ਅਣਖ ਨੂੰ ਵੰਗਾਰ - ਰਵਿੰਦਰ ਸਿੰਘ ਕੁੰਦਰਾ
ਕਲੀਆਂ ਟੁੱਟ ਜਾਵਣ ਜੇਕਰ ਡਾਲੀਆਂ ਤੋਂ,
ਦੁੱਖ ਉਸ ਤੋਂ ਬੂਟੇ ਨੂੰ ਹੋਵੇ ਕੋਈ।
ਹੋਰ ਕੌਣ ਇਸ ਦਰਦ ਨੂੰ ਸਮਝ ਸਕੇ,
ਦੁੱਖ ਬੂਟੇ ਦਾ ਹੋਰ ਕਿਵੇਂ ਸਹੇ ਕੋਈ।
ਬੋਟ ਕੋਈ ਜੋ ਪੰਛੀ ਦੇ ਆਹਲਣੇ ਚੋਂ,
ਲੁੜਕ ਤੜਪ ਜ਼ਮੀਨ ਤੇ ਆਣ ਡਿੱਗੇ।
ਸਿਰਫ਼ ਪੰਛੀ ਦਾ ਦਿਲ ਹੀ ਜਾਣ ਸਕਦਾ,
ਨੈਣ ਕਿੰਨੇ ਕੁ ਹੰਝੂਆਂ ਨਾਲ ਭਿੱਜੇ।
ਕਰੋ ਖਿਆਲ ਜ਼ਰਾ ਆਪਣੇ ਪੁੱਤਰਾਂ ਵੱਲ,
ਹੋਣ ਸੱਤ ਤੇ ਨੌਂ ਦੀ ਉਮਰ ਦੇ ਉਹ।
ਛੁੱਟੇ ਉਂਗਲੀ ਉਹਨਾਂ ਤੋਂ ਵਕਤ ਭੈੜੇ,
ਹੋਣ ਵੱਖ ਜੇ ਸਦਾ ਲਈ ਤੁਸਾਂ ਤੋਂ ਉਹ।
ਕਿਸੇ ਜ਼ਾਲਮ ਦੇ ਹੱਥ ਉਹ ਚੜ੍ਹ ਕੇ ਤੇ,
ਕਿਸੇ ਸਾਜ਼ਿਸ਼ ਦਾ ਹੋ ਸ਼ਿਕਾਰ ਜਾਵਣ।
ਵਿਸ਼ਵਾਸ ਘਾਤ ਹੋਵੇ ਉਨ੍ਹਾਂ ਨਾਲ ਜੇਕਰ,
ਛੁੱਟ ਜਾਵੇ ਸਹਾਰੇ ਦਾ ਹਰ ਦਾਮਨ।
ਚਿਣੇ ਜਾਣ ਜੇ ਨੀਹਾਂ ਦੇ ਵਿੱਚ ਸੋਚੋ,
ਕਿਵੇਂ ਝੱਲੋਗੇ ਤੁਸੀਂ ਇਹ ਜ਼ੁਲਮ ਦੱਸੋ।
ਕਿਵੇਂ ਸਹੋਗੇ ਸੱਲ ਜਿੰਦਾਂ ਵਿੱਛੜੀਆਂ ਦਾ,
ਕਿਵੇਂ ਜੀਓਗੇ ਜ਼ਿੰਦਗੀ ਤੁਸੀਂ ਦੱਸੋ।
ਧੰਨ ਜਿਗਰਾ ਸੀ ਮਾਸੂਮ ਜਿੰਦੜੀਆਂ ਦਾ,
ਜਿਨ੍ਹਾਂ ਧਰਮ ਤੇ ਕੌਮ ਦੀ ਆਨ ਖਾਤਰ।
ਜਿਨ੍ਹਾਂ ਜ਼ੁਲਮ ਨੂੰ ਨਹੀਂ ਕਬੂਲ ਕੀਤਾ,
ਭਾਵੇਂ ਕੰਧਾਂ ਵਿੱਚ ਚਿਣੇ ਗਏ ਸ਼ਾਨ ਖਾਤਰ।
ਰਹੇ ਚੜ੍ਹਦੀ ਕਲਾ ਵਿੱਚ ਆਖਰੀ ਦਮ ਤੱਕ,
ਜੈਕਾਰੇ ਜਿੱਤ ਦੇ ਹਮੇਸ਼ਾ ਉਹ ਲਾਂਵਦੇ ਰਹੇ।
ਠੁਕਰਾ ਕੇ ਲਾਲਚ ਉਹ ਜ਼ਿੰਦਗੀ ਦੇ ਸਭੇ,
ਜ਼ਾਲਮ ਨੂੰ ਹੱਸ ਕੇ ਠੁੱਠ ਵਿਖਾਂਵਦੇ ਰਹੇ।
ਕਿਉਂ ਭੁੱਲ ਬੈਠੇ ਅਸੀਂ ਉਨ੍ਹਾਂ ਯੋਧਿਆਂ ਨੂੰ,
ਕਿਉਂ ਖੂਨ ਸਾਡਾ ਅੱਜ ਖੌਲਦਾ ਨਹੀਂ।
ਕਿੱਥੇ ਗਿਆ ਉਹ ਸਿਦਕ ਤੇ ਜੋਸ਼ ਸਾਡਾ,
ਕਿਉਂ ਸਿੱਖ, ਇਤਿਹਾਸ ਅੱਜ ਫੋਲਦਾ ਨਹੀਂ।
ਕਿਉਂ ਆਪਣੀ ਜ਼ਮੀਰ ਦਾ ਗਲਾ ਘੁੱਟ ਕੇ,
ਰਸਤੇ ਬੁਜ਼ਦਿਲੀ ਦੇ ਵੱਲ ਅਸੀਂ ਚੱਲ ਪਏ।
ਕਿਉਂ ਪਸ਼ੂਆਂ ਤੇ ਪੰਛੀਆਂ ਤੋਂ ਹੋ ਬਦਤਰ,
ਢਹਿੰਦੀਆਂ ਕਲਾਂ ਵੱਲ ਅਸੀਂ ਅੱਜ ਢਲ ਗਏ।
ਮੌਕਾ ਅਜੇ ਵੀ ਹੈ ਕਿ ਸੰਭਲ ਜਾਈਏ,
ਰੁੜ੍ਹਦੀ ਬੇੜੀ ਨੂੰ ਆਓ ਬਚਾ ਲਈਏ।
ਸਿੱਖ ਕੇ ਸਬਕ ਮਾਸੂਮ ਉਨ੍ਹਾਂ ਜਿੰਦੜੀਆਂ ਤੋਂ,
ਸਿੱਖ ਹੋਣ ਦਾ ਫਰਜ਼ ਨਿਭਾ ਦੇਈਏ।
ਸ਼ਾਨਾਂ ਮੱਤੇ ਸਿੱਖੀ ਅਸੂਲਾਂ ਦੇ ਲਈ,
ਜ਼ਿੰਦਗੀ ਕੌਮ ਦੇ ਲੇਖੇ ਅੱਜ ਲਾ ਦਈਏ।
ਪੈਦਾ ਕਰੀਏ ਫੇਰ ਉਹੀ ਮਹਾਨ ਜਜ਼ਬਾ,
ਨਾਮ ਕੌਮ ਦਾ ਫੇਰ ਚਮਕਾ ਦਈਏ।