ਅਸੂਲੋਂ ਸੱਖਣੀਆਂ ਲਾਲਸਾਵਾਂ ਦੀ ਡੰਗੀ ਸਿਆਸਤ – ਕੇਹਰ ਸ਼ਰੀਫ਼
ਪੰਜਾਬ ਅੰਦਰ ਹੋਣ ਵਾਲੀਆਂ ਚੋਣਾਂ ਦਾ ਐਲਾਨ ਤਾਂ ਅਜੇ ਨਹੀਂ ਹੋਇਆ ਪਰ ਕਈ ਸਿਆਸੀ ਧਿਰਾਂ ਕਈ ਚਿਰ ਤੋਂ ਚੋਣ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ। ਇਹ ਲੋਕ, ਜਮਹੂਰੀਅਤ ਦੇ ਜਾਪ ਕਰਨ ਦਾ ਢੌਂਗ ਕਰਦੇ ਹਨ, ਜਦੋਂ ਇਹ ਚੋਣਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨ ਦੀ ਮੰਗ ਕਰਦੇ ਹਨ, ਇਹ ਕਰਮ ਗੈਰ-ਜਮਹੂਰੀ ਹੈ। ਮੁੱਖ ਮੰਤਰੀ ਚੁਣੇ ਹੋਏ ਵਿਧਾਨਕਾਰਾਂ ਨੇ ਚੁਣਨਾ ਹੁੰਦਾ ਹੈ। ਪਰ ਆਪਣੇ ਆਪ ਨੂੰ "ਸਿਆਣੇ" ਆਖਣ ਵਾਲੇ ਵੀ ਇਹੋ ਰਟ ਦੁਹਰਾਈ ਜਾ ਰਹੇ ਹਨ। ਐਲਾਨ ਹੋ ਵੀ ਰਹੇ ਹਨ, ਸੁਖਬੀਰ ਸਿੰਘ ਬਾਦਲ ਆਪ ਹੀ ਆਪਣੇ ਸਿਰ 'ਤੇ ਹੱਥ ਰੱਖਕੇ ਆਪਣੇ ਆਪ ਨੂੰ ਬਾਦਲ ਅਕਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਿਹਰਾ ਆਖ ਰਿਹਾ ਹੈ, ਲੋਕਾਂ 'ਚ ਭੁਲੇਖਾ ਪਾਉਣ ਵਾਸਤੇ ਵੱਡੇ ਬਾਦਲ ਦਾ ਨਾਂ ਵੀ ਲੈ ਦਿੰਦਾ। ਕਈ ਸਿਆਸੀ ਨੇਤਾ ਤਾਂ ਮਾਨਸਿਕ ਰੋਗੀਆਂ ਵਰਗਾ ਵਿਹਾਰ ਕਰ ਰਹੇ ਹਨ। ਲੋਕ ਇਸ ਬਾਰੇ ਵੀ ਜ਼ਰੂਰ ਸੋਚਣ ।
ਸਿਆਸੀ ਸ਼ਰੀਕੇ ਦੀ ਮੁਕਾਬਲੇਬਾਜ਼ੀ ਨੀਵਾਣਾਂ ਵੱਲ ਵਧਦੀ ਵੀ ਦੇਖੀ ਜਾ ਸਕਦੀ ਹੈ। ਕਿਸੇ ਨੂੰ ਕਾਲਾ ਕਹਿਣਾ, ਕਿਸੇ ਨੂੰ ਰਿਸ਼ਤਾ ਕਰਨ ਦਾ ਮਿਹਣਾ ਮਾਰਨਾ ਬਦਮਗਜ਼ੀ ਪੈਦਾ ਕਰਨ ਵਾਲੀਆਂ ਗੱਲਾਂ ਹਨ। ਹਰ ਪਾਰਟੀ ਵਿਚ ਕਿਸੇ ਦੂਸਰੀ ਪਾਰਟੀ ਦਾ ਕੰਡਮ ਹੋਇਆ ਮਾਲ "ਸ਼ਾਨੋ-ਸ਼ੌਕਤ" ਨਾ ਆ ਰਿਹਾ। ਅਕਾਲੀ ਦਲ ਬਾਦਲ ਦਾ ਪ੍ਰਧਾਨ, 'ਸ਼੍ਰੋਮਣੀ ਗੱਪਾਂ' ਵਿਚ ਮਸਤ ਹੈ, ਦਾਲ ਦੀ ਥਾਂ ਆਲੂ ਦੇਣ ਦੇ ਐਲਾਨ ਹੋ ਰਹੇ ਹਨ। "ਰੱਜੇ-ਪੁੱਜੇ ਲੀਡਰ" ਪੰਜਾਬੀਆਂ ਨੂੰ ਸਮਝ ਕੀ ਰਹੇ ਹਨ ਭਲਾਂ ?
ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਕੇਜਰੀਵਾਲ ਕਿੰਨਾ ਕੁ ਅਸੂਲ ਪ੍ਰਸਤ ਹੈ ਸਾਰੇ ਹੀ ਜਾਣਦੇ ਹਨ। ਪਿਛਲੀਆਂ ਚੋਣਾਂ ਦੇ ਸਮੇਂ ਪਰਦੇਸੀ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਲੋਂ ਇਸ ਪਾਰਟੀ ਨੂੰ ਦਿੱਤੇ ਗਏ ਦੱਸੇ ਜਾਂਦੇ ਹਜ਼ਾਰਾਂ ਕਰੋੜ ਰੁਪਏ ਦਾ ਅੱਜ ਤੱਕ ਕਿਸੇ ਨੂੰ ਹਿਸਾਬ ਹੀ ਨਹੀਂ ਦਿੱਤਾ। ਉਹ ਪੈਸਾ ਕਿੱਥੇ ਗਿਆ ? ਦੱਸਦੇ ਹੀ ਨਹੀਂ। ਪਰਦੇਸਾਂ ਅੰਦਰ ਡਾਲਰ ਇਕੱਠੇ ਕਰਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਖੁਦ, ਪਰ ਜੇਲ੍ਹ ਜਾਵੇ ਸੁਖਪਾਲ ਖਹਿਰਾ, ਪਾਰਟੀ ਆਪਣਾ ਪੱਲਾ ਹੀ ਝਾੜ ਲਵੇ, ਫੇਰ ਇਹ ਪੈਸਾ ਗਿਆ ਕਿੱਥੇ, ਇਹ ਵੀ ਨਹੀਂ ਦੱਸਦੇ। ਇਹ ਹਨ ਅੱਜ ਦੇ "ਸੱਚ ਪੁੱਤਰ", ਜੋ ਵਾਰ ਵਾਰ ਝੂਠ ਬੋਲਕੇ ਸੱਚ ਸਾਬਤ ਕਰਨ ਵਾਸਤੇ ਗੋਇਬਲਜ਼ ਵਾਲੀ ਜੁਗਤ ਦੇ ਪੈਰੋਕਾਰ ਹਨ। ਇਸ ਪਾਰਟੀ ਦਾ ਸਰਵੇ-ਸਰਵਾ ਕੇਜਰੀਵਾਲ ਹੀ ਹੈ, ਬਾਕੀ ਤਾਂ ਉਹਦੇ ਗੜਵਈ ਹੀ ਵਿਖਾਈ ਦਿੰਦੇ ਹਨ। ਨਿਰੇ ਅੰਧ-ਭਗਤ, ਪਿੱਛੇ ਤੁਰਨ ਵਾਲੇ, ਸਤਿ-ਬਚਨ ਕਹਿ ਕੇ ਆਪਣੇ ਵਾਸਤੇ ਟਿਕਟ/ਅਹੁਦਾ ਭਾਲਣ ਵਾਲੇ। ਇਸ ਚੁਟਕਲੇ ਦਾ ਦੂਜਾ ਪਾਸਾ ਇਹ ਹੈ ਕਿ ਆਪ ਵਾਲਿਆਂ ਵਲੋਂ ਵੀ "ਗਰੰਟੀਆਂ" ਦੇ ਰੂਪ 'ਚ ਨਾਅਰੇ ਪੰਜਾਬ ਦਾ "ਭਲਾ" ਕਰਨ ਦੇ ਲੱਗ ਰਹੇ ਹਨ।
ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਭਗਵੰਤ ਮਾਨ ਜੋ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਤੇ ਲੋਕ ਸਭਾ ਅੰਦਰ ਪਾਰਟੀ ਦਾ ਇਕਲੌਤਾ ਪਾਰਲੀਮੈਂਟ ਮੈਂਬਰ ਹੈ, ਉਹ ਕਈ ਮਹੀਨਿਆਂ ਤੋਂ ਆਪਣੇ ਆਪ ਨੂੰ ਮੁੱਖਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਕੇਜਰੀਵਾਲ ਅੱਗੇ ਤਰਲੇ ਮਾਰ ਰਿਹਾ ਹੈ, ਪਰ ਉਹਦੇ ਹਿੱਸੇ ਦੀਆਂ ਗਾਜਰਾਂ ਹੋਰ ਦੂਰ ਹੋਈ ਜਾ ਰਹੀਆਂ। ਆਪ ਦੇ ਬਹੁਤ ਸਾਰੇ ਕਾਰਕੁਨ ਵੀ ਭਗਵੰਤ ਨੂੰ ਉਮੀਦਵਾਰ ਐਲਾਨਣ ਦੀ ਮੰਗ ਕਰਦੇ ਹਨ। ਇਸ ਦਬਾਅ ਨੂੰ ਬਣਾਈ ਰੱਖਣ ਵਾਸਤੇ ਕੇਜਰੀਵਾਲ ਦੇ ਇਕੱਠਾਂ ਵਿਚ ਭਗਵੰਤ ਮਾਨ ਦੇ ਹੱਕ 'ਚ ਨਾਅਰੇ ਲਾਏ/ਲੁਆਏ ਜਾਂਦੇ ਹਨ। ਪਰ, ਸੂਤਰਾਂ ਦੇ ਜਾਣਕਾਰ ਦੱਸਦੇ ਹਨ ਕਿ ਕੇਜਰੀਵਾਲ ਖੁਦ ਇਸ ਅਹੁਦੇ ਵਾਸਤੇ ਦਿਲਚਸਪੀ ਰੱਖਦਾ ਹੈ। ਪੰਜਾਬ ਅੰਦਰ ਦਿੱਲੀ ਵਲੋਂ ਥਾਪਿਆ "ਇੰਚਾਰਜ" ਜਰਨੈਲ ਸਿੰਘ ਕਿਧਰੇ ਨਜ਼ਰ ਨਹੀਂ ਆਉਂਦਾ, ਉਹਦੇ ਥਾਂ ਰਾਘਵ ਚੱਢਾ ਵਿਖਾਈ ਦਿੰਦਾ ਹੈ । (ਕਈ ਸਿਆਸੀ ਟਿੱਪਣੀਕਾਰ ਇਸੇ ਨੂੰ ਦੁਰਗੇਸ਼ ਪਾਠਕ ਦਾ ਪੁੱਨਰ ਜਨਮ ਜਾਂ ਉਸਦੀ ਘਸਮੈਲ਼ੀ ਜਹੀ ਕਾਰਬਨ ਕਾਪੀ ਆਖ ਰਹੇ ਹਨ) ਫੇਰ ਦਿੱਲੀ ਵਾਲੇ ਸਿਸੋਦੀਆ ਤੇ ਕੇਜਰੀਵਾਲ ਮਸਲੇ ਭਟਕਾਉਣ ਵਾਸਤੇ ਹਰ ਹਰਬਾ ਵਰਤ ਕੇ ਅਤਿ ਦਾ ਜ਼ੋਰ ਲਾ ਰਹੇ ਹਨ। ਉਵੇਂ ਹੀ ਜਿਵੇਂ ਇਹ ਆਪਣੀਆਂ ਐਨਜੀਓਜ਼ ਚਲਾਉਂਦੇ ਰਹੇ ਹਨ, ਸ਼ਾਇਦ ਉਸੇ ਤਰਜ਼ 'ਤੇ ਪੰਜਾਬ ਨੂੰ ਚਲਾਉਣ ਦੇ ਚਾਹਵਾਨ ਹਨ। ਅੰਨ੍ਹੇ-ਵਾਹ ਸਕੀਮਾਂ ਦੇ ਐਲਾਨ ਕਰ ਰਹੇ ਹਨ, ਮੁਫਤ ਬਿਜਲੀ, ਬਾਲਗ ਬੀਬੀਆਂ ਵਾਸਤੇ ਹਜ਼ਾਰ ਰੁਪਏ ਮਹੀਨਾਂ ਤੇ ਹੋਰ ਕਈ ਕੁੱਝ – ਪਰ ਆਪ ਦੀ ਸਰਕਾਰ ਵਲੋਂ ਦਿੱਲੀ ਅੰਦਰ ਵਸਦੀਆਂ ਕਿੰਨੀਆਂ ਬਾਲਗ ਬੀਬੀਆਂ ਨੂੰ ਮਹੀਨੇ ਦੇ ਕਿੰਨੇ ਪੈਸੇ ਮਿਲਦੇ ਹਨ, ਕੋਈ ਨਹੀਂ ਦੱਸਦਾ । ਪੰਜਾਬ ਵਿਧਾਨ ਸਭਾ ਅੰਦਰ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਜੋਂ ਅਤਿ ਦੀ ਨਾਲਾਇਕ ਸਾਬਤ ਹੋਈ ਹੈ। ਮੁੱਦੇ ਤਾਂ ਹੋਰ ਵੀ ਹਨ ਪਰ ਇਹ ਆਪਣੀ ਤੂਤੀ ਬੋਲਦੇ ਹਨ। ਸਿਆਸੀ ਲੋਕ ਅਸਲ ਮੁੱਦਿਆਂ 'ਤੇ ਖੁੱਲ੍ਹ ਕੇ ਨਹੀਂ ਬੋਲ ਰਹੇ, ਲੋਕਾਂ ਨੂੰ ਭਟਕਾ ਰਹੇ ਹਨ। ਅਸਲ ਮੁੱਦਿਆਂ ਨੂੰ ਭਟਕਾ ਦੇਣਾ ਲੋਕਾਂ ਨਾਲ ਧੋਖਾ ਹੁੰਦਾ ਹੈ।
ਇਸ ਦੇਸ਼ ਵਿਚ ਬੇਗਾਨੇ ਮਾਡਲ ਦੀ ਬਹੁਤ ਗੱਲ ਹੁੰਦੀ ਹੈ। ਪਹਿਲਾਂ ਦੇਸ਼ ਅੰਦਰ ਖੋਖਲੇ ਗੁਜਰਾਤ ਮਾਡਲ ਦਾ ਬਹੁਤ ਭਰਮ ਫੈਲਾਇਆ ਗਿਆ ਸੀ। ਪੰਜਾਬ ਅੰਦਰ ਆਮ ਆਦਮੀ ਪਾਰਟੀ ਵਲੋਂ ਦਿੱਲੀ ਮਾਡਲ ਦੀ ਵੀ ਚਰਚਾ ਹੈ। ਦਿੱਲੀਉਂ ਚੰਡੀਗੜ ਆਈ ਕਾਂਗਰਸ ਦੀ ਸਾਬਕਾ ਵਿਧਾਇਕਾ ਅਲਕਾ ਲਾਂਬਾ ਨੇ ਦਿੱਲੀ ਮਾਡਲ ਦਾ ਹੀਜ-ਪਿਆਜ਼ ਨੰਗਾ ਕੀਤਾ। ਉਹਨੇ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਦਿੱਲੀ ਅੰਦਰ ਬੇਰੁਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਹੈ, ਵੱਡੀ ਗਿਣਤੀ ਵਿਚ ਵਿਧਇਕਾਂ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ਼ ਹਨ, ਲੋਕ ਪਾਲ ਦਾ ਦਫਤਰ ਇਕ ਸਾਲ ਤੋਂ ਬੰਦ ਹੈ, ਬਿਜਲੀ 6.50 ਰੁਪਏ ਯੂਨਿਟ ਦੇ ਹਿਸਾਬ ਮਿਲ ਰਹੀ ਹੈ, ਔਰਤਾਂ ਵੱਡੀ ਭਾਰੀ ਗਿਣਤੀ ਵਿਚ ਬੇ-ਰੁਜ਼ਗਾਰ ਹਨ ਆਦਿ। ਅਜਿਹਾ ਮਾਡਲ ਪੰਜਾਬ ਦਾ ਕੀ ਸਵਾਰੇਗਾ ? ਯਾਦ ਰਹੇ ਅੱਜ ਦੇ ਦਿਹਾੜੇ ਦਿੱਲੀ ਦੇ ਸਕੂਲਾਂ ਦੇ ਅਧਿਆਪਕ ਆਪਣੀਆਂ ਤਨਖਾਹਾਂ ਲੈਣ ਲਈ ਧਰਨੇ ਮਾਰ ਰਹੇ ਹਨ। ਪੰਜਾਬ ਕਾਂਗਰਸ ਦਾ ਪ੍ਰਧਾਨ ਉੱਥੋਂ ਦੇ ਅਧਿਆਪਕਾਂ ਦਾ ਸਾਥ ਦੇ ਰਿਹਾ, ਧਰਨੇ 'ਚ ਬੈਠ ਰਿਹਾ। ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਵੇਚ ਰਿਹਾ। ਚੰਗਾ ਹੋਵੇ ਜੇ ਦੋਵੇਂ ਨੇਤਾ ਆਪੋ-ਆਪਣੇ ਸੂਬੇ ਦੇ ਲੋਕਾਂ ਨੂੰ ਇਨਸਾਫ ਦੇਣ ਬਾਰੇ ਲੜਨ। ਬਿਨ ਮਤਲਬੀਆਂ ਟਪੱਲਾਂ ਮਾਰਨ ਦੀ ਹੈ ਕੋਈ ਤੁਕ ?
ਕੇਜਰੀਵਾਲ ਗਰੰਟੀਆਂ "ਵੰਡ" ਰਿਹਾ ਹੈ ਪਰ ਇਕ ਗਰੰਟੀ ਉਹ ਨਹੀਂ ਦੇ ਰਿਹਾ ਅਤੇ ਨਾ ਹੀ ਦੇ ਸਕਦਾ ਹੈ ਕਿ ਆਪ ਦੇ ਜਿੱਤੇ ਵਿਧਾਇਕ ਲੋਕ ਰਾਇ ਦਾ ਫੇਰ ਅਪਮਾਨ ਨਹੀਂ ਕਰਨਗੇ, ਜੇ ਜਿੱਤ ਜਾਣ ਤਾਂ ਜਿੱਤਣ ਤੋਂ ਬਾਅਦ ਉਹ ਆਪ ਨਾਲ ਹੀ ਰਹਿਣਗੇ, ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿਚ ਨਹੀਂ ਜਾਣਗੇ। ਆਪ ਵਾਲੇ ਇਸ ਵਾਰ ਜੇ ਪਹਿਲਾਂ ਜਿੰਨੀਆਂ ਸੀਟਾਂ ਲੈ ਜਾਣ ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਇਸ ਪਾਰਟੀ ਦਾ "ਕੌਮੀ ਕਨਵੀਨਰ" ਸਵੈ ਕੇਂਦਰੀਕਰਨ ਦੀ ਬੀਮਾਰੀ ਦਾ ਸ਼ਿਕਾਰ ਹੈ, ਪਾਰਟੀ ਦਾ ਹਰ ਬੰਦਾ ਉਹਦੇ ਸਾਹਮਣੇ ਬੌਨਾ ਹੈ, ਪਾਰਟੀ ਨੂੰ ਚਾਰ ਐਮਪੀ ਦੇਣ ਵਾਲੇ ਪੰਜਾਬ ਦੇ ਕਾਰਕੁਨ ਵੀ ਉਹਦੇ ਅੱਗੇ ਵਿਛੇ ਪਏ ਹਨ, ਕਿਹੜੀਆਂ ਗਰਜਾਂ ਦੇ ਮਾਰੇ ਹੋਏ ਆਪਣੇ ਆਪ ਨੂੰ "ਅਣਖੀ“, "ਬਹਾਦਰ“, "ਇਮਾਨਦਾਰ" ਕਹਿਣ-ਦੱਸਣ ਵਾਲੇ ਇਹ ਕੌਣ ਲੋਕ ਹਨ? ਇਨ੍ਹਾਂ "ਬਹਾਦਰਾਂ 'ਤੇ ਤਾਂ ਤਰਸ ਹੀ ਕੀਤਾ ਜਾ ਸਕਦਾ।
ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਕਾਫੀ ਸਾਰੀਆਂ ਗਹਿਣੇ ਰੱਖੀਆਂ ਜਾਇਦਾਦਾਂ ਵੀ ਹਨ ਜਿਨ੍ਹਾਂ ਦਾ ਅਸਾਸਾ ਦੋ ਲੱਖ ਕਰੋੜ ਰੁਪਏ ਦੱਸਿਆ ਜਾ ਰਿਹਾ ਹੈ, ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਵੀ ਕਾਫੀ ਕਰਜ਼ੇ ਹਨ, ਬੇਰੋਜ਼ਗਾਰੀ ਸਿਖਰਾਂ 'ਤੇ ਹੈ, ਕਿਵੇਂ ਅਤੇ ਕਿੱਥੇ ਨਵੇਂ ਕੰਮ ਪੈਦਾ ਕਰਨੇ ਹਨ, ਸੱਭਿਅਚਾਰਕ ਤੇ ਭਾਸ਼ਾਈ ਮਸਲੇ ਹਨ, ਸਿਹਤ ਤੇ ਸਿੱਖਿਆ ਦੇ ਖੇਤਰ ਧਿਆਨ ਮੰਗਦੇ ਹਨ, ਹੋਈਆਂ ਬੇ-ਅਦਬੀਆਂ ਦਾ ਇਨ੍ਹਾਂ ਕੋਲ ਕੀ ਹੱਲ ਹੈ? 2015 ਵਿਚ ਹੋਈਆਂ ਬੇ-ਅਦਬੀਆਂ 2021 ਵਿਚ ਵੀ ਲਟਕਦਾ ਮਸਲਾ ਹੈ, ਹਕੂਮਤਾਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਹਿੰਗਾਈ ਅਸਮਾਨ ਛੂਹ ਰਹੀ ਹੈ, ਗਰੀਬ ਦਾ ਜੀਊਣਾ ਔਖਾ ਹੋਇਆ ਪਿਆ। ਹੁਣ ਤੱਕ ਦੇ ਚੱਲ ਰਹੇ ਖੇਤੀ ਮਾਡਲ ਨੂੰ ਬਦਲਣ ਦਾ ਸਵਾਲ ਹੈ, ਜ਼ਹਿਰ ਰਹਿਤ ਭਾਵ ਜੈਵਿਕ (ਕੁਦਰਤੀ) ਖੇਤੀ ਲਈ ਇਨ੍ਹਾਂ ਕੋਲ ਕੀ ਪਲੈਨ ਹੈ ? ਇਨ੍ਹਾਂ ਸਭ ਗੱਲਾਂ 'ਤੇ ਸਿਆਸਤਦਾਨ ਨਹੀਂ ਬੋਲ ਰਹੇ। ਕਿਉਂ ਨਹੀਂ ਬੋਲ ਰਹੇ ? ਕੈਪਟਨ ਨੇ ਬਾਦਲਾਂ ਵਾਲੀਆਂ ਨੀਤੀਆਂ ਚਾਲੂ ਰੱਖਕੇ ਸਾਢੇ ਚਾਰ ਸਾਲ ਪੰਜਾਬ ਨੂੰ ਬਰਬਾਦ ਕੀਤਾ। ਹੁਣ, ਕੈਪਟਨ ਦੇ ਬੀਜੇ ਹੋਏ ਕੰਡੇ ਚੰਨੀ, ਪਰਗਟ ਵਰਗਿਆਂ ਨੂੰ ਚੁਗਣ ਵਾਸਤੇ ਕਿਹਾ ਜਾ ਰਿਹਾ ।
