ਸਿੱਖਿਆਦਾਇਕ ਪੈਂਤੀ - ਜਸਵੀਰ ਸ਼ਰਮਾ ਦੱਦਾਹੂਰ
ੳ : ਊਲ ਜਲੂਲ ਤੂੰ ਕਿਸੇ ਨੂੰ ਬੋਲ ਨਾਹੀ, ਪੇਸ਼ ਸਭ ਨਾਲ ਪਿਆਰ ਨਾਲ ਆ ਬੰਦੇ।
ਅ : ਆਣ ਕੇ ਝੂਠੇ ਸੰਸਾਰ ਅੰਦਰ, ਹੱਕ ਸੱਚ ਦੀ ਹੀ ਕਮਾ ਕੇ ਖ਼ਾਹ ਬੰਦੇ।
ੲ : ਏਕ ਉਂਕਾਰ ਨੂੰ ਸਦਾ ਵਸਾ ਹਿਰਦੇ, ਸਦਾ ਨਾਮ ਤੂੰ ਉਸਦਾ ਧਿਆ ਬੰਦੇ।
ਸ : ਸੱਚ ਦੇ ਮਾਰਗ ਤੇ ਜੇ ਚੱਲੇ, ਪ੍ਰਤੱਖ ਲਵੇਂਗਾ ਓਸ ਨੂੰ ਪਾ ਬੰਦੇ।
ਹ : ਹਿੱਕ ਦੇ ਨਾਲ ਲਾ ਲੈ ਦੁਖੀਏ ਨੂੰ, ਦੁੱਖ ਓਸ ਦੇ ਲੈ ਵੰਡਾ ਬੰਦੇ।
ਕ : ਕਮਾਈ ਆਪਣੀ ਦਸਾਂ ਨਹੁੰਆਂ ਦੀ ਚੋਂ, ਗਰਜ਼ਵੰਦਾਂ ਤੇ ਕੁਝ ਤੂੰ ਲਾ ਬੰਦੇ।
ਖ : ਖਾਣਾ ਹੱਕ ਕਿਸੇ ਦਾ ਮੁਰਦਾਰ ਹੀ ਹੈ, ਸਭ ਕੁਝ ਹੀ ਕਰੂ ਸਵਾਹ ਬੰਦੇ।
ਗ : ਗੁਰੂ ਆਪਣੇ ਨੂੰ ਜੇ ਰਿਝਾ ਲਿਆ ਤੂੰ, ਪੂਰੇ ਕਰੂਗਾ ਤੇਰੇ ਸਭ ਚਾਅ ਬੰਦੇ।
ਘ : ਘਰ ਜਾਣ ਦਾ ਰਸਤਾ ਵੀ ਉਹ ਦੱਸੂ, ਪਾ ਦੇਵੇਗਾ ਸਿੱਧੇ ਉਹ ਰਾਹ ਬੰਦੇ।
ਙ : ਙੰਙੇ ਵਾਂਗ ਨਾ ਵਿਹਲੇ ਬੈਠ ਰਹਿਣਾ, ਲਵੀਂ ਆਪਣਾ ਮਨ ਸਮਝਾ ਬੰਦੇ।
ਚ : ਚੱਕ ਪੱਥਰਾਂ ਨੂੰ ਵੀਰਨਾ ਪਾੜ ਦਿੰਦੀ, ਨਾ ਗੱਲ ਕਿਸੇ ਦੀ ਦਿਲ ਤੇ ਲਾ ਬੰਦੇ।
ਛ : ਛੱਡ ਲੋਭ ਮੋਹ ਹੰਕਾਰ ਤੇ ਕਾਮ ਪੰਜੇ, ਤੈਨੂੰ ਲੈਣ ਨਾ ਕਿਤੇ ਫਸਾ ਬੰਦੇ।
ਜ : ਜੱਗ ਸਾਰਾ ਨਿਆਈਂ ਝੂਠ ਦੀ ਏ, ਹਰਇਕ ਨੂੰ ਲਾਂਵਦੈ ਢਾਅ ਬੰਦੇ।
ਝ : ਝੂਠ ਫ਼ਰੇਬ ਦੀ ਖੱਟੀ ਨਾ ਕਿਤੇ ਖਾਵੀਂ, ਦਿੰਦੇ ਜਿਉਂਦੇ ਜੀਅ ਨਰਕ ਵਿਖਾ ਬੰਦੇ।
ਞ : ਞਈਞੇਂ ਵਾਂਗਰਾਂ ਪਿੱਛੇ ਹੀ ਰਹੇਂਗਾ ਤੂੰ, ਕਰਲੀ ਲੋਕਾਂ ਦੀ ਜੇ ਪ੍ਰਵਾਹ ਬੰਦੇ।
ਟ : ਟੁੱਟ ਜਾਵਣੀ ਸਵਾਸਾਂ ਦੀ ਲੜੀ ਕਿੱਥੇ, ਬਿਲਕੁਲ ਨਹੀਂ ਹੈ ਕੋਈ ਵਿਸਾਹ ਬੰਦੇ।
ਠ : ਠੁੰਮਣਾ ਦੇਣਾ ਹੈ ਹਰੀ ਦੇ ਨਾਮ ਨੇ ਹੀ, ਬਾਕੀ ਮਾਰਦੇ ਪਰ੍ਹੇ ਵਗਾਹ ਬੰਦੇ।
ਡ : ਡਰਨ ਦੀ ਲੋੜ ਨਹੀਂ ਕਿਸੇ ਕੋਲੋਂ, ਨਾਮ ਵਿੱਚ ਜੇ ਜਾਏਂ ਸਮਾ ਬੰਦੇ।
