ਵਿਰਸੇ ਦੀਆਂ ਬਾਤਾਂ - ਜਸਵੀਰ ਸ਼ਰਮਾ ਦੱਦਾਹੂਰ
ਪੁਰਾਤਨ ਪੰਜਾਬ ਦੀ ਸ਼ਾਹੀ ਅਸਵਾਰੀ ਸੀ 'ਟਾਂਗਾ'
ਸਮਾਂ ਆਪਣੀ ਚਾਲ ਚਲਦਾ ਰਹਿੰਦਾ ਹੈ। ਸਮੇਂ ਦੇ ਗਰਭ ਵਿੱਚ ਬਹੁਤ ਕੁਝ ਗੁਆਚ ਚੁੱਕਾ ਹੈ ਅਤੇ ਬਹੁਤ ਕੁਝ ਗੁਆਚਦਾ ਜਾ ਰਿਹਾ ਹੈ, ਜੋ ਕੱਲ੍ਹ ਸੀ ਉਹ ਅੱਜ ਕਿਤੇ ਵੀ ਨਹੀਂ ਦਿਸਦਾ 'ਤੇ ਜੋ ਅੱਜ ਆਪਾਂ ਪ੍ਰਤੱਖ ਦੇਖ ਰਹੇ ਹਾਂ ਕਿਸੇ ਸਮੇਂ ਇਹ ਵੀ ਨਹੀਂ ਦਿਸਣਾ। ਅੱਤ ਆਧੁਨਿਕ ਯੁੱਗ ਆ ਚੁੱਕਾ ਹੈ ਤੇ ਇਸਤੋਂ ਵੀ ਅੱਗੇ ਪਤਾ ਨੀ ਕਿੱਥੋਂ ਤੱਕ ਸਾਇੰਸੀ ਯੁੱਗ ਨੇ ਤਰੱਕੀ ਕਰਨੀ ਹੈ, ਇਹ ਸਭ ਕੁਦਰਤੀ ਨਿਯਮ ਹੈ ਤੇ ਚਲਦਾ ਹੀ ਰਹਿਣਾ ਹੈ।
ਜੇਕਰ ਪੁਰਾਤਨ ਪਿੰਡਾਂ ਵਾਲੇ ਪੰਜਾਬ ਤੇ ਝਾਤੀ ਮਾਰੀਏ, ਜਦੋਂਕਿ ਬਹੁਤੀ ਅਬਾਦੀ ਪਿੰਡਾਂ ਵਿੱਚ ਹੀ ਵਸਦੀ ਸੀ ਤੇ ਕਈ ਕਈ ਪਿੰਡਾਂ ਨੂੰ ਇੱਕੋ ਹੀ ਸ਼ਹਿਰ ਨੇੜੇ ਲਗਦਾ ਸੀ 'ਤੇ ਉਥੇ ਹੀ ਲੋਕ ਆਪਣੀਆਂ ਫ਼ਸਲਾਂ ਵੇਚ ਕੇ ਘਰਾਂ ਦਾ ਜਰੂਰੀ ਸਮਾਨ ਜਿਵੇਂ ਕੱਪੜਾ, ਰਸੋਈ ਅਤੇ ਖੇਤੀਬਾੜੀ ਨਾਲ ਸਬੰਧਿਤ ਉਸੇ ਸ਼ਹਿਰੋਂ ਹੀ ਸਾਰੇ ਲੋਕ ਲਿਆਉਂਦੇ ਸਨ। ਜਾਣ ਆਉਣ ਦੇ ਸਾਧਨ ਵੀ ਸੀਮਿਤ ਸਨ, ਸਾਈਕਲ ਪ੍ਰਧਾਨ ਸਨ। ਰੇਲਗੱਡੀ ਰਾਹੀਂ ਸ਼ਹਿਰਾਂ ਨੂੰ ਜਾਣਾ ਜਾਂ ਜਿੱਥੇ ਕਿਤੇ ਰੇਲਵੇ ਸਟੇਸ਼ਨ ਨੇੜੇ ਨਹੀਂ ਸਨ ਉਥੋਂ ਤੱਕ ਟਾਂਗਿਆਂ ਤੇ ਲੋਕਾਂ ਨੇ ਆਉਣਾ ਜਿਸਦਾ ਕਿਰਾਇਆ ਕੁਝ ਆਨੇ ਹੀ ਹੁੰਦੇ ਸਨ ਜਿਵੇਂ ਚਾਰ ਆਨੇ, ਅੱਠ ਆਨੇ, ਬਾਰਾਂ ਆਨੇ। ਇਸੇ ਤਰ੍ਹਾਂ ਜੇਕਰ ਘੱਟ ਜ਼ਮੀਨ ਵਾਲੇ ਕਿਸੇ ਹਮਾਤੜ ਨੇ ਥੋੜੀ ਬਹੁਤੀ ਕਣਕ ਜਾਂ ਕਪਾਹ ਸ਼ਹਿਰ ਲੈ ਕੇ ਜਾਣੀ ਹੁੰਦੀ ਤਾਂ ਉਹ ਵੀ ਸਾਲਮ ਟਾਂਗਾ ਕਰ ਲੈਂਦਾ ਤੇ ਉਸ ਉਤੇ ਲੱਦ ਕੇ ਸ਼ਹਿਰ ਵਿੱਚ ਮੰਡੀ ਲੈ ਜਾਂਦਾ। ਬਹੁਤੇ ਸਾਧਨ ਇਜ਼ਾਦ ਨਾ ਹੋਣ ਕਾਰਨ ਟਾਂਗਾ ਹੀ ਸ਼ਾਹੀ ਅਸਵਾਰੀ ਹੁੰਦਾ ਸੀ ਤੇ ਉਹਨਾਂ ਸਮਿਆਂ ਵਿੱਚ ਪੈਸੇ ਦਾ ਪਸਾਰ ਬਹੁਤ ਘੱਟ ਸੀ ਫਿਰ ਵੀ ਟਾਂਗਿਆਂ ਵਾਲੇ ਟਾਂਗੇ ਤੇ ਘੋੜੇ ਨੂੰ ਸ਼ਿੰਗਾਰ ਕੇ ਰੱਖਦੇ ਤੇ ਚੰਗੀ ਦਿਹਾੜੀ ਬਣਾਉਂਦੇ ਰਹੇ ਹਨ। ਮੈਨੂੰ ਯਾਦ ਹੈ ਕਿ ਸਾਡੇ ਪਿੰਡ ਦੱਦਾਹੂਰ ਤੋਂ ਡਗਰੂ ਸਟੇਸ਼ਨ ਪੰਜ-ਛੇ ਮੀਲ ਤੇ ਸੀ। ਸਾਡੇ ਪਿੰਡ ਦਾ ਇੱਕੋ ਇਕ ਟਾਂਗਾ ਸੀ ਆਤਮਾ ਸਿੰਘ ਦਾ। ਜਿਮੀਦਾਰ ਘਰਾਣੇ ਨਾਲ ਸਬੰਧਤ ਆਤਮਾ ਸਿੰਘ ਸੁਭਾਅ ਦਾ ਭਾਂਵੇ ਅੜਬ ਸੀ ਪਰ ਵਧੀਆ ਘੋੜਾ ਤੇ ਟਾਂਗਾ ਰੱਖਦਾ ਕਰਕੇ ਪਟੜੀ ਬੰਨੇ ਕਾਫ਼ੀ ਮਸ਼ਹੂਰ ਸੀ 'ਤੇ ਦੱਦਾਹੂਰ ਤੋਂ ਡਗਰੂ ਸਟੇਸ਼ਨ ਤੱਕ ਅੱਠ ਆਨੇ, ਬਾਰਾਂ ਆਨੇ ਤੇ ਬਾਅਦ ਵਿੱਚ ਇੱਕ ਤੇ ਦੋ ਰੁਪਏ ਤੱਕ ਵੀ ਲੈਂਦਾ ਰਿਹਾ ਹੈ। ਸਵਾਰੀ ਪਿੰਡ ਤੋਂ ਹੀ ਕਾਫ਼ੀ ਹੋ ਜਾਂਦੀ ਸੀ, ਜੇਕਰ ਘੱਟ ਰਹਿਣੀ ਤਾਂ ਕੋਟਾ ਡਰੋਲੀ ਭਾਈ ਤੋਂ ਪੂਰਾ ਕਰ ਲੈਣਾ। ਰੇਲਗੱਡੀਆਂ ਦੇ ਤਿੰਨ ਟਾਈਮ ਸਨ। ਡਗਰੂ ਸਟੇਸ਼ਨ ਮੋਗਾ-ਫ਼ਿਰੋਜ਼ਪੁਰ ਸੈਕਸ਼ਨ ਤੇ ਛੋਟਾ ਜਿਹਾ ਸਟੇਸ਼ਨ ਹੈ, ਇਥੇ ਸਿਰਫ਼ ਪੈਸੰਜਰ ਗੱਡੀਆਂ ਰੁਕਦੀਆਂ ਸਨ 'ਤੇ ਉਥੋਂ ਹੀ ਸਵਾਰੀ ਚੜਾਉਣੀ। ਤੇ ਉੱਤਰੀਆਂ ਸਵਾਰੀਆਂ ਨੂੰ ਆਉਣ-ਜਾਣ ਲਈ ਟਾਂਗੇ ਜਿਆਦਾ ਤੇ ਰਿਕਸ਼ੇ ਘੱਟ ਹੀ ਸਨ। ਇਸੇ ਕਰਕੇ ਟਾਂਗੇ ਵਾਲਿਆਂ ਨੂੰ ਘੋੜੇ ਦਾ ਖ਼ਰਚਾ ਕਰਕੇ ਸੌ-ਸਵਾ ਸੌ ਰੁਪਏ ਆਮ ਹੀ ਬਣ ਜਾਂਦੇ ਸਨ, ਜਿਸਨੂੰ ਉਹ ਵਧੀਆ ਗੁਜ਼ਾਰਾ ਸਮਝਦੇ ਸਨ। ਇਸੇ ਤਰ੍ਹਾਂ ਹੀ ਹੋਰ ਵੀ ਪਿੰਡਾਂ ਤੋਂ ਟਾਂਗੇ ਸਟੇਸ਼ਨਾਂ ਤੱਕ ਜਾਂ ਸ਼ਹਿਰਾਂ ਤੱਕ ਜਾਂਦੇ ਰਹੇ ਹਨ। ਸਮੇਂ ਦੇ ਬਦਲਾਅ ਨਾਲ ਤੇ ਅਤਿ ਅਧੁਨਿਕ ਅਜੋਕੇ ਸਮੇਂ ਵਿੱਚ ਅਸੀ ਕਾਰਾਂ ਵਾਲੇ ਹੋ ਗਏ ਹਾਂ 'ਤੇ ਇਹ ਸਾਡਾ ਵਿਰਸਾ ਸਾਥੋਂ ਬਹੁਤ ਪਿਛਾਂਹ ਰਹਿ ਗਿਆ ਹੈ। ਅੱਜਕੱਲ੍ਹ ਤਾਂ ਇਹ ਟਾਂਗੇ ਬਿਲਕੁਲ ਅਲੋਪ ਹੋ ਚੁੱਕੇ ਹਨ, ਹਾਂ ਕਿਤੇ ਕਿਤੇ ਟਾਂਵਾਂ-ਟਾਂਵਾਂ ਕਿਸੇ ਨੇ ਭਾਂਵੇ ਸ਼ੌਂਕ ਨਾਲ ਰੱਖਿਆ ਹੋਵੇ। ਦਿੱਲੀ ਵਰਗੇ ਮਹਾਨਗਰਾਂ 'ਚ ਕਿਤੇ ਕਿਤੇ ਵੇਖਣ ਨੂੰ ਇਹ ਮਿਲ ਹੀ ਜਾਂਦੇ ਹਨ ਜਿੱਥੇ ਲੋਕ ਇਹਨਾਂ ਨੂੰ ਰੋਕ ਕੇ ਇਹਨਾਂ ਦੇ ਮਾਲਕਾਂ ਨਾਲ ਪੁਰਾਤਨ ਸਮੇਂ ਦੀਆਂ ਗੱਲਾਂ ਬਾਤਾਂ ਪੁੱਛਦੇ ਹਨ ਤੇ ਜਾਂ ਫ਼ਿਰ ਫੋਟੋਆਂ ਖਿੱਚ ਕੇ ਫੇਸਬੁੱਕ ਜਾਂ ਵਟਸਅੱਪ ਤੇ ਪਾਉਂਦੇ ਰਹਿੰਦੇ ਹਨ। ਹਾਂ ਕਿਤੇ ਕਿਤੇ ਮਿਊਜ਼ਮਾਂ ਜਾਂ ਪ੍ਰਦਰਸ਼ਨੀਆਂ ਦਾ ਸ਼ਿੰਗਾਰ ਬਣੇ ਹੋਏ ਹਨ ਜੀ ਇਹ ਟਾਂਗੇ, ਜਿੱਥੇ ਜਾ ਕੇ ਸਾਡੀ ਅਜੋਕੀ ਪੀੜ੍ਹੀ ਬਜ਼ੁਰਗਾਂ ਨੂੰ ਆਮ ਹੀ ਪੁੱਛਦੀ ਵੇਖੀ ਜਾ ਸਕਦੀ ਹੈ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046
2 Jan 2018