ਵੱਟੇ ਸੱਟੇ ਦੀ ਕੁੜਮਾਈ - ਰਵਿੰਦਰ ਸਿੰਘ ਕੁੰਦਰਾ
ਵੱਟੇ ਸੱਟੇ ਦੀ ਕੁੜਮਾਈ, ਗੰਜੀ ਗਈ ਗਲੋਲੋ ਆਈ,
ਇੱਕੋ ਜਿਹੇ ਚੱਟਿਆਂ ਵੱਟਿਆਂ ਦੀ, ਹੁੰਦੀ ਹੈ ਨਿੱਤ ਦਿਨ ਵਟਾਈ।
ਧੋਬੀਆਂ ਦੇ ਕੁੱਤਿਆਂ ਦੇ ਵਰਗੇ, ਇਹਨਾਂ ਲੀਡਰਾਂ ਦੇ ਕਾਰੇ,
ਬੁਰਕੀਆਂ ਦੇ ਲਈ ਨੱਠੇ ਫਿਰਦੇ, ਦਿਨੇ-ਰਾਤੀਂ ਮਾਰੇ ਮਾਰੇ।
ਕਿਸ ਭਾਅ ਕਿਹੜਾ ਕਿੱਥੇ ਵਿਕਦਾ, ਸਮਝ ਨਹੀਂ ਕੁੱਛ ਆਉਂਦਾ,
ਹਰ ਵੱਟੇ ਨੂੰ ਤੋਲ ਤੋਲ ਕੇ, ਹਰ ਕੋਈ ਬੋਲੀ ਲਾਉਂਦਾ।
ਗੋਲ਼ ਹੋਵੇ ਜਾਂ ਭਾਂਵੇਂ ਚਪਟਾ, ਭਾਵੇਂ ਬਤਾਊਂ ਵਰਗਾ,
ਜਦ ਤੱਕੜੀ 'ਤੇ ਚੜ੍ਹ ਜਾਂਦਾ ਹੈ, ਵਿਕਣ 'ਚ ਦੇਰ ਨੀਂ ਕਰਦਾ।
ਕੌਡੀਉਂ ਖੋਟੇ ਦਾਗੀ ਸਾਰੇ, ਝੂਠ ਦੇ ਸਭ ਵਿਉਪਾਰੀ,
ਹਰ ਤਰ੍ਹਾਂ ਦੀ ਧੌਂਸ ਜਮਾਉਂਦੇ, ਸਮਾਜੀ ਜਾਂ ਸਰਕਾਰੀ।
ਨਾਮ ਇਨ੍ਹਾਂ ਦਾ ਕੋਈ ਵੀ ਹੋਵੇ, ਭਾਵੇਂ ਕੋਈ ਵੀ ਕੁਨਬਾ,
ਜ਼ਾਤ ਪਾਤ ਕੋਈ ਖਣਿਆਦਾ, ਜਾਂ ਕੋਈ ਸਰਦਾ ਪੁੱਜਦਾ।
ਢੀਠਾਂ ਵਾਂਗੂੰ ਢੀਂਡਸੇ ਘੁੰਮਦੇ, ਸ਼ਰਮੇ ਸ਼ਰਮ ਨਾ ਰੱਖਦੇ,
ਬ੍ਰਮਪੁਰੇ ਦੇ ਬ੍ਰਹਮ ਗਿਆਨੀ, ਥਾਂ ਥਾਂ ਥੁੱਕ ਥੁੱਕ ਚੱਟਦੇ।
ਮੌਤੋਂ ਡਰ ਕੇ ਮੂਸੇ ਭੱਜਦੇ, ਖੁੱਡਾਂ ਲੱਭਣ ਨਿੱਤ ਨਵੀਆਂ,
ਆਪਣੀ ਖੱਲ ਬਚਾਵਣ ਖ਼ਾਤਰ, ਲੁਕਦੇ ਝਾੜੀਆਂ ਚਰ੍ਹੀਆਂ।
ਕਾਕੇ, ਬਿੱਟੂ, ਰਾਣੇ, ਸਿੱਧੂ, ਲਾਡੀ ਕਰਨ ਨਿੱਤ ਲਾਡੀਆਂ,
ਕਿਸੇ ਦੇ ਕੁੱਛੜ ਕਿਸੇ ਘਨੇੜੀ, ਹੱਸ ਹੱਸ ਪਾਵਣ ਚਾਘੀਆਂ।
ਸੱਚਰ ਭਰ ਕੇ ਆਪਣੀ ਖੱਚਰ, ਹੋਕਾ ਦੇਵਣ ਗਲੀ ਗਲੀ,
ਸਸਤੇ ਭਾਅ ਈਮਾਨ ਹੈ ਲਾਇਆ, ਆ ਕੇ ਲੈ ਜਾਓ ਧੜੀ ਧੜੀ।
ਵਾਹੋ ਦਾਹੀ ਬਾਜਵੇ ਘੁੰਮਣ, ਬੇ ਵਜਾਹ ਗੱਲਾਂ ਕਰਦੇ,
ਆਪਣੇ ਗੌਂ ਭੁਨਾਵਣ ਖਾਤਰ, ਭਰਾ ਮਾਰਨੋਂ ਨਹੀਂ ਡਰਦੇ।
ਅੱਕੀਂ ਚੜ੍ਹਨ ਪਲਾਹੀਂ ਉਤਰਨ, ਕਿਤੇ ਸਾਈਆਂ ਕਿਤੇ ਵਧਾਈਆਂ,
ਆਪਣੇ ਮੂੰਹ ਬਣ ਮੀਆਂ ਮਿੱਠੂ, ਦੂਜੇ ਦੀਆਂ ਕਰਨ ਬੁਰਾਈਆਂ।
ਖਾ ਲਿਆ ਇਨ੍ਹਾਂ ਤੁਹਾਡਾ ਪੈਸਾ, ਤੁਹਾਡੀ ਘਾਲ ਕਮਾਈ,
ਆਖਰ ਜਾਗ ਪਉ ਹੁਣ ਲੋਕੋ, ਹੈ ਸਮਝ ਕੋਈ ਹੁਣ ਆਈ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