ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ ... - ਨਵਜੋਤ
ਵਰਤਮਾਨ ਸਮਾਜਿਕ ਪ੍ਰਬੰਧ ਜਿਸ ਨੂੰ ਅਸੀਂ ਸਰਮਾਏਦਾਰਾ ਪ੍ਰਬੰਧ ਵੀ ਆਖਦੇ ਹਾਂ, ਔਰਤਾਂ ਦੇ ਸਰੀਰ ਨੂੰ ਵਸਤੂ ਬਣਾ ਕੇ ਪੇਸ਼ ਕਰਦਾ ਹੈ ਅਤੇ ਮਰਦਾਂ (ਤੇ ਬਹੁਤ ਹੱਦ ਤੱਕ ਔਰਤਾਂ) ਦੇ ਦਿਮਾਗ ਵਿਚ ਵੀ ਔਰਤ ਦੇ ਸਭ ਗੁਣਾਂ ਵਿਚੋਂ ਸਭ ਤੋਂ ਜ਼ਰੂਰੀ ਉਸ ਦੀ ਬਾਹਰੀ ਦਿੱਖ ਨੂੰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਔਰਤ ਦੇ ਇਸ ਵਸਤੂਕਰਨ ਉੱਤੇ ਪੂਰੀ ਮੰਡੀ ਟਿਕੀ ਹੋਈ ਹੈ ਤੇ ਇਸ ਮੰਡੀ ਵਿਚਲੀਆਂ ਜਿਣਸਾਂ ਦੀ ਮੰਗ ਉਸ ਹੱਦ ਉੱਤੇ ਨਿਰਭਰ ਕਰਦੀ ਹੈ ਜਿਸ ਹੱਦ ਤੱਕ ਮਰਦ ਤੇ ਖੁਦ ਔਰਤਾਂ, ਔਰਤਾਂ ਦੇ ਵਸਤੂਕਰਨ ਦੀ ਪ੍ਰਕਿਰਿਆ ਤੋਂ ਪ੍ਰਭਾਵਿਤ ਹੁੰਦੇ ਹਨ। ਸੁੰਦਰਤਾ ਮੁਕਾਬਲੇ ਕੋਈ ਪਰਉਪਕਾਰ ਵਜੋਂ ਜਾਂ ਔਰਤਾਂ ਨੂੰ ਦੁਨੀਆ ਵਿਚ ਅੱਗੇ ਵਧਣ ਲਈ ਮੌਕੇ ਦੇਣ ਲਈ ਨਹੀਂ ਕਰਵਾਏ ਜਾਂਦੇ ਸਗੋਂ ਔਰਤਾਂ ਦੇ ਵਸਤੂਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਕੇ ਤੇ ਸੁੰਦਰਤਾ ਦੇ ਆਮ ਪੈਮਾਨੇ ਸਿਰਜ ਕੇ ਕਈ ਕਾਰਪੋਰੇਟ ਕੰਪਨੀਆਂ ਲਈ ਮੋਟੇ ਮੁਨਾਫੇ ਕਮਾਉਣ ਦਾ ਜ਼ਰੀਆ ਬਣਦੇ ਹਨ।
ਕੁਝ ਸੱਜਣਾਂ ਨੇ ਸੋਸ਼ਲ ਮੀਡੀਆ ਆਦਿ ਉੱਤੇ ਮਿਸ ਯੂਨੀਵਰਸ ਅਤੇ ਹੋਰ ਸੁੰਦਰਤਾ ਮੁਕਾਬਲਿਆਂ ਦੀ ਪੜਚੋਲ ਕਰਦਿਆਂ ਕਿਹਾ ਹੈ ਕਿ ਇਹ ਪੂਰੀ ਦੁਨੀਆ ਵਿਚ ਵੱਖੋ-ਵੱਖਰੀਆਂ ਕੌਮਾਂ, ਮੁਲਕਾਂ, ਸਮਾਜਾਂ ਦੇ ਵੱਖੋ-ਵੱਖਰੇ ਸੁੰਦਰਤਾ ਦੇ ਪੈਮਾਨੇ ਹਨ, ਮਸਲਨ, ਆਰੀਆ ਮੂਲ ਦੇ ਲੋਕਾਂ ਲਈ ਔਰਤ ਦੀ ਸੁੰਦਰਤਾ ਤਿੱਖੇ ਨੱਕ, ਹਿਰਨੀ ਵਰਗੀਆਂ ਅੱਖਾਂ, ਸੁਰਖ ਬੁੱਲ੍ਹ, ਗੁਲਾਬੀ ਗੱਲ੍ਹਾਂ, ਲੰਮੀ ਗਰਦਨ, ਲੰਮੀਆਂ ਉਂਗਲਾਂ ਹਨ। ਦ੍ਰਾਵਿੜ ਤੇ ਅਫਰੀਕਨ ਮੂਲ ਦੇ ਲੋਕਾਂ ਲਈ ਗੁੰਦਵੀਆਂ ਮੀਢੀਆਂ, ਘੁੰਗਰਾਲੇ ਵਾਲ, ਮੋਟੇ ਬੁੱਲ੍ਹ, ਸੁਡੌਲ ਤੇ ਗੁੰਦਵਾਂ ਸਰੀਰ ਆਦਿ ਰਹੇ ਹਨ। ਇਸੇ ਤਰ੍ਹਾਂ ਜਪਾਨ, ਕੋਰੀਆ ਅਤੇ ਚੀਨ ਵਰਗੀਆਂ ਪੀਲੀਆਂ ਕੌਮਾਂ ਵਿਚ ਨਿੱਕੇ ਪੈਰ, ਫੀਨੇ ਨੱਕ, ਅੰਦਰ ਧਸੀਆਂ ਨਿੱਕੀਆਂ ਅੱਖਾਂ, ਚੌੜੇ ਮੱਥੇ ਸੁੰਦਰਤਾ ਦੀ ਨਿਸ਼ਾਨੀ ਹੈ ਤੇ ਇਨ੍ਹਾਂ ਵੱਖੋ-ਵੱਖਰੇ ਸੱਭਿਆਚਾਰਾਂ ਦੇ ਹੁੰਦਿਆਂ ਭਲਾ ਕੋਈ ਬ੍ਰਹਿਮੰਡ ਜਾਂ ਵਿਸ਼ਵ ਸੁੰਦਰੀ ਕਿਵੇਂ ਬਣ ਸਕਦੀ ਹੈ? ਅਸਲ ਵਿਚ ਇਨ੍ਹਾਂ ਸੁੰਦਰਤਾ ਮੁਕਾਬਲਿਆਂ, ਫਿਲਮਾਂ, ਗੀਤਾਂ ਆਦਿ ਰਾਹੀਂ ਸੰਸਾਰ ਪੱਧਰ ਉੱਤੇ ਇਨ੍ਹਾਂ ਵੱਖੋ-ਵੱਖਰੇ ਸੁੰਦਰਤਾ ਦੇ ਸੰਕਲਪਾਂ ਦੀ ਥਾਵੇਂ ਸੁੰਦਰਤਾ ਦਾ ਇੱਕ ਸਮਾਨ ਸੰਕਲਪ ਪੇਸ਼ ਕੀਤਾ ਜਾਂਦਾ ਹੈ : ਗੋਰੀ ਚਮੜੀ, ਪਤਲੀ, ਸਾਫ ਤੇ ਮੁਲਾਇਮ ਚਮੜੀ ਤੇ ਅਜਿਹੇ ਕੱਪੜੇ ਜਿਹੜੇ ਔਰਤ ਦੇ ਖਾਸ ਅੰਗਾਂ ਨੂੰ ਉਭਾਰਨ ਆਦਿ। ਇਨ੍ਹਾਂ ਮੁਕਾਬਲਿਆਂ ਰਾਹੀਂ ਔਰਤਾਂ ਦੀ ਬਾਹਰੀ ਦਿੱਖ ਦਾ ਬੱਝਵਾਂ ਮਾਡਲ ਪੇਸ਼ ਕੀਤਾ ਜਾਂਦਾ ਹੈ ਤੇ ਫਿਰ ਅਜਿਹੀ ਦਿੱਖ ਹਾਸਲ ਕਰਨ ਲਈ ਲਲਸਾਈਆਂ ਔਰਤਾਂ ਲਈ ਉੱਭਰਦੀ ਹੈ ਖੂਬਸੂਰਤੀ ਉਤਪਾਦਾਂ ਜਿਵੇਂ ਕਰੀਮਾਂ, ਲਿਪਸਟਿਕ, ਫਾਊਂਡੇਸ਼ਨ, ਕੱਜਲ ਆਦਿ ਆਦਿ, ਬਿਊਟੀ ਪਾਰਲਰਾਂ, ਕੱਪੜਿਆਂ, ਗਹਿਣਿਆਂ ਆਦਿ ਦੀ ਅਰਬਾਂ-ਖਰਬਾਂ ਦੀ ਵਿਸ਼ਾਲ ਮੰਡੀ। ਸੁੰਦਰਤਾ ਨਾਲ ਜੁੜੀ ਸਨਅਤ ਦੀ 90% ਤੋਂ ਵੀ ਵਧੇਰੇ ਮੰਡੀ ਵਿਕਸਿਤ ਮੁਲਕਾਂ ਵਿਚ ਹੀ ਹੈ ਤੇ ਸੁੰਦਰਤਾ ਦੀ ਪੇਸ਼ ਕੀਤੀ ਮਿਸਾਲ (ਗੋਰੀ ਚਮੜੀ ਆਦਿ) ਵੀ ਪੱਛਮੀ ਮੁਲਕ ਦੀਆਂ ਔਰਤਾਂ ਦੇ ਵਧੇਰੇ ਨੇੜੇ ਹੈ। ਕੁਝ ਲੋਕ ਕਹਿੰਦੇ ਹਨ ਕਿ ਪਿਛਲੇ ਕਈ ਸਾਲਾਂ ਵਿਚ ਵਿਸ਼ਵ ਪੱਧਰ ਉੱਤੇ ਸੁੰਦਰਤਾ ਮੁਕਾਬਲੇ ਵਧੇਰੇ ਕਰਕੇ ਅਵਿਕਸਿਤ ਮੁਲਕਾਂ ਦੀਆਂ ਕੁੜੀਆਂ ਨੇ ਜਿੱਤਿਆ ਹੈ ਤੇ ਇੰਝ ਇਹ ਮੁਕਾਬਲੇ ਮੌਕੇ ਦੀ ਬਰਾਬਰੀ (!) ਮੁਹੱਈਆ ਕਰਾਉਂਦੇ ਹਨ। ਦੱਸਣਾ ਜ਼ਰੂਰੀ ਹੈ ਕਿ ਕਈ ਅਧਿਐਨਾਂ ਨੇ ਇਹ ਗੱਲ ਉਘਾੜੀ ਹੈ ਕਿ ਪਹਿਲੀ ਗੱਲ ਤਾਂ ਬਹੁਤ ਕਰਕੇ ਇਨ੍ਹਾਂ ਅਵਿਕਸਿਤ ਮੁਲਕਾਂ ਦੀਆਂ ਜੇਤੂ ਕੁੜੀਆਂ ਵੀ ਪੱਛਮੀ ਮੁਲਕ ਦੇ ਸੁੰਦਰਤਾ ਦੇ ਮਾਪਦੰਡਾਂ ਦੇ ਅਨੁਸਾਰੀ ਹੀ ਹੁੰਦੀਆਂ ਹਨ, ਦੂਜਾ ਇਨ੍ਹਾਂ ਮੁਲਕਾਂ ਵਿਚ ਸੁੰਦਰਤਾ ਉਤਪਾਦਾਂ ਦੀ ਮੰਡੀ ਵਧਾਉਣ ਦਾ ਟੀਚਾ ਇਨ੍ਹਾਂ ਦੇ ਜੇਤੂ ਹੋਣ ਦਾ ਵੱਡਾ ਕਾਰਨ ਬਣਦਾ ਹੈ।