ਕੈਪਟਨ ਨੇ ਆਪਣੀ ਪਾਰਟੀ ਬਣਾ ਲਈ ਹੈ। ਭਾਜਪਾ ਨਾਲ ਸਮਝੌਤਾ ਕਰਕੇ ਮੋਦੀ ਤੋਂ ਆਪਣੇ ਵਾਸਤੇ ਪ੍ਰਚਾਰ ਕਰਵਾਉਣ ਦਾ ਚਾਹਵਾਨ ਹੈ। ਕੈਪਟਨ ਨੂੰ ਤਾਂ ਇੰਨਾ ਹੀ ਕਿਹਾ ਜਾ ਸਕਦਾ ਕਿ ਉਹ ਚੇਤੇ ਰੱਖੇ ਕਿ ਮੋਦੀ ਨੇ ਅਮਰੀਕਾ ਜਾ ਕੇ ਟਰੰਪ ਲਈ ਵੀ ਪ੍ਰਚਾਰ ਕੀਤਾ ਸੀ, ਉਹਦਾ ਹਸ਼ਰ ਕੀ ਹੋਇਆ, ਸਭ ਜਾਣਦੇ ਹਨ, ਕੈਪਟਨ ਆਪਣੇ ਨਾਲ ਵਾਲਿਆਂ ਤੋਂ ਹੀ ਪੁੱਛ ਲਵੇ।
ਅਜੇ ਉਡੀਕ ਕਰਨੀ ਪਵੇਗੀ ਕਿ ਕਿਹੜੀਆਂ ਹੋਰ ਧਿਰਾਂ ਇਸ ਚੋਣ ਮੈਦਾਨ ਵਿਚ ਨਿੱਤਰਦੀਆਂ ਹਨ ਤੇ ਉਹ ਕਿਹੜੇ ਮੁੱਦੇ ਵਿਚਾਰ ਅਧੀਨ ਲੈ ਕੇ ਆਉਂਦੇ ਹਨ। ਕਿਸਾਨਾਂ ਦਾ ਸੰਘਰਸ਼ ਜਿੱਤ ਤੋਂ ਬਾਅਦ ਅਗਲੇ ਪੜਾਵਾਂ ਵੱਲ ਵਧੇਗਾ। ਉਹ ਵੀ ਧਿਰ ਬਣਨਗੇ ਜਾਂ ਫੇਰ ਵੱਖੋ-ਵੱਖ ਧਿਰਾਂ ਨਾਲ ਜੁੜਨਗੇ। ਕਿਸਾਨ ਸੰਘਰਸ਼ ਦੀ ਹੋਈ ਜਿੱਤ ਨੇ ਪੰਜਾਬ ਦੇ ਭਵਿੱਖ ਨੂੰ ਰਾਹ ਦੱਸਣਾ ਹੈ। ਜਿੱਤ ਵਿਚੋਂ ਜੋ ਰਾਹ ਦਿਸਦਾ ਹੈ ਉਹ ਹੈ ਲੋਕ ਪੱਖੀ ਧਿਰਾਂ ਦੀ ਸਿਰ ਜੋੜਵੀਂ ਏਕਤਾ ਤੇ ਸੰਘਰਸ਼ ।
ਕਈ ਸਿਆਸੀ ਪਾਰਟੀਆਂ ਗੱਠਜੋੜਾਂ ਦੇ ਨਾਂ 'ਤੇ ਡੀਲ ਕਰ ਰਹੀਆਂ ਹਨ। ਲੋਕਾਂ ਨੂੰ ਲਾਲਚੀ ਲੋਭੀ ਸਿਆਸੀ ਗਿਰਝਾਂ ਤੋਂ ਬਚਣ ਵਾਸਤੇ ਸੁਚੇਤ ਰਹਿਣ ਦੀ ਲੋੜ ਹੈ। ਲੋਕ ਭਾਖਿਆ ਇਹ ਹੈ ਕਿ ਇਸ ਵਾਰ ਪੰਜਾਬ ਅੰਦਰ ਕਿਸੇ ਵੀ ਦਲ ਨੂੰ ਸਰਕਾਰ ਬਨਾਉਣ ਜੋਗੀਆਂ ਸੀਟਾਂ ਨਹੀਂ ਆਉਣ ਲੱਗੀਆਂ। ਲਟਕਵੀਂ ਅਸੰਬਲੀ ਦੀ ਆਸ ਹੈ। ਸਿਆਸੀ ਪਾਰਟੀਆਂ ਭਵਿੱਖ ਵਿਚ ਬਣਨ ਵਾਲੀ ਸਰਕਾਰ 'ਤੇ ਆਪਣੇ ਵਲੋਂ ਕਬਜਾ ਕਰਨ ਲਈ ਹਰ ਹਰਬਾ ਵਰਤਣ ਵਿਚ ਵਿਅਸਥ ਹਨ ।
ਸੰਪਰਕ : +491733546050