ਲੋਕਾਈ ਸਵਾਲ ਪੁੱਛੇਗੀ ... - ਸਵਰਾਜਬੀਰ
ਪੰਜਾਬ ਦੀ ਸਿਆਸੀ ਜਮਾਤ ਪੰਜਾਬੀਆਂ ਨੂੰ ਨਿਰਾਸ਼ਾ ਦੀ ਉਸ ਦਲਦਲ, ਜਿਸ ਵਿਚੋਂ ਕਿਸਾਨ ਅੰਦੋਲਨ ਨੇ ਉਨ੍ਹਾਂ ਨੂੰ ਕੱਢਿਆ ਹੈ, ਵਿਚ ਫਿਰ ਧੱਕਣ ਲਈ ਤਿਆਰ ਹੈ। ਪੰਜਾਬੀ ਬੰਦਾ ਸੋਚ ਰਿਹਾ ਸੀ ਕਿ ਪੰਜਾਬ ਦੇ ਸਿਆਸਤਦਾਨ ਕਿਸਾਨ ਅੰਦੋਲਨ ਦੇ ਲੋਕ-ਵੇਗ ’ਚੋਂ ਪੈਦਾ ਹੋਏ ਆਦਰਸ਼ਾਂ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣਗੇ ਅਤੇ ਕੁਝ ਹੱਦ ਤਕ ਸਵਾਰਥ, ਲਾਲਚ, ਮੌਕਾਪ੍ਰਸਤੀ, ਪਰਿਵਾਰਵਾਦ, ਅਨੈਤਿਕਤਾ ਅਤੇ ਮੈਂ-ਵਾਦ ਨੂੰ ਤਿਆਗਦੇ ਹੋਏ ਲੋਕ-ਪੱਖੀ ਸਿਆਸਤ ਵੱਲ ਮੁੜਨਗੇ। ਲੋਕਾਂ ਦੇ ਮਨਾਂ ਵਿਚ ਇਹ ਆਸ ਜਾਗੀ ਸੀ ਕਿ ਸਾਡੇ ਸਿਆਸਤਦਾਨ ਹੁਣ ਲੋਕਾਂ ਦੀ ਗੱਲ ਸੁਣਨਗੇ, ਪੰਜਾਬ ਨੂੰ ਦਰਪੇਸ਼ ਮੁੱਦਿਆਂ ਅਤੇ ਇਸ ਦੇ ਭਵਿੱਖ ਪ੍ਰਤੀ ਫ਼ਿਕਰਮੰਦ ਹੋਣਗੇ ... ਪਰ ਨਹੀਂ ... ਇਉਂ ਲੱਗਦਾ ਹੈ ਕਿ ਉਨ੍ਹਾਂ (ਸਿਆਸਤਦਾਨਾਂ) ਨੇ ਤਹੱਈਆ ਕੀਤਾ ਹੋਇਆ ਹੈ ਕਿ ਉਹ ਆਪਣੇ ਅਤੇ ਸਿਰਫ਼ ਆਪਣੇ ਹਿੱਤਾਂ ਦਾ ਖ਼ਿਆਲ ਰੱਖਣਗੇ, ਉਨ੍ਹਾਂ ਦੀ ਮੰਜ਼ਿਲ ਸਿਰਫ਼ ਸੱਤਾ ਤੇ ਧਨ ਹੈ, ਆਪਣੀ ਦੌਲਤ ਤੇ ਪਰਿਵਾਰ ਨੂੰ ਬਚਾਉਣ ਲਈ ਉਹ ਕੁਝ ਵੀ ਕਰ ਸਕਦੇ ਹਨ, ਪੰਜਾਬ ਭਾਵੇਂ ਢੱਠੇ ਖੂਹ ’ਚ ਪਏ …, ਉਨ੍ਹਾਂ ਨੂੰ ਪੰਜਾਬ ਦੀ ਨਹੀਂ ਸਿਰਫ਼ ਆਪਣੇ ਨਿੱਜੀ ਭਵਿੱਖ ਦੀ ਚਿੰਤਾ ਹੈ। ਅਨੈਤਿਕਤਾ ਅਤੇ ਲਾਲਚ ਨੇ ਉਨ੍ਹਾਂ ਨੂੰ ਪਹਿਲਾਂ ਹੀ ਗ੍ਰਸਿਆ ਹੋਇਆ ਸੀ, ਪਰ ਉਹ ਰਹਿੰਦੀ-ਖੂੰਹਦੀ ਨੈਤਿਕਤਾ, ਅੱਖ ਦੀ ਸ਼ਰਮ, ਲੋਕਾਚਾਰ, ਰਵਾਇਤੀ ਵਫ਼ਾਦਾਰੀਆਂ, ਸਭ ਨੂੰ ਤਿਆਗਦੇ ਹੋਏ ਸੱਤਾ ਵਿਚ ਬਣੇ ਰਹਿਣ ਲਈ ਅਜਿਹੀ ਮੌਕਾਪ੍ਰਸਤੀ ਦਿਖਾ ਰਹੇ ਹਨ ਕਿ ਸਾਰਾ ਪੰਜਾਬ ਸ਼ਰਮਸਾਰ ਹੋ ਰਿਹਾ ਹੈ।
