ਸਲੀਕੇ ਦੀ ਗ਼ਰੀਬੀ - ਨਿਰਮਲ ਸਿੰਘ ਕੰਧਾਲਵੀ
ਸ਼ਹਿਰੋਂ ਥੋੜ੍ਹਾ ਜਿਹਾ ਬਾਹਰ ਸੜਕ ਦੇ ਕਿਨਾਰੇ ਮਿੱਟੀ ਦੇ ਭਾਂਡਿਆਂ ਦੇ ਢੇਰ ਲੱਗੇ ਹੋਏ ਸਨ। ਮਾਰਚ ਦਾ ਮਹੀਨਾ ਸੀ ਤੇ ਗਰਮੀ ਨੇ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੁਝ ਸਾਲਾਂ ਤੋਂ ਮਿੱਟੀ ਦੇ ਭਾਂਡੇ ਬਣਾਉਣ ਵਾਲ਼ਿਆਂ ਨੇ ਵੀ ਤਕਨਾਲੋਜੀ ਵਰਤ ਕੇ ਘੜਿਆਂ ਦਾ ਰੂਪ ਬਦਲ ਕੇ ਉਨ੍ਹਾਂ ਨੂੰ ਟੂਟੀਆਂ ਲਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਸੋਸ਼ਲ ਮੀਡੀਆ ‘ਤੇ ਫਰਿੱਜ ਨਾਲ਼ ਠੰਢੇ ਕੀਤੇ ਪੀਣ ਵਾਲ਼ੇ ਪਦਾਰਥਾਂ ਖ਼ਿਲਾਫ਼ ਕਾਫ਼ੀ ਪ੍ਰਚਾਰ ਹੋਣ ਕਰ ਕੇ ਕੁਝ ਲੋਕ ਵਾਪਸ ਘੜੇ ਦੇ ਪਾਣੀ ਵਲ ਮੁੜ ਰਹੇ ਸਨ। ਮੈਨੂੰ ਬਚਪਨ ਦਾ ਉਹ ਸਮਾਂ ਯਾਦ ਆ ਰਿਹਾ ਸੀ ਜਦੋਂ ਗਰਮੀਆਂ ਵਿਚ ਲੋਕਾਂ ਦੇ ਘਰਾਂ ਵਿਚ ਆਮ ਹੀ ਘੜੇ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਇੱਥੋਂ ਤੱਕ ਕਿ ਲੰਬੇ ਸਫ਼ਰ ਵਿਚ ਕਈ ਲੋਕ ਆਪਣੇ ਕੋਲ਼ ਸੁਰਾਹੀ ਵੀ ਰੱਖ ਲੈਂਦੇ ਸਨ। ਫੇਰ ਫਰਿੱਜਾਂ ਦੇ ਆਉਣ ਨਾਲ਼ ਪਾਣੀ ਲਈ ਸੁਰਾਹੀਆਂ, ਘੜੇ ਅਤੇ ਗੈਸ ਚੁੱਲ੍ਹੇ ਆਉਣ ਕਰ ਕੇ ਤੌੜੀਆਂ, ਹਾਂਡੀਆਂ ਤੇ ਮਿੱਟੀ ਦੇ ਹੋਰ ਭਾਂਡੇ ਅਲ਼ੋਪ ਹੋਣੇ ਸ਼ੁਰੂ ਹੋ ਗਏ। ਚੀਨ ਤੋਂ ਆਉਂਦੀਆਂ ਬਿਜਲੀ ਦੀਆਂ ਲੜੀਆਂ ਨੇ ਮਿੱਟੀ ਦੇ ਦੀਵਿਆਂ ਦਾ ਕਾਰੋਬਾਰ ਤਕਰੀਬਨ ਠੱਪ ਹੀ ਕਰ ਦਿਤਾ। ਖ਼ੈਰ ਕੁਝ ਲੋਕ ਮੁੜ ਪਰਤ ਰਹੇ ਹਨ ਮਿੱਟੀ ਦੇ ਭਾਂਡਿਆਂ ਵਲ। ਪਿਛਲੇ ਸਾਲ ਹੀ ਦਿੱਲੀ ਵਿਚ ਲੱਗੀ ਇਕ ਨੁਮਾਇਸ਼ ਵਿਚ ਮਿੱਟੀ ਦੀ ਬਣੀ ਹੋਈ ਫਰਿੱਜ ਵੀ ਦਿਖਾਈ ਗਈ ਸੀ।
ਅਸੀਂ ਸੜਕ ਕਿਨਾਰੇ ਗੱਡੀ ਰੋਕੀ ਤੇ ਭਾਂਡੇ ਦੇਖਣ ਲੱਗ ਪਏ। ਗਾਹਕ ਆਏ ਦੇਖ ਕੇ ਭਾਂਡੇ ਵੇਚਣ ਵਾਲ਼ੀ ਬੀਬੀ ਸਾਡੇ ਕੋਲ਼ ਆਈ ਤੇ ਪੁੱਛਣ ਲਗੀ ਕਿ ਸਾਨੂੰ ਕੀ ਚਾਹੀਦਾ ਸੀ। ਅਸੀਂ ਚੰਗਾ ਜਿਹਾ ਟੂਟੀ ਵਾਲ਼ਾ ਘੜਾ ਦਿਖਾਉਣ ਲਈ ਕਿਹਾ। ਤਿੰਨ ਚਾਰ ਕਿਸਮ ਦੇ ਘੜੇ ਉਹ ਸਾਨੂੰ ਦਿਖਾ ਰਹੀ ਸੀ ਕਿ ਸਾਡੇ ਪਿਛਲੇ ਪਾਸੇ ਇਕ ਮਰਸੇਡੀਜ਼ ਕਾਰ ਇਤਨੀ ਜ਼ੋਰ ਨਾਲ਼ ਬਰੇਕ ਮਾਰ ਕੇ ਰੁਕੀ ਕਿ ਸਾਡਾ ਤ੍ਰਾਹ ਕੱਢ ਦਿਤਾ। ਕਾਰ ਵਿਚੋਂ ਇਕ ਉੱਚਾ ਲੰਮਾ ਸਰਦਾਰ ਨਿਕਲਿਆ ਤੇ ਉਸ ਨੇ ਇਹ ਵੀ ਨਹੀਂ ਦੇਖਿਆ ਕਿ ਗਾਹਕ ਭਾਂਡਿਆਂ ਵਾਲ਼ੀ ਬੀਬੀ ਨਾਲ਼ ਗੱਲਬਾਤ ਕਰ ਰਹੇ ਹਨ, ਬੜੀ ਰੁੱਖੀ ਭਾਸ਼ਾ ‘ਚ ਉਸ ਬੀਬੀ ਨੂੰ ਪੁੱਛਣ ਲੱਗਾ ਕਿ ਕੀ ਉਨ੍ਹਾਂ ਪਾਸ ਪੰਛੀਆਂ ਨੂੰ ਪਾਣੀ ਪਿਆਉਣ ਵਾਲ਼ੇ ਪਿਆਲੇ ਹਨ। ਉਹ ਬੀਬੀ ਸਾਨੂੰ ਛੱਡ ਕੇ ਉਸ ਵਿਅਕਤੀ ਨੂੰ ਪਿਆਲੇ ਦਿਖਾਉਣ ਲੱਗ ਪਈ। ਭਾਰਤ ਵਿਚ ਇੰਜ ਨਹੀਂ ਹੁੰਦਾ ਕਿ ਪਹਿਲਾਂ ਪਹਿਲੇ ਗਾਹਕ ਨੂੰ ਨਿਬੇੜ ਕੇ ਫਿਰ ਅਗਲੇ ਗਾਹਕ ਨੂੰ ਅਟੈਂਡ ਕੀਤਾ ਜਾਵੇ ਜਿਵੇਂ ਕਿ ਪੱਛਮੀ ਦੇਸ਼ਾ ‘ਚ ਹੁੰਦਾ ਹੈ। ਉੱਥੇ ਜੇ ਪੰਜ ਗਾਹਕ ਦੁਕਾਨ ਵਿਚ ਹਨ ਤਾਂ ਦੁਕਾਨਦਾਰ ਸਾਰਿਆਂ ਨੂੰ ਹੀ ਸੌਦਾ ਵੇਚਣ ‘ਚ ਰੁੱਝਾ ਹੋਇਆ ਹੁੰਦਾ ਹੈ।
ਖੈਰ, ਸਰਦਾਰ ਨੇ ਇਕ ਪਿਆਲਾ ਪਸੰਦ ਕਰ ਕੇ ਜਦੋਂ ਕੀਮਤ ਪੁੱਛੀ ਤਾਂ ਬੀਬੀ ਨੇ ਕਿਹਾ ਕਿ ਵੀਹ ਰੁਪਏ ਦਾ ਹੈ ਇਕ। ਸਰਦਾਰ ਨੇ ਬਟੂਏ ‘ਚੋਂ ਦਸ ਰੁਪਏ ਦਾ ਇਕ ਨੋਟ ਕੱਢਿਆ ਤੇ ਪਿਆਲਾ ਉਸ ਦੇ ਹੱਥੋਂ ਫੜ ਕੇ ਦਸਾਂ ਦਾ ਨੋਟ ਉਸ ਵਲ ਇਉਂ ਸੁੱਟਿਆ ਜਿਵੇੰ ਕਿਸੇ ਮੰਗਤੇ ਵਲ ਪੈਸੇ ਸੁੱਟ ਰਿਹਾ ਹੋਵੇ। ਇਸ ਤੋਂ ਪਹਿਲਾ ਕਿ ਬੀਬੀ ਕੁਝ ਬੋਲਦੀ. ਉਹ ਉਸੇ ਹੀ ਰੁੱਖੇ ਢੰਗ ਨਾਲ਼ ਬੋਲਿਆ, “ ਠੀਕ ਐ, ਠੀਕ ਐ ਦਸ ਰੁਪਏ, ਜਨੌਰਾਂ ਨੂੰ ਈ ਪਾਣੀ ਪਾਉਣਾ ਇਹਦੇ ‘ਚ, ਅਸੀਂ ਕਿਹੜਾ ਆਪ ਪੀਣੈ।“
ਏਨਾ ਕਹਿ ਕੇ ਉਹ ਅੱਖ ਪਲਕਾਰੇ ‘ਚ ਕਾਰ ‘ਚ ਜਾ ਬੈਠਾ ਤੇ ਧੂੜ ਉਡਾਉਂਦਾ ਔਹ ਗਿਆ, ਔਹ ਗਿਆ।