ਚਰਾਗ ਮੋਚੀ - ਰਵੇਲ ਸਿੰਘ
ਮੇਰੇ ਪਾਕਿਸਤਾਨ ਦੇ ਪਿੰਡ ਵਿੱਚ ਲਗ ਪਗ ਸਾਰੀਆਂ ਜ਼ਾਤਾਂ ਦੇ ਲੋਕ ਰਹਿੰਦੇ ਜਿਨ੍ਹਾਂ ਵਿੱਚ ਲਲਾਰੀ,ਪੇਂਜੇ,ਮੁਸੱਲੀ,ਤੇਲੀ ਜੁਲਾਹੇ,ਕਸਾਈ , ਗੁੱਜਰ, ਮੁਸਲਮਾਨ ਸਨ ਤੇ ਇਨ੍ਹਾਂ ਦੇ ਮੁਹੱਲੇ ਵੀ ਵੱਖੋ ਵੱਖ ਸਨ। ਹਿੰਦੂ ਖਤਰੀ,ਬ੍ਰਹਮਣ,ਅਤੇ ਸਿੱਖਾਂ ਦੀ ਗਿਣਤੀ ਬਹਤੀ ਸੀ।ਖੱਤ੍ਰੀ ਬ੍ਰ੍ਹਾਹਮਣ ਆਮ ਤੌਰ ਦੁਕਾਨਦਾਰੀ ਕਰਦੇ ਸਨ, ਸਿੱਖ ਬ੍ਰਾਦਰੀ ਵਿੱਚੋਂ ਬਹੁਤੀ ਗਿਣਤੀ ਫੌਜੀ ਨੌਕਰੀ ਪੇਸ਼ਾ ਕਰਨ ਵਾਲਿਆਂ ਦੀ ਸੀ।ਗੁਜਰ ਮੁਸਲਮਾਨ ਬਹੁਤੀਆਂ ਜ਼ਮੀਨਾਂ ਦੇ ਮਾਲਕ ਸਨ ਜੋ ਵਾਹੀ ਜੋਤੀ ਦਾ ਕੰਮ ਕਰਦੇ ਸਨ, ਇਧਰ ਦੇ ਗੁੱਜਰਾਂ ਵਾਂਗ ਖਾਨਾ ਬਦੋਸ਼ ਨਹੀਂ ਸਨ। ਸ਼ਾਇਦ ਇਸੇ ਕਰਕੇ ਹੀ ਗੁੱਜਰਾਂ ਦੀ ਬਹੁਤੀ ਗਿਣਤੀ ਹੋਣ ਕਰਕੇ ਮੇਰੇ ਪਿਛਲੇ ਪਿੰਡ ਵਾਲੇ ਜ਼ਿਲੇ ਦਾ ਨਾਂ ਵੀ ਗੁਜਰਾਤ ਹੀ ਪੈ ਗਿਆ ਹੋਵੇ।
ਮੋਚੀਆਂ ਦਾ ਮੁਹੱਲਾ ਮੇਰੇ ਮੁਹੱਲੇ ਦੇ ਨਾਲ ਹੀ ਲਗਦਾ ਸੀ। ਇਨ੍ਹਾਂ ਵਿੱਚ ਇਕ ਚਰਾਗ ਮੋਚੀ ਵੀ ਸੀ ਜੋ ਹੁਣ ਵੀ ਜਦੋਂ ਮੇਰੀਆਂ ਅੱਖਾਂ ਅੱਗੇ ਆਉਂਦਾ ਹੈ ਤਾਂ ਸਰਹੰਦ ਦੀ ਕੰਧ ਵਿੱਚ ਦਸਮ ਪਿਤਾ ਦੇ ਦੋ ਨਿੱਕੇ ਪਰ ਬਹਾਦਰ ਸਾਹਿਬਜ਼ਾਦਿਆਂ ਦਾ ਦਰਦ ਨਾਕ ਪਰ ਇਤਹਾਸ ਦਾ ਨਾ ਭੁਲਣ ਵਾਲਾ ਸਾਕਾ ਅੱਖਾਂ ਅੱਗੇ ਆਏ ਬਿਨਾਂ ਨਹੀਂ ਰਹਿੰਦਾ।