ਪੰਜਾਬ ਦੇ ਸਿਆਸੀ ਦ੍ਰਿਸ਼ ਦੀਆਂ ਕੁਝ ਝਲਕੀਆਂ ਇਸ ਤਰ੍ਹਾਂ ਦੀਆਂ ਹਨ : ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਪ੍ਰਮੁੱਖ ਆਗੂਆਂ, ਜਿਨ੍ਹਾਂ ਵਿਚ ਮੌਜੂਦਾ ਵਿਧਾਇਕ, ਸਾਬਕਾ ਮੰਤਰੀ ਅਤੇ ਕਈ ਅਹੁਦੇਦਾਰ ਸ਼ਾਮਲ ਹਨ, ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਲੜ ਫੜ ਲਿਆ ਹੈ ਅਤੇ ਕਈ ਹੋਰ ਇਸ ਵਹੀਰ ਵਿਚ ਸ਼ਾਮਲ ਹੋਣ ਲਈ ਤਿਆਰ ਹਨ। ਹਰ ਪਾਰਟੀ ਨੇ ਲੁਕ-ਲੁਭਾਊ ਨਾਅਰਿਆਂ, ਪੈਸਾ ਅਤੇ ਮੁਫ਼ਤ ਵਸਤਾਂ ਤੇ ਸੇਵਾਵਾਂ ਦੇਣ ਦੇ ਵਾਅਦਿਆਂ ਦੀ ਝੜੀ ਲਗਾਈ ਹੋਈ ਹੈ, ਸਿਆਸੀ ਪਾਰਟੀਆਂ ਵਿਚ ਮੁਕਾਬਲਾ ਹੋ ਰਿਹਾ ਹੈ ਕਿ ਪੰਜਾਬੀਆਂ ਨੂੰ ਕਿਵੇਂ ਭੁਚਲਾਇਆ ਤੇ ਖ਼ਰੀਦਿਆ ਜਾ ਸਕਦਾ ਹੈ।
ਜਿਸ ਤਰੀਕੇ ਨਾਲ ਰਵਾਇਤੀ ਪਾਰਟੀਆਂ, ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਵਿਚ ਇਤਿਹਾਸਕ ਭੂਮਿਕਾ ਨਿਭਾਈ ਹੈ, ਦੇ ਆਗੂ ਭਾਜਪਾ ਵੱਲ ਵਹੀਰਾਂ ਘੱਤ ਰਹੇ ਹਨ, ਉਹ ਪੰਜਾਬ ਦੀ ਸਿਆਸੀ ਜਮਾਤ ਦੇ ਪਤਨ ਦੀ ਨਿਸ਼ਾਨਦੇਹੀ ਕਰਦਾ ਹੈ। 2014 ਵਿਚ ‘ਆਪ’ ਨੇ ਆਦਰਸ਼ਾਤਮਕ ਬਦਲ ਦੇਣ ਦਾ ਵਾਅਦਾ ਕਰ ਕੇ ਪੰਜਾਬੀਆਂ ਨੂੰ ਮੋਹਿਆ ਸੀ। ਵਿਅਕਤੀ-ਕੇਂਦਰਿਤ ਅਤੇ ਗ਼ੈਰ-ਵਿਚਾਰਧਾਰਕ ਪਾਰਟੀ ਹੋਣ ਕਾਰਨ ਪੰਜਾਬੀਆਂ ਦਾ ਇਸ ਤੋਂ ਮੋਹ-ਭੰਗ ਹੋਇਆ ਪਰ ਰਵਾਇਤੀ ਪਾਰਟੀਆਂ ਵਿਚ ਨੈਤਿਕ ਸੰਕਟ ਏਨਾ ਡੂੰਘਾ ਹੈ ਕਿ ਇਸ ਦੀ ਖਿੱਚ ਅਜੇ ਵੀ ਬਣੀ ਹੋਈ ਹੈ। ਸਿਆਸੀ ਵਿਸ਼ਲੇਸ਼ਕ ਅਤੇ ਚਿੰਤਕ ਡਾ. ਪ੍ਰਮੋਦ ਕੁਮਾਰ ਅਨੁਸਾਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਉਨ੍ਹਾਂ ਧਰਮਸ਼ਾਲਾਵਾਂ ਵਰਗੀਆਂ ਬਣ ਗਈਆਂ ਹਨ ਜਿਨ੍ਹਾਂ ਦੇ ਸਾਰੇ ਦਰ-ਦਰਵਾਜ਼ੇ ਟੁੱਟੇ ਪਏ ਹੋਣ ਭਾਵ ਸਿਆਸਤਦਾਨ ਜਦ ਜੀ ਕਰੇ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ, ਉਹ ਨਾ ਤਾਂ ਆਪਣੀ ਪਾਰਟੀ ਪ੍ਰਤੀ ਜਵਾਬਦੇਹ ਹਨ, ਨਾ ਹੀ ਲੋਕਾਂ ਪ੍ਰਤੀ, ਨਾ ਹੀ ਉਨ੍ਹਾਂ ਦੀ ਆਤਮਾ ਉਨ੍ਹਾਂ ਨੂੰ ਝੰਜੋੜਦੀ ਹੈ। ਇਹ ਆਤਮਾਹੀਣੇ ਵਿਅਕਤੀ ਪੰਜਾਬ ਦੇ ਭਵਿੱਖ ਦੇ ਸਰਬਰਾਹ ਬਣਨਾ ਲੋਚਦੇ ਹਨ। ਅਸੀਂ ਆਦਰਸ਼ਾਤਮਕ ਰੌਂਅ ਵਿਚ ਕਹਿ ਸਕਦੇ ਹਾਂ ਕਿ ਪੰਜਾਬ ਦੇ ਅਸਲੀ ਸਰਬਰਾਹ ਪੰਜਾਬ ਦੇ ਕਿਸਾਨ, ਮਜ਼ਦੂਰ, ਮਿਹਨਤਕਸ਼, ਨੌਜਵਾਨ, ਵਿਦਿਆਰਥੀ ਅਤੇ ਇਮਾਨਦਾਰ ਲੋਕ ਹਨ ਪਰ ਅਮਲੀ ਜ਼ਿੰਦਗੀ ਦਾ ਸੱਚ ਬਹੁਤ ਕੌੜਾ ਹੈ, ਪੰਜਾਬ ਦੀ ਆਰਥਿਕਤਾ ਅਤੇ ਸਿਆਸਤ ਦੀ ਵਾਗਡੋਰ ਮੌਕਾਪ੍ਰਸਤ ਸਿਆਸਤਦਾਨਾਂ ਦੇ ਹੱਥ ਵਿਚ ਰਹੀ ਹੈ ਅਤੇ ਇਹ ਖ਼ਤਰਾ ਅਜੇ ਵੀ ਕਾਇਮ ਹੈ। ਲੋਕਾਂ ਦੇ ਮਨਾਂ ਵਿਚ ਡਰ ਹੈ ਕਿ ਕਿਸਾਨ ਅੰਦੋਲਨ ਦਾ ਮਹਿਕਾਇਆ ਪੰਜਾਬ ਸਿਆਸੀ ਬੀਆਬਾਨ (political desert) ਨਾ ਬਣ ਜਾਏ।
ਬੰਦਾ ਨਿੱਜੀ ਅਤੇ ਪਰਿਵਾਰਕ ਭਵਿੱਖ ਤੋਂ ਬੇਨਿਆਜ਼ ਨਹੀਂ ਹੋ ਸਕਦਾ। ਹਰ ਬੰਦੇ ਨੂੰ ਸਭ ਤੋਂ ਪਹਿਲਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਚਿੰਤਾ ਹੁੰਦੀ ਹੈ ਪਰ ਆਪਣੇ ਨਿੱਜੀ ਭਵਿੱਖ ਨੂੰ ਸੰਵਾਰਦਿਆਂ ਸਾਧਾਰਨ ਬੰਦਾ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਨੂੰ ਅੱਖੋਂ-ਓਹਲੇ ਨਹੀਂ ਕਰਦਾ। ਹਰ ਬੰਦੇ ਦੇ ਮਨ ਵਿਚ ਲਾਲਚ ਵੀ ਹੁੰਦਾ ਹੈ ਅਤੇ ਸਵਾਰਥ ਵੀ ਪਰ ਉਸ ਦੇ ਲਾਲਚ ਅਤੇ ਸਵਾਰਥ ਦੇ ਪਸਾਰ ਏਨੇ ਵੱਡੇ ਨਹੀਂ ਹੁੰਦੇ ਕਿ ਉਹ ਸਾਰੇ ਸਮਾਜ ਦੇ ਹਿੱਤਾਂ ਨੂੰ ਲਤਾੜ ਦੇਣ, ਉਹ ਆਪਣੇ ਪਰਿਵਾਰ ਲਈ ਸ੍ਵੈ-ਮਾਣ ਦੀ ਜ਼ਿੰਦਗੀ ਲੋਚਦਾ ਹੈ ਪਰ ਸਿਆਸਤਦਾਨਾਂ ਅਤੇ ਖ਼ਾਸ ਕਰਕੇ ਵੱਡੇ ਸਿਆਸਤਦਾਨਾਂ ਦੇ ਸਵਾਰਥ ਤੇ ਲਾਲਚ ਦਾ ਕੋਈ ਹੱਦ-ਬੰਨਾ ਦਿਖਾਈ ਨਹੀਂ ਦਿੰਦਾ।
ਅਜੋਕੇ ਸਮਿਆਂ ’ਤੇ ਨਜ਼ਰ ਮਾਰੀਏ ਤਾਂ ਇਹ ਦਿਸਦਾ ਹੈ ਕਿ ਲਗਭਗ ਪੰਜ ਦਹਾਕਿਆਂ ਤੋਂ ਪੰਜਾਬੀ ਬੰਦਾ ਸਿਆਸਤਦਾਨਾਂ ਦੀਆਂ ਪੈਦਾ ਕੀਤੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਇਹ ਉਹੀ ਲੋਕ ਹਨ ਜਿਨ੍ਹਾਂ ਨੇ ਧਰਮ-ਆਧਾਰਿਤ ਸਿਆਸਤ ਸ਼ੁਰੂ ਕੀਤੀ। ਧਰਮ ਨੂੰ ਮਨੁੱਖ ਦੀ ਜ਼ਿੰਦਗੀ ’ਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ ਪਰ ਧਰਮ ਦੇ ਆਧਾਰ ’ਤੇ ਕੀਤੀ ਗਈ ਸਿਆਸਤ ਕਾਰਨ ਪੰਜਾਬ ਨੇ 1980ਵਿਆਂ ਵਿਚ ਅਕਹਿ ਜ਼ੁਲਮ ਤੇ ਜਬਰ ਝੱਲਿਆ, ਅਤਿਵਾਦੀ ਅਤੇ ਸਰਕਾਰੀ ਤਸ਼ੱਦਦ ਨੇ ਪੂਰੀ ਪੀੜ੍ਹੀ ਨੂੰ ਵੀਰਾਨ ਕੀਤਾ। ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਉਸ ਸੰਤਾਪ ’ਚੋਂ ਉੱਭਰਿਆ ਹੀ ਸੀ ਕਿ ਸਿਆਸਤਦਾਨਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਸੰਸਾਰ ਵਿਚ ਡੋਬ ਦਿੱਤਾ।
