‘ਯੂਨੀਕੌਰਨ’: ਆਧੁਨਿਕ ਸਰਮਾਇਆ-ਪ੍ਰਬੰਧ ਦਾ ਨਵਾਂ ਵਰਤਾਰਾ - ਨਵਜੋਤ
ਪੱਛਮ ਵਿੱਚ ਪਿਛਲੇ ਦਹਾਕੇ ਵਿੱਚ ਨਵੇਂ ਸ਼ੁਰੂ ਹੋਏ ਕਾਰੋਬਾਰ ਜੋ ਇੱਕ ਹੱਦ ਤੱਕ ‘ਸਫ਼ਲ’ ਹੋ ਜਾਂਦੇ ਸਨ, ਲਈ ਇੱਕ ਸ਼ਬਦ ਕਾਫ਼ੀ ਪ੍ਰਚੱਲਿਤ ਹੋਇਆ। ਇਹ ਸ਼ਬਦ ਸੀ ‘ਯੂਨੀਕੌਰਨ’। ਮਿਥਿਹਾਸ ਅਨੁਸਾਰ ਯੂਨੀਕੌਰਨ ਇੱਕ ਅਤਿ ਦੁਰਲੱਭ ਜੀਵ ਹੈ। ‘ਯੂਨੀਕੌਰਨ’ ਸ਼ਬਦ ਉਨ੍ਹਾਂ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਕਾਰੋਬਾਰਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੇ ਹਾਲੇ ਸ਼ੇਅਰ ਬਾਜ਼ਾਰ ਤੋਂ ਫੰਡ ਹਾਸਲ ਕਰਨਾ ਸ਼ੁਰੂ ਨਹੀਂ ਕੀਤਾ ਤੇ ਅਨੁਮਾਨਾਂ ਅਨੁਸਾਰ ਜਿਨ੍ਹਾਂ ਦਾ ਕੁੱਲ ਮੁੱਲ 1 ਅਰਬ ਅਮਰੀਕੀ ਡਾਲਰ ਜਾਂ ਇਸ ਤੋਂ ਵੱਧ ਬਣਦਾ ਹੈ।
ਨਵੇਂ ਸ਼ੁਰੂ ਕੀਤੇ ਕਾਰੋਬਾਰ ਦਾ ਮਤਲਬ ਹੈ ਕਿ ਉਹ ਪਹਿਲਾਂ ਤੋਂ ਕਿਸੇ ਪੁਰਾਣੀ ਕਾਰਪੋਰੇਟ ਕੰਪਨੀ ਦੀ ਸ਼ਾਖਾ ਨਹੀਂ ਸਗੋਂ ਆਪਣੇ ਕੰਮ-ਕਾਰ ਦੇ ਸ਼ੁਰੂਆਤੀ ਪੜਾਵਾਂ ਵਿੱਚ ਹੀ ਹੈ। 2010 ਵਿੱਚ ਪੂਰੀ ਦੁਨੀਆਂ ਅੰਦਰ ਇਨ੍ਹਾਂ ‘ਯੂਨੀਕੌਰਨਾਂ’ ਦੀ ਗਿਣਤੀ ਕੁੱਲ 10 ਸੀ। ਕਿਉਂਕਿ ਇਹ ਇੰਨੀਆਂ ਦੁਰਲੱਭ ਸਨ, ਇਸ ਲਈ ਇਨ੍ਹਾਂ ਨੂੰ ਦੁਰਲੱਭ ਮਿਥਿਹਾਸਕ ਜੀਵ ‘ਯੂਨੀਕੌਰਨ’ ਦਾ ਨਾਮ ਦਿੱਤਾ ਗਿਆ ਸੀ। ਪਰ 2016 ਤੱਕ ਇਨ੍ਹਾਂ ਦੀ ਗਿਣਤੀ 229 ਤੇ ਸਤੰਬਰ 2021 ਤੱਕ 750 ਹੋ ਚੁੱਕੀ ਸੀ। ਸਿਰਫ਼ 2021 ਦੇ ਪਹਿਲੇ 6 ਮਹੀਨਿਆਂ ਦੇ ਅੰਦਰ-ਅੰਦਰ ਹੀ 291 ਨਵੀਆਂ ਕੰਪਨੀਆਂ ‘ਯੂਨੀਕੌਰਨ’ ਦਾ ਖਿਤਾਬ ਹਾਸਲ ਕਰ ਚੁੱਕੀਆਂ ਸਨ। ਫੇਸਬੁੱਕ, ਗੂਗਲ ਆਦਿ ਵੀ ਪਹਿਲਾਂ ‘ਯੂਨੀਕੌਰਨ’ ਕੰਪਨੀਆਂ ਸਨ, ਪਰ ਬਾਅਦ ਵਿੱਚ ਵੱਡੀ ਸਫਲਤਾ ਮਗਰੋਂ ਇਨ੍ਹਾਂ ਨੇ ਆਪਣੇ ਸ਼ੇਅਰ ਜਨਤਕ ਕਰ ਦਿੱਤੇ ਸਨ। ਇਨ੍ਹਾਂ ਪੁਰਾਣੀਆਂ ਕੰਪਨੀਆਂ ਦੀ ਸਫਲਤਾ ਤੇ ਕਈ ਨਵੇਂ ਸ਼ੁਰੂ ਕੀਤੇ ਕਾਰੋਬਾਰਾਂ ਦਾ ‘ਯੂਨੀਕੌਰਨ’ ਬਣਨ ਨਾਲ ਇਹ ਭੁਲੇਖਾ ਸਿਰਜਿਆ ਜਾਂਦਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਥੋੜ੍ਹੇ ਬਹੁਤ ਪੈਸਿਆਂ ਨਾਲ ਸੂਝ-ਬੂਝ ਨਾਲ ਕੰਮ ਸ਼ੁਰੂ ਕਰੇ ਤਾਂ ਉਹ ਵੱਡੀਆਂ ਸਫਲਤਾਵਾਂ ਹਾਸਲ ਕਰ ਸਕਦਾ ਹੈ, ਕਿ ਅੱਜ ਵੀ ਇਸ ਢਾਂਚੇ ਵਿੱਚ ਵੱਡੇ ਪੱਧਰ ਉੱਤੇ ਲੋਕ ਗ਼ਰੀਬੀ ਤੋਂ ਉੱਠ ਕੇ ਅਮੀਰੀ ਹਾਸਲ ਕਰ ਸਕਦੇ ਹਨ। ਅਸਲ ਵਿੱਚ ਇਹ ਨਵੇਂ ਸ਼ੁਰੂ ਹੋਏ ਕਾਰੋਬਾਰਾਂ ਭਾਵ ਯੂਨੀਕੌਰਨਾਂ ਦੀ ਸਫ਼ਲਤਾ ਅਸਲੀਅਤ ਨਾਲੋਂ ਇਨ੍ਹਾਂ ਦੇ ਨਾਮ ਵਾਂਗ ਮਿਥਿਹਾਸਕ ਵੱਧ ਹੈ। ਅਸਲ ਵਿੱਚ ਇਹ ਸਰਮਾਏਦਾਰੀ ਨੂੰ ਆਰਥਿਕ ਸੰਕਟ ਤੋਂ ਬਚਾਉਣ, ਬੇਰੁਜ਼ਗਾਰੀ ਦੂਰ ਕਰਨ ਦਾ ਕੋਈ ਜਾਦੂਈ ਨੁਸਖਾ ਨਹੀਂ ਸਗੋਂ ਖ਼ੁਦ ਇਸ ਸੰਕਟ ਦੀ ਹੀ ਲਾਜ਼ਮੀ ਉਪਜ ਹਨ। ਇਹ ਇੱਕ ਅਜਿਹਾ ਬੁਲਬੁਲਾ ਹਨ ਜੋ ਕਿਸੇ ਵੀ ਵੇਲੇ ਫੁੱਟ ਸਕਦਾ ਹੈ। ਇਸ ਲਈ ‘ਯੂਨੀਕੌਰਨ’ ਵਰਤਾਰੇ ਬਾਰੇ ਥੋੜ੍ਹਾ ਸਮਝਣਾ ਪਵੇਗਾ।
ਅਸਲ ਵਿੱਚ ਕੁੱਲ ਸੰਸਾਰ ਦਾ ਅਰਥਚਾਰਾ ਹੀ ਪਿਛਲੇ ਸਮੇਂ ਤੋਂ ਮੁਨਾਫ਼ਾਦਾਇਕਤਾ ਦੇ ਸੰਕਟ ਵਿੱਚ ਹੈ। ਇਸ ਲਈ ਸਰਮਾਏਦਾਰ ਲਗਾਤਾਰ ਅਜਿਹੇ ਸਾਧਨ ਲੱਭਦੇ ਰਹਿੰਦੇ ਹਨ ਜਿਨ੍ਹਾਂ ਰਾਹੀਂ ਉਹ ਪੈਦਾਵਾਰੀ ਖੇਤਰ ਨਾਲੋਂ ਛੇਤੀ ਤੇ ਵਧੇਰੇ ਮੁਨਾਫ਼ਾ ਕਮਾ ਸਕਣ। ਇਸ ਦਾ ਇੱਕ ਵੱਡਾ ਜ਼ਰੀਆ ਸ਼ੇਅਰ ਬਜ਼ਾਰ ਵਿੱਚ ਸੱਟੇਬਾਜ਼ੀ ਕਰਨਾ ਹੈ ਤੇ ਦੂਜਾ ਅਜਿਹੇ ਨਵੇਂ ਕਾਰੋਬਾਰਾਂ ਨੂੰ ਫੰਡ ਦੇਣੇ ਜਿਨ੍ਹਾਂ ਨੂੰ ਨਾ ਤਾਂ ਸ਼ੇਅਰ ਬਜ਼ਾਰ ਤੋਂ ਬਹੁਤੇ ਫੰਡ ਮਿਲਣ ਦੀ ਆਸ ਹੈ ਤੇ ਨਾ ਹੀ ਬੈਂਕਾਂ ਕੋਲੋਂ ਕਿਉਂ ਜੋ ਉਨ੍ਹਾਂ ਦੇ ਸਫ਼ਲ ਹੋਣ ਦੀ ਆਸ ਬਹੁਤ ਘੱਟ ਹੁੰਦੀ ਹੈ। ਕਈ ਕਾਰਪੋਰੇਟ ਕੰਪਨੀਆਂ ਦਾ ਤਾਂ ਕੰਮ ਹੀ ਅਜਿਹੇ ਜੋਖ਼ਮ ਭਰੇ ਨਵੇਂ ਕਾਰੋਬਾਰਾਂ ਵਿੱਚ ਨਿਵੇਸ਼ ਕਰਨ ਦਾ ਬਣ ਗਿਆ ਹੈ ਜਿਨ੍ਹਾਂ ਨੂੰ ਹੋਰ ਸਰੋਤਾਂ ਤੋਂ ਪੈਸੇ ਨਹੀਂ ਮਿਲਦੇ। ਇਹ ਕੰਪਨੀਆਂ ਅਜਿਹੇ ਕਾਰੋਬਾਰਾਂ ਵਿੱਚ ਨਿਵੇਸ਼ ਕਰਦੀਆਂ ਹਨ ਜਿਸ ਦੇ ਬਦਲੇ ਉਨ੍ਹਾਂ ਨੂੰ ਇਨ੍ਹਾਂ ਕਾਰੋਬਾਰਾਂ ਵਿੱਚ ਹਿੱਸੇਦਾਰੀ ਮਿਲ ਜਾਂਦੀ ਹੈ। ਅਜਿਹੇ ਨਵੇਂ ਕਾਰੋਬਾਰਾਂ ਤੋਂ, ਜੇਕਰ ਉਹ ਸਫ਼ਲ ਹੋ ਜਾਣ ਤਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਕਾਫ਼ੀ ਵੱਡੇ ਮੁਨਾਫ਼ੇ ਹੁੰਦੇ ਹਨ, ਪਰ ਇਨ੍ਹਾਂ ਦੇ ਸਫ਼ਲ ਹੋਣ ਦੀ ਦਰ ਬੇਹੱਦ ਨੀਵੀਂ ਹੈ। ਇਹੀ ਕਾਰਨ ਹੈ ਕਿ ਅਜਿਹੇ ਕਾਰੋਬਾਰਾਂ ਨੂੰ ਬੈਂਕਾਂ ਤੋਂ ਕਰਜ਼ੇ ਹਾਸਲ ਨਹੀਂ ਹੁੰਦੇ। ਸਰਮਾਏਦਾਰ ਜਾਂ ਜ਼ਿਆਦਾ ਕਰਕੇ ਕਾਰਪੋਰੇਟ ਕੰਪਨੀਆਂ ਅਜਿਹੇ ਨਵੇਂ ਕਾਰੋਬਾਰ ਚੁਣਦੀਆਂ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਇਹ ਮੰਡੀ ਵਿੱਚ ਆਪਣੀ ਥਾਂ ਬਣਾਉਣ ਦੇ ਕਾਬਲ ਹੋ ਜਾਣਗੇ। ਪਰ ਸੰਯੁਕਤ ਰਾਜ ਅਮਰੀਕਾ ਵਿੱਚ ਕੀਤੇ ਗਏ ਕਈ ਸਰਵੇਖਣਾਂ ਨੇ ਇਹ ਦਿਖਾਇਆ ਹੈ ਕਿ ਆਮ ਕਰਕੇ ਅਜਿਹੇ ਕਾਰੋਬਾਰ ਅਸਫ਼ਲ ਹੀ ਹੁੰਦੇ ਹਨ। ਅਰਥਚਾਰੇ ਵਿੱਚ ਮੁਨਾਫ਼ੇ ਦੀ ਦਰ ਉਂਜ ਹੀ ਬਹੁਤ ਹੇਠਾਂ ਹੈ, ਇਸ ਕਰਕੇ ਅਸਫ਼ਲਤਾਵਾਂ ਦੇ ਬਾਵਜੂਦ ਇਨ੍ਹਾਂ ਨਵੇਂ ਕਾਰੋਬਾਰਾਂ ਵਿੱਚ ਨਿਵੇਸ਼ ਜਾਰੀ ਹੀ ਨਹੀਂ ਰਹਿ ਰਿਹਾ ਸਗੋਂ ਵਧਿਆ ਵੀ ਹੈ। ਜਦੋਂ ਕੋਈ ਅਜਿਹਾ ਕਾਰੋਬਾਰ ਇੱਕ ਹੱਦ ਤੱਕ ਮੰਡੀ ਵਿੱਚ ਆਪਣੀ ਥਾਂ ਬਣਾਉਣ ਦੇ ਕਾਬਲ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਸ਼ੇਅਰ ਜਨਤਕ ਕਰਦਾ ਹੈ ਤਾਂ ਇਸ ਵਿੱਚ ਨਿਵੇਸ਼ ਕਰਨ ਵਾਲੇ ਸਰਮਾਏਦਾਰ ਅਤੇ ਕੰਪਨੀਆਂ ਨੂੰ ਕਾਫ਼ੀ ਫਾਇਦਾ ਹੋਣ ਦੀ ਉਮੀਦ ਹੁੰਦੀ ਹੈ। ਉਦਹਾਰਨ ਵੱਜੋਂ ‘ਇੰਫੋ ਐੱਜ’ ਨੇ ਜ਼ੋਮੈਟੋ ਵਿੱਚ ਦਸੰਬਰ 2010 ਵਿੱਚ 4.7 ਕਰੋੜ ਦਾ ਨਿਵੇਸ਼ ਕੀਤਾ ਸੀ। ਹਾਲ ਹੀ ਵਿੱਚ ਜ਼ੋਮੈਟੋ ਵੱਲੋਂ ਆਪਣੇ ਸ਼ੇਅਰ ਜਨਤਕ ਕਰਨ ਨਾਲ ‘ਇੰਫੋ ਐੱਜ’ ਦੇ ਜ਼ੋਮੈਟੋ ਵਿਚਲੇ ਹਿੱਸੇ ਦੀ ਕੀਮਤ ਲਗਭਗ 1050 ਗੁਣਾ ਹੋ ਚੁੱਕੀ ਹੈ। ਇਹੀ ਉਹ ਸੰਭਾਵੀ ਮੁਨਾਫ਼ੇ ਹਨ ਜਿਨ੍ਹਾਂ ਦੀ ਆਸ ਵਿੱਚ ਕਾਰਪੋਰੇਟ ਕੰਪਨੀਆਂ ਨਵੇਂ ਕਾਰੋਬਾਰਾਂ ਵਿੱਚ ਲਗਾਤਾਰ ਨਿਵੇਸ਼ ਕਰ ਰਹੀਆਂ ਹਨ। ਇੱਥੇ ਇਹ ਗੱਲ ਸਾਫ਼ ਹੈ ਕਿ ‘ਯੂਨੀਕੌਰਨਾਂ’ ਦੀ ਗਿਣਤੀ ਵਿੱਚ ਵੱਡੇ ਇਜ਼ਾਫ਼ੇ ਦਾ ਮੁੱਖ ਕਾਰਨ ਅਰਥਚਾਰੇ ਵਿੱਚ ਮੁਨਾਫ਼ਾਦਾਇਕਤਾ ਦੀ ਤੋਟ ਹੈ ਅਤੇ ਸਰਮਾਏਦਾਰ ਛੇਤੀ-ਛੇਤੀ ਤੇ ਵਧੇਰੇ ਮੁਨਾਫ਼ੇ ਕਮਾਉਣ ਲਈ ਅਜਿਹੇ ਜੋਖ਼ਮ ਭਰੇ ਕਾਰੋਬਾਰਾਂ ਵਿੱਚ ਨਿਵੇਸ਼ ਕਰ ਰਹੇ ਹਨ।