ਕਿਉਂ ਜੋ ਚਰਾਗ ਮੋਚੀ ਦੀ ਸ਼ਕਲ ਕੁਝ ਉਨ੍ਹਾਂ ਜੱਲਾਦਾਂ ਨਾਲ ਮਿਲਦੀ ਜੁਲਦੀ ਸੀ।ਉਸ ਦੀਆ ਮੋਟੀਆਂ ਡਰਾਉਣੀਆਂ ਲਾਲ ਸੂਹੀਆਂ ਅੱਖਾਂ,ਗੰਜਾ ਸਿਰ, ਕਲਮਾਂ ਕੀਤੀ ਦਾੜ੍ਹੀ, ਹੇਠਾ ਵੱਲ ਨੂੰ ਲਟਕਦੀਆਂ ਮੁੱਛਾਂ, ਅੱਗੇ ਰੱਖੇ ਹੋਏ ਵੱਡੇ ਸਾਰੇ ਪੱਥਰ ਤੇ ਪੂਰੇ ਜ਼ੋਰ ਨਾਲ ਜਦੋਂ ਜੁੱਤੀਆਂ ਬਣਾਉਣ ਵਾਲੇ ਚਮੜੇ ਨੂੰ ਰੰਬੀ ਨਾਲ ਤ੍ਰਾਸ਼ਦਾ ਤਾਂ ਹੋਰ ਵੀ ਬੜਾ ਡਰਾਵਣਾ ਲੱਗਦਾ, ਉਦੋਂ ਮੈਂ ਬਹੁਤ ਛੋਟਾ ਸਾਂ ਮੈਂ ਨੰਗੇ ਪੈਰੀਂ ਹੀ ਰਹਿੰਦਾ ਸਾਂ। ਮੈਨੂੰ ਪਤਾ ਹੀ ਨਹੀਂ ਸੀ ਕਿ ਜੁੱਤੀ ਕਿਵੇਂ ਬਣਦੀ ਹੈ।
ਦਾਦੀ ਦੇਸੀ ਜੁੱਤੀ ਪਾਇਆ ਕਰਦੀ ਸੀ ਉਹ ਸਾਈ ਦੀਆਂ ਜੁੱਤੀਆਂ ਇਸੇ ਚਰਾਗ ਮੋਚੀ ਤੋਂ ਹੀ ਬਣਵਾਇਆ ਕਰਦਾ ਸੀ। ਇਕ ਦਿਨ ਦਾਦੀ ਲਈ ਜੁੱਤੀ ਬਣਾ ਕੇ ਹੱਥ ਵਿੱਚ ਫੜੀ ਸਾਡੇ ਘਰ ਮੂਹਰੇ ਆ ਕੇ ਉਸ ਨੇ ਬੂਹਾ ਖੜਕਾਇਆ। ਮੈਂ ਉਸ ਨੂੰ ਝੀਥਾਂ ਥਾਣੀਂ ਵੇਖ ਕੇ ਡਰਦਾ ਸਹਮਿਆ ਹੋਇਆ ਅੰਦਰਲੇ ਬੂਹੇ ਉਹਲੇ ਲੁਕ ਕੇ ਉਸ ਦੀ ਡਰਾਉਣੀ ਸ਼ਕਲ ਵੱਲ ਝਾਕਣ ਲਗ ਪਿਆ। ਅੰਦਰੋਂ ਦਾਦੀ ਆਈ ਤੇ ਜੁੱਤੀ ਪੈਰੀ ਪਾਕੇ ਕਹਿਣ ਲੱਗੀ ਚਰਾਗ ਜੁੱਤੀ ਸੁਹਣੀ ਬਣਾਈ ਕਿੰਨੇ ਪੈਸੇ ਦਿਆਂ ਮੋਚੀ ਬੋਲਿਆ ਮਾਈ ਤੇਰੀ ਮਰਜ਼ੀ ਹੈ ਜੋ ਦੇ ਦੇਹ ਪਰ ਉਸ ਆਪਣੇ ਨਿੱਕੇ ਸੁਹਣੇ ਜਿਹੇ ਪੋਤੇ ਨੂੰ ਕਹਿ ਦਈਂ ਕਿ ਉਹ ਮੈਥੋਂ ਡਰਿਆ ਨਾ ਕਰੇ।ਉਹ ਜਦੋਂ ਵੀ ਮੇਰੇ ਕੋਲ ਆਉਂਦਾ ਹੈ ਪਤਾ ਨਹੀ ਕਿਉਂ ਮੇਰੇ ਵੱਲ ਵੇਖ ਕੇ ਜਿਵੇਂ ਡਰ ਜਾਂਦਾ ਹੈ।ਦਾਦੀ ਚਿਰਾਗ ਮੋਚੀ ਦੀ ਇਹ ਗੱਲ ਸੁਣ ਕੇ ਮੈਨੂੰ ਅੰਦਰ ਲੁਕੇ ਹੋਏ ਨੂੰ ਬਾਹੋਂ ਫੜ ਕੇ ਉਸ ਦੇ ਸਾਮ੍ਹਣੇ ਕਰਦੀ ਹੋਈ ਬੋਲੀ ਬੇਟਾ ਇਹ ਚਿਰਾਗ ਮੋਚੀ ਸਾਡੇ ਘਰ ਦਾ ਬੰਦਾ ਹੈ ਇਸ ਤੋਂ ਡਰਿਆ ਨਾ ਕਰ।
