ਖਪਤਵਾਦੀ ਸੱਭਿਆਚਾਰ ਦੇ ਪਸਾਰ - ਅਵਿਜੀਤ ਪਾਠਕ
ਮਸ਼ਹੂਰ ਹਸਤੀਆਂ (Celebrities) ਦੇ ਪਿਆਰ ਮੁਹੱਬਤ ਦੇ ਕਿੱਸਿਆਂ ਬਾਰੇ ਜਾਣਨਾ ਕਿੰਨਾ ਦਿਲਕਸ਼ ਲਗਦਾ ਹੈ। ਸੈਲੇਬ੍ਰਿਟੀ ਕਲਚਰ ਸਾਨੂੰ ਉਸ ਮਾਇਆ ਸੰਸਾਰ ਵਿਚ ਲੈ ਜਾਂਦਾ ਹੈ ਜੋ ਦ੍ਰਿਸ਼ਾਂ, ਗਲੈਮਰ, ਦੌਲਤ ਅਤੇ ਦੋਸਤੀਆਂ ਤੇ ਤੋੜ-ਵਿਛੋੜੇ ਦੇ ਖਿੱਚਪਾਊ ਕਿੱਸਿਆਂ ਨਾਲ ਭਰਿਆ ਪਿਆ ਹੈ, ਤੇ ਸਾਡੇ ਵਰਗੀ ਅਣਪਛਾਤੀ/ਅਣਦਿਸਦੀ ਭੀੜ ਨੂੰ ਇਹ ਪਰੀ ਕਹਾਣੀ ਪਰੋਸੀ ਜਾਂਦੀ ਹੈ ਅਤੇ ਇਨ੍ਹਾਂ ਕਿੱਸਿਆਂ ਵਿਚੋਂ ਕੁਝ ਨਾ ਕੁਝ ਰਸ ਵੀ ਲਿਆ ਜਾਂਦਾ ਹੈ। ਲਿਹਾਜ਼ਾ, ਇਨ੍ਹੀਂ ਦਿਨੀਂ ਅਸੀਂ ਕੈਟਰੀਨਾ ਕੈਫ਼ ਤੇ ਵਿਕੀ ਕੌਸ਼ਲ ਦੇ ‘ਕਰਾਮਾਤੀ ਜੋੜੇ’ ਅਤੇ ਰਾਜਸਥਾਨ ਦੇ ਬਾਰਵਾੜਾ ਵਿਖੇ ‘ਸਿਕਸ ਸੈਂਸਜ਼ ਫੋਰਟ’ ਵਿਚ ਸਿਰੇ ਚੜ੍ਹੇ ਉਨ੍ਹਾਂ ਦੇ ਸ਼ਾਨਦਾਰ ਵਿਆਹ ਸਮਾਗਮ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ, ਤੇ ਮੀਡੀਆ ਘਰਾਣਿਆਂ ਨੇ ਇਸ ਆਡੰਬਰ ਦੀ ਇਕ ਇਕ ਗੱਲ ਬਾਰੇ ਜਾਣਕਾਰੀ ਹਾਸਲ ਕਰਨ ਅਤੁੱਟ ਤ੍ਰਿਸ਼ਨਾ ਦੀ ਪੂਰਤੀ ਕੀਤੀ ਹੈ।
ਇਸ ਲਈ ਅਸੀਂ ਨਵਵਿਆਹੇ ਜੋੜੇ ਨੂੰ ਇਕ ਦੂਜੇ ਦੇ ਹੱਥਾਂ ਵਿਚ ਹੱਥ ਪਾ ਕੇ ਲਾਂਘੇ ਵਿਚੋਂ ਲੰਘਦਿਆਂ; ਕੈਟਰੀਨਾ ਦੀ ਮੰਗਣੀ ਦੀਆਂ ਪਹਿਲ ਪਲੇਠੀਆਂ ਤਸਵੀਰਾਂ ਨੂੰ ਅੰਤਾਂ ਦੀ ਹੈਰਾਨੀ ਨਾਲ ਨਿਹਾਰਦੇ ਹਾਂ ਤੇ ਸਾਨੂੰ ਦੱਸਿਆ ਗਿਆ ਕਿ ਕਿਵੇਂ ਉਹ ਜ਼ਾਫ਼ਰਾਨੀ ਸਾੜ੍ਹੀ ਵਿਚ ਨਿਰੀ ਸ਼ਹਿਜ਼ਾਦੀ ਡਾਇਨਾ ਲੱਗ ਰਹੀ ਸੀ, ਸਾਨੂੰ ਇਹ ਵੀ ਦੱਸਿਆ ਗਿਆ ਕਿ ਕਿਵੇਂ ਇਸ ਜੋੜੇ ਦੇ ‘ਜੁਹੂ ਲਵ ਨੈਸਟ’ ਨੂੰ ਅੰਤਮ ਛੋਹਾਂ ਦੇਣ ਲਈ 50 ਲੋਕ ਦਿਨ ਰਾਤ ਕੰਮ ਵਿਚ ਜੁਟੇ ਹੋਏ ਸਨ, ਕੈਟਰੀਨਾ ਦਾ ਸੁਰਖ਼ ਲਹਿੰਗਾ, ਜਾਂ ਸੰਗੀਤ ਨਾਈਟ ਤੇ ਲਿਆਂਦਾ ਗਿਆ ਪੰਜ ਪਰਤੀ ਕੇਕ ਜਾਂ 20 ਕਿਲੋਗ੍ਰਾਮ ਜੈਵਿਕ ਮਹਿੰਦੀ ਦਾ ਪ੍ਰਬੰਧ, ਜੀ ਹਾਂ, ਇਹ ਮੇਲਾ ਬਿਲਕੁਲ ਕਰਨ ਜੌਹਰ ਦੀ ਧੂਮ ਧੜੱਕੇ ਵਾਲੀ ਫਿਲਮ ਦਾ ਕੋਈ ਸੈੱਟ ਜਾਪਦਾ ਸੀ। ਕੌਣ ਇਹੋ ਜਿਹਾ ਧੂਮ ਧੜੱਕਾ ਵਾਲਾ ਸ਼ੋਅ ਖੁੰਝਾਉਣਾ ਚਾਹੇਗਾ?
ਕੀ ਕਾਰਨ ਹੈ ਕਿ ਸੈਲੇਬ੍ਰਿਟੀ ਸੱਭਿਆਚਾਰ ਸਾਨੂੰ ਇੰਨਾ ਕਿਉਂ ਭਾਉਂਦਾ ਹੈ? ਕੀ ਇਹ ਇਕ ਤਰ੍ਹਾਂ ਦਾ ਪਲਾਇਨ ਹੈ ਜਾਂ ਸਾਡੇ ਨਿੱਤਕਰਮ ਦੁਆਲੇ ਵਲੇਟੀ ਕਠੋਰ ਹਕੀਕਤ ਤੋਂ ਇਕ ਤਰ੍ਹਾਂ ਦੀ ਵਕਤੀ ਰਾਹਤ ਹੈ? ਸਰਕਾਰੀ ਦਫ਼ਤਰ ਦੇ ਕਿਸੇ ਕਲਰਕ ਨੂੰ ਹਰ ਰੋਜ਼ ਆਪਣੇ ‘ਬੌਸ’ ਕੋਲੋਂ ਜ਼ਲਾਲਤ ਸਹਿਣੀ ਪੈਂਦੀ ਹੈ ; ਬੈਂਕ ਦੇ ਕੈਸ਼ੀਅਰ ਨੂੰ ਸਾਹ ਲੈਣ ਜੋਗਾ ਸਮਾਂ ਵੀ ਨਹੀਂ ਮਿਲਦਾ, ਘਰ ਦੀ ਸੁਆਣੀ ਕੱਪੜੇ ਧੋਣ, ਝਾੜੂ ਪੋਚਾ ਕਰਨ, ਖਾਣਾ ਬਣਾਉਣ ਜਿਹੇ ਕੰਮਾਂ ਦੇ ਜੰਜਾਲ ਵਿਚ ਖਪ ਜਾਂਦੀ ਹੈ, ਮੱਧਵਰਗ ਰਿਹਾਇਸ਼ੀ ਇਲਾਕੇ ਵਿਚ ਰਹਿੰਦੀ ਕੋਈ ਮੁਟਿਆਰ ਵਾਰ ਵਾਰ ਬਿਊਟੀ ਪਾਰਲਰਾਂ ਦੇ ਚੱਕਰ ਲਾਉਂਦੀ ਹੈ ਤਾਂ ਕਿ ਉਸ ਨੂੰ ਕੋਈ ਚੰਗਾ ਵਰ ਲੱਭ ਸਕੇ, ਕਿਸੇ ਨੌਜਵਾਨ ਨੂੰ ਕੰਮ ਧੰਦੇ ਤੋਂ ਬਗ਼ੈਰ ਕਿਵੇਂ ਨਾ ਕਿਵੇਂ ਜ਼ਿੰਦਾ ਰਹਿਣ ਦੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਸਾਡੇ ਵਿਚੋਂ ਬਹੁਤਿਆਂ ਲਈ ਸਾਡੇ ਰੋਜ਼ਮੱਰਾ ਸੰਸਾਰ ਦਾ ਕੋਈ ਮਾਇਨਾ ਨਹੀਂ ਹੈ ਜਾਂ ਅਲਬਰਟ ਕਾਮੂ ਦੇ ਸ਼ਬਦਾਂ ਵਿਚ ਇਹ ‘ਬੇਢਬਾ’ ਬਣ ਗਿਆ ਹੈ।
ਸੰਭਵ ਹੈ ਕਿ ਸੈਲੇਬ੍ਰਿਟੀ ਸੱਭਿਆਚਾਰ ਉਸ ਚਮਚਮਾਉਂਦੀ ਫਿਲਮ ਵਾਂਗ ਹੁੰਦਾ ਹੈ ਜਿਸ ਵਿਚ ਹਰ ਕਿਸਮ ਦਾ ਜ਼ਿਹਨੀ ਤੇ ਜਿਸਮਾਨੀ ਮਸਾਲਾ ਭਰਿਆ ਹੁੰਦਾ ਹੈ ਜੋ ਸਾਨੂੰ ਹੋਂਦ ਦੇ ਚੱਕਰ ਤੋਂ ਪਲਾਇਨ ਕਰਵਾਉਣ ਦੇ ਸਮੱਰਥ ਹੁੰਦਾ ਹੈ, ਜਾਂ ਫਿਰ ਇਕ ਤਰ੍ਹਾਂ ਦੀ ਇੱਛਾ ਤ੍ਰਿਪਤੀ ਹੁੰਦੀ ਹੈ। ਕੀ ਮੁੰਬਈ ਦੇ ਨਿਮਨ ਮੱਧਵਰਗ ਇਲਾਕੇ ਦੀ ਕੋਈ ਕਾਲਜੀਏਟ ਮੁਟਿਆਰ ਵੀ ਕੈਟਰੀਨਾ ਵਾਲੇ ਲਹਿੰਗੇ ਦੇ ਸੁਫ਼ਨੇ ਲੈਂਦੀ ਹੈ? ਕੀ ਕੋਲਕਾਤਾ ਵਿਚ ਤੂੜੀ ਵਾਂਗ ਭਰੀ ਲੋਕਲ ਟਰੇਨ ਵਿਚ ਰੁਮਾਂਸ ਦੀਆਂ ਗੱਲਾਂ ਲਈ ਜਗ੍ਹਾ ਬਚਦੀ ਹੈ? ਕੀ ਅਸੀਂ ਵੀ ਮਾਲਦੀਵ ਦੀਆਂ ਬੀਚਾਂ ਤੇ ਆਪਣੇ ਸਾਥੀ ਨਾਲ ਰੁਮਾਂਸ ਕਰਨ ਦੇ ਸੁਫ਼ਨੇ ਦੇਖਦੇ ਹਾਂ? ਜਿਵੇਂ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਸਦੀਵੀ ਖੁਸ਼ੀ ਤੇ ਆਨੰਦ ਵਿਚ ਨਜ਼ਰ ਆਉਂਦੇ ਹਨ, ਕੀ ਉਨ੍ਹਾਂ ਵਾਂਗ ਅਸੀਂ ਵੀ ਆਪਣੇ ਖ਼ੁਸ਼ਨੁਮਾ ਪਲਾਂ ਦੀਆਂ ਤਸਵੀਰਾਂ ਫੇਸਬੁੱਕ ਤੇ ਪੋਸਟ ਕਰਨਾ ਪਸੰਦ ਨਹੀਂ ਕਰਦੇ?
