ਨਾ ਬਾਬਾ ਨਾ ! - ਨਿਰਮਲ ਸਿੰਘ ਕੰਧਾਲਵੀ
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਵਿਚ ਖਾੜਕੂ ਲਹਿਰ ਕਾਫੀ ਮੱਠੀ ਪੈ ਚੁੱਕੀ ਸੀ। ਬਹੁਤੇ ਸਿਆਸੀ ਮਾਹਰਾਂ ਦਾ ਕਹਿਣਾ ਸੀ ਕਿ ਇਹ ਖਾੜਕੂਵਾਦ ਦਾ ਸੱਪ ਸਰਕਾਰ ਨੇ ਆਪ ਹੀ ਕੱਢਿਆ ਸੀ ਤੇ ‘ਟੀਚੇ’ ਪੂਰੇ ਹੋਣ ਮਗਰੋਂ ਆਪ ਹੀ ਪਟਾਰੀ ਵਿਚ ਪਾ ਲਿਆ ਸੀ। ਇਨ੍ਹਾਂ ਹੀ ਦਿਨਾਂ ‘ਚ ਸਬੱਬ ਨਾਲ਼ ਪਰਵਾਰ ਸਮੇਤ ਇੰਗਲੈਂਡ ਤੋਂ ਪੰਜਾਬ ਜਾਣ ਦਾ ਸਾਡਾ ਪ੍ਰੋਗਰਾਮ ਬਣ ਗਿਆ। ਹਾਲਾਂਕਿ ਕੁਝ ਸੱਜਣ ਮਿੱਤਰ ਅਜੇ ਨਾ ਜਾਣ ਦੀ ਸਲਾਹ ਵੀ ਦੇ ਰਹੇ ਸਨ, ਉਨ੍ਹਾਂ ਦੇ ਵਿਚਾਰ ‘ਚ ਅਜੇ ਵੀ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸੀ। ਪਰ ਅਸੀਂ ਜਾਣ ਦਾ ਪੱਕਾ ਮਨ ਬਣਾ ਲਿਆ ਤੇ ਰਾਜ਼ੀ ਖੁਸ਼ੀ ਪੰਜਾਬ ਪਹੁੰਚ ਗਏ।
ਇਕ ਦਿਨ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਮੁਕਤਸਰ ਸਾਹਿਬ ਵਲ ਦੇ ਇਲਾਕੇ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਜਾਣ। ਪੰਜਾਬ ਜਾ ਕੇ ਗੱਡੀ ਚਲਾਉਣ ਦਾ ਖ਼ਤਰਾ ਮੈਂ ਕਦੇ ਵੀ ਮੁੱਲ ਨਹੀਂ ਲਿਆ। ਪੱਛਮੀ ਦੇਸ਼ਾਂ ‘ਚ ਰਹਿੰਦਿਆਂ ਅਸੀਂ ਕਾਇਦੇ- ਕਾਨੂੰਨ ਅਨੁਸਾਰ ਗੱਡੀ ਚਲਾਉਣ ਦੇ ਆਦੀ ਹਾਂ ਪਰ ਉੱਥੇ ਧੱਕੇਸ਼ਾਹੀ ਚਲਦੀ ਹੈ। ਸੋ, ਸਲਾਹ ਕਰ ਕੇ ਦਿਨ ਮਿਥ ਲਿਆ ਤੇ ਇਕ ਟੈਕਸੀ ਦਾ ਇੰਤਜ਼ਾਮ ਕਰ ਲਿਆ। ਰਾਹ ਵਿਚ ਡਰਾਈਵਰ ਨਾਲ ਗੱਲਾਂ ਬਾਤਾਂ ਸ਼ੁਰੂ ਹੋਈਆਂ ਤਾਂ ਉਸ ਨੇ ਦੱਸਿਆ ਕੇ ਉਹ ਅਕਸਰ ਹੀ ਐਨ.ਆਰ.ਆਈ. ਪਰਵਾਰਾਂ ਨੂੰ ਪੰਜਾਬ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲੈ ਕੇ ਜਾਂਦਾ ਰਹਿੰਦਾ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਇਧਰ ਮੁਕਤਸਰ ਵਲ ਵੀ ਉਸ ਦਾ ਗੇੜਾ ਲਗਦਾ ਰਹਿੰਦਾ ਹੈ।
ਮੈਨੂੰ ਇੰਗਲੈਂਡ ਵਿਚ ਹੀ ਅਖ਼ਬਾਰਾਂ ਦੀਆਂ ਖ਼ਬਰਾਂ ਰਾਹੀਂ ਪਤਾ ਲੱਗਿਆ ਸੀ ਕਿ ਮੇਰਾ ਕਾਲਜ ਦਾ ਇਕ ਹਮਜਮਾਤੀ ਅੱਜ ਕਲ ਮੁਕਤਸਰ ਵਿਖੇ ਹੀ ਉੱਚ ਪੁਲਸ ਅਫ਼ਸਰ ਲੱਗਿਆ ਹੋਇਆ ਸੀ। ਮੈਂ ਸੋਚਿਆ ਇੰਜ ਏਨੇ ਲੰਬੇ ਸਮੇਂ ਬਾਅਦ ਉਸ ਨਾਲ਼ ਵੀ ਮੁਲਾਕਾਤ ਹੋ ਜਾਵੇਗੀ, ਦੋਵੇਂ ਜਣੇ ਕਾਲਜ ਦੇ ਜ਼ਮਾਨੇ ਦੀਆਂ ਗੱਲਾਂ ਬਾਤਾਂ ਵੀ ਸਾਂਝੀਆਂ ਕਰ ਲਵਾਂਗੇ ਤੇ ਉਸ ਤੋਂ ਪੰਜਾਬ ਦੇ ਹਾਲਾਤ ਬਾਰੇ ਵੀ ਉਸ ਦੀ ਰਾਇ ਜਾਣਾਂਗੇ। ਸਾਰੇ ਰਾਹ ਮੈਂ ਡਰਾਈਵਰ ਨਾਲ਼ ਪੰਜਾਬ ਦੇ ਹਾਲਾਤ ਬਾਰੇ ਜਾਣਕਾਰੀ ਲੈਂਦਾ ਰਿਹਾ। ਟੈਕਸੀ ਡਰਾਈਵਰ ਹੋਣ ਕਰ ਕੇ ਉਸ ਪਾਸ ਹੋਈਆਂ ਬੀਤੀਆਂ ਘਟਨਾਵਾਂ ਦਾ ਬਹੁਤ ਵੱਡਾ ਖ਼ਜ਼ਾਨਾ ਸੀ। ਪੰਜਾਬ ਪੁਲਸ ਬਾਰੇ ਉਸ ਨੇ ਬਹੁਤ ਕਹਾਣੀਆਂ ਸੁਣਾਈਆਂ ਜਿਨ੍ਹਾਂ ‘ਚੋਂ ਕੁਝ ਕੁ ਉਸ ਨੇ ਖ਼ੁਦ ਆਪਣੇ ਪਿੰਡੇ ‘ਤੇ ਹੰਢਾਈਆਂ ਹੋਈਆਂ ਸਨ, ਟੈਕਸੀ ਡਰਾਈਵਰ ਤੇ ਉਹ ਵੀ ਗੁਰਸਿੱਖ ਹੋਣ ਕਰ ਕੇ। ਜਦੋਂ ਮੁਕਤਸਰ ਦੇ ਨੇੜੇ ਪਹੁੰਚੇ ਤਾਂ ਮੈਂ ਉਸ ਨੂੰ ਆਪਣੇ ਹਮਜਮਾਤੀ ਪੁਲਸ ਅਫ਼ਸਰ ਬਾਰੇ ਦੱਸਿਆ ਤੇ ਕਿਹਾ ਕਿ ਆਪਾਂ ਉਸ ਨੂੰ ਵੀ ਮਿਲਣਾ ਹੈ ਤੇ ਨਾਲ਼ੇ ਉਹਦੀ ਮੁਲਾਕਾਤ ਵੀ ਉਸ ਨਾਲ ਕਰਵਾ ਦਿਆਂਗਾ ਤਾਂ ਕਿ ਕਿਤੇ ਲੋੜ ਪੈਣ ‘ਤੇ ਉਸ ਕੋਲੋਂ ਮਦਦ ਲਈ ਜਾ ਸਕੇਂ, ਜਿਵੇਂ ਕਿ ਉਸ ਨੇ ਆਪ ਹੀ ਦੱਸਿਆ ਸੀ ਕਿ ਨਾਕਿਆਂ ‘ਤੇ ਪੁਲਸ ਬਹੁਤ ਤੰਗ ਕਰਦੀ ਐ।
