ਦਸਮੇਸ਼ ਪਿਤਾ ਦੇ ਦਿਲ ਦੀ ਦਸ਼ਾ - ਰਵਿੰਦਰ ਸਿੰਘ ਕੁੰਦਰਾ
ਵਗਦੇ ਤੀਰ ਤੇ ਨੀਰ ਇੱਕ ਸਾਰ ਹੋਕੇ,
ਇਹ ਹੈ ਨੈਣਾਂ ਦਾ ਕੈਸਾ ਕਮਾਲ ਇੱਥੇ।
ਇੱਕ ਨੈਣ ਜੋ ਰੋਹ ਦੇ ਅੰਗਿਆਰ ਛੱਡਣ,
ਉਹੀ ਨੈਣ ਰੋਵਣ ਜ਼ਾਰ ਜ਼ਾਰ ਇੱਥੇ।
ਗੜ੍ਹੀ ਚਮਕੌਰ ਦੀ ਜੰਗ ਦਾ ਇਹ ਮੰਜ਼ਰ,
ਰੋਕਣ ਗੁਰੂ ਜੀ ਵੈਰੀਆਂ ਦੇ ਹੱਲੇ।
ਚੁਣ ਚੁਣ ਕੇ ਭੇਜਦੇ ਯੋਧਿਆਂ ਨੂੰ,
ਝੜੀ ਖ਼ਿਆਲਾਂ ਦੀ ਮਨ ਵਿੱਚ ਇੰਝ ਚੱਲੇ।
ਦਰਦ ਦੇਸ਼ ਤੇ ਕੌਮ ਦਾ ਬਹੁਤ ਮੈਨੂੰ,
ਮੋਹ ਪੁੱਤਾਂ ਦੇ ਪਿਆਰ ਦਾ ਦੂਜੇ ਪਾਸੇ।
ਅਸੂਲ ਐਸੇ ਬਲੀਦਾਨ ਵੀ ਮੰਗਦੇ ਨੇ,
ਬਾਪ ਕਿਸੇ ਪਾਸੇ ’ਤੇ ਪੁੱਤਰ ਕਿਸੇ ਪਾਸੇ।
ਇਸ ਜ਼ਮੀਰ ਨੂੰ ਕਿਵੇਂ ਧਰਵਾਸ ਦੇਵਾਂ,
ਦਿਖਾਵਾਂ ਮੋਹ ਨੂੰ ਕਿਵੇਂ ਮੈਂ ਮੂੰਹ ਅਪਣਾ।
ਕਿਵੇਂ ਸਮਝਾਂ ਕਿ ਰਾਖਾ ਮੈਂ ਕੌਮ ਦਾ ਹਾਂ,
ਪਰ ਬਚਾ ਨਾ ਸਕਿਆ ਮੈਂ ਖੂਨ ਅਪਣਾ।
ਭਾਣਾ ਤੇਰਾ ਤੇ ਤੇਰਾ ਹੀ ਜ਼ੋਰ ਚੱਲਦਾ,
ਮੰਗਾਂ ਅੱਜ ਮੈਂ ਕਿੱਥੋਂ ਇਨਸਾਫ ਜਾਕੇ?
