ਆਖਰ ਖਜ਼ਾਨਾ ਕਿਵੇਂ ਝੱਲੇਗਾ ਮੁਫ਼ਤ ਦੇ ਝੂਠੇ ਲਾਰਿਆਂ ਦਾ ਭਾਰ - ਬਲਤੇਜ ਸੰਧੂ

ਪੰਜਾਬ ਚ ਵਿਧਾਨ ਸਭਾ ਚੋਣਾਂ ਦਾ ਵਿਗੁਲ ਵੱਜ ਚੁੱਕਾ ਹੈ। ਪੰਜਾਬ ਵਿੱਚ 16 ਵੀ ਵਿਧਾਨ ਸਭਾ ਚੋਣਾਂ ਦਾ 20 ਫਰਵਰੀ ਨੂੰ ਵੋਟਾਂ ਪਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ।ਜਿਸ ਦਾ ਰਿਜ਼ਲਟ 10ਮਾਰਚ 2022 ਨੂੰ ਆਵੇਗਾ। ਇਸ ਤਹਿਤ ਦੇਸ਼ ਅੰਦਰ ਪੰਜ ਸੂਬਿਆਂ ਵਿੱਚ ਵੋਟਾਂ ਪੈਣੀਆਂ ਹਨ ਪੰਜਾਬ ਸਮੇਤ ਗੋਆਂ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਮਨੀਪੁਰ ਵਿੱਚ 10 ਫਰਵਰੀ ਤੋਂ ਲੈ ਕੇ ਵੱਖ ਵੱਖ ਪੜਾਵਾਂ ਵਿੱਚ 7 ਮਾਰਚ ਤੱਕ ਵੋਟਾਂ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇੰਨਾ ਚੋਣਾਂ ਵਿੱਚ ਪੰਜਾਬ ਅਤੇ ਯੂ ਪੀ ਉੱਪਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਇਸ ਦਾ ਕਾਰਨ ਕਿਸਾਨੀ ਅੰਦੋਲਨ ਨੂੰ ਵੀ ਮੰਨਿਆਂ ਜਾ ਰਿਹਾ ਹੈ। ਹਰ ਕੋਈ ਸੋਚ ਰਿਹਾ ਹੈ ਕਿ ਆਉਣ ਵਾਲੇ ਅਗਲੇ ਪੰਜ ਸਾਲਾਂ ਲਈ ਕੌਣ ਕੁਰਸੀ ਤੇ ਵਿਰਾਜਮਾਨ ਹੋਵੇਗਾ। ਜਿੱਥੋਂ ਤੱਕ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਅੰਦਰ ਕਾਫੀ ਹੱਦ ਤੱਕ ਚੋਣ ਅਖਾੜਾ ਭਖਿਆਂ ਹੋਇਆ ਹੈ। ਸਿਆਸੀ ਪਾਰਟੀਆਂ ਦੁਆਰਾ ਡੋਰ ਟੂ ਡੋਰ ਅਤੇ ਸੋਸ਼ਲ ਮੀਡੀਆ ਜ਼ਰੀਏ ਆਪੋ ਆਪਣੀ ਪਾਰਟੀ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।ਹੁਣ ਤੱਕ ਆਮ ਆਦਮੀ ਪਾਰਟੀ,ਸ੍ਰੋਮਣੀ ਅਕਾਲੀ ਦਲ ਬਸਪਾ ਗਠਜੋੜ (ਬ) ਕਾਂਗਰਸ,ਭਾਜਪਾ ਕੈਪਟਨ,ਢੀਂਡਸਾ ਗਠਜੋੜ ,ਸੰਯੁਕਤ ਸਮਾਜ ਮੋਰਚਾ ਅਤੇ ਸ੍ਰੋਮਣੀ ਅਕਾਲੀ ਦਲ (ਅ) ਨੇ ਕਾਫੀ ਹੱਦ ਤੱਕ ਆਪੋ ਆਪਣੇ ਨੁਮਾਇੰਦੇ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ। ਹਾਲਾਂਕਿ ਕੋਵਿਡ 19 ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਕੁੱਝ ਪਾਬੰਦੀਆਂ ਜਰੂਰ ਲਗਾ ਰੱਖੀਆਂ ਹਨ ਵੱਡੀਆ ਰੈਲੀਆਂ ਅਤੇ ਚੋਣ ਜਲਸਿਆਂ ਤੇ ਰੋਕ ਲਗਾਈ ਗਈ ਹੈ। ਪੰਜਾਬ ਵਾਸੀ ਸੁ਼ਕਰ ਮਨਾਉਣ ਕਿ ਜਿੰਨੀਆਂ ਵੱਡੀਆਂ ਰੈਲੀਆਂ ਉਨਾਂ ਹੀ ਜਿਆਦਾ ਖਰਚਾ ਉਨਾਂ ਜਨਤਾ ਸਿਰ ਬੋਝ ਨਾਲ ਹੀ ਨਾਲ ਕਰੋਨਾ ਵਰਗੀ ਖਤਰਨਾਕ ਬਿਮਾਰੀ ਫੈਲਣ ਦਾ ਜਿਆਦਾ ਖ਼ਤਰਾ ਜੋ ਵੀ ਕੀਤਾ ਕੁੱਲ ਮਿਲਾ ਕੇ ਚੋਣ ਕਮਿਸ਼ਨ ਦਾ ਵਧੀਆ ਫੈਸਲਾ ਹੈ। ਪੰਜਾਬ ਅੰਦਰ ਸਰਕਾਰ ਕਿਸੇ ਦੀ ਵੀ ਬਣੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਣ ਵਾਲੀ ਹੈ। ਜਿਸ ਦੀ ਆਮ ਆਦਮੀ ਕਲਪਨਾ ਵੀ ਨਹੀਂ ਕਰ ਸਕਦਾ ਪੰਜਾਬ ਚੋਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਅਤੇ ਇਸ ਮੌਜੂਦਾ ਸਰਕਾਰ ਨੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਜਨਤਾ ਨਾਲ ਕੀਤੇ। ਵਾਅਦਿਆਂ ਦੀ ਦੌੜ ਵਿੱਚ ਇਕੱਲੀ ਕਾਂਗਰਸ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਮਨ ਲੁਭਾਵਣੇ ਵਾਅਦੇ ਕੀਤੇ ਹਨ ਸੱਤਾ ਵਿੱਚ ਕੋਈ ਵੀ ਧਿਰ ਕਾਬਜ ਹੋਵੇ ਉਸ ਨੂੰ ਆਪਣੇ ਕੀਤੇ ਹੋਏ ਵਾਅਦੇ ਕਾਫੀ ਹੱਦ ਤੱਕ ਪੂਰੇ ਕਰਨੇ ਹੀ ਪੈਣੇ ਹਨ ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਪੰਜਾਬ ਸਿਰ ਪਹਿਲਾਂ ਤੋਂ ਹੀ ਕੋਈ ਪੌਣੇ ਤਿੰਨ ਲੱਖ ਕਰੋੜ ਦੇ ਕਰੀਬ ਕਰਜੇ ਦਾ ਭਾਰੀ ਬੋਝ ਹੈ। ਪੰਜਾਬ ਪੂਰੀ ਤਰ੍ਹਾਂ ਨਾਲ ਕਰਜੇ ਨਾਲ ਜਕੜਿਆਂ ਹੋਇਆ ਏ ਇਸ ਤੋਂ ਪਹਿਲਾਂ ਜਦ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਸੱਤਾ ਛੱਡ ਕੇ ਗਈ ਸੀ।ਤਾਂ ਸੂਬੇ ਤੇ ਕਰੀਬ ਕਰੀਬ ਤਕਰੀਬਨ 1.82 ਲੱਖ ਕਰੋੜ ਦੇ ਨੇੜੇ ਕਰਜਾ ਬਕਾਇਆ ਸੀ ਇਸ ਮਗਰੋਂ ਲੰਘੇ ਪੰਜ ਸਾਲਾਂ ਦੌਰਾਨ ਕਰਜੇ ਦਾ ਬੋਝ ਘਟਣ ਦੀ ਬਜਾਏ ਵਧਿਆ ਹੈ। ਪੰਜਾਬ ਚ ਸਰਕਾਰ ਕਿਸੇ ਧਿਰ ਦੀ ਬਣੇ। ਜਿਸ ਤਰ੍ਹਾਂ ਦੇ ਸਿਆਸੀ ਲੀਡਰ ਲੋਕ ਲੁਭਾਵਣੇ ਵਾਅਦੇ ਕਰ ਰਹੇ ਹਨ ਇਸ ਨੂੰ ਦੇਖ ਕੇ ਲੱਗ ਰਿਹਾ ਹੈ ਪੰਜਾਬ ਸਿਰ ਆਉਣ ਵਾਲੇ ਸਮੇਂ ਚ ਕਰਜੇ ਦਾ ਬੋਝ ਘਟਣ ਵਾਲਾ ਨਹੀਂ ਸਗੋਂ ਵਧੇਗਾ। ਜਿਸ ਦਾ ਭਾਰ ਖਜ਼ਾਨੇ ਤੇ ਹਰ ਹਾਲ ਵਿੱਚ ਪਵੇਗਾ ਪੰਜਾਬ ਦੀ ਆਮਦਨ ਵਧਾਉਣ ਅਤੇ ਪੰਜਾਬ ਨੂੰ ਇਸ ਕਰਜੇ ਦੇ ਬੋਝ ਥੱਲਿਓਂ ਕੱਢਣ ਲਈ ਪੰਜਾਬ ਦੀਆਂ ਸਰਕਾਰਾਂ ਨੇ ਕੋਈ ਠੋਸ ਉਪਰਾਲੇ ਨਹੀਂ ਕੀਤੇ। ਏਸੇ ਕਾਰਨ ਖਜ਼ਾਨੇ ਚ ਹੋਣ ਵਾਲੇ ਮਾਲੀਏ ਦੇ ਨੁਕਸਾਨ ਵਿੱਚ ਕੋਈ ਕਮੀ ਨਹੀਂ ਆ ਰਹੀ ਸੂਬੇ ਵਿੱਚ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ 1200 ਕਰੋੜ ਰੁਪਿਆ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਇਸ ਤੋਂ ਬਿਨਾਂ ਹੋਰ ਕਈ ਯੋਜਨਾਵਾਂ ਤਹਿਤ ਜਿਸ ਵਿੱਚ ਬਿਜਲੀ ਮੁਆਫ਼ੀ, ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਰਕਮ ਵੀ ਵਧਾ ਦਿੱਤੀ ਗਈ। ਇਸ ਕਰਕੇ ਵੀ ਪੰਜਾਬ ਦੇ ਖਜ਼ਾਨੇ ਤੇ ਕਰਜੇ ਦਾ ਬੋਝ ਵਧਿਆ ਮੌਜੂਦਾ ਸਰਕਾਰ ਦੇ ਆਖਰੀ ਬਜਟ ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਐਨਾ ਕੁ ਕਰਜਾਈ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੇ ਆਮ ਲੋਕਾਂ ਤੇ ਪੈਣਾ ਲਾਜ਼ਮੀ ਹੈ ਜਿਸ ਦੇ ਅਨੁਸਾਰ ਵੇਖਿਆਂ ਜਾਵੇ ਤਾਂ ਪੰਜਾਬ ਚ ਪੈਂਦਾ ਹੋਣ ਵਾਲਾ ਹਰ ਬੱਚਾ ਜਨਮ ਲੈਂਦਿਆ ਹੀ ਲੱਗਭੱਗ 82 ਹਜ਼ਾਰ ਰੁਪਏ ਦੇ ਤਕਰੀਬਨ ਕਰਜਾਈ ਹੈ।ਹੁਣ ਤੁਸੀਂ ਸੋਚ ਹੀ ਸਕਦੇ ਹੋ ਆਉਣ ਵਾਲੇ ਸਮੇਂ ਚ ਪੰਜਾਬ ਦੇ ਕੀ ਹਾਲਾਤ ਹੋਣਗੇ ।ਲੀਡਰ ਜੋ ਮਰਜ਼ੀ ਫੋਕੀਆਂ ਫੜ੍ਹਾਂ ਮਾਰ ਰਹੇ ਹੋਣ। ਪਰ ਪੰਜਾਬ ਦੇ ਜੋ ਅੰਦਰੂਨੀ ਹਾਲਾਤ ਹਨ ਉਹ ਹੋਰ ਬਹੁਤ ਸਮਾਂ ਕਿਸੇ ਤੋਂ ਲੁਕੇ ਨਹੀ ਰਹਿ ਸਕਦੇ। ਇਹ ਸਭ ਦੇਖ ਕੇ ਤਾਂ ਕਦੇ ਕਦੇ ਲੱਗਦਾ ਹੈ ਕਿ ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ ਹੈ। ਕਿਉਂਕਿ ਸਾਰੇ ਲੀਡਰਾਂ ਨੂੰ ਕਿਤੇ ਨਾ ਕਿਤੇ ਆਪਣੀ ਕੁਰਸੀ ਪਰਿਵਾਰ ਦਾ ਹੀ ਫਿਕਰ ਹੈ ਪੰਜਾਬ ਦਾ ਆਉਣ ਵਾਲਾ ਸਮਾਂ ਕਿਸੇ ਸਿਆਸੀ ਪਾਰਟੀ ਜਾਂ ਲੀਡਰ ਦੇ ਚਿੱਤ ਚੇਤੇ ਨਹੀਂ।ਕਿਸ ਸਿਆਸੀ ਪਾਰਟੀ ਨੇ ਸੋਚਿਆ ਹੈ ਕਿ ਮੁਫ਼ਤੋ ਮੁਫ਼ਤੀ ਦੀ ਖੇਡ ਵਿੱਚ ਆਖਰ ਖਜ਼ਾਨਾ ਕਿਵੇਂ ਝੱਲੇਗਾ ਮੁਫ਼ਤ ਦੇ ਝੂਠੇ ਲਾਰਿਆਂ ਦਾ ਬੋਝ।।

ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158