ਜਦੋਂ ਚਿਰਾਗ ਮੋਚੀ ਦਾਦੀ ਨੂੰ ਜੁੱਤੀ ਦੇ ਕੇ ਵਾਪਸ ਮੁੜ ਗਿਆ ਤਾਂ ਮੈਂ ਦਾਦੀ ਨੂੰ ਪੁੱਛਿਆ ਕਿ ਦਾਦੀ ਤੂੰ ਕਹਿੰਦੀ ਸੀ ਕਿ ਚਿਰਾਗ ਆਪਣੇ ਘਰ ਦਾ ਬੰਦਾ ਹੈ ਪਰ ਇਹ ਦੱਸ ਉਹ ਗੰਗੂ ਬਾਮਣ ਜਿਸ ਨੇ ਗੂਰੂ ਘਰ ਦਾ ਬਾਰ੍ਹਾਂ ਸਾਲ ਨਿਮਕ ਖਾ ਕੇ ਹਰਾਮ ਕੀਤਾ, ਦਸਮ ਪਿਤਾ ਦੀ ਬਿਰਧ ਮਾਤਾ ਅਤੇ ਦੋ ਨਿੱਕੇ ਸਾਹਿਬਜ਼ਾਦੇ ਮੁਗ਼ਲ ਜ਼ਾਲਮਾਂ ਹੱਥ ਫੜਵਾ ਕੇ ਇਹ ਖੂਨੀ ਸਾਕਾ ਕਰਵਾਉਣ ਵਿੱਚ ਕਹਿਰ ਕਮਾਇਆ ਉਹ ਵੀ ਤਾਂ ਉਨ੍ਹਾਂ ਦੇ ਘਰ ਦਾ ਬੰਦਾ ਹੀ ਸੀ।
ਦਾਦੀ ਮੇਰੀ ਗੱਲ ਸੁਣ ਕੇ ਕਦੇ ਮੇਰੇ ਵੱਲ ਤੇ ਕਦੇ ਚਿਰਾਗ ਦੀਨ ਦੀ ਬਣੀ ਜੁੱਤੀ ਅਤੇ ਕਦੇ ਸਰਹੰਦ ਦੀ ਖੂਨੀ ਕੰਧ ਵਿੱਚ ਚਿਣਨ ਵਾਲੇ ਜਲਾਦਾਂ ਦੇ ਡਰਾਉਣੇ ਚਿਹਰਿਆਂ ਨਾਲ ਚਰਾਗ ਮੋਚੀ ਦੇ ਚੇਹਰੇ ਦਾ ਮੁਕਾਬਲਾ ਕਰਦੀ ਕਹਿ ਰਹੀ ਸੀ ਬੇਟਾ ਸਾਰੇ ਬੰਦੇ ਇੱਕੋ ਜਿਹੇ ਜਿਹੇ ਨਹੀਂ ਹੁੰਦੇ ਤਾਂ ਕੀ ਹੋਇਆ ਚਿਰਾਗ ਮੋਚੀ ਨੂੰ ਰੱਬ ਨੇ ਜਲਾਦਾਂ ਵਰਗੀ ਸ਼ਕਲ ਤਾਂ ਦਿੱਤੀ ਹੈ ਪਰ ਉਹ ਬਹੁਤ ਨੇਕ ਸੁਭਾ ਦਾ ਬੰਦਾ ਹੈ।
ਹੁਣ ਜਦੋਂ ਵੀ ਮੈਂ ਕਿਤੇ ਚਿਰਾਗ ਮੋਚੀ ਕੋਲ ਜਾਂਦਾ ਤਾਂ ਮੈਨੂੰ ਉਸ ਕੋਲੋਂ ਪਹਿਲਾਂ ਵਾਂਗ ਡਰ ਨਹੀਂ ਲੱਗਦਾ ਸੀ।