ਮਹਾਰਾਸ਼ਟਰ ਵਿਚ ਪੰਜਾਬੀ ਅਧਿਕਾਰੀਆਂ ਦੀ ਇਮਾਨਦਾਰੀ ਦਾ ਪ੍ਰਤੀਕ ਸੁਖਦੇਵ ਸਿੰਘ ਪੁਰੀ - ਉਜਾਗਰ ਸਿੰਘ
ਪੰਜਾਬੀਆਂ ਨੇ ਸੰਸਾਰ ਵਿਚ ਆਪਣੀ ਦਰਿਆਦਿਲੀ, ਮਿਹਨਤ, ਇਮਾਨਦਾਰੀ ਅਤੇ ਦਿਆਨਤਦਾਰੀ ਦਾ ਸਿੱਕਾ ਜਮਾਇਆ ਹੋਇਆ ਹੈ। ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿਚ ਪੰਜਾਬੀ ਆਈ ਏ ਐਸ, ਆਈ ਪੀ ਐਸ ਅਤੇ ਹੋਰ ਅਹੁਦਿਆਂ ਤੇ ਸ਼ਸ਼ੋਵਤ ਹਨ। ਕਈ ਅਧਿਕਾਰੀ ਤਾਂ ਵਿਭਾਗਾਂ ਦੇ ਮੁਖੀਆਂ ਦੇ ਅਹੁਦਿਆਂ ਉਪਰ ਤਾਇਨਾਤ ਹਨ। ਅਜਿਹੇ ਅਧਿਕਾਰੀ ਭਾਰਤ ਵਿਚ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਫ਼ੈਲਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਵਿਚ1967 ਬੈਚ ਦਾ ਆਈ ਪੀ ਐਸ ਅਧਿਕਾਰੀ ਸੁਖਦੇਵ ਸਿੰਘ ਪੁਰੀ ਸਨ, ਜਿਹੜੇ ਪੂਰੇ ਮਹਾਰਾਸ਼ਟਰ ਵਿਚ ਆਪਣੀ ਇਮਾਨਦਾਰੀ, ਲਗਨ, ਦਿ੍ਰੜ੍ਹਤਾ, ਬਚਨਵੱਧਤਾ, ਅਹੁਦੇ ਦੀ ਜ਼ਿੰਮੇਵਰੀ ਅਤੇ ਇਨਸਾਫ ਦੀ ਤਕੜੀ ਦਾ ਪਹਿਰੇਦਾਰ ਕਰਕੇ ਜਾਣਿਆਂ ਜਾਂਦੇ ਸਨ। ਉਨ੍ਹਾਂ ਨੂੰ ਸਾਥੀ ਅਧਿਕਾਰੀਆਂ ਨੇ ਜਸਟਿਸ ਪੁਰੀ ਦਾ ਖ਼ਿਤਾਬ ਦਿੱਤਾ ਹੋਇਆ ਸੀ। ਏਥੇ ਹੀ ਬਸ ਨਹੀਂ ਉਨ੍ਹਾਂ ਨੂੰ ਮਹਾਰਾਸ਼ਟਰ ਦਾ ਅਰਜਨ ਵੀ ਕਿਹਾ ਜਾਂਦਾ ਸੀ, ਜਿਹੜਾ ਸਭ ਤੋਂ ਗੁੰਝਲਦਾਰ ਭਰਿਸ਼ਟਾਚਾਰ ਅਤੇ ਗਬਨ ਦੇ ਕੇਸਾਂ ਵਿਚੋਂ ਛੁਪੇ ਹੋਏ ਦੋਸ਼ੀਆਂ ਨੂੰ ਇਸ ਤਰ੍ਹਾਂ ਲੱਭ ਲੈਂਦਾ ਸੀ, ਜਿਵੇਂ ਅਰਜਨ ਮੱਛੀ ਦੀ ਅੱਖ ਵਿਚ ਤੀਰ ਮਾਰਦਾ ਸੀ। ਉਹ ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਸੇਵਾ ਮੁਕਤ ਹੋਏ ਸਨ ਪ੍ਰੰਤੂ ਰਾਜਨੀਤਕ ਲੋਕਾਂ ਨੇ ਉਨ੍ਹਾਂ ਨੂੰ ਡੀ ਜੀ ਪੀ ਦਾ ਆਜ਼ਾਦਾਨਾ ਚਾਰਜ ਕਦੀਂ ਵੀ ਨਹੀਂ ਦਿੱਤਾ। ਉਨ੍ਹਾਂ ਨੂੰ ਡੀ ਜੀ ਪੀ ਪੁਲਿਸ ਹਾਊਸਿੰਗ ਨਿਗਮ ਦੇ ਚੇਅਰਮੈਨ ਵਰਗੇ ਗ਼ੈਰ ਮਹੱਤਵਪੂਰਨ ਅਹੁਦਿਆਂ ਤੇ ਲਗਾਈ ਰੱਖਿਆ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਜਦੋਂ ਭਰਿਸ਼ਟਾਚਾਰ ਅਤੇ ਗਬਨ ਦੇ ਅਤਿ ਗੁੰਝਲਦਾਰ ਕੇਸਾਂ ਦੀ ਪੜਤਾਲ ਕਰਨੀ ਹੁੰਦੀ ਸੀ ਤਾਂ ਸਰਕਾਰ ਨੂੰ ਸੁਖਦੇਵ ਸਿੰਘ ਪੁਰੀ ਦੀ ਯਾਦ ਆਉਂਦੀ ਸੀ ਫਿਰ ਉਨ੍ਹਾਂ ਨੂੰ ਮਜ਼ਬੂਰੀ ਵਸ ਅਜਿਹੇ ਕੇਸਾਂ ਦੀ ਪੜਤਾਲ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਐਸ ਆਈ ਟੀ ਦਾ ਮੁਖੀ ਬਣਾਕੇ ਪੜਤਾਲ ਲਈ ਲਗਾ ਤਾਂ ਦਿੱਤਾ ਜਾਂਦਾ ਸੀ ਪ੍ਰੰਤੂ ਬਾਅਦ ਵਿਚ ਪਛਤਾਵਾ ਵੀ ਹੁੰਦਾ ਕਿਉਂਕਿ ਉਹ ਕਿਸੇ ਦੀ ਸਿਫਾਰਸ਼ ਸੁਣਦੇ ਹੀ ਨਹੀਂ ਸਨ। ਇਥੋਂ ਤੱਕ ਕਿ ਸੀਨੀਅਰ ਰਾਜਨੀਤਕ ਲੋਕਾਂ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਵਿਰੁਧ ਵੀ ਫੈਸਲੇ ਕਰਦੇ ਸਨ ਕਿਉਂਕਿ ਉਹ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦਿੰਦੇ ਸਨ। ਜਦੋਂ ਪੜਤਾਲ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਪੁਰੀ ਨੂੰ ਦਿੱਤੀ ਜਾਂਦੀ ਸੀ ਤਾਂ ਦੋਸ਼ੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਉਨ੍ਹਾਂ ਦੀ ਖੈਰ ਨਹੀਂ। ਉਨ੍ਹਾਂ ਪੰਜਾਬੀਆਂ ਦੀ ਇਮਾਨਦਾਰੀ ਦੀ ਸੁਗੰਧ ਸਾਰੇ ਮਹਾਰਾਸ਼ਟਰ ਦੀ ਆਬੋ ਹਵਾ ਵਿਚ ਫੈਲਾ ਦਿੱਤੀ ਸੀ। ਉਨ੍ਹਾਂ ਵੱਲੋਂ ਚਾਰ ਬਹੁਤ ਹੀ ਨਾਜ਼ਕ, ਮਹੱਤਵਪੂਰਨ ਅਤੇ ਗੁੰਝਲਦਾਰ ਕੇਸਾਂ ਦੀ ਪੜਤਾਲ ਕੀਤੀ ਗਈ, ਜਿਨ੍ਹਾਂ ਦੀਆਂ ਤਾਰਾਂ ਬਹੁਤ ਦੂਰ-ਦੂਰ ਤੱਕ ਦੇ ਸਿਆਸਤਦਾਨਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਜੁੜੀਆਂ ਹੋਈਆਂ ਸਨ। ਇਨ੍ਹਾਂ ਕੇਸਾਂ ਦੀ ਪੜਤਾਲ ਵਿਚ ਉਨ੍ਹਾਂ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ। ਉਨ੍ਹਾਂ ਕੇਸਾਂ ਵਿੱਚ ਫੇਕ ਸਟੈਂਪ ਪੇਪਰ ਸਕੈਮ, ਜਿਹੜਾ ਤੇਲਗੀ ਸਕੈਮ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸਦਾ ਮੁਖ ਸੂਤਰਧਾਰ ਅਬਦੁਲ ਕਰੀਮ ਤੇਲਗੀ ਨਾਮ ਦਾ ਵਿਅਕਤੀ ਸੀ। ਉਨ੍ਹਾਂ ਉਪਰ ਬਹੁਤ ਹੀ ਰਾਜਨੀਤਕ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਦਬਾਅ ਪਾਇਆ ਗਿਆ ਕਿਉਂਕਿ ਇਸ ਸਕੈਮ ਵਿਚ ਵੱਡੇ ਰਾਜਨੀਤਕ ਲੋਕਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸਮੂਲੀਅਤ ਸੀ ਪ੍ਰੰਤੂ ਉਹ ਟਸ ਤੋਂ ਮਸ ਨਹੀਂ ਹੋਏ। ਇਥੋਂ ਤੱਕ ਕਿ ਉਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ ਸਨ। ਰਾਜਨੀਤਕ ਲੋਕਾਂ ਨੇ ਬੁਲਾਇਆ ਪ੍ਰੰਤੂ ਉਹ ਬਿਨਾ ਸਰਕਾਰੀ ਮੀਟਿੰਗ ਦੇ ਕਦੀਂ ਉਨ੍ਹਾਂ ਨੂੰ ਮਿਲਣ ਹੀ ਨਹੀਂ ਜਾਂਦੇ ਸਨ। ਦੂਜਾ ਮਹੱਤਵਪੂਰਨ ਕੇਸ ਹੈ, ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ ਸਕੈਮ, ਜਿਸ ਵਿਚ ਉਨ੍ਹਾਂ ਕਮਿਸ਼ਨ ਦੇ ਚੇਅਰਮੈਨ ਅਤੇ ਬੰਬੇ ਯੂਨੀਵਰਸਿਟੀ ਦੇ ਚਾਂਸਲਰ ਨੂੰ ਗਿ੍ਰਫਤਾਰ ਕੀਤਾ। ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਅਜੇ ਤੱਕ ਜੇਲ੍ਹ ਦੀ ਹਵਾ ਖਾ ਰਿਹਾ ਹੈ। ਤੀਜਾ ਕੇਸ ਹੈ, ਬੰਬੇ ਪੋਰਟ ਟਰੱਸਟ ਵਿਚ ਗਬਨ ਦਾ ਕੇਸ, ਜਦੋਂ ਉਹ ਉਸਦੇ ਚੀਫ ਵਿਜੀਲੈਂਸ ਅਧਿਕਾਰੀ ਸਨ। ਇਸ ਫਰਾਡ ਦੇ ਕੇਸ ਵਿਚ ਉਨ੍ਹਾਂ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾ ਨੂੰ ਵੀ ਗਿ੍ਰਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਮੁੜਕੇ ਬੰਬੇ ਪੋਰਟ ਟਰਸਟ ਦਾ ਵਿਜੀਲੈਂਸ ਅਧਿਕਾਰੀ ਕਿਸੇ ਆਈ ਪੀ ਐਸ ਅਧਿਕਾਰੀ ਨੂੰ ਲਾਇਆ ਹੀ ਨਹੀਂ। ਚੌਥਾ ਕੇਸ ਫੂਡ ਤੇ ਡਰੱਗਜ਼ ਐਡਮਨਿਸਟਰੇਸ਼ਨ ਕਮਿਸ਼ਨਰ ਦੇ ਅਹੁਦੇ ਤੇ ਹੁੰਦਿਆਂ, ਉਨ੍ਹਾਂ ਨੇ ਵਿਭਾਗ ਵਿਚ ਗਬਨ ਦਾ ਸਕੈਮ ਫੜ ਲਿਆ ਸੀ। ਇਹ ਵੀ ਪੁਲਿਸ ਤੇ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਨਤੀਜਾ ਸੀ। ਜਦੋਂ ਸੁਖਦੇਵ ਸਿੰਘ ਪੁਰੀ ਨੇ ਪੜਤਾਲ ਦੀ ਰਿਪੋਰਟ ਸਰਕਾਰ ਕੋਲ ਭੇਜੀ ਤਾਂ ਸਰਕਾਰ ਦੇ ਤੋਤੇ ਉਡ ਗਏ। ਜੇਕਰ ਉਹ ਰਿਪੋਰਟ ‘ਤੇ ਅਮਲ ਕਰਦੇ ਹਨ ਤਾਂ ਸੀਨੀਅਰਜ਼ ਦਾ ਪਰਦਾਫਾਸ਼ ਹੋ ਜਾਣਾ ਸੀ। ਸਰਕਾਰ ਨੇ ਤੁਰੰਤ ਉਨ੍ਹਾਂ ਨੂੰ ਬਦਲ ਦਿੱਤਾ ਅਤੇ ਰਿਪੋਰਟ ਪ੍ਰਵਾਨ ਹੀ ਨਹੀਂ ਕੀਤੀ। ਇਨ੍ਹਾਂ ਚਾਰਾਂ ਕੇਸਾਂ ਵਿਚ ਸਿਆਸਤਦਾਨਾ, ਪੁਲਿਸ ਦੇ ਅਤੇ ਸਿਵਲ ਅਧਿਕਾਰੀਆਂ ਦੀ ਮਿਲੀ ਭੁਗਤ ਸੀ। ਉਹ ਕੇਸਾਂ ਦੀ ਪੜਤਾਲ ਕਰਨ ਦੇ ਇਤਨੇ ਮਾਹਰ ਸਨ ਕਿ ਪੂਰੇ ਤੱਥ ਇਕੱਠੇ ਕਰਕੇ ਕੇਸ ਅਜਿਹਾ ਬਣਾ ਦਿੰਦੇ ਸਨ ਕਿ ਆਮ ਕੇਸਾਂ ਵਿਚ ਵੀ ਦੋਸ਼ੀਆਂ ਦੀ ਜਮਾਨਤ ਫੈਸਲੇ ਤੱਕ ਹੁੰਦੀ ਹੀ ਨਹੀਂ ਸੀ। ਉਨ੍ਹਾਂ ਵਲੋਂ ਕੀਤੀਆਂ ਗਈਆਂ ਪੜਤਾਲਾਂ ਵਿਚ ਲਗਪਗ ਸਾਰੇ ਦੋਸ਼ੀਆਂ ਨੂੰ ਸਜਾਵਾਂ ਹੋਈਆਂ ਹਨ। 1992-93 ਵਿੱਚ ਉਨ੍ਹਾਂ ਪਾਸਕੋ ਕਾਨੂੰਨ ਦੀ ਨੀਤੀ ਖੁਦ ਬਣਾਈ। ਆ ਤੌਰ ਤੇ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਕਰਕੇ ਦੋ ਵਾਰ ਰਾਸ਼ਟਰਪਤੀ ਮੈਡਲ ਮਿਲਦਾ ਹੈ ਪ੍ਰੰਤੂ ਸੁਖਦੇਵ ਸਿੰਘ ਪੁਰੀ ਨੂੰ ਇਹ ਮੈਡਲ 5 ਵਾਰ ਮਿਲਿਆ ਸੀ। ਫਿਰ ਉਨ੍ਹਾਂ 1963-66 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ ਐਲ ਬੀ ਦੀ ਡਿਗਰੀ ਪ੍ਰਾਪਤ ਕੀਤੀ। ਜਦੋਂ ਉਹ ਆਈ ਪੀ ਐਸ ਦੀ ਤਿਆਰੀ ਕਰ ਰਹੇ ਸਨ ਤਾਂ ਆਪਣੇ ਘਰ ਆਰੀਆ ਸਮਾਜ ਪਟਿਆਲਾ ਤੋਂ ਹਰ ਰੋਜ਼ 10 ਕਿਲੋਮੀਟਰ ਸਾਈਕਲ ਚਲਾ ਕੇ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਪੜ੍ਹਨ ਲਈ ਜਾਂਦੇ ਸਨ। ਆਪਣਾ ਖਾਣਾ ਅਤੇ ਚਾਹ ਥਰਮਸ ਵਿੱਚ ਘਰੋਂ ਹੀ ਲਿਜਾਂਦੇ ਸਨ। ਬਾਹਰ ਦਾ ਖਾਣਾ ਖਾਣ ਵਿੱਚ ਯਕੀਨ ਨਹੀਂ ਰੰਖਦੇ ਸਨ। ਬੈਡਮਿੰਟਨ ਅਤੇ ਸਵਿੰਮਿੰਗ ਦੇ ਸ਼ੌਕੀਨ ਸਨ।