ਨਸ਼ੇ ’ਚ ਗਰਕਦੀ ਜਵਾਨੀ ਨਾ ਤਾਂ ਆਪਣੇ ’ਤੇ ਜ਼ੁਲਮ ਕਰਨ ਵਾਲਿਆਂ ਨੂੰ ਕੋਈ ਸਵਾਲ ਕਰਦੀ ਹੈ ਅਤੇ ਨਾ ਹੀ ਆਰਥਿਕ ਤੇ ਸਮਾਜਿਕ ਨਾਬਰਾਬਰੀ ਅਤੇ ਕਿਰਤ ਦੀ ਲੁੱਟ ਜਿਹੇ ਸਾਹਮਣੇ ਦਿਸਦੇ ਮੁੱਦਿਆਂ ਨਾਲ ਕੋਈ ਸਰੋਕਾਰ ਰੱਖਦੀ ਹੈ। ਇਸ ਤੋਂ 21ਵੀਂ ਸਦੀ ਵਿਚ ਉਸਰ ਰਹੇ ਕਾਰਪੋਰੇਟੀ ਲੁੱਟ ਦੇ ਸੰਸਾਰ ਨੂੰ ਚੁਣੌਤੀ ਦੇਣ ਦੀ ਆਸ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਹ ਜਵਾਨੀ ਨਸ਼ਿਆਂ ਅਤੇ ਲੱਚਰ ਗਾਣਿਆਂ ਵਿਚ ਪਣਪੇ ਮਸਨੂਈ ਜੱਟਵਾਦ ਦੀ ਫੋਕੀ ਹਉਮੈ ’ਤੇ ਪਲ ਰਹੀ ਸੀ। ਨੌਜਵਾਨ ਭਗਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਤਾਂ ਪਾਉਂਦੇ ਸਨ ਪਰ ਉਨ੍ਹਾਂ ਦਾ ਭਗਤ ਸਿੰਘ ਦੇ ਵਿਚਾਰਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਇਸ ਜਵਾਨੀ ਕੋਲ ਨਾ ਆਪਣੇ ’ਤੇ ਜ਼ੁਲਮ ਕਰਨ ਵਾਲਿਆਂ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਸੀ, ਨਾ ਜਾਬਰਾਂ ਵਿਰੁੱਧ ਹਿੰਸਾ ਕਰਨ ਦਾ ਹੌਸਲਾ, ਇਹ (ਜਵਾਨੀ) ਸਿਰਫ਼ ਆਪਣੇ ਸਰੀਰਾਂ ਨਾਲ ਹਿੰਸਾ ਕਰ ਸਕਦੀ ਸੀ ਤੇ ਇਹ ਹਿੰਸਾ ਹੋਈ, ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ, ਪਰਿਵਾਰ ਬਰਬਾਦ ਹੋ ਗਏ ਪਰ ਮਜਾਲ ਹੈ ਕਿ ਕਿਸੇ ਸਿਆਸਤਦਾਨ ਦੀ ਨੀਂਦ ਹਰਾਮ ਹੋਈ ਹੋਵੇ ਜਾਂ ਕਿਸੇ ਆਗੂ ਦੀ ਆਤਮਾ ਜਾਗੀ ਹੋਵੇ ਕਿ ਉਹ ਪੰਜਾਬ ਵਿਚੋਂ ਨਸ਼ਿਆਂ ਦਾ ਖ਼ਾਤਮਾ ਕਰੇਗਾ। ਉਨ੍ਹਾਂ ਨੇ ਇਸ ਮੁੱਦੇ ’ਤੇ ਵੀ ਸਿਆਸਤ ਕੀਤੀ, ਪਵਿੱਤਰ ਗੁਟਕਾ ਸਾਹਿਬ ਫੜ ਕੇ ਝੂਠੀਆਂ ਸਹੁੰਆਂ ਖਾਧੀਆਂ ਤੇ ਸੱਤਾ ’ਤੇ ਕਾਬਜ਼ ਹੋਏ।
