ਆ ਗਿਆ ਸਾਲ ਨਵਾਂ - ਰਵਿੰਦਰ ਸਿੰਘ ਕੁੰਦਰਾ
ਆ ਗਿਆ ਸਾਲ ਨਵਾਂ ਵੀ, ਜਿਵੇਂ ਪੁਰਾਣੇ ਸੀ,
ਚਲੇ ਜਾਣੇ ਸਭ ਉੱਥੇ, ਜਿੱਥੇ ਜਾਣੇ ਸੀ।
ਕਾਲ ਬੜਾ ਹੀ ਡਾਢਾ, ਸਭ 'ਤੇ ਭਾਰੀ ਹੈ,
ਭਸਮ ਕਰਨ ਦੀ ਉਸ ਨੂੰ, ਬੜੀ ਬੀਮਾਰੀ ਹੈ।
ਕਿੰਨੇ ਯੁਗ ਨੇ ਆਏ, ਤੇ ਕਿੰਨੇ ਗ਼ਰਕ ਹੋਏ,
ਹਿਸਾਬ ਨਹੀਂ ਕਿੰਨੇ, ਸਵਰਗ 'ਤੇ ਨਰਕ ਹੋਏ।
ਇਨਸਾਨ ਹਮੇਸ਼ਾ ਖੁਸ਼ੀਆਂ, ਖੇੜੇ ਲੱਭਦਾ ਏ,
ਦੁੱਖ ਦਰਦ ਤੋਂ ਦੂਰ, ਸਦਾ ਹੀ ਭੱਜਦਾ ਏ।
ਨਾ ਚਾਹੁੰਦਿਆਂ ਵੀ, ਕਿੰਨੇ ਕਸ਼ਟ ਉਠਾਏ ਨੇ,
ਬੇ ਹਿਸਾਬੇ ਆਪਣੇ, ਕਿੰਨੇ ਗਵਾਏ ਨੇ।
ਅਗਲੇ ਸਾਲ ਕਿਹੜਾ, ਸੁੱਖ ਘਰ ਆਵੇਗਾ,
ਇਸ ਦਾ ਭਲਾ ਕੋਈ ਕਿਵੇਂ, ਕਿਆਫਾ ਲਾਵੇਗਾ।
ਨਜੂਮੀ, ਜੋਤਸ਼ੀ, ਤਾਂਤਰਿਕ ਬੈਠੇ ਚੁੱਪ ਕਰਕੇ,
ਕਿੱਥੇ ਗਏ ਨੇ ਜਾਦੂ, ਜੰਤਰੀਆਂ ਦੇ ਵਰਕੇ।
ਉਮੀਦ ਹੈ ਬੜੀ ਪਿਆਰੀ, ਹਰ ਕੋਈ ਰੱਖਦਾ ਹੈ,
ਇਸ ਤੋਂ ਬਿਨਾ ਨਹੀਂ, ਕਿਸੇ ਦਾ ਸਰਦਾ ਹੈ।
ਆਓ ਮਿਲ ਕੇ ਆਸਾਂ, ਦੇ ਪੁਲ ਬੰਨ੍ਹ ਲਈਏ,
ਇੱਕ ਦੂਜੇ ਦੇ ਮੋਢੇ, ਆਪਣੇ ਹੱਥ ਧਰ ਦੇਈਏ।
ਚੜ੍ਹਦੀ ਕਲਾ ਦਾ ਨਾਹਰਾ, ਨਾਨਕ ਦੇ ਦਰ ਤੋਂ,
ਸਬਰ ਸੰਤੋਖ ਦੀ ਰੱਜ ਕੇ, ਕਰ ਲਈਏ ਵਰਤੋਂ।