗੱਲਬਾਤ, ਨਾ ਕੋਈ ਸੰਸਦੀ ਚਰਚਾ ਕੀਤੀ ਅਤੇ ਮਹਿਜ਼ ਨਾਟਕੀ ਅਚੰਭਾ ਹੀ ਦਿੱਤਾ)। ਉਹ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਇਹ ਕਾਨੂੰਨ ਗ਼ਲਤ ਹਨ, ਇਸ ਦੇ ਉਲਟ ਉਨ੍ਹਾਂ ਨੂੰ ਜਾਪਦਾ ਸੀ ਕਿ ਕਿਸੇ ਕਾਰਨ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਕਿਸਾਨਾਂ ਦੇ ਇਕ ਹਿੱਸੇ ਨੂੰ ਇਨ੍ਹਾਂ ਕਾਨੂੰਨਾਂ ਦੇ ਫ਼ਾਇਦੇ ਨਹੀਂ ਸਮਝਾ ਸਕੇ। ਸੰਭਵ ਤੌਰ ਤੇ ਕਿਸੇ ਵੀ ਅੜੀਅਲ ਦੀ ਆਕੜ ਇੰਨੀ ਛੇਤੀ ਨਹੀਂ ਜਾਂਦੀ।
ਹੁਣ ਵੀ ਜੇ ਮੋਦੀ ਦੀ ਇਸ ਕਾਰਵਾਈ ਨੂੰ ਸਗੋਂ ਉਨ੍ਹਾਂ ਦੀ ਪਰਮ ਮਸੀਹਾ ਵਾਲੀ ਇਕ ਹੋਰ ਦਿੱਖ ਸਿਰਜਣ ਲਈ ਇਸਤੇਮਾਲ ਕੀਤਾ ਜਾਵੇ, ਤਾਂ ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਇਕ ਬਹੁਤ ਹੀ ‘ਦਿਆਲੂ’/‘ਕਿਸਾਨ ਹਿਤੈਸ਼ੀ’ ਮੋਦੀ ਦੀ ਦਿੱਖ! ਇਸ ਤਰ੍ਹਾਂ ਹੋ ਸਕਦਾ ਹੈ ਕਿ ਸਾਨੂੰ ਮੁਲਕ ਭਰ ਵਿਚ ਲੱਗੇ ਹੋਏ ਵੱਡੇ ਵੱਡੇ ਬੋਰਡ ਇਹ ਚੇਤੇ ਕਰਾਉਣ ਕਿ ਸਾਨੂੰ ਲਾਜ਼ਮੀ ਤੌਰ ਤੇ ਮੋਦੀ ਦੀ ਰਹਿਮਦਿਲੀ ਵਾਸਤੇ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਪ੍ਰਚਾਰ ਮਸ਼ੀਨਰੀ ਨੇ ਇਸ ਵਿਚਾਰ ਨੂੰ ਹੁਲਾਰਾ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ ਕਿ ਮੋਦੀ ਨੇ ਖੇਤੀ ਕਾਨੂੰਨ ਇਸ ਕਾਰਨ ਵਾਪਸ ਲਏ ਕਿਉਂਕਿ ‘ਦੇਸ਼-ਵਿਰੋਧੀ’ ਸਾਜਿ਼ਸ਼ੀਆਂ ਵੱਲੋਂ ਹਾਲਾਤ ਦਾ ਲਾਹਾ ਲੈਣ ਅਤੇ ਮੁਲਕ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੋਦੀ ਲਈ ਦੇਸ਼ ਹਿੱਤ ਤੋਂ ਵਧ ਕੇ ਕੁਝ ਨਹੀਂ! ਆਖਿ਼ਰ ਜ਼ਹਿਰੀ ਟੈਲੀਵਿਜ਼ਨ ਚੈਨਲਾਂ ਦੇ ‘ਚਮਕਦਾਰ’ ਐਂਕਰ ਹੋਰ ਕਰ ਵੀ ਕੀ ਸਕਦੇ ਸਨ ਕਿਉਂਕਿ ਉਹ ਇਤਿਹਾਸਕ ਕਿਸਾਨ ਅੰਦੋਲਨ ਦੀ ਨਿੰਦਾ ਕਰਦੇ, ਇਸ ਨੂੰ ਲਗਾਤਾਰ ਭੰਡਦੇ ਹੋਏ ਥੱਕਦੇ ਨਹੀਂ ਸਨ। ਹੁਣ ਉਨ੍ਹਾਂ ਨੂੰ ਮੋਦੀ ਦੇ ਅਣਕਿਆਸੇਪਣ ਨਾਲ ਸਿੱਝਣ ਲਈ ਆਪਣੇ ਢੰਗ-ਤਰੀਕੇ ਈਜ਼ਾਦ ਕਰਨੇ ਪੈਣਗੇ (ਜਾਂ ਫਿਰ ਕੀ ਇਹ ਉੱਤਰ ਪ੍ਰਦੇਸ਼ ਚੋਣਾਂ ਜਿੱਤਣ ਲਈ ਕੋਈ ਮਾਸਟਰਸਟਰੋਕ ਹੈ?)
ਸਾਡੀ ਹੋਂਦ ਕਿਸੇ ਮਸੀਹਾ ਦੀ ਰਹਿਮਦਿਲੀ ਜਾਂ ਕਰੁਣਾ ਦੀ ਮੁਥਾਜ ਨਹੀਂ ਹੋਣੀ ਚਾਹੀਦੀ ਸਗੋਂ ਇਸ ਲਈ ਰਚਨਾਤਮਕ ਢੰਗ ਨਾਲ ਆਲੋਚਨਾਤਮਕ ਸੋਚ ਦੀ ਭਾਵਨਾ ਹੋਣੀ ਚਾਹੀਦੀ ਹੈ। ਤੁਹਾਨੂੰ ਤੇ ਮੈਨੂੰ ਹਰ ਹਾਲ ਆਪਣੀ ਸੋਚ ਨੂੰ ਹੁਲਾਰਾ ਦੇਣਾ ਚਾਹੀਦਾ ਹੈ, ਆਪਣੀ ਆਵਾਜ਼ ਮੁੜ ਹਾਸਲ ਕਰਨੀ ਚਾਹੀਦੀ ਹੈ, ਸੱਤਾ ਦਾ ਵਿਖਿਆਨ ਘੋਖਣਾ ਚਾਹੀਦਾ ਹੈ ਅਤੇ ਆਪਣੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ, ਉਹ ਸਾਡੇ ਮਾਲਕ ਨਹੀਂ ਹਨ, ਉਨ੍ਹਾਂ ਨੂੰ ਨਿਮਰ ਤੇ ਹਲੀਮ ਹੋਣਾ ਚਾਹੀਦਾ ਹੈ ਅਤੇ ਸਾਡੀ ਗੱਲ ਸੁਣਨੀ ਚਾਹੀਦੀ ਹੈ। ਸੰਭਵ ਤੌਰ ਤੇ ਸੌੜੀ ਸੋਚ ਤੇ ਹਉਮੈਵਾਦੀ ਰੁਝਾਨਾਂ ਦੇ ਇਸ ਦੌਰ ਦੌਰਾਨ ਅਣਗਿਣਤ ਅਣਪਛਾਤੇ ਕਿਸਾਨਾਂ ਦੀ ਦ੍ਰਿੜਤਾ ਅਤੇ ਦਲੇਰੀ ਲੋਕਤੰਤਰੀ ਸੰਭਾਵਨਾ ਪ੍ਰਤੀ ਸਾਡੀ ਉਮੀਦ ਜਗਾਉਂਦੀ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।