ਅਸੀਂ ਮੀਡੀਆ ਦੇ ਉਭਾਰੇ ਖਪਤਵਾਦੀ ਸੱਭਿਆਚਾਰ ਅੰਦਰ ਜੀਅ ਰਹੇ ਹਾਂ। ਇਹ ਸਾਨੂੰ ਹਰ ਚੀਜ਼ ਬ੍ਰਾਂਡ ਦੇ ਨਾਂ ਤੇ ਪਰੋਸਦਾ ਹੈ, ਫਿਰ ਉਹ ਭਾਵੇਂ ਕੋਈ ਡੇਟਿੰਗ ਐਪ ਹੋਵੇ, ਕਿਸੇ ਪਹਾੜੀ ਖੇਤਰ ਵਿਚ ਕੋਈ ਹਨੀਮੂਨ ਪੈਕੇਜ ਹੋਵੇ ਜਾਂ ਵੈਲੇਨਟਾਈਨ ਦਿਵਸ ਤੇ ਦਿੱਤੀ ਜਾਣ ਵਾਲੀ ਕੋਈ ਮੁੰਦਰੀ ਹੋਵੇ। ਖਪਤਵਾਦ ਦੇ ਇਸ ਲਲਸਾਊ ਤਰਕ ਤੋਂ ਬਚਣਾ ਸੌਖਾ ਨਹੀਂ ਹੁੰਦਾ। ਇਹ ਤਸਲੀਮ ਕਰਨਾ ਅਹਿਮ ਹੁੰਦਾ ਹੈ ਕਿ ਖਪਤਵਾਦੀ ਸੱਭਿਆਚਾਰ ਨੂੰ ਵੱਖ ਵੱਖ ਤਰ੍ਹਾਂ ਦੇ ਬ੍ਰਾਂਡਾਂ ਦੀ ਪ੍ਰੋੜਤਾ ਕਰਨ, ਵੇਚਣ ਤੇ ਉਨ੍ਹਾਂ ਨੂੰ ਦਰਸ਼ਨੀ ਛੋਹਾਂ ਦੇਣ ਲਈ ਸੈਲੇਬ੍ਰਿਟੀਆਂ ਦੀਆਂ ਤਸਵੀਰਾਂ ਘੜਨੀਆਂ ਤੇ ਪ੍ਰਸਾਰਤ ਕਰਨ ਦੀ ਲੋੜ ਪੈਂਦੀ ਹੈ। ਹੈਰਾਨ ਹੋਣ ਦੀ ਲੋੜ ਨਹੀਂ ਕਿ ਕ੍ਰਿਕਟਰ, ਖੇਡਾਂ ਦੇ ਮਹਾਰਥੀਆਂ, ਫਿਲਮੀ ਸਿਤਾਰਿਆਂ, ਸੁੰਦਰਤਾ ਰਾਣੀਆਂ ਨੂੰ ਆਪਣੇ ਆਲੇ ਦੁਆਲੇ ਰਹੱਸ ਬਣਾ ਕੇ ਰੱਖਣਾ ਪੈਂਦਾ ਹੈ, ਉਨ੍ਹਾਂ ਨੂੰ ਵੀ ਇਹ ਦੇਖਣਾ ਪੈਂਦਾ ਹੈ ਕਿ ਉਨ੍ਹਾਂ ਦੇ ਬ੍ਰਾਂਡ ਦੀਆਂ ਤਸਵੀਰਾਂ ਲਗਾਤਾਰ ਛਾਇਆ ਹੁੰਦੀਆਂ ਰਹਿਣ। ਇਸੇ ਕਰ ਕੇ ਇਹ ਅਫ਼ਵਾਹਾਂ ਉਡੀਆਂ ਹੋਈਆਂ ਸਨ ਕਿ ਕੈਟਰੀਨਾ ਅਤੇ ਵਿਕੀ ਨੇ ਆਪਣੇ ਵਿਆਹ ਸਮਾਗਮ ਨੂੰ ਪ੍ਰਸਾਰਤ ਕਰਨ ਦੇ ਹੱਕ ਐਮੇਜ਼ਨ ਪ੍ਰਾਈਮ ਨੂੰ 80 ਕਰੋੜ ਰੁਪਏ ਵਿਚ ਵੇਚੇ ਹੋਏ ਸਨ, ਦੂਜੇ ਸ਼ਬਦਾਂ ਵਿਚ, ਸੈਲੇਬ੍ਰਿਟੀ ਸੱਭਿਆਚਾਰ ਸਨਅਤ ਨੂੰ ਪ੍ਰਫੁੱਲਤ ਕਰਨ ਵਾਲੇ ਟੈਕਨੋ-ਪੂੰਜੀਵਾਦੀਆਂ, ਲੁਕਵੇਂ ਖਿਡਾਰੀਆਂ ਤੇ ਮੈਨੇਜਮੈਂਟ ਧਨੰਤਰਾਂ ਨੂੰ ਇਹ ‘ਸੈਲੇਬ੍ਰਿਟੀ ਜੰਜਾਲ’ ਕਾਇਮ ਦਾਇਮ ਰੱਖਣਾ ਪੈਂਦਾ ਹੈ। ਤੇ ਚਮਚਮਾਉਂਦੇ ਮੈਗਜ਼ੀਨਾਂ, ਇੰਸਟਾਗ੍ਰਾਮ/ਟਵਿੱਟਰ ਸੰਦੇਸ਼ਾਂ, ਫੈਸ਼ਨ ਸ਼ੋਆਂ, ਸੁੰਦਰਤਾ ਮੁਕਾਬਲਿਆਂ ਜਾਂ ਸ਼ਾਨਦਾਰ ਵਿਆਹ ਸਮਾਗਮ ਇਹ ਸੱਭਿਆਚਾਰਕ ਸਿਆਸਤ ਨੂੰ ਲਗਾਤਾਰ ਪਣਪਾਉਂਦੇ ਰਹਿੰਦੇ ਹਨ। ਇਹ ਅੱਛਾ ਖ਼ਾਸਾ ਧੰਦਾ ਹੈ!