ਨਿਰਾਸ਼ਾ ਦੇ ਇਸ ਸੰਸਾਰ ਵਿਚ ਇਨ੍ਹਾਂ ਪਰਿਵਾਰਾਂ ਕੋਲ ਆਪਣੇ ਬੱਚਿਆਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਪੰਜਾਬ ’ਚੋਂ ਬਾਹਰ ਕੱਢਣ ਤੋਂ ਸਿਵਾ ਕੋਈ ਹੋਰ ਚਾਰਾ ਨਹੀਂ ਸੀ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਦੁਬਈ, ਜਿੱਥੇ ਵੀ ਸੰਭਵ ਹੋ ਸਕਿਆ, ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਉੱਥੇ ਭੇਜਣ ਦੀ ਕੋਸ਼ਿਸ਼ ਕੀਤੀ, ਜ਼ਮੀਨਾਂ ਵੇਚੀਆਂ, ਕਰਜ਼ੇ ਲਏ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਅਜੋਕੇ ਪੰਜਾਬ ਤੋਂ ਬਚਾਇਆ ਜਾ ਸਕੇ, ਇਹ ਹਾਲ ਕੀਤਾ ਸਿਆਸਤਦਾਨਾਂ ਨੇ ਸਾਡੇ ਪੰਜਾਬ ਦਾ, ਉਨ੍ਹਾਂ (ਸਿਆਸਤਦਾਨਾਂ) ਨੇ ਪੰਜਾਬ ਤੋਂ ਪੰਜਾਬ ਦੀ ਅਜ਼ਮਤ ਖੋਹ ਲਈ, ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ। ਅਖ਼ਬਾਰਾਂ ਵਿਚ ਰੋਜ਼ ਖ਼ੁਦਕੁਸ਼ੀਆਂ ਕਰਨ ਵਾਲੇ ਮਿਹਨਤਕਸ਼ਾਂ ਦੀਆਂ ਤਸਵੀਰਾਂ ਛਪਦੀਆਂ ਹਨ ਪਰ ਮਜਾਲ ਹੈ ਕਿ ਕਿਸੇ ਸਿਆਸਤਦਾਨ ਦੀ ਅੱਖ ’ਚੋਂ ਹੰਝੂ ਕਿਰਿਆ ਹੋਵੇ ਕਿਉਂਕਿ ਉਸ ਦੀ ਪੈਸੇ ਅਤੇ ਸੱਤਾ ਦੀ ਸਲਤਨਤ ਨੂੰ ਕੋਈ ਖ਼ਤਰਾ ਨਹੀਂ ਸੀ, ਉਸ ਦੀ ਲੁੱਟ ਦਾ ਸੰਸਾਰ ਕਾਇਮ ਸੀ। ਉਦਾਸੀ, ਉਪਰਾਮਤਾ, ਨਸ਼ਿਆਂ ਦਾ ਫੈਲਾਉ, ਪਰਵਾਸ, ਰਿਸ਼ਵਤਖੋਰੀ ਅਤੇ ਖ਼ੁਦਕੁਸ਼ੀਆਂ ਪੰਜਾਬੀਆਂ ਦੇ ਜੀਵਨ ਦੀਆਂ ਅਲਾਮਤਾਂ ਬਣ ਗਏ ਸਨ।
ਇਨ੍ਹਾਂ ਹੀ ਦਿਨਾਂ ਵਿਚ ਕੇਂਦਰ ਵਿਚ ਨਵੀਂ ਹਕੂਮਤ ਆਈ ਅਤੇ ਫ਼ਿਰਕਾਪ੍ਰਸਤੀ ਅਤੇ ਕਾਰਪੋਰੇਟ ਲੁੱਟ ਦਾ ਹੋਰ ਹਨੇਰਾ ਸੰਸਾਰ ਉਜਾਗਰ ਹੋਇਆ ਜਿਸ ਨੇ ਆਪਣੇ ਹੱਥ ਪੰਜਾਬ ਵੱਲ ਵੀ ਵਧਾਏ। 2020 ਵਿਚ ਇਹ ਹੱਥ ਪੰਜਾਬ ਦੇ ਕਿਸਾਨਾਂ ਦੀ ਸੰਘੀ ਤਕ ਜਾ ਪਹੁੰਚੇ, ਕੇਂਦਰ ਸਰਕਾਰ ਨੇ 5 ਜੂਨ 2020 ਨੂੰ ਖੇਤੀ ਸਬੰਧੀ ਆਰਡੀਨੈਂਸ ਜਾਰੀ ਕਰ ਕੇ ਕਾਰਪੋਰੇਟ ਅਦਾਰਿਆਂ ਦੇ ਖੇਤੀ ਖੇਤਰ ਵਿਚ ਦਾਖ਼ਲੇ ਦਾ ਰਾਹ ਪੱਧਰਾ ਕੀਤਾ।
