ਗ਼ੈਰ-ਜ਼ਿੰਮੇਵਾਰੀ ਦੀ ਜ਼ਿੰਮੇਵਾਰੀ - ਸਵਰਾਜਬੀਰ
ਪੰਦਰ੍ਹਵੀਂ ਸਦੀ ਤੋਂ ਸ਼ੁਰੂ ਹੋਏ ਬਸਤੀਵਾਦ ਦੇ ਯੁੱਗ ਦੌਰਾਨ ਯੂਰੋਪ ਦੀਆਂ ਬਸਤੀਵਾਦੀ ਤਾਕਤਾਂ ਨੇ ਅਮਰੀਕਾ, ਏਸ਼ੀਆ ਅਤੇ ਅਫ਼ਰੀਕੀ ਮੁਲਕਾਂ ’ਤੇ ਅਕਹਿ ਜ਼ੁਲਮ ਕੀਤੇ, ਕਰੋੜਾਂ ਲੋਕ ਗ਼ੁਲਾਮ ਬਣਾਏ ਅਤੇ ਕਤਲ ਕੀਤੇ ਗਏ, ਉਨ੍ਹਾਂ ਦਾ ਮਾਣ-ਸਨਮਾਨ ਖ਼ਤਮ ਕਰ ਕੇ ਉਨ੍ਹਾਂ ਦੀ ਕਮਾਈ ਅਤੇ ਉਨ੍ਹਾਂ ਦੇਸ਼ਾਂ ਦੇ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਦੇ ਸਿਰ ’ਤੇ ਪੱਛਮੀ ਯੂਰੋਪ ਵਿਚ ਵਸੀਲਿਆਂ ਦੀ ਬਹੁਤਾਤ ਵਾਲਾ ਉੱਚ-ਪੱਧਰੀ ਜੀਵਨ-ਸੰਸਾਰ ਉਸਾਰਿਆ। ਇਤਿਹਾਸਕਾਰ ਫਿਲਪ ਹੋਫਮੈਨ ਅਨੁਸਾਰ ਸਨਅਤੀ ਇਨਕਲਾਬ ਦੇ ਵੇਲਿਆਂ ਤਕ (1800 ਈਸਵੀ ਤਕ) ਯੂਰਪੀ ਤਾਕਤਾਂ, ਬਾਕੀ ਦੀ ਦੁਨੀਆ ਦੇ ਲਗਭਗ 35 ਫ਼ੀਸਦੀ ਹਿੱਸੇ ਅਤੇ ਪਹਿਲੀ ਆਲਮੀ ਜੰਗ (1914) ਤੋਂ ਪਹਿਲਾਂ 84 ਫ਼ੀਸਦੀ ਹਿੱਸੇ ’ਤੇ ਕਾਬਜ਼ ਹੋ ਗਈਆਂ ਸਨ। ਜਦ ਯੂਰੋਪ ਏਸ਼ੀਆ ਅਤੇ ਅਫ਼ਰੀਕਾ ਵਿਚ ਸਾਮਰਾਜ ਕਾਇਮ ਕਰ ਰਿਹਾ ਸੀ ਤਾਂ ਉਸ ਨੂੰ ਖ਼ੁਦ ਵੀ ਕਈ ਤਰ੍ਹਾਂ ਦੀਆਂ ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਕੜਵੱਲਾਂ ਵਿਚੋਂ ਗੁਜ਼ਰਨਾ ਪੈ ਰਿਹਾ ਸੀ। ਇਸੇ ਦੌਰਾਨ ਫਰਾਂਸੀਸੀ ਇਨਕਲਾਬ ਹੋਇਆ ਜਿਸ ਨੇ ਦੁਨੀਆ ਵਿਚ ਬਰਾਬਰੀ, ਸਾਂਝੀਵਾਲਤਾ ਅਤੇ ਆਜ਼ਾਦੀ ਦੇ ਆਦਰਸ਼ ਕਾਇਮ ਕੀਤੇ। ਗੈਲੀਲਿਓ, ਨਿਊਟਨ, ਹਾਬਜ, ਡਾਰਵਿਨ, ਮਾਰਕਸ, ਨਿਤਸ਼ੇ ਅਤੇ ਫਰਾਇਡ ਜਿਹੇ ਵਿਗਿਆਨੀਆਂ ਅਤੇ ਚਿੰਤਕਾਂ ਨੇ ਦੁਨੀਆ ਬਾਰੇ ਸੋਚਣ-ਸਮਝਣ ਦੇ ਤਰੀਕਿਆਂ ਵਿਚ ਇਨਕਲਾਬ ਲਿਆਂਦਾ ਅਤੇ ਯੂਰਪੀ ਲੋਕਾਂ ਦੀਆਂ ਧਰਮ, ਦੁਨੀਆ ਦੀ ਉਤਪਤੀ, ਮਨੁੱਖੀ ਇਤਿਹਾਸ ਦਾ ਮਕਸਦ, ਧਰਮ ਅਤੇ ਰਿਆਸਤ/ਸਟੇਟ ਵਿਚਲੇ ਰਿਸ਼ਤਿਆਂ ਅਤੇ ਸਮਾਜਿਕ ਸਬੰਧਾਂ ਪ੍ਰਤੀ ਰਵਾਇਤੀ ਧਾਰਨਾਵਾਂ ਨੂੰ ਤੋੜ ਦਿੱਤਾ। ਪਹਿਲੀ ਆਲਮੀ ਜੰਗ ਨੇ ਯੂਰੋਪ ਵਿਚ ਘੋਰ ਨਿਰਾਸ਼ਾ ਨੂੰ ਜਨਮ ਦਿੱਤਾ ਅਤੇ ਚਿੰਤਕਾਂ ਨੇ ਇਹ ਸੋਚਣਾ ਸ਼ੁਰੂ ਕੀਤਾ ਕਿ ਮਨੁੱਖ ਆਪਣੇ ਅਤੇ ਦੁਨੀਆ ਦੇ ਹਾਲਾਤ ਲਈ ਕਿੱਥੋਂ ਤਕ ਜ਼ਿੰਮੇਵਾਰ ਹੈ। ਇਸ ਨੂੰ ਮਨੁੱਖੀ ਹੋਂਦ ਨਾਲ ਜੁੜਿਆ ਹੋਂਦਵਾਦੀ ਜਾਂ ਅਸਤਿਤਵਵਾਦੀ ਚਿੰਤਨ ਕਿਹਾ ਗਿਆ।
ਅਸਤਿਤਵਵਾਦੀ ਚਿੰਤਕਾਂ ਅਨੁਸਾਰ ਮਨੁੱਖ ਇਸ ਸੰਸਾਰ ਵਿਚ ਆਜ਼ਾਦ ਹੈ। ਇਸ ਆਜ਼ਾਦੀ ਵਿਚ ਉਸ ਨੂੰ ਆਪਣੇ ਹੋਣ, ਜਿਊਣ ਅਤੇ ਸਮਾਜਿਕ ਰਿਸ਼ਤੇ ਬਣਾਉਣ ਲਈ ਕਈ ਤਰ੍ਹਾਂ ਦੇ ਵਿਕਲਪ ਪ੍ਰਾਪਤ ਹਨ ਪਰ ਉਸ ਨੂੰ ਚੋਣ ਕਰਨੀ ਪੈਂਦੀ ਹੈ ਕਿ ਉਹ ਆਪਣੇ ਜੀਵਨ ਲਈ ਕਿਹੜਾ ਰਾਹ ਚੁਣੇ। ਮਨੁੱਖ ਨੇ ਮੁੱਖ ਚੋਣ ਇਹ ਕਰਨੀ ਹੈ ਕਿ ਉਹ ਇਸ ਦੁਨੀਆ ਵਿਚ ਇਕ ਆਜ਼ਾਦ ਮਨੁੱਖ ਵਜੋਂ ਜੀਵੇ ਜਾਂ ਸੰਸਾਰ ਦੀ ਇਕ ਵਸਤੂ ਬਣ ਕੇ। ਇੱਥੇ ਆਜ਼ਾਦੀ ਦਾ ਮਤਲਬ ਮਨੁੱਖ ਦੀ ਆਪਣੇ ਮਨੁੱਖ ਹੋਣ ਦੇ ਵਿਸ਼ਵਾਸ ਅਨੁਸਾਰ ਜਿਊਣ ਦੇ ਤਰੀਕੇ ਦੀ ਚੋਣ ਕਰਨ ਦੀ ਆਜ਼ਾਦੀ ਹੈ ਅਤੇ ਇਸ ਸੰਸਾਰ ਦੀ ਇਕ ਵਸਤੂ ਬਣ ਕੇ ਜਿਊਣ ਦੇ ਅਰਥ ਹਨ ਕਿ ਉਹ ਚੋਣ ਕਰਨ ਦਾ ਆਪਣਾ ਅਧਿਕਾਰ ਛੱਡ ਦੇਵੇ ਅਤੇ ਆਪਣਾ ਜੀਵਨ ਪ੍ਰਾਪਤ ਸਿਆਸੀ ਅਤੇ ਸਮਾਜਿਕ ਹਾਲਾਤ ਅਨੁਸਾਰ ਜੀਵੇ। ਚੋਣ ਕਰਨ ਦੀ ਜ਼ਿੰਮੇਵਾਰੀ ਨੂੰ ਮਨੁੱਖੀ ਜ਼ਿੰਮੇਵਾਰੀ ਦਾ ਸਿਧਾਂਤ ਕਿਹਾ ਜਾਂਦਾ ਹੈ।
ਰੂਸੀ ਨਾਵਲਕਾਰ ਦਾਸਤੋਵਸਕੀ ਨੇ ਆਪਣੇ ਨਾਵਲ ‘ਕਾਰਮਾਜ਼ੋਵ ਭਰਾਵਾਂ (Brothers Karamazov)’ ਵਿਚ ਮਨੁੱਖੀ ਜ਼ਿੰਮੇਵਾਰੀ ਦੀਆਂ ਪਰਤਾਂ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰਦਿਆਂ ਲਿਖਿਆ, ‘‘ਮਨੁੱਖ ਸਾਰੇ ਮਨੁੱਖਾਂ ਪ੍ਰਤੀ ਜ਼ਿੰਮੇਵਾਰ ਹੈ, ਹਰ ਚੀਜ਼ ਲਈ ਜ਼ਿੰਮੇਵਾਰ ਹੈ, ਸਾਰੇ ਪਾਪਾਂ ਲਈ ਭਾਵੇਂ ਉਹ ਨਿੱਜੀ ਹੋਣ ਜਾਂ ਕੌਮੀ...।’’ ਅਸਤਿਤਵਵਾਦੀ ਚਿੰਤਕਾਂ ਵਿਚੋਂ ਯਾਂ ਪਾਲ ਸਾਰਤਰ ਨੇ ਮਨੁੱਖ ਦੀ ਸਮਾਜ ਨੂੰ ਬਦਲਣ ਅਤੇ ਇਕ ਸਾਰਥਿਕ (authentic) ਜ਼ਿੰਦਗੀ ਜਿਊਣ ਦੀ ਜ਼ਿੰਮੇਵਾਰੀ ਦੇ ਸਿਧਾਂਤ ’ਤੇ ਜ਼ੋਰ ਦਿੱਤਾ। ਸਾਡੀ ਚਿੰਤਨ-ਧਾਰਾ ਵਿਚ ਇਸ ਬਾਰੇ ਡੂੰਘਾ ਚਿੰਤਨ ਮਿਲਦਾ ਹੈ। ਗੁਰੂ ਅਮਰਦਾਸ ਜੀ ਦਾ ਕਥਨ ਹੈ, ‘‘ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ।।’’ ਇਸ ਦੇ ਅਰਥ ਬਹੁਤ ਵਾਰ ਧਾਰਮਿਕ ਦ੍ਰਿਸ਼ਟੀ ਅਨੁਸਾਰ ਕੀਤੇ ਜਾਂਦੇ ਹਨ ਪਰ ਜੇ ਇਸ ਕਥਨ ਨੂੰ ਗੁਰਬਾਣੀ-ਚਿੰਤਨ ਦੀ ਵਿਸ਼ਾਲ ਸਮਾਜਿਕ ਦ੍ਰਿਸ਼ਟੀ ਰਾਹੀਂ ਦੇਖਿਆ ਜਾਵੇ ਤਾਂ ਇਸ ਦੇ ਅਰਥ ਹੋਰ ਡੂੰਘੇ ਹੁੰਦੇ ਹਨ ਕਿ ਮਨੁੱਖ ਨੂੰ ਇਸ ਸੰਸਾਰ ਵਿਚ ਆਪਣੇ ਕਰਮਾਂ ਪ੍ਰਤੀ ਪ੍ਰਸ਼ਨ ਪੁੱਛਣੇ ਅਤੇ ਆਪਣੇ ਕਰਮਾਂ ਦੀ ਜ਼ਿੰਮੇਵਾਰੀ ਲੈਣੀ ਪੈਣੀ ਹੈ। ਗੁਰੂ ਅਰਜਨ ਦੇਵ ਜੀ ਨੇ ਸਾਨੂੰ ਚੇਤੰਨ ਕਰਦਿਆਂ ਇਹ ਸਵਾਲ ਪੁੱਛਿਆ, ‘‘ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ।।’’
ਜੇ ਇਸ ਸਿਧਾਂਤ ਨੂੰ ਅਸੀਂ ਆਪਣੇ ਦੇਸ਼ ਅਤੇ ਸਮਾਜ ਦੇ ਸੰਦਰਭ ਨਾਲ ਜੋੜ ਕੇ ਦੇਖੀਏ ਤਾਂ ਇਹ ਪ੍ਰਸ਼ਨ ਉੱਭਰਦੇ ਹਨ ਕਿ ਅੱਜ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਪ੍ਰਤੀ ਸਾਡੀ ਜ਼ਿੰਮੇਵਾਰੀ ਕੀ ਹੈ? ਸਾਡੀ ਸਮਾਜਿਕ, ਬੌਧਿਕ ਅਤੇ ਆਰਥਿਕ ਅਧੋਗਤੀ ਲਈ ਕੌਣ ਜ਼ਿੰਮੇਵਾਰ ਹੈ? ਕੀ ਇਸ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ? ਸਾਡੇ ਆਗੂਆਂ ਦੀ ਕੀ ਜ਼ਿੰਮੇਵਾਰੀ ਹੈ? ਕੀ ਅਸੀਂ ਅਤੇ ਸਾਡੇ ਆਗੂ ਇਸ ਜ਼ਿੰਮੇਵਾਰੀ ਨੂੰ ਮਹਿਸੂਸ ਕਰਦੇ ਹਨ ਜਾਂ ਨਹੀਂ? ਇਸ ਵੇਲੇ ਦੇ ਹਾਲਾਤ ਨੂੰ ਲੈ ਕੇ ਸਾਡੇ ਮਨ ਵਿਚ ਕਿਸ ਤਰ੍ਹਾਂ ਦੀ ਚਿੰਤਾ ਤੇ ਫ਼ਿਕਰ ਹਨ? ਕੀ ਸਾਡੇ ਆਗੂ ਵੀ ਚਿੰਤਾਤੁਰ ਅਤੇ ਫ਼ਿਕਰਮੰਦ ਹਨ?
ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲੱਭਦਿਆਂ ਅਸੀਂ ਹੋਰ ਬੇਚੈਨ ਅਤੇ ਪਰੇਸ਼ਾਨ ਹੁੰਦੇ ਹਾਂ। ਅਸੀਂ ਜਾਣਦੇ ਹਾਂ ਕਿ ਇਨ੍ਹਾਂ ਹਾਲਾਤ ਲਈ ਅਸੀਂ ਅਤੇ ਸਾਡੇ ਆਗੂ ਜ਼ਿੰਮੇਵਾਰ ਹਨ। ਕਰੋੜਾਂ ਲੋਕਾਂ ਕੋਲ ਰੁਜ਼ਗਾਰ ਨਹੀਂ, ਉਹ ਭੁੱਖਮਰੀ ਦਾ ਸ਼ਿਕਾਰ ਹਨ; ਸਿਹਤ ਦੇ ਖੇਤਰ ਤਕ ਉਨ੍ਹਾਂ ਦੀ ਕੋਈ ਪਹੁੰਚ ਨਹੀਂ, ਉੱਘੇ ਚਿੰਤਕ ਫਰਾਂਜ ਫੈਨੋ ਦੇ ਇਕ ਵੱਖਰੇ ਸੰਦਰਭ ਲਈ ਵਰਤੇ ਸ਼ਬਦ ਉਧਾਰੇ ਮੰਗ ਕੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਜੀਵਨ ਵਿਚ ਇਹ ਪਤਾ ਨਹੀਂ ਲੱਗਦਾ ਕਿ ਜੀਵਨ ਦੀ ਕੋਈ ਕੀਮਤ ਵੀ ਹੈ ਜਾਂ ਨਹੀਂ, ਉਨ੍ਹਾਂ ਨੇ ਰਹਿਣਾ ਕਿੱਥੇ ਹੈ, ਅਗਲੇ ਡੰਗ ਕੀ ਖਾਣਾ ਹੈ, ਉਨ੍ਹਾਂ ਦੇ ਸਵਾਲਾਂ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿੱਥੇ ਤੇ ਕੀ ਪੜ੍ਹਾਇਆ ਜਾਵੇਗਾ, ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਬੁਢਾਪੇ ਵਿਚ ਉਨ੍ਹਾਂ ਦਾ ਕੀ ਬਣੇਗਾ, ਦਾ ਕੋਈ ਜਵਾਬ ਨਹੀਂ, ਸਰਕਾਰਾਂ, ਸੰਸਥਾਵਾਂ ਅਤੇ ਸਰਵੇਖਣਾਂ ਵਿਚ ਉਹ ਮਹਿਜ਼ ਅੰਕੜੇ ਹਨ, ਮਿਆਰੀ ਮਨੁੱਖੀ ਜੀਵਨ ਜਿਊਣ ਤੋਂ ਮਹਿਰੂਮ, ਅਣਮਨੁੱਖੀ ਹੋਂਦ ਹੰਢਾਉਣ ਲਈ ਮਜਬੂਰ ਅਤੇ ਇਸ ਲਈ ਜ਼ਿੰਮੇਵਾਰ ਕੌਣ ਹੈ ? ਸਪੱਸ਼ਟ ਹੈ ਕਿ ਸਾਡੇ ਹਾਕਮ, ਹਾਕਮ ਜਮਾਤਾਂ, ਸਨਅਤਕਾਰ, ਵਪਾਰੀ, ਦਾਨਿਸ਼ਵਰ ਅਤੇ ਆਰਥਿਕ ਤੇ ਬੌਧਿਕ ਵਸੀਲਿਆਂ ’ਤੇ ਕਾਬਜ਼ ਹੋਰ ਵਿਅਕਤੀ।
