ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ ਪੁਸਤਕ - ਉਜਾਗਰ ਸਿੰਘ
ਸਮਾਜਿਕ ਤਾਣੇ ਬਾਣੇ ਵਿੱਚ ਜਦੋਂ ਮਾਨਵਤਾ ਆਪਣੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪੀੜਤ ਹੁੰਦੀ ਹੈ ਤਾਂ ਕਈ ਰੂਪਾਂ ਵਿੱਚ ਲਹਿਰਾਂ ਪ੍ਰਗਟ ਹੁੰਦੀਆਂ ਹਨ। ਇਨ੍ਹਾਂ ਲਹਿਰਾਂ ਦਾ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਜੀਵਨ ‘ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਕੁਦਰਤੀ ਹੈ ਕਿ ਸਮਾਜ ਵਿਚ ਵਿਚਰਨ ਵਾਲੇ ਕੋਮਲ ਦਿਲਾਂ ਵਾਲੇ ਬੁੱਧੀਜੀਵੀਆਂ ਦੀ ਮਾਨਸਿਕਤਾ ਉਨ੍ਹਾਂ ਨੂੰ ਸਮਾਜਿਕ ਵਿਸੰਗਤੀਆਂ ਕਰਕੇ ਕੁਰੇਦਣ ਲੱਗ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕੁਝ ਅਜਿਹੀਆ ਘਟਨਾਵਾਂ ਵਾਪਰਦੀਆਂ ਹਨ, ਜਿਹੜੀਆਂ ਲਹਿਰਾਂ ਦੇ ਰੂਪ ਵਿੱਚ ਚਿਰ ਸਥਾਈ ਬਣ ਜਾਂਦੀਆਂ ਹਨ। ਉਨ੍ਹਾਂ ਲਹਿਰਾਂ ਦਾ ਸਮਾਜ ਤੇ ਪ੍ਰਭਾਵ ਸਾਹਿਤਕਾਰਾਂ ਉਪਰ ਅਸਰ ਜ਼ਿਆਦਾ ਹੁੰਦਾ ਹੈ। ਸਾਹਿਤਕਾਰ ਆਪੋ ਆਪਣੀ ਬੁੱਧੀ ਅਨੁਸਾਰ ਕਲਮ ਅਜ਼ਮਾਈ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਸਾਹਿਤਕਾਰਾਂ ਵਿੱਚ ਇਨ੍ਹਾਂ ਲਹਿਰਾਂ ਦਾ ਅਨੁਭਵ ਪ੍ਰਾਪਤ ਕਰਨ ਦੀ ਅਥਾਹ ਸ਼ਕਤੀ ਹੁੰਦੀ ਹੈ। ਪੰਜਾਬ ਅਤੇ ਬੰਗਾਲ ਹਰ ਲਹਿਰ ਦਾ ਹਿੱਸਾ ਬਣਦੇ ਆਏ ਹਨ। ਨਕਸਲਵਾੜੀ ਲਹਿਰ ਨੇ ਪੰਜਾਬ ਦੇ ਲੋਕਾਂ ਵਿੱਚ ਆਪਣੇ ਹੱਕ ਪ੍ਰਾਪਤ ਕਰਨ ਦੀ ਜਾਗ੍ਰਤੀ ਪੈਦਾ ਕਰ ਦਿੱਤੀ। ਇਸ ਲਹਿਰ ਬਾਰੇ ਕਵਿਤਾ ਅਤੇ ਵਾਰਤਕ ਵਿੱਚ ਸਾਹਿਤਕਾਰਾਂ ਨੇ ਲਿਖਣਾ ਸ਼ੁਰੂ ਕੀਤਾ। ਮੇਰੇ ਗਿਆਨ ਮੁਤਾਬਕ ਪੰਜਾਬੀ ਵਿੱਚ ‘ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ’ ਬਾਰੇ ਸਾਹਿਤਕ ਆਲੋਚਨਾ ਦੀ ਪਹਿਲੀ ਪੁਸਤਕ ਲਿਖੀ ਗਈ ਹੈ। ਇਸ ਪੁਸਤਕ ਨੂੰ ਲਿਖਣ ਦਾ ਮਾਣ ਸਤਿੰਦਰ ਪਾਲ ਸਿੰਘ ਬਾਵਾ ਨੂੰ ਜਾਂਦਾ ਹੈ। ਉਨ੍ਹਾਂ ਆਪਣੀ ਇਸ ਪੁਸਤਕ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ। ਲੇਖਕ ਨੇ ਦੂਰ ਦਿ੍ਰਸ਼ਟੀ ਨਾਲ 240 ਪੰਨਿਆਂ ਵਿੱਚ ਜਿਹੜੇ ਪੱਖਾਂ ਨੂੰ ਚੁਣਿਆਂ ਹੈ, ਉਨ੍ਹਾਂ ਸਾਰਿਆਂ ਉਪਰ ਵਿਦਿਆਰਥੀਆਂ ਲਈ ਖੋਜ ਕਰਨ ਦਾ ਆਧਾਰ ਬਣਾ ਦਿੱਤਾ ਹੈ। ਪੁਸਤਕ ਦੇ ਚਾਰੇ ਭਾਗਾਂ ‘ਤੇ ਜੇਕਰ ਖੋਜ ਕੀਤੀ ਜਾਵੇ ਤਾਂ 4 ਪੁਸਤਕਾਂ ਇਤਿਹਾਸਕ ਅਤੇ ਸਮਾਜਿਕ ਦਿ੍ਰਸ਼ਟੀਕੋਣ ਤੋਂ ਪ੍ਰਕਾਸ਼ਤ ਕਰਨ ਦੇ ਮੈਟਰ ਸਬੱਬ ਬਣ ਸਕਦਾ ਸੀ। ਪਹਿਲੇ ਭਾਗ ਵਿੱਚ ‘‘ਅਵਚੇਤਨ ਅਤੇ ਸਿਆਸੀ ਅਵਚੇਤਨ:ਸਿਧਾਂਤਕ ਪਰਿਪੇਖ’’ ਦੇ ਸਿਰਲੇਖ ਵਿੱਚ ਅਵਚੇਤਨ ਕੀ ਹੁੰਦਾ ਹੈ ਜਾਂ ਕਿਸ ਸਥਿਤੀ ਨੂੰ ਕਹਿੰਦੇ ਹਨ, ਬਾਰੇ ਬੜੇ ਸੁਚੱਜੇ ਢੰਗ ਨਾਲ ਲਿਖਿਆ ਗਿਆ ਹੈ? ਜਦੋਂ ਪਾਠਕ ਨੂੰ ਅਵਚੇਤਨ ਦਾ ਪਤਾ ਲੱਗ ਜਾਵੇਗਾ ਫਿਰ ਉਹ ਇਸ ਪੁਸਤਕ ਦੇ ਮੰਤਵ ਨੂੰ ਸੌਖੀ ਤਰ੍ਹਾਂ ਸਮਝ ਸਕਦਾ ਹੈ। ਇਸ ਭਾਗ ਨੂੰ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਹਰ ਇਨਸਾਨ ਜਿਹੜੀਆਂ ਕਦਰਾਂ ਕੀਮਤਾਂ ਨੂੰ ਉਹ ਪਹਿਲ ਦਿੰਦਾ ਹੈ, ਉਨ੍ਹਾਂ ਨੂੰ ਚੇਤਨ ਹੋ ਕੇ ਵਰਤਣ ਵਿੱਚ ਕਈ ਵਾਰ ਹਿਚਕਚਾਹਟ ਕਰਦਾ ਹੈ। ਇਸ ਲਈ ਉਹ ਕਦਰਾਂ ਕੀਮਤਾਂ ਅਵਚੇਤਨ ਮਨ ਵਿੱਚ ਹੁੰਦੀਆਂ ਹੋਈਆਂ ਬਾਹਰ ਆ ਜਾਂਦੀਆਂ ਹਨ। ਜਿਵੇਂ ਨਕਸਵਾੜੀ ਲਹਿਰ ਦਾ ਸਾਹਿਤਕਾਰਾਂ ਦੀਆਂ ਰਚਨਾਵਾਂ ‘ਤੇ ਪ੍ਰਭਾਵ ਪਿਆ ਹੈ। ਦੂਜਾ ਭਾਗ ‘ਨਕਸਲਵਾਦ ਦਾ ਸਿਆਸੀ ਅਵਚੇਤਨ:ਇਤਿਹਾਸਕ ਪਰਿਪੇਖ’ ਹੈ। ਇਸ ਭਾਗ ਨੂੰ ਵੀ ਸਤਿੰਦਰ ਪਾਲ ਸਿੰਘ ਬਾਵਾ ਨੇ ਅੱਗੇ 4 ਉਪ ਹਿੱਸਿਆਂ ਵਿੱਚ ਵੰਡਿਆ (ੳ) ਹਿੱਸੇ ਵਿੱਚ ਭਾਰਤ ਵਿੱਚ ਨਕਸਲਬਾੜੀ ਲਹਿਰ ਦੀ ਸ਼ੁਰੂਆਤ ਦਾ ਵਿਸਤਾਰ ਵਿੱਚ ਇਤਿਹਾਸ ਤੱਥਾਂ ਅਤੇ ਅੰਕੜਿਆਂ ਸਮੇਤ ਦੱਸਿਆ ਗਿਆ ਹੈ ਕਿ ਇਹ ਲਹਿਰ ਅੰਗਰੇਜ਼ੀ ਹਕੂਮਤ ਤੋਂ ਬਾਅਦ 1947 ਤੋਂ ਲਗਾਤਾਰ ਲੋਕਾਂ ‘ਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੀਤੀਆਂ ਦੇ ਸਿੱਟੇ ਵਜ਼ੋਂ ਉਭਰਕੇ ਸਾਹਮਣੇ ਆਈ ਸੀ। ਪੰਡਤ ਜਵਾਹਰ ਲਾਲ ਨਹਿਰੂ ਦੀਆਂ ਨੀਤੀਆਂ ਕਰਕੇ ਖੱਬੇ ਪੱਖੀ ਪਾਰਟੀਆਂ ਸਰਗਰਮ ਹੋਈਆਂ ਪ੍ਰੰਤੂ ਉਹ ਵੀ ਗਰਮ ਅਤੇ ਨਰਮ ਦਲੀਆਂ ਵਿੱਚ ਵੰਡੀਆਂ ਜਾਂਦੀਆਂ ਰਹੀਆਂ, ਜਿਸਦੇ ਸਿੱਟੇ ਵੀ ਸਾਰਥਿਕ ਨਹੀਂ ਨਿਕਲੇ। (ਅ) ਪੰਜਾਬ ਵਿੱਚ ਖੱਬੇ ਪੱਖੀ ਵਿਚਾਰਧਾਰਾ ਦਾ ਸਿਆਸੀ ਅਵਚੇਤਨ ਵਿੱਚ ਇਸ ਲਹਿਰ ਦਾ ਜਨਮ ਅਤੇ ਵਿਸਤਾਰ ਦਾ ਮੁੱਖ ਕਾਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿਆਸੀ ਸਰਗਰਮੀਆਂ ਦਾ ਪ੍ਰਭਾਵਤ ਕਰਨਾ ਅਤੇ ਕਿਸਾਨੀ ਵਰਗ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀਆਂ ਕੋਸ਼ਿਸ਼ਾਂ ਰਾਹੀਂ ਖੱਬੇ ਪੱਖੀ ਲਹਿਰ ਅੱਗੇ ਵਧਦੀ ਗਈ ਕਿਉਂਕਿ ਸਰਕਾਰਾਂ ਆਪਣਾ ਰਾਜ ਭਾਗ ਬਰਕਰਾਰ ਰੱਖਣ ਲਈ ਹੱਥਕੰਡੇ ਵਰਤਦੀਆਂ ਰਹੀਆਂ। ਦੋਵੇਂ ਖੱਬੇ ਪੱਖੀ ਪਾਰਟੀਆਂ ਕਾਂਗਰਸ ਦਾ ਹੱਥ ਠੋਕਾ ਬਣਦੀਆਂ ਰਹੀਆਂ। (ੲ) (ੲ) ਪੰਜਾਬ ਵਿੱਚ ਨਕਸਲਬਾੜੀ ਲਹਿਰ ਦਾ ਸਿਆਸੀ ਅਵਚੇਤਨ ਬਾਰੇ ਲੇਖਕ ਨੇ ਬਲਬੀਰ ਪਰਵਾਨੇ ਦੀ ਪੁਸਤਕ ਪੰਜਾਬ ਦੀ ਨਕਸਲਵਾੜੀ ਲਹਿਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬ ਵਿੱਚ ਨਕਸਲਬਾੜੀ ਲਹਿਰ ਕਮਿਊਨਿਸਟ ਮਾਰਕਸਵਾਦੀ ਪਾਰਟੀ ਵਿਚਲਾ ਹੀ ਇਕ ਧੜਾ ਨਕਸਲਬਾੜੀ ਲਹਿਰ ਵਾਲੇ ਇਲਾਕਿਆਂ ਵਿੱਚ ਚਲ ਰਹੇ ਹਥਿਆਰਬੰਦ ਇਨਕਲਾਬ ਦੀ ਹਾਮੀ ਭਰਦਾ ਰਿਹਾ। ਮਾਰਕਸਵਾਦੀ ਪਾਰਟੀ ਦੇ ਇਨਕਲਾਬੀਆਂ ਦੀ ਇਕ ਤਾਲਮੇਲ ਕਮੇਟੀ ਜਿਹੜੀ ਨਕਸਲੀ ਵਿਚਾਰਾਂ ਵਾਲੇ ਲੋਕਾਂ ਨਾਲ ਤਾਲਮੇਲ ਕਰਨ ਲਈ ਬਣਾਈ ਗਈ ਸੀ, ਜਿਸਦੇ ਫਲਸਰੂਪ ਨਕਸਲਬਾੜੀ ਲਹਿਰ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਮਜ਼ਦੂਰ ਅਤੇ ਕਿਸਾਨਾ ਦੀ ਨਿਘਰਦੀ ਹਾਲਤ ਅਤੇ ਵਧਦੇ ਅਮੀਰੀ ਗ਼ਰੀਬੀ ਦੇ ਪਾੜੇ ਨੂੰ ਖ਼ਤਮ ਕਰਨ ਲਈ ਵੋਟਾਂ ਵਾਲੀ ਰਾਜਨੀਤੀ ਦੀ ਥਾਂ ਸਰਕਾਰ ਨਾਲ ਹਥਿਆਬੰਦ ਹੋ ਕੇ ਟਕਰ ਲਈ ਜਾ ਸਕੇ। ਵੱਡੀ ਗਿਣਤੀ ਵਿੱਚ ਨੌਜਵਾਨ, ਸਿਖਿਅਤ ਵਰਗ, ਮੱਧ ਵਰਗ ਅਤੇ ਜੱਟ ਸਿੱਖ ਕਿਸਾਨ ਸ਼੍ਰੇਣੀ ਨੇ ਮਹੱਤਵਪੂਰਨ ਯੋਗਦਾਨ ਪਾਇਆ। (ਸ) ਨਕਸਲਬਾੜੀ ਲਹਿਰ ਦੀ ਅਸਫਲਤਾ ਦੇ ਕਾਰਨ ਬਾਰੇ ਲੇਖਕ ਨੇ ਦਲੀਲ ਦਿੱਤੀ ਹੈ ਕਿ ਇਸ ਲਹਿਰ ਦੀ ਅਸਫਲਤਾ ਵੱਖ-ਵੱਖ ਖੇਤਰਾਂ ਅਤੇ ਇਲਾਕਿਆਂ ਦੀ ਭਿੰਨਤਾ ਵੀ ਇਕ ਵਜ਼ਾਹ ਰਹੀ ਕਿਉਂਕਿ ਮਾਰਕਸਵਾਦ ਨੂੰ ਇੰਨ ਬਿਨ ਲਾਗੂ ਨਹੀਂ ਕਰਨਾ ਚਾਹੀਦਾ ਸੀ। ਹਰੇਕ ਦੇਸ਼ ਅਤੇ ਸੂਬੇ ਦੀ ਅਨੁਕੂਲਤਾ ਅਨੁਸਾਰ ਵਰਤਣਾ ਚਾਹੀਦਾ ਸੀ। ਪੰਜਾਬ ਵਿੱਚ ਡੇਢ ਦਹਾਕਾ ਤੱਕ ਨਕਸਲਬਾੜੀ ਲਹਿਰ ਭਾਰੂ ਰਹਿਣ ਤੋਂ ਬਾਅਦ ਇਸਦਾ ਪ੍ਰਭਾਵ ਹੌਲੀ ਹੌਲੀ ਖ਼ਤਮ ਹੋ ਗਿਆ। ਵਿਚਾਰਾਂ ਦੇ ਵਖਰੇਵਿਆਂ ਕਰਕੇ ਪੰਜਾਬ ਵਿੱਚ ਇਹ ਲਹਿਰ ਛੋਟੇ ਛੋਟੇ ਧੜਿਆਂ ਵਿੱਚ ਵੰਡੀ ਗਈ, ਜਿਸ ਕਰਕੇ ਅਸਫਲ ਹੋਣ ਵਿੱਚ ਦੇਰ ਨਾ ਲੱਗੀ। ਹਥਿਆਬੰਦ ਵਿਚਾਰਧਾਰਾ ਨਾ ਤਾਂ ਭਾਰਤ ਅਤੇ ਨਾ ਹੀ ਪੰਜਾਬ ਦੇ ਲੋਕਾਂ ਨੇ ਪਸੰਦ ਕੀਤੀ। ਲੇਖਕ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਨਵਾਂ ਰਾਜ ਪ੍ਰਬੰਧ ਆਮ ਜਨਤਾ ਦੀਆਂ ਆਸਾਂ ‘ਤੇ ਖ਼ਰਾ ਨਹੀਂ ਉਤਰਦਾ ਫਿਰ ਸਿਆਸੀ ਅਵਚੇਤਨ ਪ੍ਰਗਟ ਹੁੰਦਾ ਹੈ। ਤੀਜਾ ਭਾਗ ਨਕਸਲਵਾਦ ਅਤੇ ਪੰਜਾਬੀ ਨਾਵਲ ਦਾ ਸਿਆਸੀ ਅਵਚੇਤਨ:ਵਿਹਾਰਕ ਪੱਖ ਹੈ। ਇਸ ਭਾਗ ਵਿੱਚ ਨਕਸਲਬਾੜੀ ਲਹਿਰ ਸੰਬੰਧੀ ਲਿਖੇ ਗਏ ਨਾਵਲਾਂ ਦੀ ਪੜਚੋਲ ਕੀਤੀ ਗਈ ਹੈ। ਇਨ੍ਹਾਂ ਨਾਵਲਾਂ ਦਾ ਮੁੱਖ ਵਿਸ਼ਾ ਸ਼ੋਸ਼ਣ ਕਰਨ ਵਾਲੇ ਅਤੇ ਸ਼ੋਸ਼ਤ ਹੋਣ ਵਾਲੇ ਲੋਕਾਂ ਬਾਰੇ ਬਿ੍ਰਤਾਂਤਕ ਰੂਪ ਵਿੱਚ ਲਿਖਿਆ ਹੁੰਦਾ ਹੈ। ਪੰਜਾਬੀ ਨਾਵਲ ਵਿੱਚ ਲਹਿਰਾਂ ਨਾਲ ਜੁੜਿਆ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ ਸੁੰਦਰੀ ਹੈ। ਲਹਿਰਾਂ ਨਾਲ ਸੰਬੰਧਤ ਨਾਵਲ ਲਹਿਰਾਂ ਸਮੇਂ ਅਤੇ ਲਹਿਰਾਂ ਦੇ ਖ਼ਤਮ ਹੋਣ ਤੋਂ ਬਾਅਦ ਵੀ ਲਿਖੇ ਗਏ ਹਨ। ਸਮਾਜਿਕ, ਆਰਥਿਕ ਅਤੇ ਰਾਜਨੀਤਕ ਚੁਣੌਤੀਆਂ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਨਕਸਲਬਾੜੀ ਲਹਿਰ ਨਾਲ ਸੰਬੰਧਤ ਨਾਵਲ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਤ ਰਹੇ ਪ੍ਰੰਤੂ ਉਹ ਮਾਰਕਸਵਾਦ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ਸਨ। ਇਨ੍ਹਾਂ ਨਾਵਲਾਂ ਵਿੱਚ ਲਹਿਰ ਦੀਆਂ ਪ੍ਰਾਪਤੀਆਂ ਅਤੇ ਅਪ੍ਰਾਪਤੀਆਂ ਵਿਚਕਾਰ ਸੰਤੁਲਨ ਨਹੀਂ ਸੀ। ਜਸਵੰਤ ਸਿੰਘ ਕੰਵਲ ਦੇ ਨਾਵਲ ਭਾਵੇਂ ਨਕਸਲਬਾੜੀ ਲਹਿਰ ਨਾਲ ਸੰਬੰਧਤ ਸਨ ਪ੍ਰੰਤੂ ਆਦਰਸ਼ਕ ਸਨ। ਭਾਰਤ ਦੀ ਤਤਕਾਲੀ ਸਥਿਤੀ ਨੂੰ ਇਤਿਹਾਸਕ ਪਿਛੋਕੜ ਵਿੱਚ ਰੱਖਕੇ ਸਿਆਸੀ ਚਿੰਤਨ ਕੀਤਾ ਗਿਆ। ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਨਾਵਲ ਲਿਖੇ ਗਏ ਜਿਨ੍ਹਾਂ ਦਾ ਸਤਿੰਦਰ ਪਾਲ ਸਿੰਘ ਬਾਵਾ ਨੇ ਜ਼ਿਕਰ ਕੀਤਾ ਹੈ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਲਹੂ ਦੀ ਲੋਅ, ਐਨਿਆਂ ‘ਚੋਂ ਉਠੋ ਸੂਰਮਾ (ਜਸਵੰਤ ਸਿੰਘ ਕੰਵਲ), ਦਸਤਾਵੇਜ਼ (ਪ੍ਰੇਮ ਪ੍ਰਕਾਸ਼), ਇਕ ਦਹਿਸ਼ਤ ਪਸੰਦ ਦੀ ਡਾਇਰੀ (ਸੁਖਪਾਲ ਸੰਘੇੜਾ), ਕੱਚੀਆਂ ਕੰਧਾਂ (ਬਲਦੇਵ ਸਿੰਘ), ਜੋ ਹਰੇ ਨਹੀਂ (ਪ੍ਰੋ ਹਰਭਜਨ ਸਿੰਘ), ਕਾਲੇ ਦਿਨ (ਜਸਦੇਵ ਧਾਲੀਵਾਲ), ਵਾ-ਵਰੋਲੇ (ਬੀ ਐਸ ਢਿਲੋਂ), ਚਾਨਣ ਦੇ ਕਾਤਲ(ਬਲਬੀਰ ਲੌਂਗੋਵਾਲ ), ਸਿਮਟਦਾ ਆਕਾਸ਼, ਬਹੁਤ ਸਾਰੇ ਚੁਰੱਸਤੇ (ਬਲਬੀਰ ਪਰਵਾਨਾ), ਆਸ ਨਿਰਾਸੀ (ਡਾ ਅਮਰਜੀਤ ਸਿੰਘ), ਦੀਵਾ ਬੁਝਿਆ ਨਹੀਂ (ਰਾਮ ਸਰੂਪ ਅਣਖ਼ੀ), ਸ਼ਰਧਾ ਦੇ ਫੁੱਲ, ਪੰਨਾ ਇਕ ਇਤਿਹਾਸ ਦਾ (ਬਾਰੂ ਸਤਵਰਗ), ਨਿਰਵਾਣ (ਮਨਮੋਹਨ), ਤਾਰੀਖ਼ ਗਵਾਹੀ ਦੇਵੇਗੀ (ਮੋਹਨ ਸਿੰਘ ਕੁੱਕੜਪਿੰਡੀਆ), ਲੋਹੇ ਲਾਖੇ (ਓਮ ਪ੍ਰਕਾਸ਼ ਗਾਸੋ) ਅਤੇ ਰੁੱਤਾਂ ਲਹੂ ਲੁਹਾਣ (ਮਹਿੰਦਰਪਾਲ ਸਿੰਘ ਧਾਲੀਵਾਲ) ਹਨ। ਇਨ੍ਹਾਂ ਸਾਰੇ ਨਾਵਲਾਂ ਬਾਰੇ ਲੇਖਕ ਨੇ ਇਸ ਪੁਸਤਕ ਵਿੱਚ ਵੇਰਵੇ ਨਾਲ ਨਾਵਲਾਂ ਦੇ ਸਾਰੇ ਪੱਖਾਂ ਨੂੰ ਪੜਚੋਲਿਆ ਹੈ। ਖਾਸ ਤੌਰ ‘ਤੇ ਹਰ ਨਾਵਲਕਾਰ ਦਾ ਨਕਸਲਬਾੜੀ ਲਹਿਰ ਨੂੰ ਵੇਖਣ ਅਤੇ ਪਰਖਣ ਦਾ ਆਪੋ ਆਪਣਾ ਢੰਗ ਹੈ। ਆਲੋਚਕਾਂ ਦੀ ਵੀ ਵੱਖੋ ਵੱਖਰੀ ਰਾਏ ਹੈ। ਸਿਧਾਂਤਕ ਤੌਰ ‘ਤੇ ਇਹ ਸਾਰੇ ਨਾਵਲ ਨਕਸਲਬਾੜੀ ਲਹਿਰ ਦੀਆਂ ਪ੍ਰਾਪਤੀਆਂ ਅਤੇ ਖਾਮੀਆਂ ਦੇ ਆਲੇ ਦੁਆਲੇ ਹੀ ਘੁੰਮਦੇ ਹਨ। ਚੌਥੇ ਭਾਗ ਨਕਸਲਵਾਦੀ ਪੰਜਾਬੀ ਨਾਵਲ ਦੇ ਸਿਆਸੀ ਅਵਚੇਤਨ ਦੀ ਵਿਧਾਗਤ ਪੇਸ਼ਕਾਰੀ ਦੇ ਚਾਰ ਹਿੱਸੇ ਬਣਾਏ ਹਨ। (ੳ) ਵਿੱਚ ਗਲਪ ਵਿਧਾ ਅਤੇ ਸਿਆਸੀ ਅਵਚੇਤਨ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬੀ ਨਾਵਲ ਦੇ ਵਿਸ਼ੇਸ਼ ਕਾਲ ਖੰਡ 1967-2018 ਦਾ ਇਤਿਹਾਸਕ ਸੰਦਰਭ ਅਥਵਾ ਇਤਿਹਾਸਕ ਸੱਚ ਨੂੰ ਗਾਲਪਨਿਕ ਸੱਚ ਵਿੱਚ ਰੂਪਾਂਤਰਨ ਕਰਨ ਦੀ ਸਮਰੱਥਾ ਰੱਖਦਾ ਹੈ। ਨਕਸਲਬਾੜੀ ਲਹਿਰ ਨਾਲ ਸੰਬੰਧਤ ਪੰਜਾਬੀ ਨਾਵਲਾਂ ਵਿੱਚ ਨਾਵਲਕਾਰ ਇਤਿਹਾਸਕ ਤੱਥਾਂ ਦੇ ਆਧਾਰ ‘ਤੇ ਵਿਅਕਤੀ ਵਿਸ਼ੇਸ਼ ਦੇ ਕਿਰਦਾਰ ਦਾ ਪੁਨਰ ਨਿਰਮਣ ਕਰਦੇ ਹਨ, ਜਿਸ ਵਿੱਚ ਉਹ ਪਾਤਰਾਂ ਦੇ ਜੀਵਨ ਨਾਲ ਸਰੋਕਾਰ ਰੱਖਦੇ ਸਮਾਜਿਕ ਅਤੇ ਇਤਿਹਾਸਕ ਪਹਿਲੂਆਂ ਦੇ ਨਾਲ ਉਸਦੇ ਨਿੱਜੀ ਜੀਵਨ ਵਿਚਲੇ ਸੰਘਰਸ਼ਾਂ, ਦਵੰਦਾਂ, ਅਕਾਂਖਿਆਵਾਂ ਅਤੇ ਮਾਨਸਿਕ ਲੋੜਾਂ ਦਾ ਗਾਲਪਨਿਕ ਬਿੰਬ ਵੀ ਪੇਸ਼ ਕਰਦੇ ਹਨ। (ਅ) ਨਕਸਲਬਾੜੀ ਲਹਿਰ ਦੇ ਸਿਆਸੀ ਅਵਚੇਤਨ ਦੀ ਗਾਲਪਨਿਕਤਾ ਉਪ ਸਿਰਲੇਖ ਵਿੱਖ ਲੇਖਕ ਨੇ ਲਿਖਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਜਿੰਨੀਆਂ ਵੀ ਲੋਕ ਲਹਿਰਾਂ ਹੋਈਆਂ ਉਹ ਸਾਰੀਆਂ ਧਰਮ ਦੀ ਰੱਖਿਆ ਲਈ ਹੀ ਹੋਈਆਂ ਸਨ। ਕੁਦਰਤੀ ਹੈ ਕਿ ਜਦੋਂ ਨਕਸਲਬਾੜੀ ਲਹਿਰ ਸ਼ੁਰੂ ਹੋਈ ਤਾਂ ਉਸਦਾ ਪੰਜਾਬੀ ਗਲਪ ‘ਤੇ ਪ੍ਰਭਾਵ ਪੈਣਾ ਹੀ ਸੀ। (ੲ) ਨਕਸਲਬਾੜੀ ਲਹਿਰ ਨਾਲ ਸੰਬੰਧਿਤ ਪੰਜਾਬੀ ਗਲਪ ਦੇ ਕਥਾਨਕੀ ਪਾਸਾਰ ਉਪ ਸਿਰਲੇਖ ਵਿੱਚ ਸਤਿੰਦਰ ਪਾਲ ਸਿੰਘ ਬਾਵਾ ਨੇ ਲਿਖਿਆ ਹੈ ਕਿ ਨਾਵਲਕਾਰਾਂ ਨੇ ਲੋਕ ਸੰਘਰਸ਼ ਨੂੰ ਇਕ ਹਥਿਆਰ ਦੇ ਤੌਰ ਤੇ ਵਰਤਕੇ ਆਪਣੀਆਂ ਰਚਨਾਵਾਂ ਕੀਤੀਆਂ। ਨਾਵਲਕਾਰਾਂ ਨੇ ਸਿਆਸੀ ਸਰੋਕਾਰਾਂ ਨੂੰ ਦਰਸਾਉਣ ਲਈ ਅਜਿਹੀ ਚੋਣ ਕੀਤੀ ਤਾਂ ਜੋ ਸੰਘਰਸ਼ ਕਰ ਰਹੇ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਸਕੇ। ਇਸ ਪ੍ਰਕਾਰ ਹੱਕ, ਇਨਸਾਫ਼, ਨਿਆਂ ਅਤੇ ਮਾਨਵਤਾ ਦੇ ਪੱਖ ਵਿੱਚ ਚਲਣ ਦਾ ਲੋਕ ਹਿੱਤੀ ਸੰਦੇਸ਼ ਪ੍ਰਗਟ ਹੁੰਦਾ ਹੈ। (ਸ) ਭਾਸ਼ਾ, ਸ਼ੈਲੀ ਅਤੇ ਸੰਵਾਦ ਜੁਗਤਾਂ ਉਪ ਭਾਗ ਵਿੱਚ ਰਿਸਾਇਆ ਗਿਆ ਹੈ ਕਿ ਭਾਸ਼ਾ ਸਿਰਫ ਘਟਨਾਵਾਂ ਦਾ ਵਰਨਣ ਹੀ ਨਹੀਂ ਕਰਦੀ ਸਗੋਂ ਆਪ ਵੀ ਕਾਰਜ਼ਸ਼ੀਲ ਹੁੰਦੀ ਹੈ। ਪਲਾਟ ਵਿੱਚ ਵਿਸ਼ੇਸ਼ ਪ੍ਰਭਾਵ ਸਿਰਜਣ ਕਾਰਨ ਸਿਰਜਣਾਤਮਕ ਹੋ ਨਿਬੜਦੀ ਹੈ। ਉਹ ਅਵਚੇਤਨੀ ਦਵੰਦਾਂ ਅਤੇ ਭੇੜਾਂ ਨੂੰ ਪ੍ਰਸਤਤ ਕਰਨ ਵਿੱਚ ਵੀ ਯੋਗਦਾਨ ਪਾਉਂਦੀ ਹੈ। (ਹ) ਪਾਤਰ ਚਿਤਰਨ: ਗਲਪ ਵਿੱਚ ਪਾਤਰ ਚਿਤਰਨ ਪ੍ਰਮੁੱਖ ਹੁੰਦਾ ਹੈ। ਪਾਤਰਾਂ ਰਾਹੀਂ ਹੀ ਗਲਪਕਾਰ ਭਾਵਾਂ-ਪ੍ਰਭਾਵਾਂ ਦਾ ਬਿਰਤਾਂਤ ਪੇਸ਼ ਕਰਦਾ ਹੈ। ਨਕਸਲਬਾੜੀ ਲਹਿਰ ਨਾਲ ਸੰਬੰਧਤ ਨਾਵਲਾਂ ਵਿੱਚ ਭਾਵੇਂ ਬਹੁਤੇ ਪਾਤਰ ਕਾਲਪਨਿਕ ਹਨ ਪ੍ਰੰਤੂ ਨਕਸਲਬਾੜੀ ਲਹਿਰ ਦੇ ਸਿਆਸੀ ਸਰੋਕਾਰਾਂ ਨੂੰ ਚਿਤਰਦੇ ਹਨ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸਤਿੰਦਰ ਪਾਲ ਸਿੰਘ ਬਾਵਾ ਨੇ ਪੂਰੀ ਖੋਜ ਕਰਕੇ ਨਕਸਲਵਾਦ ਅਤੇ ਪੰਜਾਬੀ ਨਾਵਲ ਵਿਚਲੇ ਸਿਆਸੀ ਅਵਚੇਤ ਨੂੰ ਬੜੇ ਸੁਚੱਜੇ ਢੰਗ ਨਾਲ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਦਾ ਕੰਮ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com