ਮੇਰੀ ਗੱਲ ਸੁਣ ਕੇ ਉਹ ਬੜੀ ਨਿਮਰਤਾ ਨਾਲ਼ ਬੋਲਿਆ, “ ਨਾ ਵੀਰ ਜੀ, ਇਹ ਕੰਮ ਨਾ ਕਰਿਓ, ਤੁਸੀਂ ਜੰਮ ਜੰਮ ਮਿਲੋ ਉਨ੍ਹਾਂ ਨੂੰ ਪਰ ਮੇਰੇ ਬਾਰੇ ਕੁਝ ਨਹੀਂ ਕਹਿਣਾ।”
ਮੈਨੂੰ ਹੈਰਾਨੀ ਹੋਈ ਉਹਦੀ ਗੱਲ ਸੁਣ ਕੇ ਕਿ ਲੋਕ ਤਾਂ ਕਿਸੇ ਵੱਡੇ ਅਫਸਰ ਨਾਲ ਜਾਣ-ਪਛਾਣ ਕਰਨੀ ਲੋਚਦੇ ਹਨ ਤਾਂ ਕਿ ਲੋੜ ਪੈਣ ‘ਤੇ ਕੋਈ ਅੜਿਆ ਹੋਇਆ ਕੰਮ ਕਰਵਾ ਸਕਣ ਪਰ ਇਹ ਸ਼ਖ਼ਸ ਕਹਿੰਦਾ ਹੈ ਕਿ ਇਹ ਕੰਮ ਨਾ ਕਰਿਓ। ਮੈਂ ਜਦ ਇਸ ਦਾ ਕਾਰਨ ਜਾਨਣਾ ਚਾਹਿਆ ਤਾਂ ਉਹ ਬੜੇ ਸਹਿਜ ਨਾਲ਼ ਬੋਲਿਆ, “ ਵੀਰ ਜੀ, ਨਾਕੇ ਉੱਤੇ ਪੁਲਸ ਵਾਲਿਆਂ ਨੂੰ ਸੌ ਦੋ ਸੌ ਦੇ ਕੇ ਖਹਿੜਾ ਛਡਾਉਣਾ ਸਸਤਾ ਸਾਡੇ ਲਈ ਪਰ ਜੇ ਵਗਾਰ ਦਾ ਢੋਲ ਇਕ ਵਾਰੀ ਮੇਰੇ ਗਲ਼ ਪੈ ਗਿਆ ਤਾਂ ਸਾਡੇ ਨਿਆਣੇ ਵੀ ਭੁੱਖੇ ਮਰ ਜਾਣਗੇ, ਵੀਰ ਜੀ ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਭਾਵੇਂ ਕਿ ਸਾਰੇ ਪੁਲਸ ਵਾਲ਼ੇ ਇਕੋ ਜਿਹੇ ਨਹੀਂ ਹੁੰਦੇ ਪਰ ਜੀ ਉਹ ਕਹਿੰਦੇ ਹੁੰਦੇ ਆ ਨਾ ਕਿ, ਵਾਹ ਪਿਆਂ ਜਾਣੀਏਂ ਜਾਂ ਰਾਹ ਪਿਆਂ ਜਾਣੀਏਂ।“
“ ਨਹੀਂ, ਨਹੀਂ, ਮੈਂ ਕਿਉਂ ਗੁੱਸਾ ਕਰਾਂਗਾ। ਤੂੰ ਤਾਂ ਸਗੋਂ ਇਕ ਜ਼ਮੀਨੀ ਹਕੀਕਤ ਦੇ ਦਰਸ਼ਨ ਕਰਵਾਏ ਐ ਮੈਨੂੰ,” ਮੈਂ ਕਿਹਾ। ਉਸ ਦੀ ਸਾਫ਼ਗੋਈ ਸੁਣ ਕੇ ਮੈਨੂੰ ਉਰਦੂ ਦਾ ਸ਼ੇਅਰ ਯਾਦ ਆ ਰਿਹਾ ਸੀ:
ਹੁਸੀਨੋਂ ਸੇ ਫ਼ਕਤ ਸਾਹਬ ਸਲਾਮਤ ਦੂਰ ਕੀ ਅੱਛੀ,
ਨਾ ਇਨ ਕੀ ਦੁਸ਼ਮਨੀ ਅੱਛੀ ਨਾ ਇਨ ਕੀ ਦੋਸਤੀ ਅੱਛੀ।
ਕਈ ਵਾਰੀ ਲੋਕ ਪੰਜਾਬ ਪੁਲਸ ਬਾਰੇ ਇਸ ਸ਼ੇਅਰ ਦੀ ਪੈਰੋਡੀ ਬਣਾਉਣ ਲਈ ਬਸ ਸਿਰਫ਼ ‘ਹੁਸੀਨੋਂ’ ਦੀ ਜਗ੍ਹਾ ‘ਪੁਲਸ ਵਾਲੋਂ’ ਕਰ ਦਿਆ ਕਰਦੇ ਹਨ।
ਨਿਰਮਲ ਸਿੰਘ ਕੰਧਾਲਵੀ