ਜ਼ਿੰਮੇਵਾਰੀ ਮਹਿਸੂਸ ਨਾ ਕਰਨ ਦੀ ਭਾਵਨਾ ਸਾਡੀ ਸਿਆਸੀ ਜਮਾਤ ਦੀ ਖ਼ਾਸੀਅਤ ਬਣ ਗਈ ਹੈ ਜਿਵੇਂ ਇਹ ਕੋਈ ਗੁਣ ਹੋਵੇ। ਉਸ ਦਾ ਗ਼ਰੀਬੀ, ਬੇਰੁਜ਼ਗਾਰੀ, ਭੁੱਖਮਰੀ, ਰਿਸ਼ਵਤਖੋਰੀ, ਸਮਾਜਿਕ ਅਨਿਆਂ, ਸਮਾਜਿਕ ਤੇ ਆਰਥਿਕ ਨਾਬਰਾਬਰੀ ਲਈ ਜ਼ਿੰਮੇਵਾਰੀ ਮਹਿਸੂਸ ਕਰਨਾ ਤਾਂ ਦੂਰ ਦੀ ਗੱਲ ਹੈ ਸਗੋਂ ਉਸ ਨੇ ਇਨ੍ਹਾਂ ਮੁੱਦਿਆਂ ’ਤੇ ਲੋਕਾਂ ਨੂੰ ਭੁਚਲਾਉਣ ਤੇ ਸਿਆਸਤ ਕਰਨ ਨੂੰ ਸੱਤਾ-ਪ੍ਰਾਪਤੀ ਅਤੇ ਸੱਤਾ ਵਿਚ ਬਣੇ ਰਹਿਣ ਦਾ ਹਥਿਆਰ ਬਣਾ ਲਿਆ ਹੈ। ਉਹ ਕਾਰਪੋਰੇਟ ਅਦਾਰਿਆਂ ਅਤੇ ਅਮੀਰ ਘਰਾਣਿਆਂ ਦੀ ਗ਼ੁਲਾਮ ਬਣਨ ਦੇ ਨਾਲ ਨਾਲ ਖ਼ੁਦ ਲਾਲਚ ਅਤੇ ਸੱਤਾ-ਮੋਹ ਦੀ ਖਾਈ ਵਿਚ ਡਿੱਗ ਚੁੱਕੀ ਹੈ।
ਜ਼ਿੰਮੇਵਾਰੀ ਮਹਿਸੂਸ ਕਰਨ ਦੀ ਥਾਂ ’ਤੇ ਸਿਆਸੀ ਜਮਾਤ ਸਮਾਜ ਨੂੰ ਹੋਰ ਵੰਡਣ ਅਤੇ ਨਫ਼ਰਤ ਫੈਲਾਉਣ ਦੀ ਰਾਹ ’ਤੇ ਤੁਰੀ ਹੋਈ ਹੈ। ਅਸੀਂ ਅੰਗਰੇਜ਼ ਬਸਤੀਵਾਦ ਨੂੰ ਜ਼ੁਲਮ ਕਰਨ ਅਤੇ ਆਪਣੇ ਸਮਾਜ ਵਿਚ ਵੰਡੀਆਂ ਪਾਉਣ ਲਈ ਜ਼ਿੰਮੇਵਾਰ ਠਹਿਰਾ ਕੇ ਬਹੁਤ ਗਾਲ੍ਹਾਂ ਕੱਢੀਆਂ ਹਨ ਪਰ ਅਸੀਂ ਆਪਣੀ ਸਿਆਸੀ ਜਮਾਤ ਦਾ ਕੀ ਕਰਾਂਗੇ ਜਿਸ ਨੇ ਸੱਤਾ ਕਾਇਮ ਰੱਖਣ ਲਈ ਫ਼ਿਰਕਾਪ੍ਰਸਤੀ ਅਤੇ ਨਫ਼ਰਤ ਫੈਲਾਉਣ ਨੂੰ ਸਿਆਸੀ ਪ੍ਰੋਗਰਾਮ ਬਣਾ ਲਿਆ ਹੈ? ਦੇਸ਼ ਵਿਚ ਧਰਮ ਸੰਸਦਾਂ ਹੁੰਦੀਆਂ ਹਨ ਜਿੱਥੇ ਵੱਡੀ ਬਹੁਗਿਣਤੀ ਫ਼ਿਰਕੇ ਦੇ ਆਪਣੇ ਆਪ ਨੂੰ ਧਾਰਮਿਕ ਆਗੂ ਅਖਵਾਉਣ ਵਾਲੇ ਵਿਅਕਤੀ ਦੂਸਰੇ ਧਰਮਾਂ ਦੇ ਲੋਕਾਂ ਨੂੰ ਕਤਲ ਕਰਨ ਦਾ ਸੱਦਾ ਦਿੰਦੇ ਹਨ, ਬਹੁਗਿਣਤੀ ਫ਼ਿਰਕੇ ਦੇ ਧਰਮ ਦੀ ਸਰਵ-ਸ੍ਰੇਸ਼ਟਤਾ ਦੇ ਸਿਧਾਂਤ ਨੂੰ ਰਾਸ਼ਟਰਵਾਦ ਦਾ ਦਰਜਾ ਦਿੱਤਾ ਜਾਂਦਾ ਹੈ, ਹਜੂਮੀ ਹਿੰਸਾ ਕਰਨ ਵਾਲਿਆਂ ਨੂੰ ਸਨਮਾਨ ਮਿਲਦੇ ਹਨ। ਸਮਾਜਿਕ ਜ਼ਿੰਮੇਵਾਰੀ ਮਹਿਸੂਸ ਕਰਨ ਦੀ ਥਾਂ ’ਤੇ ਸਾਡੇ ਆਗੂ ਇਹ ਸਮਝਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇਕੋ-ਇਕ ਟੀਚਾ ਆਪਣੇ ਧਨ ਤੇ ਸੱਤਾ ਦੀ ਸਲਤਨਤ ਨੂੰ ਕਾਇਮ ਰੱਖਣਾ ਹੈ ਭਾਵੇਂ ਇਸ ਕਾਰਨ ਸਮਾਜ ਦਾ ਤਾਣਾ-ਬਾਣਾ ਬਿਖਰਦਾ ਹੈ ਤਾਂ ਬਿਖਰ ਜਾਵੇ। ਉਹ ਇਹ ਸਮਝਦੇ ਹਨ ਕਿ ਬਿਖਰੇ ਹੋਏ ਤਾਣੇ-ਬਾਣੇ ਵਾਲਾ ਸਮਾਜ ਉਨ੍ਹਾਂ ਨੂੰ ਹੋਰ ਤਾਕਤਵਰ ਅਤੇ ਉਨ੍ਹਾਂ ਦੀ ਲੁੱਟ ਨੂੰ ਹੋਰ ਸੌਖਿਆਂ ਬਣਾਵੇਗਾ। ਇਹ ਸਹੀ ਵੀ ਹੈ।
ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਨਜ਼ਰ ਮਾਰਨ ’ਤੇ ਵੀ ਨਿਰਾਸ਼ਾ ਦਾ ਆਲਮ ਹੀ ਦਿਖਾਈ ਦਿੰਦਾ ਹੈ। ਪਿਛਲੇ ਡੇਢ ਵਰ੍ਹੇ ਦੌਰਾਨ ਕਿਸਾਨ ਅੰਦੋਲਨ ਦੁਆਰਾ ਉਸਾਰਿਆ ਗਿਆ ਰੌਸ਼ਨੀ ਅਤੇ ਆਸਾਂ-ਉਮੀਦਾਂ ਦਾ ਸੰਸਾਰ ਬਿਖਰ ਰਿਹਾ ਹੈ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ। ਨਸ਼ਿਆਂ ਦਾ ਫੈਲਾਅ, ਮਾਫ਼ੀਆ-ਰਾਜ, ਰਿਸ਼ਵਤਖੋਰੀ ਅਤੇ ਬੇਰੁਜ਼ਗਾਰੀ ਉਵੇਂ ਦੇ ਉਵੇਂ ਹਨ। ਕਿਸੇ ਸਿਆਸੀ ਪਾਰਟੀ ਕੋਲ ਪੰਜਾਬ ਲਈ ਭਵਿੱਖਮਈ ਏਜੰਡਾ ਨਹੀਂ ਹੈ ਅਤੇ ਉਹ ਅਜਿਹਾ ਏਜੰਡਾ ਬਣਾਉਣ ਨੂੰ ਆਪਣੀ ਜ਼ਿੰਮੇਵਾਰੀ ਵੀ ਨਹੀਂ ਸਮਝਦੀਆਂ। ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਨ੍ਹਾਂ ਦੇ ਵਾਅਦੇ ਲੋਕਾਂ ਨੂੰ ਨਿਗੂਣੇ ਪੈਸੇ ਅਤੇ ਮੁਫ਼ਤ ਵਸਤਾਂ/ਸੇਵਾਵਾਂ ਦੇਣ ਦੇ ਲੋਕ-ਲੁਭਾਊ ਨਾਅਰਿਆਂ ਤਕ ਸੀਮਤ ਹਨ। ਸਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਇਹ ਸਮਝਦੀਆਂ ਹਨ ਕਿ ਉਹ ਪੰਜਾਬੀਆਂ ਨੂੰ ਮੁਫ਼ਤਖੋਰੇ ਬਣਾ ਸਕਦੀਆਂ ਹਨ ਜਿਵੇਂ ਪੰਜਾਬੀਆਂ ਦੀ ਕੋਈ ਜ਼ਮੀਰ ਨਾ ਹੋਵੇ... ਤੇ ਅਸੀਂ, ਅਸੀਂ ਇਨ੍ਹਾਂ ਸਿਆਸੀ ਆਗੂਆਂ ਦੇ ਭਾਸ਼ਣ ਸੁਣ ਕੇ ਤਾੜੀਆਂ ਵਜਾ ਰਹੇ ਹਾਂ, ਪਰੇਸ਼ਾਨ ਹੋ ਰਹੇ ਹਾਂ, ਆਪਣੇ ਆਪ ਨਾਲ ਘੁਲ ਰਹੇ ਹਾਂ ਅਤੇ ਫਿਰ ਉਨ੍ਹਾਂ ਨੂੰ ਚੁਣਨ ਦੀਆਂ ਤਿਆਰੀਆਂ ਕਰ ਰਹੇ ਹਾਂ। ਅਸੀਂ ਆਪੋ-ਆਪਣੀ ਜ਼ਿੰਮੇਵਾਰੀ ਮਹਿਸੂਸ ਨਾ ਕਰਨ ਦੇ ਭਿਆਨਕ ਦੌਰ ਵਿਚ ਜਿਊਂ ਰਹੇ ਹਾਂ।
ਕੀ ਅਸੀਂ ਕਿਸਾਨ ਅੰਦੋਲਨ ਜਿਹੇ ਹੋਰ ਅੰਦੋਲਨ ਉਸਾਰਨ ਦੇ ਸਮਰੱਥ ਹਾਂ ਜਿਹੜੇ ਸਾਡੇ ਸਮਾਜ ਨੂੰ ਦਰਪੇਸ਼ ਸਵਾਲਾਂ ਦੇ ਜਵਾਬ ਤਲਾਸ਼ ਕਰਨ ਲਈ ਉਤੇਜਿਤ ਕਰ ਸਕਣ? ਕੀ ਕਿਸਾਨ ਅੰਦੋਲਨ ਦੀ ਸੰਘਰਸ਼ ਦੀ ਭਾਵਨਾ ਨੂੰ ਸਮੁੱਚੇ ਸਮਾਜ ਵਿਚ ਫੈਲਾਇਆ ਅਤੇ ਜੀਵੰਤ ਰੱਖਿਆ ਜਾ ਸਕਦਾ ਹੈ? ਕੀ ਪੰਜਾਬ ਅਤੇ ਦੇਸ਼ ਦੀ ਭਵਿੱਖ ਦੀ ਨੁਹਾਰ ਉਸ ਭਾਵਨਾ ਦੀ ਲੋਅ ਵਿਚ ਘੜੀ ਜਾ ਸਕਦੀ ਹੈ? ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਸ ਭਾਵਨਾ ਨੂੰ ਜਿਊਂਦੇ ਅਤੇ ਪ੍ਰਜ੍ਵਲਿਤ ਰੱਖੀਏ, ਅਜਿਹੀ ਭਾਵਨਾ ਹੀ ਸਾਨੂੰ ਅਤੇ ਸਾਡੇ ਆਗੂਆਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਸਕਦੀ ਹੈ।