ਮਿੱਤਰ ਪਿਆਰੇ ਦੇ ਦਰਬਾਰ ਪਹੁੰਚਾ ਸਾਈਕਲ ਦਾ ਅਸਵਾਰ ! -ਤਰਲੋਚਨ ਸਿੰਘ ‘ਦੁਪਾਲ ਪੁਰ’
ਅਕਸਰ ਮੈਂ ਸਿਆਲ਼ ਰੁੱਤੇ ਅਮਰੀਕਾ ਤੋਂ ਪੰਜਾਬ ਆਪਣੇ ਪਿੰਡ ਆ ਜਾਇਆ ਕਰਦਾ ਹਾਂ। ਇਵੇਂ ਸੰਨ 2019 ਵਿਚ ਦਸੰਬਰ
ਦੇ ਪਹਿਲੇ ਹਫਤੇ ਮੈਂ ਪਿੰਡ ਪਹੁੰਚ ਗਿਆ। ਸੋਚ ਕੇ ਤਾਂ ਮੈਂ ਅਮਰੀਕਾ ਤੋਂ ਹੀ ਤੁਰਿਆ ਸਾਂ ਕਿ ਇਸ ਵਾਰ ਗੁਰਦੁਆਰਾ ਮਾਛੀਵਾੜਾ ਸਾਹਿਬ
ਦੀ ਸਾਲਾਨਾ ‘ਸਭਾ’ ਉੱਤੇ ਜਰੂਰ ਜਾਣਾ ਹੈ।ਪਰ ਨੌਂ ਪੋਹ ਦਾ ‘ਸਭਾ’ ਵਾਲ਼ਾ ਦਿਨ ਨੇੜੇ ਆਉਂਦਾ ਦੇਖ ਕੇ ਮੈਨੂੰ ਫੁਰਨਾ ਫੁਰਿਆ ਕਿ ਕਿਉਂ ਨਾ
ਐਤਕੀਂ ਬਿਲਕੁਲ ਉਵੇਂ ਹੀ ਇਹ ਯਾਤਰਾ ਕੀਤੀ ਜਾਵੇ ਜਿਵੇਂ ਸਾਡਾ ਬਾਪ ਹਰ ਸਾਲ ਸਾਨੂੰ ਸਾਈਕਲ ’ਤੇ ਲਿਜਾਂਦਾ ਹੁੰਦਾ ਸੀ। ਇਸ ਸੋਚ
ਨੂੰ ਅਮਲ ਵਿਚ ਲਿਆਉਣ ਲਈ ਮੈਂ ‘ਰਿਹਰਸਲ’ ਕਰਨ ਵਾਂਗ ਸਵੇਰੇ ਸਵੇਰੇ ਪੈਦਲ ‘ਵਾਕ’ ਕਰਨ ਦੀ ਬਜਾਏ ਸਾਈਕਲ ’ਤੇ ਸੈਰ ਕਰਨੀ
ਅਰੰਭੀ।ਭਾਵੇਂ 17 ਸਾਲ ਤੋਂ ਅਮਰੀਕਾ ਵੱਸਣ ਦੌਰਾਨ ਸਾਈਕਲ ਮੈਥੋਂ ਛੁੱਟ ਹੀ ਗਿਆ ਪਰ ਪਿੰਡ ਰਹਿੰਦਿਆਂ ਚਾਲ਼ੀ ਪੰਜਤਾਲ਼ੀ ਸਾਲ ਦੀ ਉਮਰ ਤੱਕ ਸਾਈਕਲ ਖੂਬ੍ਹ ਚਲਇਆ ਹੋਣ ਸਦਕਾ ਮੈਂ ਦੋ ਚਾਰ ਦਿਨ ਵਿਚ ਹੀ ਸਾਈਕਲ ਚਲਾਉਣ ’ਚ ਰਵਾਂ ਹੋ ਗਿਆ।
