ਮਹਾਂ ਸਿੰਘ ਦੀ ਅਰਜ਼ੋਈ - ਰਵਿੰਦਰ ਸਿੰਘ ਕੁੰਦਰਾ

ਜਾਨ ਬੁੱਲ੍ਹਾਂ ‘ਤੇ ਅੜੀ,

ਮੌਤ ਰੁੱਸੀ ਹੈ ਖੜ੍ਹੀ,

ਬੂਹੇ ਸੁਰਗਾਂ ਦੇ ਬੰਦ,

ਰੋਕੇ ਅੱਖਰਾਂ ਦੀ ਕੰਧ,

ਸਾਹਿਬਾ ਕੀਤੀਆਂ ਭੁਲਾ ਕੇ, ਅੱਗ ਲਾਕੇ ਸਾੜ ਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਆ ਗਿਉਂ ਵੇਲੇ ਸਿਰ, ਦਾਤਾ ਸੱਚੇ ਪਾਤਸ਼ਾਹ,

ਦੀਦ ਤੇਰੀ ਨੂੰ ਤਰਸ, ਮੁੱਕ ਚੱਲੇ ਸਨ ਸਾਹ।

ਜਾਂਦਾ ਕਿਹਾ ਨਹੀਂ ਮੈਥੋਂ, ਕਿਵੇਂ ਆਖਾਂ ਪ੍ਰੀਤਮਾ,

ਕਿਵੇਂ ਅੱਖਾਂ ਵਿੱਚ ਪਾਕੇ, ਅੱਖਾਂ ਝਾਕਾਂ ਪ੍ਰੀਤਮਾ।

ਚਾਲੀ ਸਿੰਘਾਂ ਦੇ ਸਰੀਰ,

ਦਾਤਾ ਹੋ ਗਏ ਲੀਰੋ ਲੀਰ,

ਵੈਰੀ ਲਾਸ਼ਾਂ ਉੱਤੋਂ ਆ ਜਾ, ਸਭ ਨੂੰ ਲਿਤਾੜ ਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਜ਼ਾਰ ਜ਼ਾਰ ਰੋ ਕੇ ਦਾਸ, ਪੁੱਛੇ ਦੱਸੀਂ ਦਾਤਿਆ,

ਕਿੱਥੇ ਪਿਆਰਾ ਸਾਡਾ ਜੀਤ, ‘ਤੇ ਜੁਝਾਰ ਹੈ ਗਿਆ।

ਮਾਤਾ ਗੁਜਰੀ ਨੇ ਕਿੱਥੇ, ਛੋਟੇ ਕਿੱਥੇ ਨੇ ਦੁਲਾਰੇ,

ਛੱਡ ਆਇਉਂ ਦਾਤਾ ਸਭ ਨੂੰ ਤੂੰ, ਕਿਸ ਦੇ ਸਹਾਰੇ।

ਸਾਈਆਂ ਮੁੱਖੋਂ ਕਿਉਂ ਨਾ ਬੋਲੇਂ,

ਕੀ ਤੂੰ ਲਾਸ਼ਾਂ ਵਿੱਚੋਂ ਟੋਲ੍ਹੇਂ,

ਸਭ ਹੋ ਗਏ ਸ਼ਹੀਦ, ਵੈਰੀ ਨੂੰ ਪਿਛਾੜਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਸਾਡੀ ਜ਼ਿੰਦਗੀ ਹਰਾਮ, ਕਾਹਦਾ ਜੀਣਾ ਰਹਿ ਗਿਆ,

ਫਿੱਟ ਜਾਵੇ ਮੇਰਾ ਮੂੰਹ ਜੋ, ਕੌੜੇ ਬੋਲ ਕਹਿ ਗਿਆ।

ਦਸਮੇਸ਼ ਪਿਤਾ ਦਰਵੇਸ਼, ਮੁਕਤੀ ਦੇ ਪੁੰਜ ਜੀ,

ਮਾਫ਼ੀ ਤੋਂ ਨਾ ਕਿਤੇ ਅੱਜ, ਅਸੀਂ ਜਾਈਏ ਖੁੰਝ ਜੀ।

ਕਰੋ ਕਾਗ਼ਜ਼ਾਂ ਦੇ ਟੋਟੇ,

ਮਿਟਣ ਭਾਗ ਸਾਡੇ ਖੋਟੇ,

ਪੌੜੀ ਮੁਕਤੀ ਦੀ ਸਾਨੂੰ, ਅੱਜ ਹੱਥੀਂ ਚਾੜ੍ਹ ਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਜਾਨ ਬੁੱਲ੍ਹਾਂ ‘ਤੇ ਅੜੀ,

ਮੌਤ ਰੁੱਸੀ ਹੈ ਖੜ੍ਹੀ,

ਬੂਹੇ ਸੁਰਗਾਂ ਦੇ ਬੰਦ,

ਰੋਕੇ ਅੱਖਰਾਂ ਦੀ ਕੰਧ,

ਸਾਹਿਬਾ ਕੀਤੀਆਂ ਭੁਲਾ ਕੇ, ਅੱਗ ਲਾਕੇ ਸਾੜ ਦੇ,

ਮਹਾਂ ਸਿੰਘ ਆਖੇ ਦਾਤਿਆ, ਬੇਦਾਵਾ ਪਾੜ ਦੇ।

 

ਰਵਿੰਦਰ ਸਿੰਘ ਕੁੰਦਰਾ

ਜਤਿੰਦਰ ਕੌਰ ਰੰਧਾਵਾ

ਕਵੈਂਟਰੀ, ਯੂ ਕੇ