ਸੁੰਦਰਤਾ ਮੁਕਾਬਲਿਆਂ ਦਾ ਇਤਿਹਾਸ ਭਾਵੇਂ ਬਹੁਤ ਪੁਰਾਣਾ ਹੈ, ਇਹ ਕਿਸੇ ਨਾ ਕਿਸੇ ਰੂਪ ਵਿਚ 1850 ਵਿਆਂ ਵਿਚ ਸ਼ੁਰੂ ਹੋ ਚੁੱਕੇ ਸੀ ਪਰ ਪੱਛਮ ਵਿਚ ਇਹ ਆਮ ਵਰਤਾਰਾ ਦੂਜੀ ਸੰਸਾਰ ਜੰਗ ਤੋਂ ਬਾਅਦ ਹੀ ਬਣੇ। ਸੰਸਾਰ ਪੱਧਰ ਤੇ ਨਵ-ਉਦਾਰਵਾਦ ਦੀਆਂ ਨੀਤੀਆਂ ਤੋਂ ਬਾਅਦ ਸੰਸਾਰ ਪੱਧਰ ਤੇ ਮੁਨਾਫਿਆਂ ਦੇ ਨਵੇਂ ਤੋਂ ਨਵੇਂ ਸਰੋਤਾਂ ਦੀ ਭਾਲ ਨਾਲ ਇਹ ਸੁੰਦਰਤਾ ਮੁਕਾਬਲੇ ਵਿਸ਼ਵਵਿਆਪੀ ਵਰਤਾਰਾ ਬਣ ਗਏ। ਲਾਜ਼ਮੀ ਹੀ ਇਨ੍ਹਾਂ ਵਿਚ ਹਿੱਸਾ ਲੈਣਾ ਕਿਸੇ ਦੀ ਆਜ਼ਾਦੀ ਹੈ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਆਜ਼ਾਦੀ ਪਿੱਛੇ ਸਰਮਾਏਦਾਰਾਂ ਦੇ ਮੁਨਾਫੇ ਬਣਾਉਣ ਦੀ ਉਹ ਹਵਸ ਹੈ ਜੋ ਔਰਤਾਂ ਨੂੰ ਮਰਦਾਂ ਲਈ ਸਿਰਫ ਵਸਤੂ ਬਣਾ ਕੇ ਪੇਸ਼ ਕਰਦੀ ਹੈ। ਪਹਿਲਾਂ ਪਹਿਲ ਤਾਂ ਇਨ੍ਹਾਂ ਮੁਕਾਬਲਿਆਂ ਦੀਆਂ ਟਿਕਟਾਂ, ਟੀਵੀ ਪ੍ਰਸਾਰਨ ਆਦਿ ਨਾਲ਼ ਵੀ ਕਾਫੀ ਮੁਨਾਫਾ ਹੁੰਦਾ ਸੀ ਪਰ ਹੁਣ ਮੁਨਾਫੇ ਦਾ ਮੁੱਖ ਸਰੋਤ ਇਨ੍ਹਾਂ ਅਖੌਤੀ ਵਿਸ਼ਵ ਤੇ ਬ੍ਰਹਿਮੰਡ ਸੁੰਦਰੀਆਂ ਵੱਲੋਂ ਵੱਖੋ-ਵੱਖ ਕੰਪਨੀਆਂ ਦੇ ਸੁੰਦਰਤਾ ਉਤਪਾਦਾਂ, ਕੱਪੜਿਆਂ, ਗਹਿਣਿਆਂ ਤੇ ਹੋਰ ਵਸਤਾਂ ਦੀ ਮਸ਼ਹੂਰੀ ਰਾਹੀਂ ਕਮਾਇਆ ਜਾਂਦਾ ਹੈ। ਇਹ ਮੁਕਾਬਲੇ ਅਜਿਹੀਆਂ ਕੰਪਨੀਆਂ ਮੋਟਾ ਪੈਸੇ ਦੇ ਕੇ ਕਰਵਾਉਂਦੀਆਂ ਹਨ। ਮਿਸ ਯੂਨੀਵਰਸ-2021 ਫੰਡ ਕਰਨ ਵਾਲ਼ੀਆਂ ਕੁਝ ਕੰਪਨੀਆਂ ਵਿਚ ਮੂਵਾਦ (ਗਹਿਣਿਆਂ ਦੀ ਕੰਪਨੀ), ਪੋਰਟੀਆ ਐਂਡ ਸਕਾਰਲੈਟ (ਕੱਪੜਿਆਂ ਦੀ ਕੰਪਨੀ), ਮੂਬਾ (ਸੁੰਦਰਤਾ ਉਤਪਾਦਾਂ ਦੀ ਕੰਪਨੀ) ਆਦਿ ਮੋਹਰੀ ਹਨ। ਇਨ੍ਹਾਂ ਮੁਕਾਬਲਿਆਂ ਦੌਰਾਨ ਵੀ ਇਨ੍ਹਾਂ ਕੰਪਨੀਆਂ ਦੀਆਂ ਜਿਣਸਾਂ ਦੀ ਮਸ਼ਹੂਰੀ ਹੁੰਦੀ ਹੈ ਅਤੇ ਜੇਤੂ ਕੁੜੀ ਦੇ ਠੇਕੇ ਵਿਚ ਵੀ ਕੁਝ ਖਾਸ ਅਰਸੇ ਲਈ ਇਨ੍ਹਾਂ ਕੰਪਨੀਆਂ ਦੀ ਵੱਖੋ-ਵੱਖ ਤਰੀਕੇ ਨਾਲ ਮਸ਼ਹੂਰੀ ਕਰਨੀ ਲਾਜ਼ਮੀ ਹੁੰਦੀ ਹੈ। ਸਰਮਾਏਦਾਰਾ ਪ੍ਰਬੰਧ ਕਿਵੇਂ ਔਰਤ ਦੇ ਸਰੀਰ ਤੋਂ ਮੁਨਾਫੇ ਕਮਾਉਣ ਦੀ ਲਾਲਸਾ ਪਾਲਦਾ ਹੈ, ਇਸ ਦਾ ਭੱਦਾ ਪ੍ਰਗਟਾਵਾ ਕਈ ਸੁੰਦਰਤਾ ਮੁਕਾਬਲਿਆਂ ਵਿਚ ਦੇਖਣ ਨੂੰ ਮਿਲ਼ਦਾ ਹੈ ਜਿੱਥੇ ਕੁੱਲ ਮੁਕਾਬਲੇ ਦੀ ਇੱਕ ਜੇਤੂ ਕੁੜੀ ਦੇ ਨਾਲ਼ ਨਾਲ਼ ਕਈ ਹੋਰ ਇਨਾਮ ਦਿੱਤੇ ਜਾਂਦੇ ਹਨ, ਜਿਵੇਂ ਸਭ ਤੋਂ ਸੋਹਣੀ ਚਮੜੀ (ਤੇ ਆਮ ਕਰਕੇ ਅਜਿਹਾ ਇਨਾਮ ਕੋਈ ਸੁੰਦਰਤਾ ਕਰੀਮ ਦੀ ਕੰਪਨੀ ਵੱਲੋਂ ਫੰਡ ਕੀਤਾ ਜਾਂਦਾ ਹੈ) ਅਤੇ ਸਭ ਤੋਂ ਸੋਹਣੇ ਅੰਗਾਂ, ਸਭ ਤੋਂ ਸੋਹਣੀ ਮੁਸਕਾਨ ਆਦਿ ਆਦਿ।
ਇਨ੍ਹਾਂ ਮੁਕਾਬਲਿਆਂ ਨੂੰ ਪ੍ਰਚਾਰਨ ਵਾਲੇ ਇਸ ਨੂੰ ਔਰਤਾਂ ਲਈ ਅਜਿਹੇ ਜ਼ਰੀਏ ਵਜੋਂ ਵੀ ਦੇਖਦੇ ਹਨ ਜਿਸ ਰਾਹੀਂ ਇਸ ਸਮਾਜ ਵਿਚ ਉਹ ਅੱਗੇ ਵਧ ਸਕਦੀਆਂ ਹਨ, ਭਾਵ ਅਮੀਰ ਹੋ ਸਕਦੀਆਂ ਹਨ। ਤੀਜੇ ਮੁਲਕ ਦੀਆਂ ਕੁੜੀਆਂ ਦੇ ਜੇਤੂ ਹੋਣ ਨਾਲ ਇਹ ਵੀ ਭਰਮ ਸਿਰਜਿਆ ਜਾਂਦਾ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਘੱਟ ਆਰਥਿਕ ਹੈਸੀਅਤ ਵਾਲੇ ਵੀ ਜਿੱਤ ਸਕਦੇ ਹਨ ਤੇ ਇਨ੍ਹਾਂ ਮੁਕਾਬਲਿਆਂ ਰਾਹੀਂ ਵਿਸ਼ਵ ਪ੍ਰਸਿੱਧੀ ਹਾਸਲ ਕਰ ਸਕਦੇ ਹਨ ਪਰ ਅਸਲ ਵਿਚ ਇਨ੍ਹਾਂ ਸੁੰਦਰਤਾ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਕੱਪੜੇ ਖਰੀਦਣ, ਪੂਰੇ ਮੁਕਾਬਲੇ ਲਈ ਸਿਖਲਾਈ ਹਾਸਲ ਕਰਨ, ਗਹਿਣੇ ਆਦਿ ਵਿਚ ਜਿੰਨਾ ਖਰਚਾ ਆਉਂਦਾ ਹੈ, ਉਹ ਆਮ ਘਰਾਂ ਦੀਆਂ ਕੁੜੀਆਂ ਦੇ ਵਿੱਤੋਂ ਬਾਹਰ ਦੀ ਗੱਲ ਹੈ। ਪਿੱਛੇ ਜਿਹੇ ਅਮਰੀਕਾ ਦੀ ਇੱਕ ਕੁੜੀ ਨੇ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਸਥਾਨਕ ਪੱਧਰ ਦੇ ਇੱਕ ਆਮ ਜਿਹੇ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲੈਣ ਦਾ ਕੁੱਲ ਖਰਚਾ 800-1000 ਅਮਰੀਕੀ ਡਾਲਰ ਆ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਸੁੰਦਰਤਾ ਮੁਕਾਬਲਿਆਂ ਆਦਿ ਰਾਹੀਂ ਸੁੰਦਰਤਾ ਦਾ ਜੋ ਆਦਰਸ਼ ਸਿਰਜਿਆ ਜਾਂਦਾ ਹੈ, ਉਹ ਬਹੁਤ ਦੁਰਲੱਭ ਹੁੰਦਾ ਹੈ, ਅਸਲ ਵਿਚ ਲੱਖਾਂ-ਕਰੋੜਾਂ ਰੁਪਏ ਖਰਚ ਕੇ ਵੀ ਉਸ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਆਦਰਸ਼ ਨੂੰ ਹਾਸਲ ਕਰਨ ਦੇ ਚੱਕਰ ਵਿਚ ਕਿੰਨੀ ਹੀ ਊਰਜਾ, ਕੀਮਤੀ ਸਮਾਂ, ਪੈਸੇ ਅਜਾਈਂ ਬਰਬਾਦ ਕੀਤੇ ਜਾਂਦੇ ਹਨ ਤੇ ਇਹ ਆਦਰਸ਼ ਹਾਸਲ ਨਾ ਹੋਣ ਦੀ ਹਾਲਤ ਵਿਚ ਲੱਖਾਂ-ਕਰੋੜਾਂ ਕੁੜੀਆਂ ਹਰ ਸਾਲ ਮਾਨਸਿਕ ਸਮੱਸਿਆਵਾਂ ਦੀ ਸ਼ਿਕਾਰ ਹੁੰਦੀਆਂ ਹਨ।
