ਕੋਈ ਹੈਗਾ ਏ ਤਾਂ ਦੱਸੋ - ਨਿਰਮਲ ਸਿੰਘ ਕੰਧਾਲਵੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ
ਦੁਖੀ ਆਏ ਜਾਂ ਦੁਆਰੇ, ਗੁਰ ਪਿਤਾ ਇਹ ਉਚਾਰੇ
ਕੋਈ ਦੇਵੇ ਬਲੀਦਾਨ, ਦੁਖ ਇਹਨਾਂ ਦੇ ਨਿਵਾਰੇ
ਗੋਬਿੰਦ ਮੁਸਕਾਇਆ, ਇੰਜ ਉਹਨੇ ਅਲਾਇਆ
ਮੇਰੀ ਕਰਿਓ ਨਾ ਚਿੰਤਾ, ਜਾ ਕੇ ਦੇਵੋ ਕੁਰਬਾਨੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾ ਦੱਸੋ, ਗੁਰੂ ਦਸਵੇਂ ਦਾ ਸਾਨੀ
ਮੱਲਾਂ ਜੰਗਾਂ ਵਿਚ ਮਾਰੇ, ਆਕੀ ਰਣ 'ਚ ਸੰਘਾਰੇ
ਨਾਲ਼ੇ ਰਚੇ ਉਹ ਸਾਹਿਤ, ਕਦੀ ਕਵੀਆਂ ਨੂੰ ਤਾਰੇ
ਜਿੱਵੇਂ ਵਾਹੀ ਉਹਨੇ ਤੇਗ਼, ਏਵੇਂ ਵਾਹੀ ਉਹਨੇ ਕਾਨੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ
ਹੱਥੀਂ ਸਾਜ ਕੇ ਪਿਆਰੇ, ਗੁਰ ਚੇਲਾ ਉਹ ਕਹਾਵੇ
'ਕੱਲਾ ਲੱਖ ਨਾ' ਲੜਾ ਕੇ, ਬਾਜ਼ ਚਿੜੀ ਤੋਂ ਤੁੜਾਵੇ
ਕਰਨਾ ਜ਼ੁਲਮਾਂ ਦਾ ਨਾਸ, ਇਹੋ ਦਿਲ ਵਿਚ ਠਾਣੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ
ਦੋ ਵਾਰੇ ਸਰਹੰਦ, ਦੋ ਵਾਰ ਦਿੱਤੇ ਵਿਚ ਚਮਕੌਰ
ਠੰਡੇ ਬੁਰਜ 'ਚ ਉਡਿਆ, ਮਾਂ ਗੁਜਰੀ ਦਾ ਭੌਰ
ਆਖਦਾ ਜਹਾਨ ਸਾਰਾ,ਇਹ ਸ਼ਹੀਦੀਆਂ ਲਾਸਾਨੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ
ਕਦੀ ਮਖ਼ਮਲੀ ਸੇਜਾਂ, ਕਦੀ ਟਿੰਡ ਦਾ ਸਰ੍ਹਾਣਾ
ਪੈਰ ਕੰਡਿਆਂ ਪਰੁੰਨ੍ਹੇ, ਮਿੱਠਾ ਮੰਨਦਾ ਏ ਭਾਣਾ
ਹੱਥ ਫੜੀ ਸ਼ਮਸ਼ੀਰ, ਅਤੇ ਬੁੱਲ੍ਹਾਂ ਉੱਤੇ ਬਾਣੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ
ਵਿਚ ਚਮਕੌਰ ਜੀਹਨੇ, ਅਜੀਤ ਜੁਝਾਰ ਨਾ ਸੰਭਾਲ਼ੇ
ਖਿਦਰਾਣੇ ਵਾਲ਼ੀ ਢਾਬ ਉੱਤੇ, ਰੰਗ ਅਜਬ ਦਿਖਾਲੇ
ਸਿਰ ਯੋਧਿਆਂ ਦੇ ਗੋਦੀ, ਵਹਾਵੇ ਅੱਖਾਂ ਵਿਚੋਂ ਪਾਣੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ
ਘਰ ਮਿਹਰਾਂ ਦੇ ਆ ਕੇ, ਗਲ਼ ਵਿਛੜੇ ਉਹ ਲਾਵੇ
ਮੂੰਹ ਮੰਗੀਆਂ ਮੁਰਾਦਾਂ, ਫਿਰ ਮਹਾਂ ਸਿੰਘ ਪਾਵੇ
ਕਦੀ ਦੇਖੀ ਨਾ ਸੁਣੀ, ਐਸੀ ਜੱਗ 'ਤੇ ਕਹਾਣੀ
ਵਾਰ ਦਿੱਤਾ ਪਰਵਾਰ, ਕਹਾਵੇ ਪੁੱਤਰਾਂ ਦਾ ਦਾਨੀ
ਕੋਈ ਹੈਗਾ ਏ ਤਾਂ ਦੱਸੋ, ਗੁਰੂ ਦਸਵੇਂ ਦਾ ਸਾਨੀ।