ਨਫ਼ਰਤ ਦਾ ਵਧਦਾ-ਫੁਲਦਾ ਕਾਲਾ ਕਾਰੋਬਾਰ - ਰਾਜੇਸ਼ ਰਾਮਚੰਦਰਨ
25-26 ਦਸੰਬਰ ਨੂੰ ਰਾਇਪੁਰ ਵਿਚ ਹੋਈ ਧਰਮ ਸੰਸਦ ਦਾ ਦੁਖਦ ਪੱਖ ਇਹ ਹੈ ਕਿ ਇਸ ਮੁਤਾਬਕ ਫੈਂਸੀ ਡਰੈੱਸ (ਬਹੁਰੂਪੀਆ ਪੁਸ਼ਾਕਾਂ) ਅਤੇ ਕਰਾਸ-ਡਰੈੱਸਿੰਗ (ਭਾਵ ਦੂਜੇ ਲਿੰਗ ਨਾਲ ਸਬੰਧਤ ਕੱਪੜੇ ਪਹਿਨਣੇ) ਭਾਰਤੀ ਰਵਾਇਤਾਂ, ਇਤਿਹਾਸ ਅਤੇ ਸਿਆਸਤ ਵਿਚ ਵਿਦਵਤਾ ਲਈ ਯੋਗ ਹਨ। ਖੁੱਲ੍ਹੇ ਵਾਲਾਂ, ਸੰਘਣੀ ਦਾੜ੍ਹੀ, ਮੱਥੇ ਉੱਤੇ ਵੱਡੇ ਟਿੱਕੇ ਅਤੇ ਭਗਵਾ ਪਹਿਰਾਵੇ ਵਾਲਾ ਇਕ ਸ਼ਖ਼ਸ ਗਾਂਧੀ ਲਈ ਅਪਸ਼ਬਦ ਇਸਤੇਮਾਲ ਕਰਦਾ ਹੈ। ਇਸ ਗਾਂਧੀਵਾਦੀ ਗਣਤੰਤਰ ਵਿਚ ਜੋ ਕੋਈ ਵੀ ਗਾਂਧੀ ਬਾਰੇ ਬਦਕਲਾਮੀ ਕਰਨਾ ਚਾਹੁੰਦਾ ਹੈ, ਉਸ ਨੂੰ ਅਜਿਹਾ ਕਰਨ ਲਈ ਵਿਚਾਰਾਂ ਦੇ ਪ੍ਰਗਟਾਵੇ ਦੀ ਪੂਰੀ ਆਜ਼ਾਦੀ ਅਤੇ ਮੌਕਾ ਮਿਲਣਾ ਚਾਹੀਦਾ ਹੈ, ਫਿਰ ਭਾਵੇਂ ਉਹ ਪ੍ਰਗਿਆ ਠਾਕੁਰ ਹੋਵੇ, ਅਰੁੰਧਤੀ ਰਾਏ ਹੋਵੇ ਜਾਂ ਕਾਲੀਚਰਨ ਮਹਾਰਾਜ। ਦਰਅਸਲ, ਗਾਂਧੀਵਾਦੀ ਗਣਤੰਤਰ ਦੀ ਸਿਹਤ ਦੀ ਖ਼ਰਾਬੀ ਦੀਆਂ ਸ਼ੁਰੂਆਤੀ ਅਲਾਮਤਾਂ ਤਾਂ ਉਦੋਂ ਹੀ ਦਿਖਾਈ ਦੇਣ ਲੱਗ ਪਈਆਂ ਸਨ, ਜਦੋਂ ਹਾਕਮ ਕਾਂਗਰਸੀਆਂ ਨੇ ਸਲਮਾਨ ਰਸ਼ਦੀ ਦੀ ਕਿਤਾਬ ‘ਸ਼ੈਤਾਨ ਦੀਆਂ ਆਇਤਾਂ’ (The Satanic Verses) ਉਤੇ ਪਾਬੰਦੀ ਲਾਉਣ ਦੀ ਮਾੜੀ ਕਾਰਵਾਈ ਕੀਤੀ ਸੀ। ਹੁਣ ਇਹ ਅਥਾਹ ਸਿਆਸੀ ਲਾਹਿਆਂ ਨਾਲ ਮੁਕੰਮਲ ਸਨਅਤ ਬਣ ਚੁੱਕੀ ਹੈ।