ਇਹ ਪੰਜਾਬ ਦੇ ਕਿਸਾਨਾਂ ਦੇ ਹਿੱਸੇ ਆਇਆ ਕਿ ਉਨ੍ਹਾਂ ਨੇ ਉਸ ਹਕੂਮਤ ਨੂੰ ਚੁਣੌਤੀ ਦਿੱਤੀ ਜੋ ਇਹ ਸਮਝਦੀ ਸੀ ਕਿ ਉਸ ਦੇ ਫ਼ੈਸਲਿਆਂ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ, ਜੋ ਹਉਮੈ ਤੇ ਸੱਤਾ ਦੇ ਅਜਿਹੇ ਨਸ਼ੇ ਵਿਚ ਚੂਰ ਸੀ ਕਿ ਉਹ ਭਾਵੇਂ ਨੋਟਬੰਦੀ ਕਰ ਦੇਵੇ ਜਾਂ ਤਾਲਾਬੰਦੀ, ਕਿਸੇ ਸੂਬੇ ਦੇ ਟੋਟੇ ਕਰ ਦੇਵੇ, ਕੋਈ ਕਾਨੂੰਨ ਬਣਾ ਕੇ ਸਦੀਆਂ ਤੋਂ ਇੱਥੇ ਵੱਸਦੇ ਲੋਕਾਂ ਦੇ ਇੱਥੇ ਰਹਿਣ-ਵੱਸਣ ਦੇ ਹੱਕ ਖੋਹ ਲਵੇ, ਉਨ੍ਹਾਂ ਨੂੰ ਬੇਵਤਨੇ ਕਰ ਦੇਵੇ, ਉਸ ਦੇ ਫ਼ੈਸਲਿਆਂ ਨੂੰ ਕੋਈ ਚੁਣੌਤੀ ਨਹੀਂ ਦੇਵੇਗਾ। ਪੰਜਾਬ ਦੇ ਕਿਸਾਨਾਂ ਨੇ ਉਸ ਹਕੂਮਤ ਨੂੰ ਵੰਗਾਰਿਆ। ਇਹ ਚੇਤਨਾ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿਚ ਫੈਲੀ ਅਤੇ 26 ਨਵੰਬਰ 2020 ਨੂੰ ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਦੀਆਂ ਹੱਦਾਂ ’ਤੇ ਪਹੁੰਚ ਗਏ। ਇਸ ਅੰਦੋਲਨ ਨੇ ਨਵੀਂ ਊਰਜਾ ਤੇ ਚੇਤਨਤਾ ਪੈਦਾ ਕੀਤੀ ਅਤੇ ਪੰਜਾਬ ਨੂੰ ਉਦਾਸੀ ਅਤੇ ਉਪਰਾਮਤਾ ਦੇ ਆਲਮ ਤੋਂ ਬਾਹਰ ਲਿਆ ਕੇ ਆਸ-ਉਮੀਦਾਂ ਅਤੇ ਹੱਕ-ਸੱਚ ਲਈ ਲੜਨ ਦੀ ਰੌਸ਼ਨੀ ਵਿਚ ਲਿਆ ਖੜ੍ਹਿਆਂ ਕੀਤਾ। ਅੰਦੋਲਨ ਨੂੰ ਹਰ ਵਰਗ ਦੇ ਲੋਕਾਂ ਦੀ ਹਮਾਇਤ ਮਿਲੀ ਅਤੇ ਪੰਜਾਬ ਦੀਆਂ ਔਰਤਾਂ, ਨੌਜਵਾਨ, ਵਿਦਿਆਰਥੀ, ਵਿਦਵਾਨ, ਗਾਇਕ, ਲੇਖਕ, ਰੰਗਕਰਮੀ ਸਭ ਇਸ ਵਿਚ ਸ਼ਾਮਲ ਹੋਏ। ਲੋਕ-ਵੇਗ ਤੇ ਸੰਗਰਾਮ ਦੀ ਭਾਵਨਾ ਦਿਨੋਂ-ਦਿਨ ਵਧਦੀ ਗਈ। ਇਸ ਭਾਵਨਾ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹਾਸਲ ਸੀ। ਇਸ ਵਿਚ ਪੰਜਾਬ ਦੀ ਨਾਬਰੀ ਦੀ ਰਵਾਇਤ, ਸਿੱਖ ਗੁਰੂਆਂ ਦੇ ਸਾਂਝੀਵਾਲਤਾ ਅਤੇ ਜ਼ੁਲਮ ਵਿਰੁੱਧ ਲੜਨ ਦੇ ਸੰਦੇਸ਼, ਭਗਤੀ ਲਹਿਰ ਦੇ ਸੰਤਾਂ ਅਤੇ ਸੂਫ਼ੀਆਂ ਦੁਆਰਾ ਪੈਦਾ ਕੀਤੀ ਭਾਈਚਾਰਕ ਸਾਂਝ ਅਤੇ ਲੋਕ-ਸੰਘਰਸ਼ਾਂ ਦੀ ਲੋਅ ਅੰਦੋਲਨ ਵਿਚ ਹਰਦਮ ਹਾਜ਼ਰ ਰਹੀ। ਕਿਸਾਨਾਂ ਦੇ ਅਜ਼ੀਮ ਸਿਦਕ, ਸਿਰੜ, ਹੌਸਲੇ ਤੇ ਦੁੱਖ ਸਹਿਣ ਦੀ ਸਮਰੱਥਾ ਕਾਰਨ ਅੰਦੋਲਨ ਦੀ ਜਿੱਤ ਹੋਈ ਅਤੇ ਸ਼ਾਸਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਿੱਥੇ ਕਿਸਾਨ ਅੰਦੋਲਨ ਨੇ ਪੰਜਾਬੀਆਂ ਦੇ ਸੰਘਰਸ਼ ਕਰਨ ਦੇ ਜਜ਼ਬੇ ਨੂੰ ਨਵਿਆਇਆ, ਉੱਥੇ ਉਨ੍ਹਾਂ ਦੇ ਮਨਾਂ ਵਿਚ ਆਪਣੇ ਸੂਬੇ ਦੀ ਸਿਆਸਤ ਦੀ ਨਵੀਂ ਨੁਹਾਰ ਘੜਨ ਪ੍ਰਤੀ ਵੀ ਉਮੀਦਾਂ ਪੈਦਾ ਕੀਤੀਆਂ। ਸੰਘਰਸ਼ ਦਾ ਸੰਸਾਰ ਆਦਰਸ਼ਮਈ ਹੁੰਦਾ ਹੈ ਅਤੇ ਸਿਆਸਤ ਦਾ ਕਲੇਸ਼ਮਈ। ਕੁਝ ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਹੈ, ਉਸ ਕਾਰਨ ਅਨੇਕ ਸਵਾਲ ਉੱਠ ਖੜ੍ਹੇ ਹੋਏ ਹਨ : ਕੀ ਕਿਸਾਨ ਆਗੂਆਂ ਨੂੰ ਸਿਆਸਤ ਵਿਚ ਹਿੱਸਾ ਲੈਣਾ ਚਾਹੀਦਾ ਹੈ ? ਕੀ ਵੋਟਾਂ ਪਾਉਣ ਦੀ ਸਿਆਸਤ ਵਿਚੋਂ ਕੁਝ ਹਾਸਲ ਹੋਵੇਗਾ ? ਕੀ ਵੋਟਾਂ ਪਾਉਣਾ ਆਪਣੇ ਆਪ ਵਿਚ ਸਹੀ ਹੈ ? ਕੀ ਕਿਸਾਨਾਂ ਦੀ ਨਵੀਂ ਬਣੀ ਸਿਆਸੀ ਪਾਰਟੀ ਕੋਲ ਚੋਣਾਂ ਲੜਨ ਦੀ ਜਥੇਬੰਦਕ ਤਾਕਤ ਤੇ ਸੂਝ ਹੈ ? ਇਹ ਸਿਆਸੀ ਪਾਰਟੀ ਸਾਰੀਆਂ ਸੀਟਾਂ ਖ਼ੁਦ ਲੜੇ ਜਾਂ ਕਿਸੇ ਹੋਰ ਰਵਾਇਤੀ ਪਾਰਟੀ ਨਾਲ ਸਾਂਝ ਪਾ ਕੇ? ਕੀ ਇਹ ਪਾਰਟੀ ਆਪਣੀ ਏਕਤਾ ਕਾਇਮ ਰੱਖ ਸਕੇਗੀ? ਕੀ ਪਾਰਟੀ ਬਣਾਉਣ ਨਾਲ ਸੂਬੇ ਅਤੇ ਦੇਸ਼ ਦੀ ਪੱਧਰ ’ਤੇ ਕਿਸਾਨ ਜਥੇਬੰਦੀਆਂ ਦੇ ਏਕੇ ਅਤੇ ਭਵਿੱਖ ਵਿਚ ਹੋਣ ਵਾਲੇ ਸੰਘਰਸ਼ਾਂ ਨੂੰ ਜ਼ਰਬ ਤਾਂ ਨਹੀਂ ਪਹੁੰਚੇਗੀ ? ਨਵੀਂ ਬਣੀ ਪਾਰਟੀ ਨੂੰ ਇਨ੍ਹਾਂ ਸਭ ਸਵਾਲਾਂ ਦਾ ਜਵਾਬ ਤਲਾਸ਼ਦੇ ਹੋਏ ਫ਼ੈਸਲੇ ਕਰਨੇ ਪੈਣੇ ਹਨ। ਕਿਸਾਨ ਆਗੂਆਂ ਦੇ ਮਨਾਂ ਵਿਚ ਇਨ੍ਹਾਂ ਸਵਾਲਾਂ ਬਾਰੇ ਕਸ਼ਮਕਸ਼ ਹੈ ਅਤੇ ਇਹ ਕਸ਼ਮਕਸ਼ ਪੰਜਾਬੀਆਂ ਦੇ ਮਨਾਂ ਵਿਚ ਵੀ ਹੈ।
ਪੰਜਾਬੀਆਂ ਨੇ ਨਵਾਂ ਸਾਲ ਕਿਸਾਨ ਅੰਦੋਲਨ ਦੀ ਜਿੱਤ ਦੀ ਮਹਿਕ, ਮਹਿਮਾ ਅਤੇ ਇਸ ਦੇ ਅਦੁੱਤੀ ਮਹੱਤਵ ਨੂੰ ਮਹਿਸੂਸ ਕਰਦਿਆਂ ਮਨਾਇਆ ਹੈ। ਵਰ੍ਹਿਆਂ ਬਾਅਦ ਪੰਜਾਬ ਦੀ ਫ਼ਿਜ਼ਾ ਵਿਚ ਸਮੂਹਿਕ ਖ਼ੁਸ਼ੀ ਮੌਲੀ ਹੈ। ਪੰਜਾਬੀਆਂ ਨੂੰ ਇਹ ਜਸ਼ਨ ਮਨਾਉਣ ਦਾ ਪੂਰਾ ਅਧਿਕਾਰ ਹੈ ਪਰ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਚਿੰਤਾਤੁਰ ਹੁੰਦਿਆਂ ਕਿਸਾਨ ਅੰਦੋਲਨ ਦੇ ਸਭ ਤੋਂ ਉੱਚਤਮ ਆਦਰਸ਼ ਕਿ ਜ਼ਿੰਦਗੀ ਵਿਚ ਕੁਝ ਵੀ ਹਾਸਲ ਕਰਨ ਲਈ ਸੰਘਰਸ਼ ਜ਼ਰੂਰੀ ਹੈ, ਦਾ ਪੱਲਾ ਫੜੀ ਰੱਖਣਾ ਚਾਹੀਦਾ ਹੈ। ਇਹ ਸੰਘਰਸ਼ ਨਿੱਜੀ ਵੀ ਹੁੰਦਾ ਹੈ ਅਤੇ ਸਮੂਹਿਕ ਵੀ, ਅੰਦੋਲਨਾਂ ਦੌਰਾਨ ਵੀ ਹੁੰਦਾ ਹੈ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਵੀ, ਸਰਕਾਰੀ ਜਬਰ ਵਿਰੁੱਧ ਵੀ ਹੁੰਦਾ ਹੈ ਅਤੇ ਸਮਾਜਿਕ ਅਨਿਆਂ ਵਿਰੁੱਧ ਵੀ। ਪੰਜਾਬ ਦੇ ਇਤਿਹਾਸ ਵਿਚ ਇਸ ਦੀਆਂ ਅਨੇਕ ਮਿਸਾਲਾਂ ਹਨ ਅਤੇ ਕਿਸਾਨ ਅੰਦੋਲਨ ਨੇ ਸੰਘਰਸ਼ ਦੀ ਇਸ ਰਵਾਇਤ ਨੂੰ ਮੁੜ ਸੁਰਜੀਤ ਕੀਤਾ ਹੈ, ਨਵੀਂ ਸਮਾਜਿਕ ਤੇ ਸੱਭਿਆਚਾਰਕ ਸੋਚ-ਦ੍ਰਿਸ਼ਟੀ ਪੈਦਾ ਕੀਤੀ ਹੈ, ਪੰਜਾਬੀਆਂ ਨੂੰ ਇਸ ਦ੍ਰਿਸ਼ਟੀ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ।
ਕੀ ਕਿਸਾਨ ਅੰਦੋਲਨ ਦੀ ਕਮਾਈ ਊਰਜਾ ਵਿਅਰਥ ਜਾਵੇਗੀ? ਕੀ ਸੰਘਰਸ਼ਮਈ ਆਦਰਸ਼ਾਂ ਦਾ ਸੰਸਾਰ ਬਿਖਰ ਜਾਵੇਗਾ? ਕੀ ਕਿਸਾਨਾਂ ਦੀਆਂ ਕੁਰਬਾਨੀਆਂ ਅਜਾਈਂ ਜਾਣਗੀਆਂ? ... ਨਹੀਂ ... ਉਹ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਕਿਸਾਨ ਸੰਘਰਸ਼ ਨੇ ਪੰਜਾਬੀਆਂ ਦੇ ਮਨਾਂ ਵਿਚ ਇਕ ਸੰਗਰਾਮਮਈ ਸੰਸਾਰ ਨੂੰ ਜਨਮ ਦਿੱਤਾ ਹੈ, ਸੋਚ-ਸਮਝ ਦੇ ਨਵੇਂ ਜ਼ਾਵੀਏ ਕਾਇਮ ਕੀਤੇ ਹਨ, ਚੇਤਨਤਾ ਜਗਾਈ ਹੈ, ਪੰਜਾਬ ਦੇ ਮਿਹਨਤਕਸ਼ ਜੀਊੜੇ ਊਰਜਾ, ਚੇਤਨਤਾ ਅਤੇ ਆਦਰਸ਼ਾਂ ਦੇ ਇਸ ਸੰਸਾਰ ਨੂੰ ਗਵਾਚਣ ਨਹੀਂ ਦੇਣਗੇ। ਪੰਜਾਬ ਦੇ ਸਿਆਸਤਦਾਨਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪਵੇਗਾ। ਲੋਕ ਉਨ੍ਹਾਂ ਦੇ ਲਾਲਚ, ਸਵਾਰਥ, ਲੁੱਟ ਤੇ ਮੌਕਾਪ੍ਰਸਤੀ ਬਾਰੇ ਸਵਾਲ ਪੁੱਛਣਗੇ। ਸਿਆਸਤਦਾਨ ਸਮਝਦੇ ਹਨ ਕਿ ਸੱਤਾ ਨਾਲ ਚਿੰਬੜੇ ਰਹਿ ਕੇ, ਉਹ ਤਫ਼ਤੀਸ਼ ਕਰਨ ਵਾਲੀਆਂ ਏਜੰਸੀਆਂ ਦੀ ਪੁੱਛ-ਪੜਤਾਲ ਤੋਂ ਬਚ ਜਾਣਗੇ। ਹਾਂ, ਉਨ੍ਹਾਂ ਤੋਂ ਤਾਂ ਉਹ ਬਚ ਜਾਣਗੇ ਪਰ ਪੰਜਾਬ ਦੀ ਲੋਕਾਈ ਦੀ ਪੁੱਛ-ਪੜਤਾਲ ਤੋਂ ਉਹ ਨਹੀਂ ਬਚ ਸਕਦੇ।