ਲਉ ਜੀ ਆ ਗਿਆ ਨੌਂ ਪੋਹ ਦਾ ਦਿਨ। ਮੈਂ ਇਸ ਡਰੋਂ ਆਪਣੇ ਪ੍ਰਵਾਰ ਨੂੰ ਵੀ ਨਾ ਦੱਸਿਆ ਕਿ ਇਨ੍ਹਾਂ ਨੇ ਮੈਨੂੰ ਰੋਕ ਦੇਣਾ ਹੈ ਕਿ ਤੁਸੀਂ
15-20 ਮੀਲ ਸਾਈਕਲ ਚਲਾ ਕੇ ਏਡੀ ਦੂਰ ਨਾ ਜਾਉ! ਸੋ ਮੈਂ ਸੁਵਖਤੇ ਚਾਹ ਪੀ ਕੇ ਆਪਣੇ ਪਿੰਡੋਂ ਦੋ ਤਿੰਨ ਕੁ ਮੀਲ ਦੂਰ ਵਗਦੇ ਦਰਿਆ ਸਤਿਲੁਜ ਕੰਢੇ ਪਹੁੰਚ ਗਿਆ।ਭਾਵੇਂ ਦਰਿਆ ’ਤੇ ਰਾਹੋਂ-ਖੰਨਾਂ ਸਮਰਾਲੇ ਵਾਲ਼ਾ ਪੁਲ਼ ਵੀ ਸਾਡੇ ਪਿੰਡੋਂ ਬਹੁਤੀ ਦੂਰ ਨਹੀਂ ਪਰ ਮੇਰੀ ਰੀਝ ਉਹੀ
ਬਚਪਨ ਦੀ ਯਾਤਰਾ ਵਾਲ਼ੀ ਹੀ ਸੀ ਕਿ ਉਵੇਂ ਹੀ ਬੇੜੀ ਵਿਚ ਬਹਿ ਕੇ ਦਰਿਆ ਪਾਰ ਕਰਨਾ ਹੈ! ਦੋ ਕੁ ਦਿਨ ਪਹਿਲਾਂ ਸੈਰ ਕਰਨ ਆਇਆ ਦਰਿਆ ਕੰਢੇ ਬੰਨ੍ਹੀਂ ਹੋਈ ਬੇੜੀ ਮੈਂ ਦੇਖ ਹੀ ਗਿਆ ਸਾਂ।
ਜਦੋਂ ਸਾਈਕਲ ਫੜਕੇ ਬੰਨ੍ਹ ਤੋਂ ਉਤਰ ਕੇ ਮੈਂ ਦਰਿਆ ਦੀ ਚੁਆੜ ਵੱਲ੍ਹ ਜਾ ਰਿਹਾ ਸਾਂ ਤਦ ਮੈਂ ਦੇਖਿਆ ਕਿ ਬੇੜੀ ਦੂਜੇ ਪਾਸਿਉਂ