ਉਨ੍ਹਾਂ ਦਾ ਜਨਮ 17 ਦਸੰਬਰ 1942 ਨੂੰ ਪਟਿਆਲਾ ਰਿਆਸਤ ਦੇ ਪਟਿਆਲਾ ਸ਼ਹਿਰ ਵਿਖੇ ਦੀਵਾਨ ਕੇ ਐਸ ਪੁਰੀ ਦੇ ਘਰ ਹੋਇਆ। ਉਨ੍ਹਾਂ ਨੂੰ ਆਈ ਪੀ ਐਸ ਦਾ ਮਹਾਰਾਸ਼ਟਰ ਕੇਡਰ ਅਲਾਟ ਹੋਣ ਕਰਕੇ, ਉਥੇ ਨੌਕਰੀ ਕਰਦੇ ਸਨ। ਉਨ੍ਹਾਂ ਦੀ ਵਿਰਾਸਤ ਬਹੁਤ ਅਮੀਰ ਸੀ। ਉਨ੍ਹਾਂ ਦੇ ਪਿਤਾ ਦੀਵਾਨ ਕੇ ਐਸ ਪੁਰੀ ਸੰਸਾਰ ਪੱਧਰ ਦੇ ਦਸਤਾਵੇਜ ਮਾਹਿਰ ਸਨ। ਉਹ ਵੀ ਇਮਾਨਦਾਰ ਵਿਅਕਤੀ ਸਨ, ਜੋ ਕਿਸੇ ਵੀ ਦਬਾਆ ਅਧੀਨ ਨਹੀਂ ਆਉਂਦੇ ਸਨ। ਉਨ੍ਹਾਂ ਦੇ ਇਕ ਭਰਾ ਵੀ ਦਸਤਾਵੇਜ ਮਾਹਿਰ ਸਨ ਪ੍ਰੰਤੂ ਇਕ ਸੜਕ ਹਾਸਦੇ ਵਿਚ ਸਵਰਗਵਾਸ ਹੋ ਗਏ ਸਨ। ਸੁਖਦੇਵ ਸਿੰਘ ਪੁਰੀ ਦਾ ਇਕ ਹੋਰ ਭਰਾ ਜਗਜਤ ਪੁਰੀ ਆਈ ਏ ਐਸ ਅਧਿਕਾਰੀ ਸਨ। ਉਹ ਇਸ ਸਮੇਂ ਪੰਚਕੂਲਾ ਵਿਖੇ ਰਹਿ ਰਹੇ ਹਨ। ਸੁਖਦੇਵ ਸਿੰਘ ਪੁਰੀ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਐਸ ਡੀ ਐਸ ਈ ਸਕੂਲ ਪਟਿਆਲਾ ਵਿਖੇ ਕੀਤੀ। ਫਿਰ ਐਫ਼ ਏ, ਬੀ ਏ ਅਤੇ ਐਮ ਏ ਫਿਲਾਸਫ਼ੀ ਵਿਸ਼ੇ ਵਿੱਚ ਮਹਿੰਦਰਾ ਕਾਲਜ ਵਿੱਚੋਂ ਪਾਸ ਕੀਤੀਆਂ। ਉਨ੍ਹਾਂ ਦਾ ਵਿਆਹ ਨਾਭਾ ਦੇ ਪ੍ਰਸਿੱਧ ਬੱਤਾ ਪਰਿਵਾਰ ਦੀ ਜੋਤੀ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਇਕ ਲੜਕਾ ਪ੍ਰਸ਼ਾਂਤ ਪੁਰੀ ਅਤੇ ਲੜਕੀ ਪੂਜਾ ਹਨ। ਲੜਕੀ ਬੰਬੇ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਦਾ ਲੜਕਾ ਕੈਨੇਡਾ ਸੈਟਲ ਹਨ। ਜੋਤੀ ਪੁਰੀ ਰਿਆਨ ਸਕੂਲਾਂ ਦੀ ਚੀਫ਼ ਐਡਮਨਿਸਟਰੇਟਰ ਰਹੇ ਹਨ।
ਸੁਖਦੇਵ ਸਿੰਘ ਪੁਰੀ ਜਦੋਂ ਕੈਨੇਡਾ ਆਪਣੇ ਲੜਕੇ ਕੋਲ ਗਏ ਹੋਏ ਸਨ ਤਾਂ ਉਨ੍ਹਾਂ ਦੀ ਮੌਤ 15 ਅਕਤੂਬਰ 2021 ਨੂੰ ਹੋ ਗਈ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com