ਗਾਂਧੀ ਨੂੰ ਗਾਲ੍ਹਾਂ ਕੱਢਣ ਦਾ ਬੁਰਾ ਨਾ ਵੀ ਮਨਾਇਆ ਜਾਵੇ, ਤਾਂ ਵੀ ਧਰਮ ਸੰਸਦ ਇਕ ਹੋਰ ਕਾਰਨ ਕਰ ਕੇ ਵੀ ਨਿਰਾਸ਼ਾਜਨਕ ਸੀ। ਕਾਲੀਚਰਨ ਨੇ ਗਾਂਧੀ ਨੂੰ ਮੰਦੇ ਬੋਲ ਬੋਲਣ ਲਈ ਕੋਈ ਭਾਰਤੀ ਜਾਂ ਹਿੰਦੂ ਲਫ਼ਜ਼ ਇਸਤੇਮਾਲ ਨਹੀਂ ਕੀਤਾ। ਉਸ ਨੂੰ ਗਾਂਧੀ ਨੂੰ ਭਰਪੂਰ ਹਿੰਦੂ ਨਾ ਹੋਣ ਕਾਰਨ ਮੰਦਾ ਬੋਲਣ ਵਾਸਤੇ ਅਰਬੀ ਤੇ ਇਸਲਾਮੀ ਪ੍ਰਥਾਵਾਂ ਤੋਂ ਮਦਦ ਲੈਣੀ ਪਈ। ‘ਹਰਾਮ’ ਅਰਬੀ ਲਫ਼ਜ਼ ਹੈ ਅਤੇ ਇਹ ਇਸਲਾਮ ਦਾ ਅਟੁੱਟ ਸਿਧਾਂਤ ਹੈ ਜਿਸ ਦੇ ਮਾਇਨੇ ਹਨ, ਕਿਸੇ ਚੀਜ਼ ਦਾ ਵਰਜਿਤ ਹੋਣਾ। ਇਸੇ ਤਰ੍ਹਾਂ ਹਰਾਮੀ ਸ਼ਬਦ ਦਾ ਇਸਤੇਮਾਲ ਕਿਸੇ ਵਰਜਿਤ ਰਿਸ਼ਤੇ ਤੋਂ ਪੈਦਾ ਹੋਏ ਨਾਜਾਇਜ਼ ਬੱਚੇ ਲਈ ਕੀਤਾ ਜਾਂਦਾ ਹੈ। ਯਕੀਨਨ ਸਵਦੇਸ਼ੀ ਧਰਮਾਂ ਨਾਲ ਸੰਬੰਧਿਤ ਕਿਸੇ ਸ਼ਖ਼ਸ ਤੋਂ ਕਿਸੇ ਬੁੱਕਰ ਇਨਾਮ ਜੇਤੂ ਜਾਂ ਚਰਚਿਲ ਵਰਗੇ ਨੋਬੇਲ ਇਨਾਮ ਜੇਤੂ ਦੀਆਂ ਟਿੱਪਣੀਆਂ ਅਤੇ ਪ੍ਰਗਟਾਵਿਆਂ ਦਾ ਲਾਹਾ ਲੈਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਜਿਵੇਂ ਚਰਚਿਲ ਨੇ ਆਪਣੀ ਮਸ਼ਹੂਰ ਟਿੱਪਣੀ ਵਿਚ ਪੁੱਛਿਆ ਸੀ ਕਿ ਗਾਂਧੀ ਉਨ੍ਹਾਂ ਲੱਖਾਂ ਲੋਕਾਂ ਨਾਲ ਕਿਉਂ ਨਹੀਂ ਸੀ ਮਰ ਗਿਆ ਜਿਹੜੇ ਬਰਤਾਨਵੀ ਹਕੂਮਤ ਦੌਰਾਨ ਭੁੱਖ ਕਾਰਨ ਮੌਤ ਦੇ ਮੂੰਹ ਜਾ ਪਏ ਸਨ, ਪਰ ਕੀ ਕਾਲੀਚਰਚਨ ਸੰਸਕ੍ਰਿਤ ਭਾਸ਼ਾ ਦੀਆਂ ਕੁਝ ਗਾਲ੍ਹਾਂ ਨਹੀਂ ਸਿੱਖ ਸਕਦਾ, ਜਿਵੇਂ ਜਾਰਜਾ (ਵਿਆਹੁਤਾ ਔਰਤ ਨੂੰ ਪੈਦਾ ਹੋਇਆ ਉਸ ਦੇ ਪ੍ਰੇਮੀ ਦਾ ਬੱਚਾ) ਜਾਂ ਕਾਨੀਨਾ (ਅਣਵਿਆਹੀ ਔਰਤ ਦਾ ਬੱਚਾ) ਜਾਂ ਗੋਲਕਾ (ਵਿਧਵਾ ਦੇ ਪੈਦਾ ਹੋਇਆ ਬੱਚਾ)? ਜਿਵੇਂ ਭਾਰਤ ਵਿਚ ਜਿ਼ਆਦਾਤਰ ਰਿਸ਼ਤਿਆਂ ਲਈ ਵੱਖੋ-ਵੱਖਰੇ ਸ਼ਬਦ ਹਨ, ਉਵੇਂ ਹੀ ਸਾਡੇ ਕੋਲ ਹਰ ਸੰਭਵ ਨਾਜਾਇਜ਼ ਕਾਰਵਾਈ ਲਈ ਖ਼ਾਸ ਅਪਸ਼ਬਦ ਵੀ ਹੈ।
ਅਜਿਹੇ ਭਰਪੂਰ ਤੇ ਰੰਗ-ਬਰੰਗੇ ਸ਼ਬਦ ਭੰਡਾਰ ਦੇ ਬਾਵਜੂਦ ਜੇ ਕਿਸੇ ਭਗਵਾਧਾਰੀ ਨੇ ਬਹੁਤ ਹੀ ਆਮ ਗਾਲ੍ਹ ਦਾ ਇਸਤੇਮਾਲ ਕੀਤਾ ਹੈ ਤਾਂ ਇਸ ਤੋਂ ਇਕ ਵਾਰੀ ਫਿਰ ਇਹ ਜ਼ਾਹਿਰ ਹੋ ਜਾਂਦਾ ਹੈ ਕਿ ਕਿਵੇਂ ਇਸਲਾਮ ਅਤੇ ਅਰਬੀ ਮੂਲ ਦੀ ਸ਼ਬਦਾਵਲੀ ਸਭ ਤੋਂ ਮਾੜੇ ਨਾਮਕਰਨ ਲਈ ਭਾਰਤੀ ਸਮਾਜਿਕ ਬੋਲਚਾਲ ਦਾ ਜ਼ਰੂਰੀ ਹਿੱਸਾ ਬਣ ਚੁੱਕੀ ਹੈ। ਉਸ ਪੱਖ ਤੋਂ ਦੇਖਿਆ ਜਾਵੇ ਤਾਂ ਕਾਲੀਚਰਨ ਨੇ ਸ਼ਬਦਾਂ ਦੀ ਚੋਣ ਦੇ ਪੱਖ ਤੋਂ ਪੂਰੀ ਨਿਰਪੱਖਤਾ ਵਰਤੀ ਹੈ ਪਰ ਮਸ਼ਹੂਰ ਹਿੰਦੂ ਪੁਰੋਹਿਤਾਂ ਦੀ ਅਗਿਆਨਤਾ ਵਿਚ ਇਸ ਭਾਵਨਾ ਦਾ ਇੰਝ ਪੂਰੀ ਤਰ੍ਹਾਂ ਉਤਰ ਜਾਣਾ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਨਾਲ ਹੀ ਇਸ ਤੱਥ ਨੂੰ ਦੇਖਦਿਆਂ ਕਿ ਜੇ ਕਿਸੇ ਅਨਪੜ੍ਹ ਜਾਂ ਅੱਧ-ਪੜ੍ਹ ਸ਼ਖ਼ਸ ਨੂੰ ਕਥਿਤ ਧਰਮ ਸੰਸਦ ਵਿਚ ਸੱਦਿਆ ਜਾਂਦਾ ਹੈ, ਜਿਵੇਂ ਇਸ ਮਾਮਲੇ ਵਿਚ ਸੰਬੰਧਿਤ ਸ਼ਖ਼ਸ ਨੇ ਸਕੂਲੀ ਪੜ੍ਹਾਈ ਅੱਧ-ਵਿਚਾਲੇ ਛੱਡ ਦਿੱਤੀ ਸੀ ਤਾਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਹਿੰਦੂ ਧਰਮ ਅੱਜ ਅਜਿਹੇ ਲੋਕਾਂ ਦੇ ਹੱਥਾਂ ਵਿਚ ਹੈ ਜਿਨ੍ਹਾਂ ਨੂੰ ਇਸ ਦੀਆਂ ਵੱਖੋ-ਵੱਖ ਭਾਸ਼ਾਵਾਂ, ਸਾਹਿਤ, ਰਵਾਇਤਾਂ ਅਤੇ ਕਰਮ-ਕਾਂਡਾਂ ਬਾਰੇ ਬਹੁਤਾ ਗਿਆਨ ਨਹੀਂ। ਅੱਜ ਕੋਈ ਵੀ ਸ਼ਖ਼ਸ ਜਿਸ ਨੇ ਭਗਵਾ ਵਸਤਰ ਪਹਿਨੇ ਹੋਣ, ਮੁਸਲਮਾਨਾਂ ਨੂੰ ਵੱਧ-ਘੱਟ ਬੋਲਦਾ ਹੋਵੇ ਅਤੇ ਹਾਕਮ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਦਾਅਵੇਦਾਰ ਹੋਵੇ, ਉਹ ਖ਼ੁਦ ਨੂੰ ਧਰਮ ਦਾ ਅਲੰਬਰਦਾਰ ਅਖਵਾਉਣ ਦੇ ਯੋਗ ਹੋ ਜਾਂਦਾ ਹੈ।
ਨਫ਼ਰਤ ਅੱਜ ਸਾਡੇ ਉਤੇ ਲਿਓਨਾਰਦੋ ਡੀਕੈਪਰੀਓ ਦੀ ਅਦਾਕਾਰੀ ਵਾਲੀ ਹਾਲੀਆ ਵਿਅੰਗਾਤਮਕ ਫਿਲਮ ‘ਡੌਂਟ ਲੁੱਕ ਅਪ’ ਵਿਚਲੇ ਪੂਛਲ ਤਾਰੇ ‘ਕੌਮੈਟ ਡਿਬੀਆਸਕਾਈ’ ਵਾਂਗ ਆਣ ਡਿੱਗ ਪਈ ਹੈ। ਜੇ ਅਸੀਂ ਫਿਰ ਵੀ ਉੱਪਰ ਨੂੰ ਦੇਖਦੇ ਹਾਂ ਤਾਂ ਸਾਨੂੰ ਦਿਖਾਈ ਦਿੰਦਾ ਹੈ ਕਿ ਕਿਵੇਂ ਇਕ ਰਾਸ਼ਟਰ-ਹਤਿਆਰਾ ਨਫ਼ਰਤ ਦਾ ਪੂਛਲ ਤਾਰਾ ਹਰ ਭਾਰਤੀ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਤੋਂ ਕੋਈ ਵੀ ਸੁਰੱਖਿਅਤ ਨਹੀਂ ਅਤੇ ਜੇ ਅਸੀਂ ਇਸ ਪੂਛਲ ਤਾਰੇ ਨੂੰ ਆਪਣੇ ਆਪ ਨੂੰ ਨਿਸ਼ਾਨਾ ਬਣਾਉਣ ਦਿੰਦੇ ਹਾਂ ਤਾਂ ਸਾਡਾ ਕਿਸੇ ਦਾ ਵੀ ਭਵਿੱਖ ਸੁਰੱਖਿਅਤ ਨਹੀਂ ਰਹੇਗਾ। ਨਫ਼ਰਤ ਫੈਲਾਉਣ ਵਾਲਿਆਂ ਨੇ ਹੋ ਸਕਦਾ ਹੈ, ਚੋਣਾਂ ਦਾ ਸਮਾਂ ਨੇੜੇ ਹੋਣ ਕਾਰਨ ਆਪਣੀ ਆਵਾਜ਼ ਉੱਚੀ ਕਰ ਲਈ ਹੋਵੇ ਪਰ ਅਜਿਹੇ ਸਾਰੇ ਹਮਲਿਆਂ ਦੇ ਪ੍ਰਭਾਵ ਲੰਮਾ ਸਮਾਂ ਰਹਿਣ ਵਾਲੇ ਹੁੰਦੇ ਹਨ। ਹਰ ਵਾਰ ਜਦੋਂ ਸਮੁੱਚੇ ਭਾਈਚਾਰੇ ਨੂੰ ਨਸਲੀ ਸਫ਼ਾਏ ਅਤੇ ਕਤਲੇਆਮ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤਾਂ ਉਸ ਨੂੰ ਹਥਿਆਰ ਚੁੱਕਣ ਤੇ ਲੜਨ ਲਈ ਵਾਜਬ ਕਾਰਨ ਦਿੱਤਾ ਜਾਂਦਾ ਹੈ। ਜਿਹੜੇ ਇਹ ਜ਼ਹਿਰ ਉਗਲਦੇ ਹਨ, ਉਨ੍ਹਾਂ ਦਾ ਇਸ ਲਈ ਮਕਸਦ ਭਾਵੇਂ ਫ਼ੌਰੀ ਚੁਣਾਵੀ ਲਾਹਾ ਲੈਣਾ ਹੋ ਸਕਦਾ ਹੈ ਪਰ ਉਹ ਜਿਸ ਸਿਆਸਤ ਦੀ ਗੱਲ ਕਰਦੇ ਹਨ, ਉਹ ਬਹੁਤ ਪੁਰਾਣੀ ਹੈ, ਮੁਲਕ ਦੀ ਵੰਡ ਜਿੰਨੀ ਹੀ ਪੁਰਾਣੀ। ਹਿੰਦੂ ਕੱਟੜਵਾਦੀਆਂ ਦੇ ਇਹ ਨਫ਼ਰਤੀ ਭਾਸ਼ਣ ਮੁਲਕ ਨੂੰ ਇਕਮੁੱਠ ਨਾ ਰੱਖ ਸਕਣ ਦੇ ਮੁਆਫ਼ੀਨਾਮੇ ਵਜੋਂ ਹੁੰਦੇ ਹਨ ਅਤੇ ਇਸ ਸੰਬੰਧ ਵਿਚ ਗਾਂਧੀ ਹਮੇਸ਼ਾ ਆਸਾਨ ਖਲਨਾਇਕ ਬਣਦੇ ਹਨ।
ਯਕੀਨਨ, ਇਸ ਕਥਨ ਵਿਚਲਾ ਲਾਜ਼ਮੀ ਵਿਰੋਧਾਭਾਸ ਅਖੰਡ ਭਾਰਤ ਦੇ ਚਾਹਵਾਨ ਹਿੰਦੂਤਵੀਆਂ ਲਈ ਨਹੀਂ ਹੈ ਜਿਸ ਵਿਚ ਮੌਜੂਦਾ ਪਾਕਿਸਤਾਨ ਵੀ ਸ਼ਾਮਲ ਹੈ। ਜੇ ਹਿੰਦੂ ਅਤੇ ਮੁਸਲਿਮ ਦੋ ਵੱਖੋ-ਵੱਖਰੇ ਰਾਸ਼ਟਰ ਹਨ, ਜਿਵੇਂ ਸਾਵਰਕਰ ਤੇ ਜਿਨਾਹ ਨੇ ਆਪਣੇ ਅੰਗਰੇਜ਼ ਆਕਾਵਾਂ ਦੇ ਫ਼ਾਇਦੇ ਲਈ ਦਾਅਵਾ ਕੀਤਾ ਸੀ, ਤਾਂ ਉਹ ਕਿਸੇ ਹਿੰਦੂ ਸਰਕਾਰ ਦੇ ਮਾਤਹਿਤ ਕਿਵੇਂ ਇਕਮੁੱਠ ਹੋ ਸਕਦੇ ਹਨ? ਹੋ ਸਕਦਾ ਹੈ, ਗਾਂਧੀ ਨੇ ਪਿਆਰ ਅਤੇ ਪੁਰਅਮਨ ਸਹਿਹੋਂਦ ਦੀ ਮਿਸਾਲ ਰਾਹੀਂ ਮੁਲਕ ਦੀ ਵੰਡ ਨੂੰ ਉਲਟਾ ਤੱਕ ਦੇਣ ਦਾ ਸੁਪਨਾ ਦੇਖਿਆ ਹੋਵੇ ਅਤੇ ਹਕੀਕਤ ਵਿਚ ਜਦੋਂ ਉਨ੍ਹਾਂ ਦੀ ਹੱਤਿਆ ਹੋਈ ਤਾਂ ਉਹ ਪਾਕਿਸਤਾਨ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਸਨ। ਅਖੰਡ ਭਾਰਤ ਤਾਂ ਹੀ ਸਾਕਾਰ ਹੋ ਸਕਦਾ ਹੈ, ਜੇ ਦੋਵੇਂ ਭਾਈਚਾਰੇ ਇਕੱਠਿਆਂ ਖ਼ੁਸ਼ੀ ਖ਼ੁਸ਼ੀ ਤੇ ਪੁਰਅਮਨ ਢੰਗ ਨਾਲ ਰਹਿਣ ਪਰ ਇਹ ਅਜਿਹੀ ਹਾਲਤ ਹੈ ਜਿਹੜੀ ਜੰਮੂ ਕਸ਼ਮੀਰ ਵਿਚ ਵੀ ਨਹੀਂ ਬਣ ਸਕੀ। ਇਸ ਦੇ ਬਾਵਜੂਦ ਜੇ ਅੱਧ-ਪੜ੍ਹੇ, ਭਗਵਾਧਾਰੀ ਜਨਤਕ ਬੁਲਾਰੇ ਹਿੰਦੂ ਰਾਸ਼ਟਰ ਦੀ ਚਾਹਤ ਦਾ ਪ੍ਰਗਟਾਵਾ ਕਰਦੇ ਹਨ ਤਾਂ ਉਹ ਮਹਿਜ਼ ਨਿੰਦਣਯੋਗ ਦੋ-ਰਾਸ਼ਟਰ ਸਿਧਾਂਤ ਨੂੰ ਹੀ ਇਸ ਗੱਲ ਦਾ ਅਹਿਸਾਸ ਕੀਤੇ ਬਿਨਾਂ ਦੁਹਰਾਉਂਦੇ ਹਨ ਕਿ ਸਾਡਾ ਸਮਾਜ ਨਾ ਤਾਂ ਇਸ ਨੂੰ ਝੱਲ ਸਕਦਾ ਹੈ ਤੇ ਨਾ ਹੀ ਉਹ ਇਕ ਹੋਰ ਵੰਡ ਸਹਿਣ ਜੋਗਾ ਹੈ।
ਗਾਂਧੀ ਨੂੰ ਕਿਸੇ ਕੁਲ-ਦੇਵਤਾ ਵਾਂਗ ਲੈਣ ਦੀ ਜ਼ਰੂਰਤ ਤਾਂ ਨਹੀਂ ਹੈ ਪਰ ਉਹ ਜਿਸ ਸੋਚ ਦੀ ਪ੍ਰਤੀਨਿਧਤਾ ਕਰਦੇ ਹਨ, ਉਸ ਨੂੰ ਭਾਰਤ ਵਰਗੇ ਉੱਭਰਦੇ ਅਰਥਚਾਰੇ ਲਈ ਪਵਿੱਤਰ ਮੰਨਿਆ ਜਾਣਾ ਚਾਹੀਦਾ ਹੈ। ਆਲਮੀ ਮਹਾਮਾਰੀ ਕਾਰਨ ਲਾਏ ਲੌਕਡਾਊਨ ਨੇ ਸਾਡਾ ਲੱਕ ਤੋੜ ਕੇ ਰੱਖ ਦਿੱਤਾ ਹੈ ਤਾਂ ਇਸ ਸੂਰਤ ਵਿਚ ਖ਼ਾਨਾਜੰਗੀ ਸਾਨੂੰ ਕਿਸ ਹਾਲਤ ਤੱਕ ਲੈ ਜਾਵੇਗੀ, ਇਹ ਕਲਪਨਾ ਹੀ ਕੀਤੀ ਜਾ ਸਕਦੀ ਹੈ। ਖ਼ੈਰ, ਇਸ ਗੱਲ ਤੇ ਬਹਿਸ ਹੋ ਸਕਦੀ ਹੈ ਕਿ ਕੁਝ ਕੁ ਫੈਂਸੀ ਪਹਿਰਾਵੇ ਵਾਲੇ ਅਨਪੜ੍ਹ ਮੁਲਕ ਵਿਚ ਖ਼ਾਨਾਜੰਗੀ ਭੜਕਾ ਸਕਦੇ ਹਨ? ਕੀ ਇਹ ਮਹਿਜ਼ ਚੋਣ ਵਾਅਦਿਆਂ ਤੱਕ ਹੀ ਨਹੀਂ ਹੋਵੇਗਾ ਜਿਸ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਭੁਲਾ ਦਿੱਤਾ ਜਾਣਾ ਹੋਵੇ? ਨਹੀਂ। ਨਫ਼ਰਤ ਦੇ ਇਨ੍ਹਾਂ ਸੌਦਾਗਰਾਂ ਨੇ ਜਿਹੜੇ ਸਮਾਜਿਕ-ਸੱਭਿਆਚਾਰਕ ਜ਼ਖ਼ਮ ਦਿੱਤੇ ਹਨ, ਉਹ ਭਰਨ ਵਾਲੇ ਨਹੀਂ ਹਨ। ਜੇ ਬਸਤੀਵਾਦੀ ਹਾਕਮਾਂ ਲਈ ਜਿਨਾਹ ਨੂੰ ਹੁਲਾਰਾ ਦੇਣਾ ਅਤੇ 75 ਵਰ੍ਹੇ ਪਹਿਲਾਂ ਪਾਕਿਸਤਾਨ ਬਣਾਉਣਾ ਇੰਨਾ ਆਸਾਨ ਸੀ ਤਾਂ ਹੁਣ ਵੀ ਸਾਡੇ ਸ਼ਹਿਰਾਂ ਤੇ ਪਿੰਡਾਂ ਵਿਚ ਵੱਖ ਵੱਖ ਭਾਈਚਾਰਿਆਂ ਦਰਮਿਆਨ ਖ਼ੂਨ ਭਿੱਜੀਆਂ ਕੰਧਾਂ ਖੜ੍ਹੀਆਂ ਕਰਨਾ ਕੋਈ ਔਖਾ ਨਹੀਂ ਹੋਵੇਗਾ। ਆਖ਼ਰਕਾਰ, ਭਾਰਤੀ ਸਿਆਸੀ ਕੱਟੜਪੰਥ ਉਸ ਥਾਂ ਤੋਂ ਅਜੇ ਤੱਕ ਇਕ ਇੰਚ ਵੀ ਅਗਾਂਹ ਨਹੀਂ ਵਧਿਆ ਜਿਥੇ ਖੜ੍ਹਾ ਰਹਿਣ ਲਈ ਇਸ ਨੂੰ ਅੰਗਰੇਜ਼ ਹਕੂਮਤ ਨੇ ਉਸਾਰਿਆ ਸੀ।
ਦੂਜੇ ਪਾਸੇ ਉਦਾਰ ਭਾਰਤੀਆਂ ਵੱਲੋਂ ਲਗਾਤਾਰ ਆਪਣੀਆਂ ਸੱਭਿਆਚਾਰਕ ਜੜ੍ਹਾਂ ਛੱਡਦੇ ਜਾਣ ਅਤੇ ਕੌਮੀ ਫੈਂਸੀ ਡਰੈੱਸ ਮੁਕਾਬਲੇ ਨੂੰ ਵੱਧ ਤੋਂ ਵੱਧ ਥਾਂ ਦਿੰਦੇ ਜਾਣ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਬਸਤੀਵਾਦੀ ਪ੍ਰਤਿਭਾ ਉਤੇ ਕੋਈ ਹੈਰਾਨ ਹੀ ਹੋ ਸਕਦਾ ਹੈ ਕਿ ਇਸ ਦੇ ਸਹਿਯੋਗੀ ਹਾਲੇ ਵੀ ਜਿਨਾਹ, ਸਾਵਰਕਰ, ਅੰਬੇਡਕਰ ਦੇ ਨਜ਼ਰੀਏ ਤੋਂ ਭਾਰਤੀ ਬਿਰਤਾਂਤ ਨੂੰ ਕੰਟਰੋਲ ਕਰ ਸਕਦੇ ਹਨ, ਇਥੋਂ ਤੱਕ ਕਿ ਲੰਗੋਟੀ ਪਹਿਨਣ ਵਾਲੇ ਇਕੱਲੇ ਸ਼ਖ਼ਸ ਖਿ਼ਲਾਫ਼ ਅਸੱਭਿਅਕ ਰਾਜਸ਼ਾਹੀਆਂ ਨੂੰ ਵੀ। ਭਾਰਤੀ ਰਵਾਇਤਾਂ ਮੁਤਾਬਕ ਨਾਜਾਇਜ਼ ਬੱਚਾ ਜਾਂ ਹਰਾਮੀ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਜਿਵੇਂ ਮਹਾਭਾਰਤ ਦੇ ਮਹਾਨ ਕਿਰਦਾਰ ਕਰਨ ਨੇ ਦਿਖਾਇਆ ਹੈ, ਪਰ ਕਿਸੇ ਪਿਉ ਨੂੰ ਉਸ ਦੇ ਬੱਚਿਆਂ ਵੱਲੋਂ ਤਿਆਗ ਦਿੱਤਾ ਜਾਣਾ ਭਾਰੀ ਬਦਨਾਮੀ ਵਾਲੀ ਗੱਲ ਹੁੰਦੀ ਹੈ, ਕਿਉਂਕਿ ਉਹ ਪੁੱਤ ਹੀ ਹੈ ਜੋ ਪਿਤਾ ਨੂੰ ਨਰਕ ਤੋਂ ਛੁਟਕਾਰਾ ਦਿਵਾਉਂਦਾ ਹੈ (ਪੁਤ ਨਮਾ ਨਰਕਾਤ ਤਰਾਯਤੇ ਇਤੀ ਪੁਤਰਾ)। ਆਉ ਅਸੀਂ ਸਾਲ 2022 ਦੌਰਾਨ ਆਪਣੇ ਰਾਸ਼ਟਰ ਪਿਤਾ ਦੀ ਮੁਕਤੀ ਦੀ ਕਾਮਨਾ ਕਰੀਏ। ਨਵਾਂ ਸਾਲ ਮੁਬਾਰਕ!
* ਲੇਖਕ ‘ਦਿ ਟ੍ਰਿਬਿਊਨ’ ਦਾ ਸੰਪਾਦਕ ਹੈ।