ਸ਼ੀਸ਼ਾ - ਕੰਧਾਲਵੀ
ਵੱਢ ਅੰਬਾਂ ਨੂੰ ਬੀਜੀਏ ਕਿੱਕਰਾਂ,
ਹੈ ਕੋਈ ਸਾਥੋਂ ਵੱਧ ਸਿਆਣਾ?
ਸਿੱਖ ਸਿਆਸਤ ਸਾਂਭ ਕੇ ਬੈਠਾ,
ਖ਼ੁਦਗ਼ਰਜ਼ਾਂ ਦਾ ਉਹੀਓ ਲਾਣਾ।
ਦੁਸ਼ਮਣ ਚੱਲਦੈ ਚਾਲ ਨਵੇਲੀ,
ਉਲਝ ਗਿਆ ਸਭ ਤਾਣਾ ਬਾਣਾ।
ਸੂਝ ਬੂਝ ਜੋ ਗੁਰੂਆਂ ਦਿੱਤੀ,
ਛੱਡਿਆ ਉਸ ਰਸਤੇ 'ਤੇ ਜਾਣਾ।
ਕਰੀਏ ਇਕ ਦੂਜੇ ਤੋਂ ਨਫ਼ਰਤ,
ਭੁੱਲ ਗਏ ਹਾਂ ਤੱਪੜ ਵਿਛਾਉਣਾ।
ਸੁਣਦਾ ਨਾਹੀਂ ਕੋਈ ਕਿਸੇ ਦੀ,
ਚਾਹਵੇ ਆਪਣਾ ਰਾਗ ਸੁਣਾਣਾ।
ਠੁੱਸ ਹੋ ਕੇ ਜਦ ਬਹਿ ਜਾਨੇ ਆਂ,
ਕਹਿ ਦੇਈਏ ਫਿਰ 'ਉਹਦਾ' ਭਾਣਾ।
ਜੋ ਨਹੀਂ ਕਦਰ ਸਮੇਂ ਦੀ ਕਰਦਾ,
ਪੈਂਦਾ ਉਸ ਨੂੰ ਹੈ ਪਛਤਾਉਣਾ।
ਅੱਤ ਹੋ ਚੱਲੀ ਹੁਣ ਤਾਂ ਸਿੱਖਾ,
ਕਿੰਨਾ ਚਿਰ ਸ਼ੀਸ਼ੇ ਤੋਂ ਸ਼ਰਮਾਣਾ?
13 Aug. 2018