ਗ਼ੌਰਤਲਬ ਹੈ ਕਿ ਇੱਕ ਕੰਪਨੀ ਨੂੰ ‘ਯੂਨੀਕੌਰਨ’ ਉਦੋਂ ਤੱਕ ਹੀ ਕਿਹਾ ਜਾਂਦਾ ਹੈ ਜਦ ਤੱਕ ਉਹਦਾ ਮੁੱਲ ਇੱਕ ਅਰਬ ਅਮਰੀਕੀ ਡਾਲਰ ਜਾਂ ਇਸ ਤੋਂ ਵੱਧ ਹੋਵੇ ਤੇ ਉਹਦੇ ਸ਼ੇਅਰ ਜਨਤਕ ਨਾ ਹੋਏ ਹੋਣ, ਮਸਲਨ ਸ਼ੇਅਰ ਜਨਤਕ ਕਰਨ ਮਗਰੋਂ ਜ਼ੋਮੈਟੋ ‘ਯੂਨੀਕੌਰਨ’ ਕੰਪਨੀ ਨਹੀਂ ਰਹੀ। ਇਸ ਪੂਰੇ ‘ਯੂਨੀਕੌਰਨ’ ਵਰਤਾਰੇ ਵਿੱਚ ਧਿਆਨ ਰੱਖਣ ਵਾਲੀ ਪਹਿਲੀ ਗੱਲ ਇਹ ਹੈ ਕਿ ਇਨ੍ਹਾਂ ਕੰਪਨੀਆਂ ਦਾ ਜੋ ਮੁਲਾਂਕਣ ਕੀਤਾ ਜਾਂਦਾ ਹੈ ਉਹ ਬਹੁਤੀ ਵਾਰ ਉਨ੍ਹਾਂ ਕਾਰਪੋਰੇਟ ਕੰਪਨੀਆਂ ਰਾਹੀਂ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਨ੍ਹਾਂ ਕਾਰੋਬਾਰਾਂ ਵਿੱਚ ਨਿਵੇਸ਼ ਕੀਤਾ ਹੁੰਦਾ ਹੈ। ਦੂਜਾ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਹ ਕੰਪਨੀ ‘ਯੂਨੀਕੌਰਨ’ ਹੈ ਮਤਲਬ ਇਸ ਦਾ ਮੁੱਲ 1 ਅਰਬ ਅਮਰੀਕੀ ਡਾਲਰ ਜਾਂ ਇਸ ਤੋਂ ਵੱਧ ਹੈ, ਉਹ ਇਸ ਦੇ ਕੁੱਲ ਮੁਨਾਫ਼ੇ ਜਾਂ ਕੁੱਲ ਆਮਦਨ ਉੱਤੇ ਆਧਾਰਿਤ ਨਹੀਂ ਹੁੰਦਾ ਸਗੋਂ ਇਸ ਦੇ ਭਵਿੱਖ ਵਿੱਚ ਸੰਭਾਵੀ ਵਿਕਾਸ ਤੇ ਸਫ਼ਲਤਾ ਉੱਤੇ ਆਧਾਰਿਤ ਹੁੰਦਾ ਹੈ।
ਬਹੁਤੀਆਂ ਕੰਪਨੀਆਂ ਜਿਨ੍ਹਾਂ ਨੂੰ ਯੂਨੀਕੌਰਨ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ ਉਹ ਅਸਲ ਵਿੱਚ ਮੁਨਾਫ਼ੇ ਕਮਾਉਣ ਦੀ ਥਾਂ ਭਾਰੀ ਨੁਕਸਾਨ ਵਿੱਚ ਚੱਲ ਰਹੀਆਂ ਹੁੰਦੀਆਂ ਹਨ। ਇਨ੍ਹਾਂ ਦੇ ਹਵਾਲੇ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਜੇ ਬੰਦਾ ਸੂਝ-ਬੂਝ ਨਾਲ ਆਪਣਾ ਕਾਰੋਬਾਰ ਚਲਾਵੇ ਤਾਂ ਕੀ ਨਹੀਂ ਕਰ ਸਕਦਾ। ਇਨ੍ਹਾਂ ਕੰਪਨੀਆਂ ਦੀ ਸ਼ੇਅਰ ਬਜ਼ਾਰ ਵਿੱਚ ਕੀਮਤ ਉਨ੍ਹਾਂ ਦਾ ਬਾਜ਼ਾਰ ਵਿਚ ਸੰਭਾਵੀ ਮੁੱਲ ਹੈ ਜੋ ਇਨ੍ਹਾਂ ਕੰਪਨੀਆਂ ਦੇ ਕਾਰੋਬਾਰਾਂ ਦੀ ਅਸਲ ਸਥਿਤੀ ਤੋਂ ਕੋਹਾਂ ਦੂਰ ਹੈ। ਇਹ ਵੀ ਸਰਮਾਏਦਾਰਾ ਅਰਥਚਾਰੇ ਵਿੱਚ ਇੱਕ ਬੁਲਬੁਲਾ ਹੀ ਹੈ। ਚੀਨ ਦੀ ਕੰਪਨੀ ‘ਐਵਰਗਰਾਂਡੇ’ ਦੀ ਉਦਾਹਰਨ ਤੋਂ ਇਹ ਸਾਫ਼ ਹੈ ਕਿ ਅਜਿਹੇ ਬੁਲਬੁਲਿਆਂ ਦਾ ਕੀ ਹਸ਼ਰ ਹੁੰਦਾ ਹੈ।
ਨਿਗੂਣੇ ਆਰਥਿਕ ਸਾਧਨਾਂ ਵਾਲਾ ਵਿਅਕਤੀ ਤਾਂ ਅਜਿਹੇ ਕਾਰੋਬਾਰ ਸ਼ੁਰੂ ਵੀ ਨਹੀਂ ਕਰ ਸਕਦਾ ਅਤੇ ਜਿਹੜਾ ਸਾਧਨ ਸੰਪੰਨ ਵਿਅਕਤੀ ਕਾਰਪੋਰੇਟ ਕੰਪਨੀਆਂ ਆਦਿ ਦੀ ਮਦਦ ਨਾਲ ਇਹ ਸ਼ੁਰੂ ਕਰ ਵੀ ਲੈਂਦਾ ਹੈ ਉਸ ਦਾ ਵੱਡਾ ਹਿੱਸਾ ਅਸਫ਼ਲ ਹੋਣਾ ਤੈਅ ਹੁੰਦਾ ਹੈ। ਜਿਹੜੀਆਂ ਅਖੌਤੀ ਸਫ਼ਲਤਾਵਾਂ ਅਸੀਂ ਗਿਣਦੇ ਵੀ ਹਾਂ ਉਹ ਵੀ ਇਸ ਸਮੇਂ ਅਸਲ ਵਿੱਚ ਭਾਰੀ ਨੁਕਸਾਨ ਵਿੱਚ ਚੱਲ ਰਹੀਆਂ ਹਨ ਤੇ ਸ਼ੇਅਰ ਬਜ਼ਾਰ ਵਿੱਚ ਇਨ੍ਹਾਂ ਦਾ ਮੁੱਲ ਇੱਕ ਬੁਲਬੁਲਾ ਹੀ ਹੈ। ਅੱਜ ਸੰਸਾਰ ਅਰਥਚਾਰੇ ਵਿੱਚ ਮੁਨਾਫ਼ਾਦਾਇਕਤਾ ਦਾ ਸੰਕਟ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ ਦੀ ਕੁਰਕੀ ਕਰੀ ਜਾ ਰਿਹਾ ਹੈ। ਇਹ ਆਸ ਕਰਨਾ ਕਿ ਵੱਡੇ ਪੱਧਰ ਉੱਤੇ ਛੋਟੇ-ਛੋਟੇ ਕਾਰੋਬਾਰ ਸਫ਼ਲ ਹੋ ਸਕਦੇ ਹਨ, ਸ਼ੇਖਚਿੱਲੀ ਦੇ ਸੁਪਨੇ ਹੀ ਹਨ। ਅਸਲ ਵਿੱਚ ਇਹ ਦਿਓਕੱਦ ਕਾਰਪੋਰੇਟ ਕੰਪਨੀਆਂ ਜਾਂ ਅਜਾਰੇਦਾਰ ਸਰਮਾਏਦਾਰੀ ਦੀ ਥਾਵੇਂ ਛੋਟੇ-ਛੋਟੇ ਕਾਰੋਬਾਰਾਂ ਵਾਲੇ ਸਮਾਜ ਦਾ ਆਦਰਸ਼ਕ ਸੁਪਨਾ ਹੈ।
ਸੰਪਰਕ : 85578-12341