ਮੇਰੇ ਵੱਲ੍ਹ ਦੇ ਪਸੇ ਨੂੰ ਆ ਰਹੀ ਸੀ ਤੇ ਉਹਦੇ ਵਿਚ ਤਿੰਨ ਸਵਾਰ ਸਨ, ਇਕ ਜਣਾ ਵੰਝ ਨਾਲ ਬੇੜੀ ਚਲਾ ਰਿਹਾ ਸੀ ਤੇ ਦੋ ਫੱਟੇ ’ਤੇ ਬੈਠੇ ਸਨ। ਕੰਢੇ ਆ ਲੱਗੀ ਬੇੜੀ ਵਿਚ ਬਹਿਣ ਲਈ ਜਦ ਮੈਂ ਆਪਣੇ ਸਾਈਕਲ ਨੂੰ ਹੱਥ ਪਾਇਆ ਤਾਂ ਉਹ ਤਿੰਨੋਂ ਜਣੇ ਜੱਕੋ-ਤੱਕੀ ਜਿਹੀ ’ਚ ਪਏ ਮੇਰੇ ਵੱਲ੍ਹ ਝਾਕਣ ਲੱਗੇ! ਇਕ ਜਣਾ ਮੈਨੂੰ ਕਹਿੰਦਾ ਕਿ ਸਰਦਾਰ ਜੀ ਇਹ ਬੇੜੀ ਮੁਸਾਫਿਰ ਆਰ-ਪਾਰ ਲੰਘਾਉਣ ਲਈ ਨਹੀਂ, ਇਹ ਤਾਂ ਅਸੀਂ ਸਿਰਫ ਆਪਣੀ ਵਰਤੋਂ ਲਈ ਹੀ ਰੱਖੀ ਹੋਈ ਹੈ। ਅਸਲ ਵਿਚ ਉਹ ਵਿਚਾਰੇ ਦਿਹਾੜੀਦਾਰ ਮਜ਼ਦੂਰ ਸਨ ਜੋ ਪਾਰੋਂ ਉਰਲੇ ਪਾਸੇ ਖੇਤੀ ਬਾੜੀ ਦੇ ਕੰਮਾਂ ਲਈ ਮਜ਼ਦੂਰੀ ਕਰਨ ਆਉਂਦੇ ਸਨ।ਉਨ੍ਹਾਂ ਦੱਸਿਆ
ਕਿ ਮਾਛੀਵਾੜੇ ਵੱਲ੍ਹ ਜਾਣ ਵਾਲ਼ੇ ਲੋਕ ਹੁਣ ਪੁਲ਼ ਤੋਂ ਹੀ ਜਾਂਦੇ ਹਨ, ਬੇੜੀ ਰਾਹੀਂ ਨਹੀਂ।ਮੈਂ ਉਨ੍ਹਾਂ ਨੂੰ ਆਪਣੇ ਅਣਜਾਣ ਹੋਣ
ਬਾਰੇ ਦੱਸਦਿਆਂ ਪੂਰੀ ਗੱਲ ਦੱਸੀ ਕਿ ਮੇਰੀ ਰੀਝ ਸੀ ਬਚਪਨ ਵਾਂਗ ਬੇੜੀ ’ਚ ਬਹਿ ਕੇ ਦਰਿਆ ਪਾਰ ਕਰਨ ਦੀ!
ਮੇਰੇ ਗੁਰਦੁਆਰਾ ਸਾਹਿਬ ਜਾਣ ਬਾਰੇ ਸੁਣ ਕੇ ਉਨ੍ਹਾਂ ’ਚੋਂ ਦੋ ਜਣੇ, ਬੇੜੀ ’ਚ ਖੜ੍ਹੇ ਆਪਣੇ ਸਾਥੀ ਨੂੰ ਕਹਿੰਦੇ ਕਿ ਜਾਹ ਬਈ
ਸਰਦਾਰ ਜੀ ਕੋ ਛੋੜ ਕਰ ਆ!
ਜਦ ਮੈਂ ਦੂਸਰੇ ਕੰਢੇ ਬੇੜੀ ’ਚੋਂ ਉਤਰ ਕੇ ਮਲਾਹ ਨੂੰ ਭਾੜਾ ਦੇਣ ਲਈ ਜੇਬ੍ਹ ’ਚੋਂ ਬਟੂਆ ਕੱਢਣ ਲੱਗਾ
ਤਾਂ ਦੂਸਰੇ ਕੰਢੇ ਬੀੜੀਆਂ ਪੀ ਰਹੇ ਉਹਦੇ ਸਾਥੀ ਉੱਚੀ ਦੇਣੀ ਬੋਲੇ ਕਿ ਸਰਦਾਰ ਜੀ ਸੇ ਪੈਸੇ ਮੱਤ ਲੇਨੇ, ਯੇਹ ਗੁਰਦੁਆਰੇ
ਜਾ ਰਹੇ ਹੈਂ,ਓਥੇ ‘ਸਾਡਾ’ ਵੀ ਮਾਥਾ ਟੇਕ ਦੇਨਾ! ਮੈਂ ਬਦੋ ਬਦੀ ਬੇੜੀ ਵਾਲ਼ੇ ਨੂੰ ਸੌ ਰੁਪਏ ਦਾ ਨੋਟ੍ਹ ਫੜਾਵਾਂ ਪਰ ਉਹ ਵਾਰ ਵਾਰ ਇਨਕਾਰ ਕਰੀ ਜਾਵੇ।
ਨਾਂਹ ਨਾਂਹ ਕਰਦਿਆਂ ਮੈਂ ਮੱਲੋ ਮੱਲੀ ਸੌ ਰੁਪਿਆ ਉਸਦੀ ਜੇਬ੍ਹ ਵਿਚ ਪਾਇਆ।ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ
ਦੂਜੇ ਪਾਸੇ ਖੜ੍ਹੇ ਉਹਦੇ ਦੋਵੇਂ ਸਾਥੀ ‘ਦੁਹਾਈਆਂ’ ਦੇਣ ਵਾਂਗ ਪੈਸੇ ਮੋੜਨ ਲਈ ਰੌਲ਼ਾ ਪਾ ਰਹੇ ਸਨ!ਉਨ੍ਹਾਂ ਦੇ ਇਸ ਸਤਿਕਾਰ
ਭਰੇ ਵਿਵਹਾਰ ਬਾਰੇ ਸੋਚਦਿਆਂ ਮੈਂ ਇਸ ਕਦਰ ਮੋਹ ਪਿਆਰ ਨਾਲ਼ ਭਰ ਗਿਆ ਕਿ ਛੇ ਸੱਤ ਖੇਤਾਂ ਵਿਚ ਫੈਲੇ ਰੇਤੇ ’ਚ ਸਾਈਕਲ ਖਿੱਚਦਿਆਂ ਮੈਨੂੰ ਭੋਰਾ ਵੀ ਔਖ ਮਹਿਸੂਸ ਨਾ ਹੋਈ!
ਦਰਿਆ ਦੇ ਦੂਸਰੇ ਪਾਸੇ ਸਥਿੱਤ ਪਿੰਡ ਈਸਾ ਪੁਰ ਤੋਂ ਅੱਗੇ ਨੂੰ ਪੱਕੀ ਸੜ੍ਹਕ ਆ ਗਈ ਤੇ ਮੈਂ ਸਾਈਕਲ ’ਤੇ ਸਵਾਰ ਹੋ ਗਿਆ।ਪਿੰਡ ’ਚੋਂ ਲੰਘਦਿਆਂ ਮੈਨੂੰ ਯਾਦ ਆਇਆ ਕਿ ਬਚਪਨ ਵੇਲੇ ਇਸ ਪਿੰਡ ਦੇ ਦੁਆਬੇ ਨਾਲ਼ੋਂ ਵੱਖਰੇ ਮਧਰੇ ਜਿਹੇ
ਨਲ਼ਕੇ ਦੇਖ ਕੇ ਸਾਨੂੰ ਇੰਜ ਲੱਗਣਾ ਜਿਵੇਂ ਦਰਿਆ ਟੱਪ ਕੇ ਅਸੀਂ ‘ਕਿਸੇ ਹੋਰ ਹੀ ਦੇਸ’ ਵਿਚ ਪਹੁੰਚ ਗਏ ਹੋਈਏ!ਪਰ ਹੁਣ
ਤਾਂ ਇੱਥੇ ਵੀ ਸ਼ਾਇਦ ਪਾਣੀ ਨੀਵਾਂ ਚਲਾ ਗਿਆ ਹੋਣ ਕਰਕੇ ਨਲ਼ਕੇ ਵੱਡੇ ਵੱਡੇ ਸਾਡੇ ਪਿੰਡਾਂ ਵਰਗੇ ਹੀ ਦਿਸੇ।
ਆਪਣੇ ਬਾਪ ਦੀ ਛਤਰ ਛਾਇਆ ਹੇਠ ਜੋੜ ਮੇਲਿਆਂ ਦੀ ਕੀਤੀ ਹੋਈ ਯਾਤਰਾ ਦੇ ਪੁਰਾਣੇ ਵੇਲੇ ਚੇਤੇ ਕਰਕੇ
‘ਵਾਹਿਗੁਰੂ ਵਾਹਿਗੁਰੂ’ ਕਰਦਾ ਮੈਂ ਅਗਲੇ ਪਿੰਡ ਲੁਬਾਣ ਗੜ੍ਹ ਪਹੁੰਚ ਗਿਆ।ਮੈਂ ਸੋਚਿਆ ਸੀ ਆਪਣੇ ਨਾਮ ਨਾਲ ‘ਲੁਬਾਣ ਗੜ੍ਹੀਆ’ ਲਾਉਣ ਵਾਲਾ ਮੇਰਾ ਇਕ ਫੇਸ-ਬੁਕੀ ਦੋਸਤ ਪਿੰਡ ਵਿਚ ਰਹਿੰਦਾ ਹੋਵੇ ਗਾ।ਪਰ ਜਦ ਮੈਂ ਉਸਨੂੰ ‘ਸਰਪ੍ਰਾਈਜ਼’ ਦੇਣ
ਲਈ ਫੋਨ ਕਰਿਆ ਤਾਂ ਪਤਾ ਲੱਗਾ ਕਿ ਉਹ ਤਾਂ ਆਪਣੇ ਕਾਰੋਬਾਰ ਕਾਰਨ ਲੁਧਿਆਣੇ ਰਹਿੰਦਾ ਹੈ ! ਪਰ ਉਸਨੇ ਪਿੰਡ ਰਹਿੰਦੀ ਆਪਣੀ ਛੋਟੀ ਭਰਜਾਈ ਨੂੰ ਵੀ ਫੋਨ ਕਰ ਦਿੱਤਾ ਅਤੇ ਮੈਨੂੰ ਘਰੋਂ ਚਾਹ ਪਾਣੀ ਛਕ ਕੇ ਜਾਣ ਦੀ ਤਾਕੀਦ ਕਰ ਦਿੱਤੀ! ਪੰਦਰਾਂ ਸੋਲ਼ਾਂ ਮੀਲ ਸਾਈਕਲ ਚਲਾ ਕੇ ਮੈਂ ਥੱਕਿਆ ਪਿਆ ਸਾਂ! ਸੋ ਲੁਬਾਣਗੜ੍ਹੀਏ ਦੋਸਤ ਦੇ ਘਰੇ ਗਰਮਾਂ ਗਰਮ
ਚਾਹ ਪੀ ਕੇ ਮੇਰੀ ਸਾਰੀ ਥਕਾਵਟ ਲਹਿ ਗਈ!
ਹੁਣ ਮੇਰੀ ਮੰਜ਼ਿਲ ਵੀ ਬਹੁਤੀ ਦੂਰ ਨਹੀਂ ਸੀ ਰਹਿ ਗਈ।ਇੱਥੋਂ ਪੰਜ ਕੁ ਮੀਲ ਹੀ ਦੂਰ ਰਹਿ ਗਿਆ ਸੀ ਮਾਛੀਵਾੜਾ
ਸਾਹਿਬ।ਇਕ ਛੋਟਾ ਜਿਹਾ ਹੋਰ ਪਿੰਡ ਲੰਘ ਕੇ ਜਿਉਂ ਹੀ ਮੈਂ ਰਾਹੋਂ-ਮਾਛੀਵਾੜਾ ਰੋਡ ’ਤੇ ਚੜ੍ਹਿਆ ਮਾਛੀਵਾੜੇ ਵੱਜ ਰਹੀਆਂ ਢੱਡ-ਸਾਰੰਗੀਆਂ ਅਤੇ ਵਾਰਾਂ ਮੇਰੇ ਕੰਨੀਂ ਪੈਣ ਲੱਗੀਆਂ! ਸੜ੍ਹਕ ਉੱਤੇ ਸੰਗਤਾਂ ਨਾਲ ਭਰੀਆਂ ਟ੍ਰੈਕਟਰ-ਟਰਾਲੀਆਂ ਦੀ ਰੌਣਕ ਵੀ ਵਾਹਵਾ ਦਿਸਣ ਲੱਗੀ।ਆਵਾਜਾਈ ਦੇ ਵੱਖ ਵੱਖ ਸਾਧਾਨਾਂ ਰਾਹੀਂ ਗੁਰੂ ਦਸਮੇਸ਼ ਪਿਤਾ ਨੂੰ ਨਤਮਸਤਕ ਹੋਣ ਜਾ ਰਹੀ
ਸੰਗਤ ਵਿਚ ਮੇਰੇ ਸਾਈਕਲ ਦੀ ਵੀ ਸ਼ਮੂਲੀਅਤ ਹੋ ਗਈ!
