ਪੱਤਰਕਾਰੀ ਦਾ ਕਮਾਲ ਸਿਤਾਰਾ ਕਮਾਲ ਖ਼ਾਨ - ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਭਾਰਤੀ ਟੈਲੀਵਿਜ਼ਨ ਪੱਤਰਕਾਰੀ ਦਾ ਇਕ ਹੋਰ ਸਿਤਾਰਾ ਡੁੱਬ ਗਿਆ। ਕਮਾਲ ਖ਼ਾਨ ਭਾਰਤੀ ਪੱਤਰਕਾਰੀ ਦਾ ਉਸ ਧਾਰਾ ਦਾ ਨਾਂ ਸੀ ਜਿਸ ਦੀ ਭਾਸ਼ਾ ਤੇ ਕਲਾਤਮਕ ਸ਼ੈਲੀ ਦਰਸ਼ਕਾਂ ਨੂੰ ਬੰਨ੍ਹ ਲੈਂਦੀ ਸੀ। ਕਮਾਲ ਖ਼ਾਨ ਅਸਲ ਵਿਚ ਭਾਰਤੀ ਟੈਲੀਵਿਜ਼ਨ ਦੇ ਨਾਲ ਨਾਲ ਅਜਿਹੀ ਪੱਤਰਕਾਰੀ ਦਾ ਨਾਮ ਸੀ ਜਿਸ ਤੇ ਯਕੀਨ ਕੀਤਾ ਜਾ ਸਕਦਾ ਸੀ। ਉਹ ਖ਼ਬਰਾਂ ਦੀ ਆਪਾ-ਧਾਪੀ ਵਿਚ ਇਕੋ-ਇਕ ਬਚਿਆ ਹੋਇਆ ਨਾਮ ਸੀ ਜਿਸ ਦੀਆਂ ਖਬਰਾਂ ਤੇ ਯਕੀਨ ਕੀਤਾ ਜਾ ਸਕਦਾ ਸੀ। ਐਸੀ ਹਾਲਤ ਵਿਚ ਕਮਾਲ ਖ਼ਾਨ ਐੱਨਡੀਟੀਵੀ ਟੈਲੀਵਿਜ਼ਨ ਚੈਨਲ ਵਿਚ ਪੱਤਰਕਾਰੀ ਦਾ ਕਮਾਲ ਦੀ ਪ੍ਰਤਿਭਾ ਦਾ ਪੱਤਰਕਾਰ ਸੀ। ਕਮਾਲ ਖ਼ਾਨ ਦੀ ਪੱਤਰਕਾਰੀ ਅੱਜ ਦੇ ਸਮਾਜ ਦਾ ਨਵੀਂ ਬੁਨਿਆਦ ਤਿਆਰ ਕਰਨ ਵਿਚ ਸਫ਼ਲ ਹੋਈ ਸੀ।
14 ਜਨਵਰੀ ਨੂੰ ਕਮਾਲ ਖ਼ਾਨ ਦੇ ਫ਼ੌਤ ਹੋਣ ਦੀ ਖਬਰ ਦਿਲ ਨੂੰ ਉਦਾਸ ਕਰ ਗਈ। ਅਜੇ ਦੋ ਤਿੰਨ ਦਿਨ ਪਹਿਲਾਂ ਹੀ ਤਾਂ ਉਸ ਨਾਲ ਫੋਨ ਤੇ ਗੱਲ ਹੋਈ ਸੀ ਜਿਸ ਵਿਚ ਉਸ ਨੇ ਉਤਰ ਪ੍ਰਦੇਸ਼ ਦੀਆਂ ਚੋਣਾਂ ਬਾਰੇ ਆਪਣੀ ਰਾਏ ਸਾਂਝੀ ਕੀਤੀ ਸੀ। ਇਹ ਵੇਲਾ ਉਸ ਦੇ ਜਾਣ ਦਾ ਤਾਂ ਨਹੀਂ ਸੀ, ਉਸ ਦੀ ਪੱਤਰਕਾਰੀ ਦੀ ਘਾਟ ਦੁਨੀਆ ਵਿਚ ਕਦੀ ਪੂਰੀ ਨਹੀਂ ਹੋਣੀ ਕਿਉਂਕਿ ਉਹ ਆਪਣੀ ਮਿਸਾਲ ਆਪ ਸੀ। ਆਪਣੀਆਂ ਸਾਰੀਆਂ ਮੁਲਾਕਾਤਾਂ ਵਿਚ ਉਸ ਨੇ ਹਮੇਸ਼ਾ ਜਿ਼ੰਦਗੀ ਦੇ ਨਜ਼ਰੀਏ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ।
ਅਸਲ ਵਿਚ ਉਸ ਨੂੰ ਇਹ ਹੁਨਰ ਹਾਸਲ ਸੀ ਕਿ ਲੋਕਾਂ ਵਿਚ ਕਿਹੜੀ ਭਾਸ਼ਾ ਦੁੱਖ ਦੀ ਘੜੀ ਵਿਚ ਖਬਰਾਂ ਨਾਲ ਜੁੜ ਸਕਦੀ ਹੈ। ਪਿਛਲੇ ਸਾਲ ਕਰੋਨਾ ਦੀ ਘੜੀ ਵਿਚ ਉਸ ਦੀ ਰਿਪੋਰਟ ਨੇ ਦੁਨੀਆ ਭਰ ਵਿਚ ਜਲ਼ਦੀਆਂ ਲਾਸ਼ਾਂ ਦੇ ਦ੍ਰਿਸ਼ ਦਿਖਾ ਕੇ ਪੂਰੀ ਦੁਨੀਆ ਨੂੰ ਝੰਜੋੜ ਦਿੱਤਾ। ਆਪਣੀ ਇਸ ਪ੍ਰਾਪਤੀ ਤੇ ਉਸ ਨੇ ਹਮੇਸ਼ਾ ਕਿਹਾ ਕਿ ਖ਼ਬਰ ਉਹ ਹੈ ਜਿਸ ਵਿਚ ਲੋਕਾਂ ਦੀ ਗੱਲ ਹੋਵੇ।
ਲੋਕ-ਪੱਖੀ ਹੋਣ ਕਾਰਨ ਕਮਾਲ ਖ਼ਾਨ ਨੂੰ ਸਮਾਜ ਦੇ ਹਰ ਵਰਗ ਨੇ ਯਾਦ ਕੀਤਾ ਹੈ ਅਤੇ ਉਸ ਦੇ ਅਚਾਨਕ ਇਸ ਦੁਨੀਆ ਤੋਂ ਰੁਖ਼ਸਤ ਹੋਣ ਤੇ ਆਪਣਾ ਦੁਖ ਜ਼ਾਹਿਰ ਕੀਤਾ ਹੈ। ਅਸਲ ਵਿਚ ਉਹ ਆਪਣੀ ਤਰ੍ਹਾਂ ਦਾ ਬੇਬਾਕ ਤੇ ਸੰਜੀਦਾ ਖਿਆਲ ਸੀ ਜਿਸ ਦੀ ਆਵਾਜ਼ ਵਿਚ ਆਜ਼ਾਦੀ ਦੇ ਤਰੰਨੁਮ ਦਾ ਅਦਭੁੱਤ ਸੁਮੇਲ ਹੁੰਦਾ ਸੀ।