ਢ : ਢਕ ਦੇਊਗਾ ਐਬ ਗੁਨਾਹ ਤੇਰੇ, ਯਾਰੀ ਇਕੋ ਨਾਲ ਜੇ ਲਵੇਂ ਲਾ ਬੰਦੇ।
ਣ : ਣਾਣੇ ਵਾਂਗਰਾਂ ਪਿੱਛੇ ਜੇ ਰਹਿ ਗਿਆ ਤੂੰ, ਹੋਊ ਬੇਇੱਜ਼ਤੀ ਖ਼ਾਹ ਮਖ਼ਾਹ ਬੰਦੇ।
ਤ : ਤੁਰੇਂ ਜੇ ਸੱਚ ਦੇ ਰਾਹ ਉਤੇ, ਅਕਾਲ ਪੁਰਖ਼ ਨੇ ਲੈਣਾ ਬਚਾ ਬੰਦੇ।
ਥ : ਥਕਾ ਤੋੜ ਅਵੇਸਲਾ ਕਰਨ ਤੈਨੂੰ ਪੰਜੇ ਛੱਡੇ ਨੇ ਮਗਰ ਜੋ ਲਾ ਬੰਦੇ।
ਦ : ਦਰ ਕਿਨਾਰ ਹੋਜਾ ਦੁਨੀਆਂ ਦਾਰੀ ਤੋਂ ਤੂੰ, ਓਸੇ ਵਿੱਚ ਤੂੰ ਜਾਹ ਸਮਾ ਬੰਦੇ।
ਧ : ਧੰਨ ਦੌਲਤ ਤੇ ਮਹਿਲ ਮੁਨਾਰਿਆਂ ਨੂੰ, ਦੇ ਦਿਲ ਦੇ ਵਿੱਚੋਂ ਭੁਲਾ ਬੰਦੇ।
ਨ : ਨਾਪ ਤੋਲ ਕੇ ਦਿੱਤੇ ਸਵਾਸ ਜਿਹੜੇ, ਸੋਚ ਸਮਝ ਕੇ ਖ਼ਰਚ ਤੇ ਖ਼ਾਹ ਬੰਦੇ।
ਪ : ਪਾਣੀ ਵਿੱਚ ਪਤਾਸੇ ਵਾਂਗ ਹੈ ਖਰਨਾ, ਨਹੀਓਂ ਸਕਣੇ ਕਿਸੇ ਵਧਾ ਬੰਦੇ।
ਫ : ਫਰਿਸ਼ਤਾ ਮੌਤ ਦਾ ਆਊ ਜਦ ਲੈਣ ਤੈਨੂੰ, ਨਹੀਓਂ ਸਕਣਾ ਕਿਸੇ ਛੁਡਾ ਬੰਦੇ।
ਬ : ਬੈਠ ਕੇ ਵਿੱਚ ਇਕਾਂਤ ਦੇ ਤੂੰ, ਨਾਮ ਓਸ ਖੁਦਾ ਦਾ ਧਿਆ ਬੰਦੇ।
ਭ : ਭਰਮ ਭੁਲੇਖਿਆਂ ਨੂੰ ਕੱਢ ਮਨ ਚੋਂ, ਨਾ ਦਰ ਦਰ ਤੇ ਸੀਸ ਨਿਵਾ ਬੰਦੇ।
ਮ : ਮੌਕਾ ਪ੍ਰਸਤ ਤਾਂ ਸਦਾ ਨੇ ਦੁਖੀ ਰਹਿੰਦੇ, ਹੱਥੋਂ ਸਭ ਕੁਝ ਲੈਂਦੇ ਗਵਾ ਬੰਦੇ।
ਯ : ਯਾਦ ਮੌਤ ਨੂੰ ਰੱਖਣ ਹਮੇਸ਼ ਜਿਹੜੇ, ਨਾ ਬਿਰਥੇ ਕਦੇ ਗਵਾਉਂਦੇ ਸਾਹ ਬੰਦੇ।
ਰ : ਰਾਮ ਰਹੀਮ ਅੱਲਾ ਵਾਹਿਗੁਰੂ ਹੈ ਇਕੋ, ਇਹ ਗੱਲ ਤੂੰ ਮਨ ਵਸਾ ਬੰਦੇ।
ਲ : ਲੇਖ ਆਪਣੇ ਬਨਾਉਣੇ ਆਪ ਪੈਂਦੇ, ਨਾ ਕਿਸੇ ਤੋਂ ਲਵੀਂ ਸਲਾਹ ਬੰਦੇ।
ਵ : ਵੱਖੋ ਵੱਖ ਧਰਮ ਪਰ ਹੈ ਰਾਹ ਇਕੋ, ਓਸੇ ਰਾਹ ਤੇ ਚਲਦਾ ਜਾ ਬੰਦੇ।
ੜ : ੜਾੜਾ ਆਖਦਾ ਪੈਂਤੀ ਨੂੰ ਪੜ੍ਹੀਂ ਮਨ ਨਾਲ, ਦੱਦਾਹੂਰੀਆ ਰਹੇ ਸਮਝਾ ਬੰਦੇ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046
2 Jan 2018