ਮਾਛੀਵਾੜੇ ਦੇ ਲਾਗੇ ਜਾ ਕੇ ਗੰਨੇ ਦੀ ਰਹੁ ਵਾਲ਼ੇ ਪਹਿਲੇ ਲੰਗਰ ਵਿਚ ਦੋ ਬਾਟੀਆਂ ਰਹੁ ਦੀਆਂ ਛਕ ਕੇ ਹਾਜਰੀ ਲਾਈ।ਸ਼ਹਿਰ ’ਚ ਦਾਖਲ ਹੁੰਦਿਆਂ ਕਾਫੀ ਭੀੜ ਹੋਣ ਕਰਕੇ ਮੈਂ ਸਾਈਕਲ ਤੋਂ ਉੱਤਰ ਕੇ ਪੈਦਲ ਗੁਰਦੁਆਰਾ ਸਾਹਿਬ ਵੱਲ੍ਹ ਤੁਰਿਆ।ਆਲ਼ੇ ਦੁਆਲ਼ੇ ਸਜੇ ਹੋਏ ਬਜ਼ਾਰਾਂ ਵਿਚਕਾਰ ਸ਼ਰਧਾਲੂਆਂ ਦੀ ਆਵਾ ਜਾਈ ਅਲੌਕਿਕ ਦ੍ਰਿਸ਼ ਪੈਦਾ
ਕਰ ਰਹੀ ਸੀ!
ਇਤਹਾਸਿਕ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਉੱਤੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਲਿਖਿਆ
ਦੇਖ ਕੇ ਦਸਮੇਸ਼ ਪਿਤਾ ਦੀ ਯਾਦ ਵਿਚ ਸਿਰ ਆਪ ਮੁਹਾਰੇ ਝੁਕ ਗਿਆ! ਗੁਰਦੁਆਰੇ ਦੇ ਸਾਹਮਣੇ ਇਕ ਪੁਰਾਣੇ ਜਾਣੂ
ਦੁਕਾਨ ਦੇ ਮੋਹਰੇ ਮੈਂ ਆਪਣਾ ਸਾਈਕਲ ਖੜ੍ਹਾ ਕੀਤਾ ਤੇ ਉਸਨੂੰ ਅੰਦਰ ਵੜ ਕੇ ਫਤਹਿ ਬੁਲਾਈ।ਮੈਂ ਗੁਰੂ ਦਰਬਾਰ
ਵਿਖੇ ਨਮਸਕਾਰ ਕਰਨ ਜਾਣ ਵੇਲੇ ਉਸਨੂੰ ਸਾਈਕਲ ਦਾ ਜ਼ਰਾ ਧਿਆਨ ਰੱਖਣ ਲਈ ਕਿਹਾ ਤਾਂ ਉਹ ਹੱਸ ਕੇ
ਕਹਿੰਦਾ-“ਜਦੇਥਾਰ ਜੀ ਕਿਉਂ ਮਜ਼ਾਕ ਕਰਦੇ ਓਂ ?” ਜਦ ਉਸਨੇ ਦੁਕਾਨ ਦੇ ਬਾਹਰ ਖੜ੍ਹੇ ਮੇਰੇ ਸਾਈਕਲ ਦੇ ਚੇਨਕਵਰ
ਉੱਤੇ ਪੋਤਰੇ ਵਲੋਂ ਲਿਖਾਇਆ ‘ਦੁਪਾਲ ਪੁਰੀ’ ਪੜ੍ਹਿਆ ਤਾਂ ਉਹ ਮੇਰੇ ਦੋਵੇਂ ਹੱਥ ਫੜ ਕੇ ਮੁੜ ਫਿਰ ਮੈਨੂੰ ਦੁਕਾਨ ਵਿਚ
ਲੈ ਵੜਿਆ ਅਤੇ ਆਪਣੇ ਨਾਲ਼ ਦਿਆਂ ਨੂੰ ਦੱਸਣ ਲੱਗਾ ਅਖੇ ਸੱਠ-ਪੈਂਹਠ ਸਾਲ ਦੀ ਉਮਰ ਵਾਲ਼ਾ ਸ਼੍ਰੋਮਣੀ ਕਮੇਟੀ ਦਾ
ਸਾਬਕਾ ਮੈਂਬਰ,ਰਹਿੰਦਾ ਹੋਵੇ ਅਮਰੀਕਾ ਵਿਚ ਤੇ ਆਪਣੇ ਪਿੰਡੋਂ ਵੀਹ-ਪੱਚੀ ਮੀਲ ਸਾਈਕਲ ਚਲਾ ਕੇ ਆਇਆ ਹੋਵੇ ਮਾਛੀਵਾੜੇ ਮੱਥਾ ਟੇਕਣ ! ਮੰਨ ਲਉਂ ਗੇ ਬਈ ? ਬੜੇ ਮੋਹ ਪਿਆਰ ਨਾਲ ਉਸ ਵੀਰ ਨੇ ਮੈਨੂੰ ਦੁੱਧ ਪਿਆਇਆ !
ਦਸਮ ਪਾਤਸ਼ਾਹ ਦੇ ਦਰਬਾਰ ਵਿਚ ਨਮਸਕਾਰ ਕੀਤੀ। ਬਚਪਨ ਵਿਚ ਜਦ ਅਸੀਂ ਆਪਣੇ ਬਾਪ ਨਾਲ਼ ਇਸ
ਅਸਥਾਨ ’ਤੇ ਨੌਂ ਪੋਹ ਦੇ ਸਾਲਾਨਾ ਜੋੜ-ਮੇਲੇ ਮੌਕੇ ਆਉਂਦੇ ਹੁੰਦੇ ਸਾਂ ਤਦ ਇਸ ਗੁਰਦੁਆਰੇ ਦੇ ਆਲ਼ੇ ਦੁਆਲ਼ੇ ਸਰਕੜਾ ਅਤੇ ਜੰਗਲੀ ਦਰਖਤਾਂ ਦੇ ਝੁਰਮਟ ਜਿਹੇ ਹੁੰਦੇ ਸਨ ਜਿਨ੍ਹਾਂ ਵੱਲ੍ਹ ਦੇਖ ਕੇ ਸਾਡੇ ਬਾਲ-ਮਨਾਂ ਵਿਚ ਇੱਥੋਂ ਦਾ ਇਤਹਾਸ
ਉੱਕਰ ਆਉਂਦਾ ਹੁੰਦਾ ਸੀ! ਬਾਪ ਦੇ ਭੂਰੇ ਦੀ ਬੁੱਕਲ਼ ਦੇ ਨਿੱਘ ਵਿਚ ਬਹਿ ਕੇ ਸਾਰੀ ਸਾਰੀ ਰਾਤ ਦੀਵਾਨ ਸੁਣਦਿਆਂ ਇਉਂ ਮਹਿਸੂਸ ਹੋਣਾ ਕਿ ਸਾਰਾ ਸਰਬੰਸ ਲੁਟਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਏਥੇ ਹੀ ਕਿਤੇ ਟਿੰਡ ਦਾ ਸਰ੍ਹਾਣਾ ਲਾ ਕੇ ਵਿਰਾਜ ਰਹੇ ਹੋਣਗੇ!