ਬਹਰਹਾਲ, ਮੂਲ ਸਵਾਲ ਇਹ ਹੈ : ਕੀ ਅਸੀਂ ਸੈਲੇਬ੍ਰਿਟੀ ਸੱਭਿਆਚਾਰ ਦੇ ਇਸ ਖ਼ਬਤ ਤੋਂ ਖਹਿੜਾ ਛੁਡਾ ਸਕਾਂਗੇ? ਸੰਭਵ ਤੌਰ ਤੇ ਇਸ ਦਾ ਜਵਾਬ ਇਕ ਤਰ੍ਹਾਂ ਦੀ ਅੰਤਰਝਾਤ ਹੈ ਜੋ ਸਾਨੂੰ ਇਸ ਮੰਜ਼ਰਨਾਮੇ ਦੇ ਮਿੱਥ ਨੂੰ ਸਮਝਣ ਦੇ ਯੋਗ ਬਣਾਉਂਦੀ ਹੈ। ਇਹ ਇਕ ਤਰ੍ਹਾਂ ਦਾ ਅਹਿਸਾਸ ਹੈ ਕਿ ਇਨ੍ਹਾਂ ਸੈਲੇਬ੍ਰਿਟੀਜ਼ ਦੀ ਜ਼ਿੰਦਗੀ ਦੀਵਾਰ ਤੇ ਟੰਗੀ ਖ਼ੁਸ਼ਨੁਮਾ ਤਸਵੀਰ ਵਾਂਗ ਬਿਲਕੁਲ ਨਹੀਂ ਹੈ। ਮਸਲਨ, ਛਿਣਭੰਗਰਤਾ ਦੇ ਸਦੀਵੀਪਣ ਤੋਂ ਬਚਿਆ ਨਹੀਂ ਜਾ ਸਕਦਾ, ਅੱਜ ਦਾ ‘ਸ਼ੁਭ ਵਿਆਹ’ ਭਲ਼ਕ ਦੀ ਤਲਾਕ ਦੀ ਅਰਜ਼ੀ ਹੈ ਜਾਂ ਰਾਤੋ-ਰਾਤ ਸਿਤਾਰੇ ਬੁਲੰਦੀਆਂ ‘ਤੇ ਪਹੁੰਚਣ ਤੋਂ ਬਾਅਦ ਕੋਈ ਸਿਤਾਰਾ ਯਕਦਮ ਅਪ੍ਰਸੰਗਕ ਜਾਂ ਨਜ਼ਰਾਂ ਤੋਂ ਓਹਲੇ ਹੋ ਜਾਂਦਾ ਹੈ। ਜ਼ਿੰਦਗੀ ਖੁਸ਼ੀਆਂ ਤੇ ਹਾਸਿਆਂ ਦੇ ਯਾਦਗਾਰੀ ਪਲ, ਚਾਣਚੱਕ ਹਾਦਸਿਆਂ ਤੇ ਤਰਾਸਦੀਆਂ ਦੇ ਸ਼ਿੱਦਤ ਭਰੇ ਪਲ, ਬੇਚੈਨੀ ਤੇ ਆਨੰਦ, ਮਾਨਸਿਕ ਰੋਗਾਂ ਤੇ ਨੀਂਦ ਦੀਆਂ ਗੋਲ਼ੀਆਂ, ਮਸ਼ਹੂਰੀ ਤੇ ਫਿਰ ਗੁੰਮ ਹੋ ਕੇ ਰਹਿ ਜਾਣਾ ਹੀ ਜ਼ਿੰਦਗੀ ਹੁੰਦੀ ਹੈ। ਫਿਰ ਵੀ ਸਾਡੇ ਜਿਹੇ ਆਮ ਲੋਕਾਂ ਲਈ ਇਹ ਅਹਿਸਾਸ ਕਰਨਾ ਬਹੁਤ ਅਹਿਮ ਹੁੰਦਾ ਹੈ ਕਿ ਇਸ ਸਾਧਾਰਨਤਾ ਵਿਚ ਵੀ ਖ਼ਾਸੀਅਤ ਹੋ ਸਕਦੀ ਹੈ ਅਤੇ ਜੱਦੋ-ਜਹਿਦ ਦੇ ਦੌਰ ਵਿਚ ਵੀ ਪਿਆਰ ਪਲ਼ ਸਕਦਾ ਹੈ।
ਪਿਆਰ ਨੂੰ ਹੀਰੇ ਦੀ ਮੁੰਦਰੀ ਦਰਕਾਰ ਨਹੀਂ ਹੁੰਦੀ, ਨਾ ਹੀ ਇਹ ਮੰਗ ਕਰਦਾ ਹੈ ਕਿ ਧੜਾਧੜ ਇਕ ਦੂਜੇ ਦੀਆਂ ਤਸਵੀਰਾਂ ਤੇ ਪਾਈਆਂ ਜਾਣ। ਪਿਆਰ ਕੋਈ ਧਨਾਢ ਤੇ ਡਾਢਿਆਂ ਦਾ ਏਕਾਧਿਕਾਰ ਨਹੀਂ ਹੈ ਸਗੋਂ ਉਲਟਾ, ਅਮੀਰਾਂ ਦੀ ਹੈਂਕੜ ਪਿਆਰ ਦੇ ਸੁਭਾਵਿਕ ਵਹਾਓ ਨੂੰ ਡੱਕ ਦਿੰਦੀ ਹੈ ਤੇ ਨਾਲ ਹੀ ਜੋ ਗੱਲ ਸਾਧਾਰਨ ਲਗਦੀ ਹੈ, ਉਸ ਵਿਚੋਂ ਪਿਆਰ ਦਾ ਆਨੰਦ ਦੇਖਣਾ ਅਸੰਭਵ ਨਹੀਂ ਹੈ- ਮਸਲਨ, ਕਿਸੇ ਹਸਪਤਾਲ ਦੇ ਕੈਂਸਰ ਵਾਰਡ ਵਿਚ ਜਦੋਂ ਕੋਈ ਬੰਦਾ ਆਪਣੀ ਬੀਵੀ ਦੀ ਦੇਖਭਾਲ ਕਰਦਾ ਹੈ ਤੇ ਉਸ ਦੇ ਜ਼ਰਜ਼ਰ ਹੋਏ ਸਰੀਰ ਨੂੰ ਸਾਫ਼ ਕਰਦਾ ਹੈ ਜਾਂ ਜਿਵੇਂ ਓ ਹੈਨਰੀ ਦੀ ਆਪਣੀ ਲੀਹ-ਪਾੜਵੀਂ ਕਹਾਣੀ ‘ਦਿ ਗਿਫਟ ਆਫ ਦਿ ਮੈਗੀ’ ਵਿਚ ਡੈਲਾ ਤੇ ਜਿਮ ਦੇ ਲੈਅਬੱਧ ਰਿਸ਼ਤੇ ਵਿਚੋਂ ਝਲਕਦਾ ਹੈ। ਦਰਅਸਲ, ਅਜਿਹਾ ਕੋਈ ਮਿੱਥਕ ਸਵਰਗ ਜਾਂ ਜਾਦੂਈ ਛੜੀ ਨਹੀਂ ਹੈ। ਕੇਵਲ ਇੱਥੇ ਹੀ ਤੇ ਹੁਣੇ ਹੀ ਅਸੀਂ ਮਾਇਨਾ ਲੱਭ ਸਕਦੇ ਹਾਂ ਜਾਂ ਸੁੰਦਰਤਾ ਤੇ ਪਿਆਰ ਦਾ ਅਨੁਭਵ ਕਰ ਸਕਦੇ ਹਾਂ, ਪਰ ਫਿਰ ਖਪਤਵਾਦੀ ਸੱਭਿਆਚਾਰ ਇਹ ਚਾਹੁੰਦਾ ਹੈ ਕਿ ਸਾਡੇ ਅੰਦਰ ਪਿੱਛੇ ਛੁੱਟ ਜਾਣ ਦਾ ਅਹਿਸਾਸ ਪੈਦਾ ਹੋਵੇ ਕਿਉਂਕਿ ਇਸ (ਖਪਤਵਾਦੀ ਸੱਭਿਆਚਾਰ) ਨੂੰ ਆਪਣੀਆਂ ਪਰੀ ਕਹਾਣੀਆਂ ਵੇਚਣ ਵਾਸਤੇ ਸਾਡੇ ਅੰਦਰ ਖਾਲੀਪਣ ਪੈਦਾ ਕਰਨਾ ਜ਼ਰੂਰੀ ਹੁੰਦਾ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।