ਲਖਨਊ ਵਿਚ ਰਹਿ ਰਿਹਾ ਕਮਾਲ ਖ਼ਾਨ ਸੰਘਰਸ਼ਸ਼ੀਲ ਆਗੂ ਅਤੇ ਵਰਕਰ ਪੱਤਰਕਾਰ ਰਿਹਾ ਹੈ। ਉਸ ਨੇ ਅੰਗਰੇਜ਼ੀ ਸਾਹਿਤ ਨਾਲ ਮਾਸਟਰ ਦੀ ਡਿਗਰੀ ਕੀਤੀ ਸੀ ਅਤੇ ਬਾਅਦ ਵਿਚ ਰੂਸੀ ਭਾਸ਼ਾ ਵਿਚ ਮਾਸਟਰਜ਼ ਡਿਗਰੀ ਹਾਸਲ ਕੀਤੀ ਸੀ। ਉਹ ਕੁਝ ਸਮਾਂ ‘ਨਵਭਾਰਤ ਟਾੲਮੀਜ਼’ ਅਖ਼ਬਾਰ ਵਿਚ ਰੂਸੀ ਅਨੁਵਾਦਕ ਵੀ ਰਿਹਾ। ਬਾਅਦ ਵਿਚ ਉਸ ਨੇ ਪੂਰਾ ਸਮਾਂ ਪੱਤਰਕਾਰੀ ਨੂੰ ਦਿੱਤਾ ਅਤੇ ਪਿਛਲੇ ਦੋ ਦਹਾਕਿਆਂ ਤੋਂ ਉਹ ਐੱਨਡੀਟੀਵੀ ਟੈਲੀਵਿਜ਼ਨ ਚੈਨਲ ਵਿਚ ਕੰਮ ਕਰ ਰਿਹਾ ਸੀ ਅਤੇ ਬਾਅਦ ਵਿਚ ਉਸ ਨੂੰ ਐਗਜ਼ੀਕਿਊਟਿਵ ਡਾਇਰੈਕਟਰ ਵੀ ਬਣਾਇਆ ਗਿਆ।
ਲਖਨਊ (ਉੱਤਰ ਪ੍ਰਦੇਸ਼) ਵਿਚ ਸਾਧਾਰਨ ਪਰਿਵਾਰ ਵਿਚ ਪੈਦਾ ਹੋਇਆ ਕਮਾਲ ਖ਼ਾਨ ਪ੍ਰਤਿਭਾਸ਼ਾਲੀ ਵਿਦਿਆਰਥੀ ਸੀ। ਉਸ ਨੇ ਇੰਡੀਆ ਟੀਵੀ ਦੀ ਪੱਤਰਕਾਰ ਰੁਚੀ ਕੁਮਾਰ ਨਾਲ ਸ਼ਾਦੀ ਕਰਕੇ ਆਪਣਾ ਘਰ ਵਸਾਇਆ। ਉਹ ਭਾਰਤੀ ਪੱਤਰਕਾਰੀ ਦੀ ਗੰਭੀਰ ਆਵਾਜ਼ ਵਜੋਂ ਜਾਣਿਆ ਜਾਂਦਾ ਸੀ। ਪੱਤਰਕਾਰੀ ਵਿਚ ਸੱਚ ਕਿਵੇਂ ਪੇਸ਼ ਕਰਨਾ ਹੈ, ਇਹ ਉਸ ਤੋਂ ਸਿੱਖਿਆ ਜਾ ਸਕਦਾ ਸੀ। ਉਸ ਦੀ ਪੱਤਰਕਾਰੀ ਨੂੰ ਸਮਾਜ ਦੇ ਹਰ ਵਰਗ ਨੇ ਪ੍ਰਵਾਨ ਕੀਤਾ।
ਮੁਸਲਿਮ ਸਮਾਜ ਨਾਲ ਜੁੜੀਆਂ ਹੋਈਆਂ ਖ਼ਬਰਾਂ ਨੂੰ ਉਹ ਜਿਸ ਸੰਜੀਦਗੀ ਨਾਲ ਬਿਆਨ ਕਰ ਸਕਦਾ ਸੀ, ਉਸ ਦੀ ਮਿਸਾਲ ਹੋਰ ਕੋਈ ਨਹੀਂ ਸੀ। ਕਮਾਲ ਖ਼ਾਨ ਨੂੰ ਉਸ ਦੀ ਸਿੱਧੀ-ਸਾਦੀ ਹਿੰਦੀ-ਉਰਦੂ ਮਿਲੀ ਗੰਗਾ-ਜਮੁਨੀ ਭਾਸ਼ਾ ਦੇ ਅਜਿਹੇ ਪੱਤਰਕਾਰ ਵਜੋਂ ਜਾਣਿਆ ਜਾਂਦਾ ਸੀ ਜਿਸ ਦੀ ਭਾਸ਼ਾ ਵਿਚ ਸਮਾਜਿਕ ਤਾਣੇ-ਬਾਣੇ ਦੀ ਮਿਠਾਸ ਸੀ। ਵਿਸ਼ਿਆਂ ਦੀ ਡੂੰਘੀ ਜਾਣਕਾਰੀ ਕਾਰਨ ਉਸ ਦੀਆਂ ਖਬਰਾਂ ਦੀ ਪੇਸ਼ਕਾਰੀ ਕਮਾਲ ਦੀ ਹੁੰਦੀ ਸੀ। ਅਸਲ ਵਿਚ ਉਹ ਸ਼ਬਦਾਂ ਅਤੇ ਸ਼ਬਦਾਂ ਦੀ ਚੋਣ ਦਾ ਜਾਦੂਗਰ ਸੀ। ਪੱਤਰਕਾਰੀ ਦੇ ਖੇਤਰ ਵਿਚ ਵਿਸ਼ਾਲ ਅਨੁਭਵ ਦੇ ਆਧਾਰ ਤੇ ਉਸ ਨੂੰ ਰਾਮ ਨਾਥ ਗੋਇਨਕਾ ਪੁਰਸਕਾਰ ਅਤੇ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਮਿਲਿਆ।
ਦੋਸਤ ਵਜੋਂ ਕਮਾਲ ਖ਼ਾਨ ਨੂੰ ਯਾਦ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਭਾਰਤੀ ਟੈਲੀਵਿਜ਼ਨ ਪੱਤਰਕਾਰੀ ਦੇ ਨਾਲ ਨਾਲ ਪੱਤਰਕਾਰੀ ਦਾ ਅਜਿਹਾ ਸਿਤਾਰਾ ਸੀ ਜੋ ਬਹੁਤ ਸਮੇਂ ਤਕ ਸਾਡੀਆਂ ਯਾਦਾਂ ਵਿਚ ਤਾਜ਼ਾ ਰਹੇਗਾ ਕਿਉਂਕਿ ਉਸ ਨੇ ਹਮੇਸ਼ਾ ਹੀ ਵਿਦਰੋਹ ਦੇ ਬੋਲ ਅਤੇ ਪੱਤਰਕਾਰੀ ਦੀ ਸੁਤੰਤਰਤਾ ਨੂੰ ਸ਼ਾਨਦਾਰ ਭਾਸ਼ਾ ਸਾਦਗੀ ਨਾਲ ਪੇਸ਼ ਕੀਤਾ ਹੈ।
ਕਮਾਲ ਖ਼ਾਨ ਕਰੋੜਾਂ ਲੋਕਾਂ ਅੰਦਰ ਪੱਤਰਕਾਰੀ ਵਿਚ ਵਿਸ਼ਵਾਸ ਪੈਦਾ ਕਰਨ ਵਾਲਾ ਸਿਤਾਰਾ ਸੀ। ਅਲਵਿਦਾ ਦੋਸਤ ਕਮਾਲ ਖ਼ਾਨ।
* ਲੇਖਕ ਦੂਰਦਰਸ਼ਨ ਦੇ ਉਪ ਮਹਾਨਿਦੇਸ਼ਕ ਰਹੇ ਹਨ।
ਸੰਪਰਕ : 94787-30157