ਪਰ ਹੁਣ ਚਾਰੇ ਪਾਸੇ ਦੁੱਧ-ਚਿੱਟੇ ਚਮਕਦਾਰ ਸੰਗਮਰਮਰ ਨੇ ਪੁਰਾਤਨਤਾ ਜਾਂ ਇਤਹਾਸਿਕਤਾ ਗੁਆ ਹੀ ਛੱਡੀ ਹੈ!ਲੰਗਰ ਛਕਣ ਉਪਰੰਤ ਜਦ ਗੁਰਦੁਆਾਰਾ ਸਾਹਿਬ ਦੇ ਬਾਹਰ ਆਇਆ ਤਾਂ ਮੈਂ ਇਕ ਦਮ ਫਿਰ ਬਚਪਨ ਦੇ ਦੌਰ ਵਿਚ ਜਾ ਪਹੁੰਚਿਆ ! ਉਹੀ ਨਿੱਕੀਆਂ ਖਿਡੌਣੇ-ਸਰੰਗੀਆਂ, ਜੋ ਮੇਲੇ ਤੋਂ ਵਾਪਸ ਮੁੜਨ ਸਮੇਂ ਸਾਡਾ ਬਾਪ ਸਾਨੂੰ ਜਰੂਰ ਲੈ ਕੇ ਦਿੰਦਾ ਹੁੰਦਾ ਸੀ, ਹੁਣ ਵੀ ਉਸੇ ਤਰਾਂ ਇਕ ਭਾਈ ਸਾਰੰਗੀ ’ਤੇ ’ਮੇਰਾ ਮਨ ਡੋਲੇ ਮੇਰਾ ਤਨ ਡੋਲੇ’ ਦੀ ਤਰਜ਼ ਵਜਾਉਂਦਾ ਜਾ ਰਿਹਾ ਸੀ! ਆਪਣੇ ਪੋਤਰੇ ਲਈ ਇਕ ਸਾਰੰਗੀ ਲੈ ਕੇ ਬੈਗ ’ਚ ਪਾਈ! ਮੁੜਦਾ ਹੋਇਆ ਮੈਂ ਕਿਸੇ ਸਮੇਂ ਬਹੁਤ ਹੀ ਪ੍ਰਸਿੱਧ ਰਹੇ ਪਿੰਡ ਝੜੌਦੀ ਦੇ ਸਵਰਗੀ ਗਾਇਕ ਗੁਰਚਰਨ ਸਿੰਘ ‘ਪਾਲ’ ਦੇ ਪੁੱਤਰ ਪੋਤਰੇ ਨੂੰ ਮਿਲ਼ ਕੇ ਰਾਹੋਂ ਵਾਲ਼ੇ ਪੁਲ਼ ਥਾਣੀ ਸ਼ਾਮ ਨੂੰ ਆਪਣੇ ਪਿੰਡ ਆ ਪਹੁੰਚਾ! ਇਉਂ ਕਈ ਦਹਾਕਿਆਂ ਬਾਅਦ ਸਾਈਕਲ ’ਤੇ ਅਸਵਾਰ ਹੋ ਕੇ ‘ਮਿੱਤਰ ਪਿਆਰੇ ਦੇ ਦਰਬਾਰ’ ਨਮਸਕਾਰ ਕਰਨ ਦੀ ਮੇਰੀ ਰੀਝ ਪੂਰੀ ਹੋ ਗਈ !
tsdupalpuri@yahoo.com 001-408-915-1268