ਦਾਤਾਂ ਤੇਰੀਆਂ ਸੀ ਤੂੰ ਹੀ ਸੀ ਦੇਣ ਵਾਲਾ,
ਖੋਹ ਲਈਆਂ ਨੇ ਤੂੰ ਹੀ ਵਾਰ ਵਾਰ ਆਕੇ।
ਕਿਵੇਂ ਹੋਵਾਂ ਸਨਮੁੱਖ ਅੱਜ ਕੌਮ ਅੱਗੇ,
ਕੀ ਦੇਵਾਂ ਧਰਵਾਸ ਮੈਂ ਕੌਮ ਨੂੰ ਅੱਜ।
ਜਿਨ੍ਹਾਂ ਮਾਵਾਂ ਨੇ ਯੋਧੇ ਪਲੋਸ ਘੱਲੇ,
ਕਿਵੇਂ ਸਿਖਾਵਾਂ ਮੈਂ ਉਨ੍ਹਾਂ ਨੂੰ ਜੀਣ ਦਾ ਚੱਜ।
ਕਿਹੜੇ ਹੌਸਲੇ ਦੇਵਾਂ ਉਨ੍ਹਾਂ ਟੱਬਰਾਂ ਨੂੰ,
ਜਿਨ੍ਹਾਂ ਆਪਣੇ ਜੀਅ ਮੇਰੇ ਨਾਲ ਤੋਰੇ।
ਜੀ ਸਕਦੇ ਨੇ ਕਿਵੇਂ, ਹੁਣ ਕਿਵੇਂ ਦੱਸਾਂ,
ਕਿਵੇਂ ਝੱਲਣਗੇ ਸੱਲ ਉਹ ਮਰਨ ਤੋੜੇ।
ਕਰਜ਼ਦਾਰ ਹਾਂ ਸਭਨਾਂ ਹੀ ਪਾਸਿਆਂ ਤੋਂ,
ਗੁਨਾਹਗਾਰ ਹਾਂ ਸਾਰੀਆਂ ਹੀ ਧਿਰਾਂ ਦਾ ਮੈਂ।
ਕਿਸ ਕਿਸ ਨੂੰ ਦੇਵਾਂ ਹਿਸਾਬ ਗਿਣ ਗਿਣ,
ਮੁੱਲ ਪਾਵਾਂ ਅੱਜ ਕਿੰਝ ਇਨ੍ਹਾਂ ਸਿਰਾਂ ਦਾ ਮੈਂ।
ਕਿੱਥੋਂ ਕਰਾਂ ਸ਼ੁਰੂ ਤੇ ਕਿੱਥੇ ਖ਼ਤਮ ਕਰਾਂ,
ਕਿਹੜੇ ਲੇਖੇ ਮੈਂ ਪਾਵਾਂ ਕੁਰਬਾਨੀਆਂ ਇਹ।
ਕਰਾਂ ਕਿਵੇਂ ਮੈਂ ਸਭ ਦਾ ਹਿਸਾਬ ਚੁੱਕਦਾ,
ਛੱਡਾਂ ਕਿਸ ਦੇ ਲਈ ਨਿਸ਼ਾਨੀਆਂ ਇਹ।
ਮੇਰੇ ਸਬਰ ਦਾ ਬੰਨ੍ਹ ਅੱਜ ਜਾਵੇ ਟੁੱਟਦਾ,
ਕਿਸ ਇਮਤਿਹਾਨ ਚੋਂ ਮੈਨੂੰ ਲੰਘਾ ਛੱਡਿਆ।
ਜਿਨ੍ਹਾਂ ਰਾਹਾਂ ਦਾ ਕਦੀ ਨਾ ਕਿਆਸ ਕੀਤਾ,
ਉਨ੍ਹਾਂ ਰਾਹਾਂ ਦੇ ਵੱਸ ਅੱਜ ਪਾ ਛੱਡਿਆ।
ਮੇਰੇ ਜ਼ਿੰਮੇ ਜੋ ਤੂੰ ਸਭ ਫ਼ਰਜ਼ ਲਾਏ,
ਦੇਹ ਹਿੰਮਤ 'ਤੇ ਬਲ ਕਿ ਮੈਂ ਕਰਾਂ ਪੂਰੇ।
ਪੈਦਾ ਕਰਾਂ ਮਰਜੀਵੜੇ ਹੋਰ ਮੁੜਕੇ,
ਜਿਹੜੇ ਕਹਿਣੀ ਤੇ ਕਰਨੀ ਦੇ ਹੋਣ ਸੂਰੇ।
ਜਿਹੜੇ ਕਹਿਣੀ ਤੇ ਕਰਨੀ ਦੇ ਹੋਣ ਸੂਰੇ।
ਰਵਿੰਦਰ ਸਿੰਘ ਕੁੰਦਰਾ