ਇਨ੍ਹਾਂ ਸੁੰਦਰਤਾ ਮੁਕਾਬਲਿਆਂ ਰਾਹੀਂ ਔਰਤਾਂ ਦਾ ਹੋ ਰਿਹਾ ਵਸਤੂਕਰਨ ਦਾ ਹੱਲ ਕੁਝ ਲੋਕ ਔਰਤਾਂ ਤੋਂ ਕੱਪੜਿਆਂ ਆਦਿ ਦੀ ਚੋਣ ਸਮੇਤ ਹਰ ਤਰ੍ਹਾਂ ਦੀ ਅਜ਼ਾਦੀ ਖੋਹਣ, ਉਨ੍ਹਾਂ ਨੂੰ ਘਰਾਂ ਵਿਚ ਤਾੜਨ ਵਿਚ ਦੇਖਦੇ ਹਨ, ਮਤਲਬ, ਉਨ੍ਹਾਂ ਅਨੁਸਾਰ ਸਰਮਾਏਦਾਰਾ ਪ੍ਰਬੰਧ ਵੱਲੋਂ ਔਰਤਾਂ ਦੇ ਵਸਤੂਕਰਨ ਦਾ ਹੱਲ ਮੱਧਯੁਗੀ ਕਦਰਾਂ ਕੀਮਤਾਂ ਵੱਲ ਮੁੜਨ ਵਿਚ ਪਿਆ ਹੈ ਪਰ ਇਹ ਵੀ ਔਰਤਾਂ ਦਾ ਅਮਾਨਵੀਕਰਨ ਹੀ ਹੈ ਜਿੱਥੇ ਔਰਤ ਮਰਦਾਂ ਦੀ ਜਗੀਰ ਤੋਂ ਛੁੱਟ ਹੋਰ ਕੁਝ ਨਹੀਂ ਹੋਵੇਗੀ। ਸਮਾਜ ਦੇ ਪਹੀਏ ਨੂੰ ਪਿੱਛੇ ਘੁਮਾਉਣਾ ਮਸਲੇ ਦਾ ਹੱਲ ਨਹੀਂ। ਦੂਜੇ ਪਾਸੇ ਉਹ ਅਖੌਤੀ ਅਗਾਂਹਵਧੂ ਲੋਕ ਹਨ ਜੋ ਆਜ਼ਾਦੀ ਦੇ ਨਾਮ ਤੇ ਅਜਿਹੇ ਮੁਕਾਬਲਿਆਂ ਨੂੰ ਹੀ ਆਜ਼ਾਦੀ ਦਾ ਮੀਲਪੱਥਰ ਐਲਾਨਣ ਤੇ ਤੁਲੇ ਹੋਏ ਹਨ। ਅਸਲ ਵਿਚ, ਇਹ ਔਰਤਾਂ ਦੀ ਆਜ਼ਾਦੀ ਦੀ ਵਕਾਲਤ ਨਹੀਂ ਸਗੋਂ ਉਸ ਨੂੰ ਸਰਮਾਏਦਾਰਾ ਮੰਡੀ ਦੀ ਗੁਲਾਮ ਬਣਾਉਣ ਦੀ ਵਕਾਲਤ ਹੈ। ਨਾ ਤਾਂ ਇਸ ਮਸਲੇ ਦਾ ਹੱਲ ਬੀਤੇ ਦਾ ਹੇਰਵਾ ਹੈ ਤੇ ਨਾ ਹੀ ਮੌਜੂਦਾ ਸਰਮਾਏਦਾਰਾ ਸਮਾਜ ਦਾ ਮਹਿਮਾ-ਗਾਣ ਸਗੋਂ ਇਸ ਦਾ ਹੱਲ ਵਪਾਰਕ ਪਹੁੰਚ ਦਾ ਵਿਰੋਧ ਕਰਨ ਅਤੇ ਔਰਤ ਨੂੰ ਸਮਾਜਿਕ ਤੇ ਸੱਭਿਆਚਾਰਕ ਪੱਖਾਂ ਤੋਂ ਬਰਾਬਰੀ ਤੇ ਲਿਆਉਣ ਵਿਚ ਹੈ।
ਸੰਪਰਕ : 85578-12341